ਪੰਜਾਬ ਦੇ ਜਮੀਨਦੋਜ਼ ਪਾਣੀ ਦਾ ਭੰਡਾਰ ਮੁੱਕਣ ਕੰਢੇ
ਪਾਣੀ ਜਮੀਨਦੋਜ਼ ਕਰਨ ਲਈ ਆਪੋ ਆਪਣੇ ਪੱਧਰ ਉੱਤੇ ਵੀ ਜਿੰਨੇ ਯਤਨ ਸੰਭਵ ਹੋਣ ਕਰਨੇ ਚਾਹੀਦੇ ਹਨ।
ਅਸੀਂ ਸਾਰੇ ਹੀ ਇਸ ਗੱਲ ਤੋਂ ਭਲੀਭਾਂਤ ਜਾਣੂ ਹਾਂ ਕਿ ਪੰਜਾਬ ਦੇ ਪਾਣੀ ਦੀ ਸਮੱਸਿਆ ਦੇ ਤਿੰਨ ਮੁੱਖ ਪੱਖ ਹਨ ਜਿਸ ਵਿੱਚ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਕ ਜੋ ਪੰਜਾਬ ਨੂੰ ਨਹੀਂ ਮਿਲਿਆ, ਦੂਜਾ ਪੰਜਾਬ ਦਾ ਜਮੀਨੀ ਪਾਣੀ ਜੋ ਮੁੱਕਣ ਦੀ ਕਗਾਰ 'ਤੇ ਹੈ ਅਤੇ ਤੀਜਾ ਪੰਜਾਬ ਦੇ ਪਾਣੀ ਦੇ ਪ੍ਰਦੂਸ਼ਣ ਦਾ ਮਸਲਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਸਿਆਸੀ ਹੋਣ ਕਰਕੇ ਗਾਹੇ-ਬਗਾਹੇ ਸਾਡੀ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ, ਦੂਸਰੇ ਦੋਵੇਂ ਪੱਖ ਵੀ ਚਰਚਾ ਵਿੱਚ ਆਉਂਦੇ ਹਨ ਪਰ ਇੰਨੇ ਜਿਆਦਾ ਨਹੀਂ ਜਦਕਿ ਜਮੀਨੀ ਪਾਣੀ ਦੇ ਜੇਕਰ ਅੰਕੜੇ ਵੇਖੇ ਜਾਣ ਤਾਂ ਪੰਜਾਬ ਦਾ ਜਮੀਨੀ ਪਾਣੀ ਬਿਲਕੁਲ ਖਤਮ ਹੋਣ ਕਿਨਾਰੇ ਆਣ ਪਹੁੰਚਿਆ ਹੈ। ਪੰਜਾਬ ਦੇ ਜਮੀਨਦੋਜ਼ ਪਾਣੀ ਬਾਰੇ 31 ਮਾਰਚ 2017 ਨੂੰ ਸੈਂਟਰਲ ਗਰਾਉਂਡ ਵਾਟਰ ਬੋਰਡ (ਇੰਡੀਆ), ਵਾਟਰ ਰਿਸੋਰਸ ਐਂਡ ਇਨਵਾਇਰਨਮੈਂਟ ਡਾਇਰੈਕਟੋਰੇਟ (ਇੰਡੀਆ), ਵਾਟਰ ਰਿਸੋਰਸ ਡਿਪਾਰਟਮੈਂਟ (ਪੰਜਾਬ), ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਫਾਰਮਰਜ਼ ਵੈਲਫੇਅਰ (ਪੰਜਾਬ) ਅਤੇ ਪੰਜਾਬ ਵਾਟਰ ਰਿਸੋਰਸਿਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਨੇ ਲੇਖਾ ਜਾਰੀ ਕੀਤਾ ਜਿਸ ਤੋਂ ਪੰਜਾਬ ਦੇ ਜਮੀਨੀ ਪਾਣੀ ਦੇ ਸੰਕਟ ਦੀ ਗੰਭੀਰਤਾ ਸੌਖਿਆਂ ਸਮਝ ਪੈ ਸਕਦੀ ਹੈ। ਸੰਨ 1984 ਤੋਂ 2016 ਤੱਕ ਪੰਜਾਬ ਦੇ 85 ਫ਼ੀਸਦ ਇਲਾਕੇ ਵਿੱਚ ਜਮੀਨੀ ਪਾਣੀ ਦਾ ਪੱਧਰ ਹੇਠਾਂ ਡਿੱਗਿਆ ਹੈ। ਸਿਰਫ 15 ਫ਼ੀਸਦ ਇਲਾਕੇ ਵਿੱਚ ਜਮੀਨੀ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਉੱਪਰ ਗਿਆ ਹੈ। ਪਰ ਜਿੱਥੇ ਪਾਣੀ ਦਾ ਪੱਧਰ ਉੱਪਰ ਗਿਆ ਹੈ ਉਹ ਕਿਉਂ ਗਿਆ? ਇਹ ਵੀ ਕੋਈ ਸੰਤੁਸ਼ਟੀ ਵਾਲੀ ਗੱਲ ਨਹੀਂ ਹੈ। ਸੰਤੁਸ਼ਟੀ ਵਾਲੀ ਗੱਲ ਇਸ ਲਈ ਨਹੀਂ ਹੈ ਕਿਉਂਕਿ ਜਿਸ ਇਲਾਕੇ ਵਿੱਚ ਪਾਣੀ ਦਾ ਪੱਧਰ ਉੱਪਰ ਗਿਆ ਹੈ ਉੱਥੇ ਦਾ ਪਾਣੀ ਵਰਤਨਯੋਗ ਨਹੀਂ ਹੈ, ਜਿਆਦਾ ਖਾਰਾ ਹੋਣ ਕਰਕੇ ਨਾ ਹੀ ਉਹ ਖੇਤਾਂ ਨੂੰ ਦਿੱਤਾ ਜਾ ਸਕਦਾ ਹੈ ਅਤੇ ਨਾ ਹੀ ਘਰੇਲੂ ਵਰਤੋਂ ਵਿੱਚ ਆ ਸਕਦਾ ਹੈ। ਜਮੀਨੀ ਪਾਣੀ ਹੇਠਾਂ ਜਾਣ ਦੇ ਮਾਮਲੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਜਿਲ੍ਹਿਆਂ ਵਿੱਚ ਬਠਿੰਡਾ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ, ਮੁਹਾਲੀ, ਹੁਸ਼ਿਆਰਪੁਰ ਜਲੰਧਰ ਅਤੇ ਪਠਾਨਕੋਟ ਸ਼ਾਮਿਲ ਹਨ। ਔਸਤਨ ਹਰ ਸਾਲ 1.6 ਫੁੱਟ ਪਾਣੀ ਦਾ ਪੱਧਰ ਹੇਠਾਂ ਗਿਆ ਹੈ ਪਰ ਕੁਝ ਜਿਲ੍ਹੇ ਅਜਿਹੇ ਵੀ ਹਨ ਜਿੱਥੇ ਸਾਲ ਵਿੱਚ 3 ਫੁੱਟ ਤੋਂ ਵੀ ਜਿਆਦਾ ਪਾਣੀ ਦਾ ਪੱਧਰ ਹੇਠਾਂ ਗਿਆ ਹੈ। ਜਿੰਨ੍ਹਾ ਵਿੱਚ ਬਰਨਾਲਾ (3.39 ਫੁੱਟ), ਪਟਿਆਲਾ (3.28 ਫੁੱਟ) ਅਤੇ ਸੰਗਰੂਰ (3.50 ਫੁੱਟ) ਸ਼ਾਮਿਲ ਹਨ। 2010 ਤੋਂ ਪਹਿਲਾਂ ਪੰਜਾਬ ਵਿੱਚ ਹਰ ਥਾਂ ਪਾਣੀ ਤਕਰੀਬਨ 100 ਫੁੱਟ ਤੋਂ ਉੱਤੇ ਹੀ ਸੀ। 2010 ਵਿੱਚ ਸਿਰਫ 600 ਹੈਕਟੇਅਰ ਜਮੀਨ ਵਿੱਚ ਪਾਣੀ ਦਾ ਪੱਧਰ 100 ਫੁੱਟ ਤੋਂ ਹੇਠਾਂ ਗਿਆ ਸੀ ਜੋ ਹੁਣ ਵੱਧ ਕੇ 5 ਲੱਖ 40 ਹਜ਼ਾਰ 600 ਹੈਕਟੇਅਰ ਜਮੀਨ ਹੋ ਗਈ ਹੈ ਜਿੱਥੇ ਪਾਣੀ ਦਾ ਪੱਧਰ 100 ਫੁੱਟ ਤੋਂ ਹੇਠਾਂ ਚਲਾ ਗਿਆ ਹੈ। ਜਿੱਥੇ ਜਮੀਨ ਵਿੱਚੋਂ ਕੱਢੇ ਜਾਣ ਵਾਲੇ ਪਾਣੀ ਦੀ ਮਾਤਰਾ ਜਮੀਨ ਵਿੱਚ ਰਿਸ ਕੇ ਜਾਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਹੋਵੇ ਉਸ ਨੂੰ ਓਵਰ ਐਕਸਪੋਲਾਇਟਡ ਬਲਾਕ ਕਿਹਾ ਜਾਂਦਾ ਹੈ। 