"ਦਿਲ ਕੁਰਸੀ ਛੱਡਣ ਨੂੰ ਨਹੀਂ ਕਰਦਾ"

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਆਪਣੀ ਸਾਰੀ ਵਜਾਰਤ ਨੂੰ ਨਾਲ ਲੈ ਕੇ ਰੂਬਰੂ ਸਮਾਗਮ ਕੀਤਾ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਮੰਤਰੀਆਂ ਨੇ ਆਪ ਹੀ ਆਪਣੀ ਪਿੱਠ ਥਾਪੜੀ ਤੇ ਆਪਣੇ ਮੂੰਹ ਮੀਆ ਮਿੱਠੂ ਬਣਦੇ ਨਜ਼ਰ ਆਏ। ਭਾਵੇਂ ਜ਼ਮੀਨ 'ਤੇ ਨਾ ਦਿਸਦੀਆਂ ਹੋਣ ਪਰ ਮੰਤਰੀਆਂ ਨੇ ਸੋਹਣੇ ਤਿਆਰ ਕੀਤੇ ਭਾਸ਼ਣਾਂ ਵਿਚ ਕਈ ਪ੍ਰਾਪਤੀਆਂ ਗਿਣਾਈਆਂ ਤੇ ਐਲਾਨ ਕੀਤੇ ਕਿ ਹੁਣ ਅਗਲੇ ਦੋ ਸਾਲਾਂ ਵਿਚ ਕੰਮਾਂ ਦੀ ਧੂੜ ਕੱਢ ਦਿਆਂਗੇ। ਕੰਮਾਂ ਦੀ ਧੂੜ ਨਿੱਕਲਦੀ ਹੈ ਜਾਂ ਵਜ਼ਾਰਤ ਧੂੜ ਵਿਚ ਮਿਲਦੀ ਹੈ ਇਹ ਤਾਂ ਸਮੇਂ ਦੀ ਬੁੱਕਲ ਦਾ ਸੱਚ ਹੈ ਪਰ ਕੈਪਟਨ ਅਮਰਿੰਦਰ ਨੇ ਇਹ ਕਹਿ ਕੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਉਹ ਅਜੇ ਜਵਾਨ ਹਨ ਤੇ ਅਗਲੀਆਂ ਚੋਣਾਂ ਲੜਨ ਦੀ ਵੀ ਉਹਨਾਂ ਦੀ ਤਿਆਰੀ ਹੈ। ਭਾਵੇਂ ਕੈਪਟਨ ਦੇ ਜਵਾਨ ਹੋਣ ਦੀਆਂ ਮਸ਼ਕਰੀਆਂ ਪੰਜਾਬ ਦੀਆਂ ਸੱਥਾਂ ਵਿਚ ਆਮ ਹੁੰਦੀਆਂ ਹਨ ਪਰ ਕੈਪਟਨ ਦੇ ਇਸ ਐਲਾਨ ਨਾਲ ਕਾਂਗਰਸ ਅੰਦਰ ਵੀ ਮੁੱਖ ਮੰਤਰੀ ਦੀ ਦਾਅਵੇਦਾਰੀ 'ਤੇ ਅੱਖ ਟਿਕਾਈ ਬੈਠੇ ਕਈ ਚੌਧਰੀਆਂ ਨੂੰ ਤਰੇਲੀਆਂ ਆਉਣੀਆਂ ਸੁਭਾਵਕ ਹਨ। ਪਾਰਟੀ ਵਿਚ ਸਭ ਤੋਂ ਵੱਡੀ ਟੱਕਰ ਦੇਣ ਵਾਲੇ ਸਮਝੇ ਜਾ ਰਹੇ ਨਵਜੋਤ ਸਿੱਧੂ ਬਾਰੇ ਕੈਪਟਨ ਨੇ ਪਿਆਰ ਜਿਹੇ ਨਾਲ ਸਮਝਾਇਆ ਕਿ ਉਹ ਉਹਨਾਂ ਦਾ ਹੀ ਨਿਆਣਾ ਹੈ। ਜੇ ਗੱਲ ਕਰੀਏ ਉਹਨਾਂ ਖਾਸ ਵਾਅਦਿਆਂ ਦੀ ਜਿਹਨਾਂ ਦੀਆਂ ਸੋਂਹਾਂ ਖਾ ਕੇ ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣੇ ਸਨ ਤਾਂ ਉਹਨਾਂ ਵਿਚੋਂ ਕੋਈ ਵੀ ਵਾਅਦਾ ਕਿਸੇ ਕੰਢੇ ਨਹੀਂ ਲੱਗਿਆ ਹੈ। ਨਾ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ, ਨਾ ਕੋਟਕਪੂਰਾ-ਬਹਿਬਲ ਕਲਾਂ ਸਾਕੇ ਵਿਚ ਇਨਸਾਫ ਮਿਲਿਆ, ਨਾ ਨਸ਼ੇ ਰੁਕੇ, ਨਾ ਰੇਤਾ ਬਜ਼ਰੀ ਮਾਫੀਆ ਨੂੰ ਠੱਲ੍ਹ ਪਈ। ਬੇਰੁਜ਼ਗਾਰ ਜਵਾਨੀ ਨੂੰ ਕੁੱਟਣ ਵਾਲੇ ਪੁਲਸੀਏ ਉਹ ਹੀ ਹਨ ਸਿਰਫ ਫਰਕ ਇਹ ਹੈ ਕਿ ਪਹਿਲਾਂ ਕੁੱਟਣ ਦਾ ਹੁਕਮ ਬਾਦਲ ਦਾ ਹੁੰਦਾ ਸੀ, ਹੁਣ ਕੈਪਟਨ ਦਾ ਹੁੰਦਾ ਹੈ। ਬਿਜਲੀ ਦੀਆਂ ਕੀਮਤਾਂ ਨੇ ਪੰਜਾਬੀਆਂ ਦੀ ਜੇਬ ਹਾਲੋਂ ਬੇਹਾਲ ਕੀਤੀ ਹੋਈ ਹੈ। ਮੋਬਾਈਲ ਫੋਨਾਂ 'ਤੇ ਕੋਰੋਨਾ ਦਾ ਵਾਇਰਸ ਕਬਜ਼ਾ ਕਰਕੇ ਬੈਠ ਗਿਆ। ਅਗਲੇ ਦੋ ਸਾਲ ਕੈਪਟਨ ਦੀ ਇਹ ਸਰਕਾਰ ਕੁੱਝ ਕੰਮ ਕਰ ਸਕੇਗੀ ਜਾਂ ਕੈਪਟਨ ਦੇ ਜਵਾਨ ਹੋਣ ਦੇ ਐਲਾਨ ਨਾਲ ਪੈਣ ਵਾਲੇ ਸਿਆਪੇ ਵਿਚ ਉਲਝ ਕੇ ਰਹਿ ਜਾਵੇਗੀ, ਇਸ 'ਤੇ ਸਾਡੀ ਅਤੇ ਤੁਹਾਡੀ ਅੱਖ ਲੱਗੀ ਰਹੇਗੀ। ਅਵਾਮ ਹੋਰ ਕਰ ਵੀ ਕੀ ਸਕਦੀ ਹੈ?
ਸੁਖਵਿੰਦਰ ਸਿੰਘ