ਸੰਪਾਦਕੀ: ਬੀਜੇਪੀ ਦੀ ਉਲਟੀ ਗਿਣਤੀ

ਸੰਪਾਦਕੀ: ਬੀਜੇਪੀ ਦੀ ਉਲਟੀ ਗਿਣਤੀ

ਭਾਰਤ ਵਿਚ ਪਿਛਲੇ ਦੋ ਦਹਾਕਿਆਂ ਤੋਂ ਇਕ ਵੱਡੀ ਰਾਜਸੀ ਤਾਕਤ ਵਜੋਂ ਉੱਭਰੀ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਮਹੂਰੀਅਤ ਵਿਚ ਪੱਕਾ ਕਿਲਾ ਸਥਾਪਤ ਕਰਨ ਵਿਚ ਮੁਸ਼ਕਿਲ ਆਉਂਦੀ ਜਾਪਦੀ ਹੈ। 1999 ਵਿਚ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਵਿਚ ਕੇਂਦਰ ਵਿਚ ਗਠਜੋੜ ਦੀ ਮਦਦ ਨਾਲ ਸਰਕਾਰ ਬਣਾਉਣ ਵਾਲੀ ਭਾਰਤੀ ਜਨਤਾ ਪਾਰਟੀ 2014 ਦੀਆਂ ਲੋਕ ਸਭਾ ਚੋਣਾਂ ਵਿਚ ਵੱਡੀ ਪਾਰਟੀ ਵਜੋਂ ਉਭਰੀ ਅਤੇ 2019 ਵਿਚ ਇਸ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਕੇ ਭਾਰਤੀ ਬਹੁਮਤ ਹੀ ਹਾਸਲ ਨਹੀਂ ਕੀਤਾ ਸਗੋਂ ਇਸ ਨੂੰ ਇਹ ਵੀ ਅਹਿਸਾਸ ਹੋਣ ਲੱਗਾ ਕਿ ਭਾਰਤੀ ਫੈਡਰਲ ਅਤੇ ਬਹੁਕੌਮੀ ਸਿਆਸੀ ਸਮੀਕਰਨ ਹੁਣ ਇਕ ਹਿੰਦੂ ਰਾਸ਼ਟਰਵਾਦ ਵਿਚ ਤਬਦੀਲ ਹੋ ਚੁੱਕਾ ਹੈ। ਇਹੋ ਕਾਰਨ ਸੀ ਕਿ ਇਸ ਸਾਲ ਸੱਤਾ ਸੰਭਾਲਦਿਆਂ ਹੀ ਇਸ ਨੇ ਹਿੰਦੂ ਰਾਸ਼ਟਰ ਪੱਖੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ। ਜੰਮੂ ਕਸ਼ਮੀਰ ਨੂੰ ਭਾਰਤੀ ਸੰਵਿਧਾਨ ਤਹਿਤ ਮਿਲਿਆ ਵਿਸ਼ੇਸ਼ ਰਾਜ ਦਾ ਦਰਜਾ ਖਤਮ ਕਰਨਾ ਅਤੇ ਇਕ ਚੁਣੀ ਹੋਈ ਸਰਕਾਰ ਭੰਗ ਕਰਕੇ ਇਸ ਸੂਬੇ ਨੂੰ ਦੋ ਹਿੱਸਿਆਂ ਵਿਚ ਵੰਡਣਾ ਇਸ ਸਰਕਾਰ ਦੀ ਵੱਡੀ ਅਤੇ 'ਜ਼ੁਅੱਰਤ' ਵਾਲੀ ਕਾਰਵਾਈ ਕਹੀ ਜਾ ਸਕਦੀ ਹੈ। ਜੰਮੂ ਕਸ਼ਮੀਰ ਪਿਛਲੇ ਤਿੰਨ ਦਹਾਕਿਆਂ ਤੋਂ ਫੌਜ ਦੇ ਹਵਾਲੇ ਹੈ ਪਰ ਜਿਸ ਤਰੀਕੇ ਨਾਲ ਸੂਬੇ ਵਿਚ ਖਾਸ ਕਰਕੇ ਕਸ਼ਮੀਰ ਵਾਦੀ ਵਿਚ ਕਰਫਿਊ ਲਗਾ ਕੇ ਪਾਰਲੀਮੈਂਟ ਵਿਚ ਇਹ ਫੈਸਲੇ ਲਏ ਗਏ ਅਤੇ ਕਸ਼ਮੀਰੀਆਂ ਨੂੰ ਅੱਜ ਤੱਕ ਵੀ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਉਸ ਤੋਂ ਅੰਧ ਰਾਸ਼ਟਰਵਾਦੀ ਬਹੁਗਿਣਤੀ ਦੀ ਤਾਨਾਸ਼ਾਹੀ ਦਾ ਪ੍ਰਤੱਖ ਸਬੂਤ ਸਾਹਮਣੇ ਆਇਆ।

ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ਨੇ ਭਾਰਤੀ ਜਨਤਾ ਪਾਰਟੀ ਦਾ ਇਹ ਭਰਮ ਜਾਲ ਵੀ ਤੋੜ ਦਿੱਤਾ ਹੈ ਕਿ ਹਿੰਦੂ ਰਾਸ਼ਟਰਵਾਦ ਦਾ ਸਹਾਰਾ ਲੈ ਕੇ ਜਮਹੂਰੀ ਤਰੀਕੇ ਨਾਲ ਸੱਤਾ ਬਰਕਰਾਰ ਰੱਖੀ ਜਾ ਸਕਦੀ ਹੈ। ਇਹ ਵੱਖਰੀ ਗੱਲ ਹੈ ਕਿ ਹਿੰਦੂ ਰਾਸ਼ਟਰਵਾਦ ਦਾ ਪੱਤਾ ਘੱਟ-ਗਿਣਤੀਆਂ ਖਿਲਾਫ਼ ਕਾਰਵਾਈਆਂ ਲਈ ਵਰਤਿਆ ਜਾ ਸਕਦਾ ਹੈ ਪਰ ਸਿਆਸੀ ਧਰਾਤਲ ਤੇ ਕੁਝ ਵੱਖਰਾ ਵਾਪਰਦਾ ਹੈ। ਹਰਿਆਣਾ ਵਿਚ ਇਸ ਵਾਰ ਕੁੱਲ 90 ਸੀਟਾਂ ਵਿਚੋਂ 75 ਤੋਂ ਵੱਧ ਜਿੱਤਣ ਦਾ ਦਾਅਵਾ ਕਰਨ ਵਾਲੀ ਬੀਜੇਪੀ ਇਸ ਵਾਰ ਸੁੰਗੜ ਕੇ 40 ਸੀਟਾਂ ਤੇ ਆ ਗਈ ਅਤੇ ਸਰਕਾਰ ਬਣਾਉਣ ਲਈ ਪੂਰਨ ਬਹੁਮਤ ਵੀ ਹਾਸਲ ਨਹੀਂ ਕਰ ਸਕਦੀ। ਇਸ ਨੂੰ ਸਰਕਾਰ ਬਣਾਉਣ ਵਾਸਤੇ ਚੌਟਾਲਾ ਪਰਿਵਾਰ ਦੀ ਨਵੀਂ ਪਾਰਟੀ ਜੇਜੇਪੀ ਦਾ ਸਹਾਰਾ ਲੈਣਾ ਪਿਆ ਅਤੇ ਬੀਜੇਪੀ ਦੇ ਮੁੱਖ ਮੰਤਰੀ ਦੇ ਬਰਾਬਰ ਜੇਜੇਪੀ ਦਾ ਉਪ ਮੁੱਖ ਮੰਤਰੀ ਲਗਾਉਣਾ ਪਿਆ। ਬੇਸ਼ੱਕ ਬੀਜੇਪੀ ਨੇ ਸਰਕਾਰ ਬਣਾ ਲਈ ਪਰ ਪਾਰਟੀ ਦੀ ਸੂਬਾ ਇਕਾਈ ਵਿਚ 'ਸਭ ਅੱਛਾ ਨਹੀਂ' ਹੈ। ਪਾਰਟੀ ਦੇ ਹਾਰੇ ਹੋਏ ਵੱਡੇ ਨੇਤਾਵਾਂ ਅਤੇ ਵਰਕਰਾਂ ਵਿਚਕਾਰ ਆਪਸੀ ਖਿੱਚੋਤਾਣ ਸ਼ੁਰੂ ਹੋ ਗਈ ਹੈ। ਕਈ ਆਗੂ ਇਕ ਦੂਜੇ ਉਪਰ ਇਲਜ਼ਾਮ ਤਰਾਸ਼ੀ ਕਰ ਰਹੇ ਹਨ। ਮੁੱਖ ਮੰਤਰੀ ਮਨੋਹਰ ਲਾਲ ਅਤੇ ਕੇਂਦਰੀ ਲੀਡਰਸ਼ਿਪ ਵੀ ਚੁੱਪ ਹੈ। ਇਸ ਵਾਰ ਬੀਜੇਪੀ ਦੀ ਵਿਚਾਰਧਾਰਕ ਅਤੇ ਰਾਜਸੀ ਸਰੋਤ ਸਮਝੀ ਜਾਣ ਵਾਲੀ ਆਰ ਐਸ ਐਸ ਦਾ 'ਪੰਨਾ ਪ੍ਰਮੁੱਖ' ਵਾਲਾ ਫਾਰਮੁੱਲਾ ਵੀ ਕਾਮਯਾਬ ਨਹੀਂ ਹੋਇਆ। 

ਦੂਜੇ ਪਾਸੇ ਹਿੰਦੂ ਰਾਸ਼ਟਰਵਾਦੀ ਤਾਕਤਾਂ ਦਾ ਗੜ੍ਹ ਸਮਝੇ ਜਾਂਦੇ ਮਹਾਂਰਾਸ਼ਟਰ ਵਿਚ ਵੀ ਬੀਜੇਪੀ ਅਤੇ ਸ਼ਿਵ ਸੈਨਾ ਦੇ ਇਤਿਹਾਸਕ ਅਤੇ ਪਾਕ ਪਵਿੱਤਰ ਗਠਜੋੜ ਵਿਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਸੱਤਾ ਦਾ ਜ਼ਾਇਕਾ ਲੈ ਚੁੱਕੀਆਂ ਦੋਵੇਂ ਸਿਆਸੀ ਪਾਰਟੀਆਂ ਖਾਸ ਕਰਕੇ ਇਨ੍ਹਾਂ ਦੇ ਖੇਤਰੀ ਨੇਤਾਵਾਂ ਵਿਚ ਵਖਰੇਵਾਂ ਸ਼ੁਰੂ ਹੋ ਗਿਆ ਹੈ। ਇਹ ਵਖਰੇਵਾਂ ਕੋਈ ਸਿਆਸੀ ਜਾਂ ਵਿਚਾਰਧਾਰਕ ਨਹੀਂ ਸਗੋਂ ਰਾਜ ਸੱਤਾ ਉਪਰ ਕਾਬਜ਼ ਹੋਣ ਦੇ ਫਾਰਮੂਲੇ ਦਾ ਹੈ। ਸ਼ਿਵ ਸੈਨਾ ਚਾਹੁੰਦੀ ਹੈ ਕਿ ਢਾਈ ਢਾਈ ਸਾਲ ਵੰਡ ਕੇ ਸੱਤਾ ਦਾ ਆਨੰਦ ਮਾਣਿਆ ਜਾਵੇ ਜਦਕਿ ਬੀਜੇਪੀ ਦੇ ਸੂਬਾਈ ਨੇਤਾ ਦਵੇਂਦਰ ਫੜਨਵੀਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਕੋਲ ਸੀਟਾਂ ਜ਼ਿਆਦਾ ਹਨ ਇਸ ਲਈ ਮੁੱਖ ਮੰਤਰੀ ਉਹੀ ਬਣਨਗੇ ਅਤੇ ਅਨੁਪਾਤ ਮੁਤਾਬਕ ਸ਼ਿਵ ਸੈਨਾ ਨੂੰ ਵਜ਼ਾਰਤੀ ਅਹੁਦੇ ਦਿੱਤੇ ਜਾਣਗੇ।