1984 ਵਿੱਚ ਪੰਜਾਬ ਦੇ ਓਵਰ ਐਕਸਪੋਲਾਇਟਡ ਬਲਾਕ (over exploited blocks) ਸਿਰਫ 45 ਫ਼ੀਸਦ ਸਨ ਜੋ ਹੁਣ ਵੱਧ ਕੇ 80 ਫ਼ੀਸਦ ਹੋ ਗਏ ਹਨ। ਸ੍ਰੀ ਅੰਮ੍ਰਿਤਸਰ, ਸ੍ਰੀ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਪਟਿਆਲਾ, ਸੰਗਰੂਰ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਜਿਲ੍ਹਿਆਂ ਦੇ ਸਾਰੇ ਹੀ ਬਲਾਕ ਓਵਰ ਐਕਸਪੋਲਾਇਟਡ ਹਨ।
ਕਿਸੇ ਵੇਲੇ ਇਹ ਗੱਲ ਮੰਨਣੀ ਔਖੀ ਲੱਗਦੀ ਸੀ ਕਿ ਜਮੀਨ ਹੇਠਲਾ ਪਾਣੀ ਵੀ ਕਦੀ ਮੁੱਕੇਗਾ ਪਰ ਐਤਕੀਂ ਬਰਸਾਤਾਂ ਤੋਂ ਪਹਿਲਾਂ ਦੀ ਔਡ਼ ਨੇ ਕਾਫੀ ਹਿੱਸੇ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕੀ ਜਮੀਨ ਹੇਠਲਾ ਪਾਣੀ ਸੱਚੀਂ ਮੁੱਕ ਜਾਵੇਗਾ? ਸੈਂਟਰਲ ਗਰਾਉਂਡ ਵਾਟਰ ਬੋਰਡ (ਇੰਡੀਆ) ਵੱਲੋਂ 31 ਮਾਰਚ 2017 ਨੂੰ ਜਾਰੀ ਕੀਤੇ ਗਏ ਲੇਖੇ ਅਨੁਸਾਰ ਪੰਜਾਬ ਦੇ ਜਮੀਨਦੋਜ਼ ਪਾਣੀ ਦੇ ਕੁੱਲ ਭੰਡਾਰ ਵਿੱਚੋਂ ਪਹਿਲੇ ਪੱਤਣ (100 ਮੀਟਰ ਡੂੰਘਾਈ ਤੱਕ) ਵਿੱਚ 139 ਐਮ.ਏ.ਐੱਫ ਪਾਣੀ ਹੈ, ਦੂਜੇ ਪੱਤਣ (100-200 ਮੀਟਰ ਡੂੰਘਾਈ ਤੱਕ) ਵਿੱਚ 61.5 ਐਮ.ਏ.ਐੱਫ, ਤੀਜੇ ਪੱਤਣ (200-300 ਮੀਟਰ ਡੂੰਘਾਈ ਤੱਕ) ਵਿੱਚ 42 ਐਮ.ਏ.ਐੱਫ ਪਾਣੀ ਹੈ ਅਤੇ ਇੱਕ ਸਾਲ ਵਿੱਚ ਜਮੀਨ ਹੇਠਾਂ ਰਿਸਣ ਵਾਲਾ ਕੁੱਲ ਪਾਣੀ 17.5 ਐਮ.ਏ.ਐੱਫ ਹੈ। ਪੰਜਾਬ ਦਾ ਕੁੱਲ ਜਮੀਨਦੋਜ਼ ਜਲ ਭੰਡਾਰ (ਸਾਰੇ ਪੱਤਣ ਅਤੇ ਸਲਾਨਾ ਰਿਸਾਅ ਨੂੰ ਮਿਲਾਅ ਕੇ) 260 ਐਮ.ਏ.ਐੱਫ ਬਣਦਾ ਹੈ। ਪੰਜਾਬ ਵਿੱਚ ਜਮੀਨ ਹੇਠੋਂ ਪਾਣੀ ਕੱਢਣ ਦੀ ਦਰ 165 % ਹੈ ਜਿਸ ਕਾਰਨ ਜਮੀਨਦੋਜ਼ ਜਲ ਭੰਡਾਰ ਮੁੱਕਦਾ ਜਾ ਰਿਹਾ ਹੈ। ਪੰਜਾਬ ਦੇ ਜਮੀਨਦੋਜ਼ ਜਲ ਭੰਡਾਰ ਵਿੱਚੋਂ ਹਰ ਸਾਲ 29.01 ਐਮ.ਏ.ਐੱਫ ਪਾਣੀ ਕੱਢਿਆ ਜਾ ਰਿਹਾ ਹੈ ਜਿਸ ਵਿੱਚੋਂ 28.03 ਐਮ.ਏ.