ਦਿੱਲੀ ਗੁਰਦੁਆਰਾ ਕਮੇਟੀ ਦੇ ਮੁਲਾਜਮਾਂ ਦੀਆਂ ਬਕਾਇਆ ਤਨਖਾਹਾਂ 'ਤੇ ਕਮੇਟੀ ਵਲੋਂ ਕੌਰਟ 'ਚ ਦਿੱਤੀ ਸੀ ਝੂਠੀ ਗਵਾਹੀ : ਸਰਨਾ

ਦਿੱਲੀ ਗੁਰਦੁਆਰਾ ਕਮੇਟੀ ਦੇ ਮੁਲਾਜਮਾਂ ਦੀਆਂ ਬਕਾਇਆ ਤਨਖਾਹਾਂ 'ਤੇ ਕਮੇਟੀ ਵਲੋਂ ਕੌਰਟ 'ਚ ਦਿੱਤੀ ਸੀ ਝੂਠੀ ਗਵਾਹੀ : ਸਰਨਾ

ਕਮੇਟੀ ਦੇ ਮਾਲੀ ਨੁਕਸਾਨ ਦੀ ਤੁਰੰਤ ਨਿਆਂਇਕ ਕਮਿਸ਼ਨ ਦਾ ਗਠਨ ਕਰ ਕਰਵਾਈ ਜਾਵੇ ਜਾਂਚ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 3 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਬਕਾ ਪ੍ਰਬੰਧਕਾਂ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ 135 ਕਰੋੜ ਰੁਪਏ ਦੇ ਬਕਾਏ ਸਬੰਧੀ ਅਦਾਲਤ ਵਿੱਚ ਸਿਰਸਾ-ਕਾਲਕਾ ਜੋੜੀ ’ਤੇ ਝੂਠੀ ਗਵਾਹੀ ਦੇਣ ਦੇ ਗੰਭੀਰ ਦੋਸ਼ ਲਾਏ ਹਨ।

ਸ਼੍ਰੋ.ਅ.ਦ.ਦਿ ਦਾ ਕਹਿਣਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਵਕੀਲ ਨੇ ਬਿਨਾਂ ਕੋਈ ਸਬੂਤ ਪੇਸ਼ ਕੀਤੇ ਦਿੱਲੀ ਹਾਈ ਕੋਰਟ ਵਿੱਚ ਅਸਪਸ਼ਟ ਚਾਰਟ ਪੇਸ਼ ਕਰਕੇ ਦਾਅਵਾ ਕੀਤਾ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਭਰਾਵਾਂ ਵੱਲੋਂ 81 ਕਰੋੜ ਰੁਪਏ ਅਤੇ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਜੀ.ਕੇ ਦੇ ਕਾਰਜਕਾਲ ਦੌਰਾਨ ਮੁਲਾਜਮਾਂ ਦਾ 54 ਕਰੋੜ ਰੁਪਏ ਬਕਾਇਆ ਸੀ।

ਸ਼੍ਰੋ.ਅ.ਦ.ਦਿ ਦੇ ਪ੍ਰਧਾਨ ਸਰਨਾ ਨੇ ਕਿਹਾ ਕਿ 2013 ਵਿੱਚ ਬਣੀ ਨਵੀਂ ਕਮੇਟੀ ਨੇ ਮੁਲਾਜ਼ਮਾਂ ਲਈ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਵਚਨਬੱਧਤਾ ਜਤਾਈ ਸੀ, ਪਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਕਦਮ ਨੂੰ ਲਗਾਤਾਰ ਵੱਖ-ਵੱਖ ਆਧਾਰਾਂ ਅਤੇ ਸਾਧਨਾਂ ’ਤੇ ਰੱਦ ਕਰ ਦਿੱਤਾ ਗਿਆ।