ਇੱਥੇ ਸੁਆਲ ਸੱਤਾ ਦੀ ਤਕਸੀਮ ਜਾਂ ਵਜ਼ਾਰਤੀ ਅਹੁਦਿਆਂ ਦੇ ਲੈਣ ਦੇਣ ਦਾ ਨਹੀਂ ਹੈ। ਸੁਆਲ ਤਾਂ ਇਹ ਹੈ ਕਿ ਬੀਜੇਪੀ ਦੇ ਕੌਮਾਂਤਰੀ ਚਿਹਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 'ਪ੍ਰਵਚਨ' ਹੇਠਲੀ ਲੀਡਰਸ਼ਿਪ ਅਤੇ ਕੇਡਰ ਨੂੰ ਕਿਉਂ ਨਹੀਂ ਰਾਸ ਆ ਰਹੇ। ਜੇ ਸਚਮੁੱਚ ਪਾਰਟੀ ਦੇਸ਼ ਅਤੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ ਤਾਂ ਸੱਤਾ ਤੇ ਜੱਫ਼ਾ ਮਾਰਨ ਲਈ ਬਜਿੱਦ ਕਿਉਂ ਹੈ। ਠੀਕ ਹੈ ਕੁਝ ਮਹੀਨੇ ਪਹਿਲਾਂ 'ਹਿੰਦੂ ਪੱਤਾ' ਵਰਤ ਕੇ ਪਾਰਟੀ ਕੇਂਦਰ ਵਿਚ ਸੱਤਾ ਵਿੱਚ ਆ ਗਈ ਪਰ ਏਨੀ ਛੇਤੀ ਵੋਟਰਾਂ ਦਾ ਮੋਹ ਭੰਗ ਕਿਉਂ ਹੋਣ ਲੱਗਾ। ਰਾਜਨੀਤਕ ਮਾਹਿਰ ਇਹ ਮੰਨਦੇ ਹਨ ਕਿ ਭਾਰਤੀ ਸਟੇਟ ਦਾ ਖਾਸਾ ਹਿੰਦੂ ਸਟੇਟ ਵਾਲਾ ਹੈ ਪਰ ਜੇਕਰ ਜ਼ਾਹਿਰਾ ਤੌਰ 'ਤੇ ਇਹ ਪੱਤਾ ਖੇਡਣ ਵਾਲੀ ਪਾਰਟੀ ਨੂੰ ਰਾਜ ਸੱਤਾ ਲਈ ਇਸ ਤਰ੍ਹਾਂ ਸਹਿਯੋਗੀਆਂ ਦੀ ਜ਼ਲਾਲਤ ਝੱਲਣੀ ਪੈ ਰਹੀ ਹੈ ਅਤੇ ਕੇਡਰ ਵਿਚ ਬਾਗੀ ਸੁਰਾਂ ਉਭਰਨ ਲੱਗੀਆਂ ਹਨ ਤਾਂ ਭਵਿੱਖ ਵਿਚ ਇਹ ਪਾਰਟੀ ਰਾਜ ਸੱਤਾ ਵਿਚ ਬਣੇ ਰਹਿਣ ਲਈ ਕਿਹੜਾ ਨਵਾਂ ਦਾਅ ਚਲਾਏਗੀ, ਇਹ ਸਮਾਂ ਹੀ ਦੱਸੇਗਾ। ਫਿਲਹਾਲ ਇਹ ਰਾਜਸੀ ਤੌਰ 'ਤੇ ਪਤਨ ਵੱਲ ਜਾ ਰਹੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।