ਐੱਫ ਪਾਣੀ ਖੇਤਾਂ ਲਈ ਕੱਢਿਆ ਜਾਂਦਾ ਹੈ ਅਤੇ ਬਾਕੀ ਘਰਾਂ ਅਤੇ ਉਦਯੋਗ ਲਈ। ਹਰ ਸਾਲ ਜਮੀਨ ਹੇਠੋਂ ਤਕਰੀਬਨ 11.58 ਐਮ.ਏ.ਐੱਫ ਪਾਣੀ ਵੱਧ ਕੱਢਿਆ ਜਾ ਰਿਹਾ ਹੈ ਜਾਂ ਕਹਿ ਲਈਏ ਕਿ ਹਰ ਸਾਲ ਪੰਜਾਬ ਦੇ ਜਮੀਨਦੋਜ਼ ਜਲ ਭੰਡਾਰ ਵਿੱਚ 11.58 ਐਮ.ਏ.ਐੱਫ ਪਾਣੀ ਦਾ ਘਾਟਾ ਪੈ ਰਿਹਾ ਹੈ। ਪਾਣੀ ਮੁੱਕਣ ਦੀ ਦਰ ਦੇ ਹਿਸਾਬ ਨਾਲ ਪੰਜਾਬ ਦੇ ਜਮੀਨਦੋਜ਼ ਪਾਣੀ ਦਾ ਭੰਡਾਰ ਸਾਲ 2040 ਤੱਕ ਮੁੱਕ ਜਾਵੇਗਾ ਜਿਸ ਵਿੱਚੋਂ ਪਹਿਲਾ ਪੱਤਣ ਅਗਲੇ ਅੱਠ ਸਾਲਾਂ ਵਿੱਚ ਹੀ ਮੁੱਕ ਜਾਵੇਗਾ। ਇਸ ਤੋਂ ਵੀ ਵੱਧ ਖਤਰਨਾਕ ਗੱਲ ਇਹ ਹੈ ਕਿ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਪਹਿਲੇ ਪੱਤਣ ਤੋਂ ਬਾਅਦ ਜਮੀਨ ਹੇਠਾਂ ਪਾਣੀ ਹੀ ਨਹੀਂ ਹੈ ਜਿੰਨ੍ਹਾ ਵਿੱਚ ਮੋਗਾ, ਫਾਜ਼ਿਲਕਾ, ਬਠਿੰਡਾ, ਮਾਨਸਾ, ਸ੍ਰੀ ਮੁਕਤਸਰ, ਪਠਾਨਕੋਟ, ਗੁਰਦਸਪੁਰ, ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਤਰਨਤਾਰਨ ਸ਼ਾਮਿਲ ਹਨ। ਹਾਲਾਤ ਅਤਿ ਗੰਭੀਰ ਹਨ, ਸਮਾਂ ਲੰਘਦਾ ਜਾ ਰਿਹਾ ਹੈ ਅਤੇ ਪੰਜਾਬ ਬੇਰਾਨ ਹੋਣ ਦੀ ਕਗਾਰ 'ਤੇ ਹੈ। ਸਾਨੂੰ ਪਾਣੀ ਦੀ ਵਰਤੋਂ ਹਰ ਹਾਲ ਵਿੱਚ ਘਟਾਉਣੀ ਪਵੇਗੀ, ਝੋਨੇ ਦੀ ਫਸਲ ਅਤੇ ਬਿਜਾਈ ਦੇ ਤਰੀਕਾਰ ਦੇ ਬਦਲ ਵੱਲ ਜਾਣਾ ਪੈਣਾ ਹੈ ਅਤੇ ਸਿਆਸੀ ਪਾਰਟੀਆਂ 'ਤੇ ਲਗਾਤਾਰ ਦਬਾਅ ਬਣਾਉਣਾ ਪਵੇਗਾ ਕਿ ਉਹ ਇਸ ਸੰਕਟ ਨੂੰ ਦੂਰ ਕਰਨ ਵਿੱਚ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ। ਜਮੀਨੀ ਪਾਣੀ ਦੀ ਵਰਤੋਂ ਘਟਾਉਣ ਅਤੇ ਵੱਧ ਤੋਂ ਵੱਧ ਪਾਣੀ ਜਮੀਨਦੋਜ਼ ਕਰਨ ਲਈ ਆਪੋ ਆਪਣੇ ਪੱਧਰ ਉੱਤੇ ਵੀ ਜਿੰਨੇ ਯਤਨ ਸੰਭਵ ਹੋਣ ਕਰਨੇ ਚਾਹੀਦੇ ਹਨ। ਜੇਕਰ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਜਿਸ ਗੱਲ ਦੇ ਵਾਪਰਨ ਦੇ ਕਿਆਸ ਲਾਏ ਜਾ ਰਹੇ ਹਨ ਉਸ ਨੇ ਵਾਪਰ ਕੇ ਹੀ ਰਹਿਣਾ ਹੈ।
Comments (0)