ਸਰਨਾ ਨੇ ਕਿਹਾ ਕਿ ਸਿਰਸਾ ਨੇ ਕਦੇ ਵੀ ਛੇਵੇਂ ਤਨਖਾਹ ਕਮਿਸ਼ਨ ਦੀ ਪ੍ਰਕਿਰਿਆ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਸਗੋਂ ਸਿਰਸਾ-ਕਾਲਕਾ ਦੀ ਇਹ ਕੋਸ਼ਿਸ਼ ਸੀ ਕਿ ਇਸ ਪ੍ਰਕਿਰਿਆ ਨੂੰ ਹਮੇਸ਼ਾ ਹਨੇਰੇ ਵਿਚ ਰੱਖਿਆ ਜਾਵੇ।

ਸਰਨਾ ਨੇ ਕਿਹਾ ਕਿ ਮੌਜੂਦਾ ਕਮੇਟੀ ਨੇ ਕਮੇਟੀ ਦੇ ਕਰਮਚਾਰੀਆਂ ਦੇ ਬਕਾਏ ਨਾ ਦੇਣ ਦੇ ਸਾਡੇ ਅਤੇ ਮਨਜੀਤ ਜੀਕੇ 'ਤੇ ਗੰਭੀਰ ਦੋਸ਼ ਲਗਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ।

ਇਸ ਤੋਂ ਪਹਿਲਾਂ ਉਹ ਅਦਾਲਤ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਮਲਕੀਅਤ ਤਿਆਗ ਚੁੱਕੇ ਹਨ ਅਤੇ ਅਸੀਂ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਸਫੇਦ ਝੂਠ ਬੋਲ, ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਵਾਂਗੇ ।

ਸਰਨਾ ਨੇ ਮੰਗ ਕੀਤੀ ਕਿ ਕਾਲਕਾ-ਸਿਰਸਾ ਜੋੜੀ ਨੂੰ ਹਾਈਕੋਰਟ ਵਿਚ ਝੂਠਾ ਬਿਆਨ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ 'ਤੇ ਧੋਖਾਧੜੀ ਅਤੇ ਜਲਸਾਜੀ ਦਾ ਮੁਕੱਦਮਾ ਚਲਾਇਆ ਜਾਵੇ।

ਸਰਨਾ ਨੇ ਮੰਗ ਕੀਤੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲੀ ਨੁਕਸਾਨ ਦੀ ਤੁਰੰਤ ਨਿਆਂਇਕ ਕਮਿਸ਼ਨ ਦਾ ਗਠਨ ਕਰ ਜਾਂਚ ਕਰਵਾਈ ਜਾਵੇ ਅਤੇ ਉਸ ਕਮਿਸ਼ਨ ਨੂੰ ਸਾਲ 2002 ਤੋਂ ਕਮੇਟੀ ਦੇ ਵਿੱਤ ਦੀ ਨਿਰਪੱਖਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕਮੇਟੀ ਦੀਆਂ ਕਿਤਾਬਾਂ ਦਾ ਲੇਖਾ-ਜੋਖਾ ਕੀਤਾ ਜਾਵੇ ਅਤੇ ਕਮੇਟੀ ਦੀ ਵਿਗੜ ਰਹੀ ਵਿੱਤੀ ਸਿਹਤ ਲਈ ਜਵਾਬਦੇਹੀ ਤੈਅ ਕਰਦਾ ਸ਼ਵੇਤ ਪੱਤਰ ਜਾਰੀ ਕੀਤਾ ਜਾਵੇ। ਗੁਰਮੀਤ ਸਿੰਘ ਸ਼ੰਟੀ, ਕਰਤਾਰ ਸਿੰਘ ਚਾਵਲਾ, ਜਸਮੀਤ ਸਿੰਘ ਪ੍ਰੀਤਮ ਪੁਰਾ, ਮਨਜੀਤ ਸਿੰਘ ਸਰਨਾ, ਭੁਪਿੰਦਰ ਸਿੰਘ ਪੀ ਆਰ ਓ ਹਾਜ਼ਿਰ ਸਨ ।