ਧਰਮ ਅਤੇ ਰਾਜਨੀਤੀ

ਧਰਮ ਅਤੇ ਰਾਜਨੀਤੀ

ਪੰਜਾਬ ਦੇ ਪ੍ਰਸੰਗ ਵਿਚ 'ਧਰਮ ਅਤੇ ਰਾਜਨੀਤੀ' ਦਾ ਵਿਸ਼ਾ ਕੋਈ ਨਵਾਂ ਜਾਂ ਅਲੋਕਾਰ ਨਹੀਂ ਹੈ ਪਰ ਭਾਰਤੀ ਸੰਵਿਧਾਨ ਅਤੇ ਲੋਕ ਪ੍ਰਤੀਨਿਧਤਾ ਐਕਟ ਦੇ ਹਵਾਲੇ ਨਾਲ ਇਹ ਵਿਸ਼ਾ ਵਾਰ-ਵਾਰ ਖ਼ਬਰਾਂ ਵਿਚ ਆਉਂਦਾ ਹੈ। ਹੁਣ ਜਦ ਭਾਰਤ ਦੀ ਸੱਤਾਧਾਰੀ ਪਾਰਟੀ ਬੀਜੇਪੀ ਨੂੰ ਸਮਾਜਿਕ ਅਤੇ ਰਾਜਨੀਤਕ ਸੇਧ ਤੇ ਦਿਸ਼ਾ ਦੇਣ ਲਈ ਸੰਸਥਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਇਹ ਐਲਾਨ ਕਰ ਦਿੱਤਾ ਕਿ ਭਾਰਤ ਹਿੰਦੂਆਂ ਦਾ ਦੇਸ਼ ਹੈ ਅਤੇ ਇਥੋਂ ਦੇ ਸਾਰੇ ਬਾਸ਼ਿੰਦਿਆਂ ਨੂੰ ਹਿੰਦੂਤਵ ਦੇ ਧਾਰਨੀ ਹੋਣਾ ਚਾਹੀਦਾ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਭਾਰਤ ਹਿੰਦੂ ਬਹੁਗਿਣਤੀ ਵਾਲਾ ਮੁਲਕ ਹੈ ਜਾਂ ਇਹ ਕਹਿ ਲਵੋ ਕਿ ਇਸ ਦੇਸ਼ ਦੇ 130 ਕਰੋੜ ਲੋਕਾਂ ਵਿਚੋਂ ਬਹੁਤੇ ਸਮਾਜਿਕ ਅਤੇ ਧਾਰਮਿਕ ਤੌਰ 'ਤੇ ਸਨਾਤਨੀ ਰਹੂਰੀਤਾਂ ਵਿਚ ਵਿਸ਼ਵਾਸ਼ ਰੱਖਦੇ ਹਨ, ਜਿਨ੍ਹਾਂ ਨੂੰ ਹਿੰਦੂ ਰੀਤੀ ਵਜੋਂ ਜਾਣਿਆ ਜਾਂਦਾ ਹੈ। ਪਰ ਸੁਆਲ ਤਾਂ ਇਹ ਹੈ ਕਿ ਕੀ ਧਰਮ ਅਤੇ ਰਾਜਨੀਤੀ ਦੋ ਵੱਖੋ ਵੱਖਰੇ ਵਰਤਾਰੇ ਹਨ ਜਾਂ ਇਕ ਦੂਜੇ ਨਾਲ ਰਲਗੱਡ ਹਨ?

ਪੰਜਾਬ ਅਤੇ ਸਿੱਖਾਂ ਦੀ ਨੁਮਾਇੰਦਾ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਰਾਜਨੀਤਕ ਤਾਣਾ-ਬਾਣਾ ਵੀ ਹੁਣ ਧਰਮ ਅਤੇ ਰਾਜਨੀਤੀ ਬਾਰੇ ਸਪੱਸ਼ਟ ਨਹੀਂ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਇਸ ਦੇ ਜਨਮ ਤੋਂ ਲੈ ਕੇ ਵੀਹਵੀਂ ਸਦੀ ਦੇ ਆਖਰੀ ਦਹਾਕੇ ਤੱਕ ਸਿੱਖਾਂ ਦੀ ਇਕ ਨੁਮਾਇੰਦਾ ਪਾਰਟੀ ਅਖਵਾਉਂਦੀ ਰਹੀ ਹੈ, ਇਥੋਂ ਤੱਕ ਕਿ ਪਾਰਟੀ ਦੇ ਬਹੁਤੇ ਅਹੁਦੇਦਾਰ ਅੰਮ੍ਰਿਤਧਾਰੀ ਸਿੰਘ ਰਹੇ ਹਨ। ਅਕਾਲੀ ਦਲ ਦੇ ਆਪਣੇ ਵਿਧਾਨਕਾਰਾਂ ਮੁਤਾਬਕ ਇਹ ਸਿੱਖ ਰਹਿਤ ਮਰਿਯਾਦਾ ਉਪਰ ਚੱਲਣ ਵਾਲੀ ਪਾਰਟੀ ਹੈ ਅਤੇ ਇਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਵੀ ਜ਼ਿਲ੍ਹਾ ਜਥੇਦਾਰ ਕਿਹਾ ਜਾਂਦਾ ਰਿਹਾ ਹੈ। ਜ਼ਿਲ੍ਹਾ ਜਥੇਦਾਰ ਤੋਂ ਸਪੱਸ਼ਟ ਹੈ ਕਿ ਉਹ ਅੰਮ੍ਰਿਤਧਾਰੀ ਸਿੰਘ ਹੈ ਜੋ ਰਹਿਤ ਮਰਯਾਦਾ ਦੇ ਨਾਲ ਨਾਲ ਪੰਜੇ ਕਕਾਰਾਂ ਦਾ ਧਾਰਨੀ ਵੀ ਹੋਣਾ ਚਾਹੀਦਾ ਹੈ। ਪਰ ਸ. ਪਰਕਾਸ਼ ਸਿੰਘ ਬਾਦਲ ਦੇ ਪਾਰਟੀ ਪ੍ਰਧਾਨ ਬਣਨ ਮਗਰੋਂ ਖਾਸ ਕਰਕੇ ਉਨ੍ਹਾਂ ਦੇ ਸਪੁੱਤਰ ਸ. ਸੁਖਬੀਰ ਸਿੰਘ ਬਾਦਲ ਦੇ ਰਾਜਨੀਤੀ ਵਿਚ ਸਰਗਰਮ ਹੋਣ ਤੋਂ ਬਾਅਦ ਇਸ ਨੂੰ ਪੰਜਾਬੀ ਪਾਰਟੀ ਬਣਾਉਣ ਦੀਆਂ ਕੋਸ਼ਿਸਾਂ ਲਗਾਤਾਰ ਜਾਰੀ ਹਨ ਪਰ ਜਦ ਪਾਰਟੀ ਉਪਰ ਕੋਈ ਸੰਕਟ ਆਉਂਦਾ ਹੈ ਤਾਂ ਇਹ ਤੁਰੰਤ ਧਰਮ ਦੀ ਆੜ ਜਾਂ ਸ਼ਰਨ ਵਿਚ ਚਲੀ ਜਾਂਦੀ ਹੈ।

ਉਧਰ ਪੰਜਾਬ (1966 ਤੋਂ ਪਹਿਲਾਂ ਦੇ ਪੰਜਾਬ) ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਸ਼ੁਰੂ ਤੋਂ ਹੀ ਅਕਾਲੀ ਦਲ ਦਾ ਗਲਬਾ ਹੋਣ ਕਾਰਨ, ਇਹ ਸਿਆਸਤ ਦੀ ਇਕ ਸਮਾਨੰਤਰ ਧਾਰਾ ਵਜੋਂ ਚਲਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਨੁਮਾਇੰਦੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ, ਐਮ.ਪੀ. ਅਤੇ ਮੰਤਰੀ ਤੱਕ ਵੀ ਰਹੇ ਹਨ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹਮੇਸ਼ਾ ਇਸ ਵਿਚਾਰਧਾਰਾ ਦੀ ਧਾਰਨੀ ਰਹੀ ਹੈ ਕਿ ਧਰਮ ਅਤੇ ਸਿਆਸਤ ਇਕੱਠੇ ਹੀ ਚਲਦੇ ਹਨ ਅਤੇ ਇਕ ਦੂਜੇ ਉਪਰ ਅਸਰ ਅੰਦਾਜ ਹੁੰਦੇ ਹਨ। ਸਾਰੇ ਅਕਾਲੀ ਅਤੇ ਧਰਮ ਯੁੱਧ ਮੋਰਚਿਆਂ ਵਿਚ ਗੁਰਬਾਣੀ ਦੇ ਹਵਾਲੇ ਦੇ ਕੇ ਧਰਮ ਅਤੇ ਰਾਜਨੀਤੀ ਦੀ ਸਾਂਝ ਦੀ ਗੱਲ ਕਹੀ ਜਾਂਦੀ ਰਹੀ ਹੈ।

ਹੁਣ ਜਦ ਦੋ ਵੱਡੇ ਇਤਿਹਾਸਕ ਕਾਰਜ ਪੰਜਾਬ ਦੀ ਧਰਤੀ 'ਤੇ ਹੋਣ ਜਾ ਰਹੇ ਹਨ, ਇਕ ਵਾਰ ਫਿਰ 'ਧਰਮ ਅਤੇ ਰਾਜਨੀਤੀ' ਦਾ ਵਿਸ਼ਾ ਚਰਚਾ ਵਿਚ ਆਇਆ ਹੈ। ਪਹਿਲਾ ਇਹ ਕਿ ਨਵੰਬਰ ਦੇ ਦੂਜੇ ਹਫ਼ਤੇ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਦੂਜਾ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੇ ਸਾਖਸ਼ੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਭਾਰਤ-ਪਾਕਿਸਤਾਨ ਸਰਹੱਦ ਉਪਰ ਕੌਮਾਂਤਰੀ ਲਾਂਘਾ ਬਣ ਰਿਹਾ ਹੈ। ਧਰਮ ਵਿਚ ਰਾਜਨੀਤੀ ਦੇ ਦਖ਼ਲ ਜਾਂ ਰਾਜਨੀਤੀ ਉਪਰ 'ਧਰਮ ਦੇ ਕੁੰਡੇ' ਵਾਲੀ ਧਾਰਨਾ ਉਸ ਸਮੇਂ ਸਪੱਸ਼ਟ ਰੂਪ ਵਿਚ ਸਾਹਮਣੇ ਆਈ ਜਦ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਮਾਗਮ ਇਕੋ ਮੰਚ 'ਤੇ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ। ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸੱਤਾਧਾਰੀ ਕਾਂਗਰਸ ਦੋਹਾਂ ਦੀ ਨੀਤ ਸਾਫ਼ ਨਹੀਂ ਸੀ। ਪਹਿਲਾਂ ਉਲੀਕੇ ਪ੍ਰੋਗਰਾਮ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੰਚ 'ਤੇ ਨਿਰੋਲ ਧਾਰਮਿਕ ਸਮਾਗਮ ਹੋਣਾ ਸੀ ਅਤੇ ਰਾਜ ਸਰਕਾਰ ਦੇ ਮੰਚ ਤੋਂ ਗੁਰੂ ਸਾਹਿਬ ਦੇ ਜੀਵਨ, ਵਿਚਾਰਧਾਰਾ ਅਤੇ ਬਾਣੀ ਬਾਰੇ ਵਿਚਾਰਾਂ ਹੋਣੀਆਂ ਸਨ। ਪਰ ਸਾਂਝੇ ਸਮਾਗਮ ਦੀ ਰਾਜਨੀਤੀ ਨੇ ਉਸ ਸਮੇਂ ਜ਼ੋਰ ਫੜਿਆ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸੀਨੀਅਰ ਅਕਾਲੀ ਨੇਤਾ ਦੇਸ਼ ਦੇ ਕੌਮੀ ਆਗੂਆਂ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਆਪਣੇ ਸਮਗਾਮ ਵਿਚ ਸ਼ਾਮਲ ਹੋਣ ਲਈ ਸੱਦਾ ਦੇ ਆਏ। ਅਕਾਲੀ ਦਲ ਦੀ ਨੇਤਾ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਵਿਚ ਬਿਆਨ ਦੇਣੇ ਵੀ ਸ਼ੁਰੂ ਕਰ ਦਿੱਤੇ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਸੱਦੇ 'ਤੇ ਆ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਪ੍ਰਤੀਕਰਮ ਵਿਚ ਦੋਸ਼ ਲਗਾਇਆ ਕਿ ਸ੍ਰੀਮਤੀ ਬਾਦਲ ਅਜਿਹੇ ਬਿਆਨ ਦੇ ਕੇ ਸਿਰਫ਼ ਸਰਕਾਰੀ ਮਰਿਯਾਦਾ ਦੀ ਉਲੰਘਣਾ ਹੀ ਨਹੀਂ ਕਰ ਰਹੇ ਸਗੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਅਹੁਦਿਆਂ ਦੀ ਤੌਹੀਨ ਵੀ ਕਰ ਰਹੇ ਹਨ। ਆਖ਼ਰਕਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਮਾਣ ਮਰਿਯਾਦਾ ਦਾ ਖਿਆਲ ਕਰਦਿਆਂ ਮੁੱਖ ਮੰਤਰੀ ਨੇ ਇਸ ਗੱਲ 'ਤੇ ਤੋੜਾ ਝਾੜਿਆ ਕਿ ਸਾਂਝੇ ਸਮਾਗਮਾਂ ਸਬੰਧੀ ਉਹ ਆਖਰੀ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਛੱਡਦੇ ਹਨ, ਜੋ ਸਿੰਘ ਸਾਹਿਬ ਫੈਸਲਾ ਲੈਣਗੇ ਉਹ ਸਰਕਾਰ ਨੂੰ ਮਨਜ਼ੂਰ ਹੋਵੇਗਾ। 21 ਅਕਤੂਬਰ ਨੂੰ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਜੋ ਫੈਸਲਾ ਲਿਆ ਗਿਆ, ਉਸ ਬਾਰੇ ਧਾਰਮਿਕ ਅਤੇ ਸਿਆਸੀ ਮਾਹਿਰਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਪਹਿਲਾਂ ਤੋਂ ਹੀ ਅਜਿਹੀ ਉਮੀਦ ਕੀਤੀ ਜਾ ਰਹੀ ਸੀ।

ਇਹ ਗੱਲ ਭਾਵੇਂ ਸੁਆਗਤਯੋਗ ਹੈ ਕਿ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ 'ਤੇ ਹੀ ਸਾਂਝੇ ਸਮਾਗਮ ਹੋਣਗੇ ਪਰ ਕੀ ਸਿਆਸੀ ਨੇਤਾ (ਪ੍ਰਧਾਨ ਮੰਤਰੀ ਸਮੇਤ) ਇਸ ਮੰਚ 'ਤੇ ਸਿਆਸੀ ਗੱਲ ਕਰਨ ਤੋਂ ਗੁਰੇਜ਼ ਕਰਨਗੇ? ਕੀ ਧਰਮ ਨੂੰ ਰਾਜਨੀਤੀ ਤੋਂ ਪਰ੍ਹੇ ਰੱਖਣ ਅਤੇ ਧਰਮ ਨਿਰਪੱਖਤਾ ਦੀ ਰਟ ਲਾਉਣ ਵਾਲੇ ਕਾਂਗਰਸੀ ਆਗੂ ਅਤੇ ਧਰਮ ਨੂੰ ਸਿਆਸਤ ਦਾ ਰਾਹ ਦਸੇਰਾ ਦੱਸਣ ਵਾਲੇ ਅਕਾਲੀ ਆਪਣਾ ਤਵਾਜ਼ਨ ਠੀਕ ਰੱਖ ਸਕਣਗੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।