ਇਜ਼ਰਾਈਲ-ਹਮਾਸ ਜੰਗ ਦੌਰਾਨ ਖਾੜੀ ਦੇਸ਼ਾਂ ਵਿੱਚ ਸੰਕਟ ਵਧਿਆ, ਸ਼ਾਂਤੀ ਬਹਾਲੀ ਦੀ ਘੱਟ ਉਮੀਦ

ਇਜ਼ਰਾਈਲ-ਹਮਾਸ ਜੰਗ ਦੌਰਾਨ ਖਾੜੀ ਦੇਸ਼ਾਂ ਵਿੱਚ ਸੰਕਟ ਵਧਿਆ, ਸ਼ਾਂਤੀ ਬਹਾਲੀ ਦੀ ਘੱਟ ਉਮੀਦ

ਜੀ-20 ਦੌਰਾਨ ਯੂਰਪ ਕੋਰੀਡੋਰ ਦਾ ਪ੍ਰੋਜੈਕਟ ਰੁਲਣ ਦੀ ਸੰਭਾਵਨਾ

*ਤੀਸਰੀ ਵਿਸ਼ਵ ਜੰਗ ਦੇ ਖਤਰੇ ਵਧੇ,ਜਥੇਦਾਰ ਅਕਾਲ ਤਖਤ ਨੇ ਵਿਸ਼ਵ ਸ਼ਾਂਤੀ ਦਾ ਦਿਤਾ ਸੱਦਾ

* ਜੇ ਇਜ਼ਰਾਈਲ ਦੀ ਗਾਜ਼ਾ 'ਤੇ ਬੰਬਾਰੀ ਜਾਰੀ ਰਹੀ ਤਾਂ ਜੰਗ ਮੱਧ ਪੂਰਬ ਤੱਕ ਫੈਲ ਜਾਵੇਗੀ-ਈਰਾਨੀ ਵਿਦੇਸ਼ ਮੰਤਰੀ

ਇਜ਼ਰਾਈਲ-ਹਮਾਸ ਸੰਘਰਸ਼ ਹੁਣ ਹੌਲੀ-ਹੌਲੀ ਪੂਰੇ ਮੱਧ ਪੂਰਬ ਖੇਤਰ ਅਰਥਾਤ ਖਾੜੀ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਅਤੇ 1200 ਇਜਰਾਈਲੀ ਮਾਰੇ ਗਏ ਸਨ। ਇਸ ਦੇ ਜਵਾਬ ਵਿਚ ਇਜ਼ਰਾਈਲ ਨੇ ਗਾਜ਼ਾ 'ਤੇ ਹਮਲਾ ਕੀਤਾ ਅਤੇ ਹੁਣ ਤੱਕ 3000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।ਇਜਰਾਈਲ ਨੇ ਇਥੇ ਫਾਸਫੋਰਸ ਵਾਲੇ ਬੰਬਾਂ ਦੀ ਵਰਤੋਂ ਕੀਤੀ ਹੈ,ਜਿਸਨਾਲ ਬਹੁਤ ਸਾਰੇ ਲੋਕ ਬਿਲਡਿੰਗਾਂ ਸੜ ਗਈਆਂ।ਸੰਯੁਕਤ ਰਾਸ਼ਟਰ ਨੇ ਇਹਨਾਂ ਬੰਬਾਂ ਦੀ ਵਰਤੋਂ ਦੀ ਇਜਰਾਈਲ ਦੀ ਨਿੰਦਾ ਕੀਤੀ ਹੈ। ਇਜ਼ਰਾਇਲੀ ਫੌਜੀ ਦਸਤੇ ਗਾਜਾ ਪਟੀ ਉਪਰ ਜ਼ਮੀਨੀ ਹਮਲੇ ਕਰ ਰਹੇ ਹਨ। ਪਰ ਇਸ ਜੰਗ ਨਾਲ ਪੂਰਾ ਖਾੜੀ ਖੇਤਰ ਪ੍ਰਭਾਵਿਤ ਹੋ ਰਿਹਾ ਹੈ, ਉਹ ਵਡੀ ਚਿੰਤਾ ਦਾ ਵਿਸ਼ਾ ਹੈ। ਇਜ਼ਰਾਈਲ ਦੀ ਉੱਤਰੀ ਸਰਹੱਦ 'ਤੇ ਲੇਬਨਾਨ ਦੇ ਹਿਜ਼ਬੁੱਲਾ ਨਾਲ ਝੜਪ ਚੱਲ ਰਹੀ ਹੈ। ਇਰਾਕ ਅਤੇ ਯਮਨ ਵਿੱਚ ਬਹੁਤ ਸਾਰੇ ਲੜਾਕਿਆਂ (ਹਥਿਆਰਬੰਦ ਜਥੇਬੰਦੀਆਂ) ਨੇ ਇਜ਼ਰਾਈਲ ਅਤੇ ਉਸਦੇ ਮੁੱਖ ਸਹਿਯੋਗੀ ਅਮਰੀਕਾ ਨੂੰ ਧਮਕੀ ਦਿੱਤੀ ਹੈਟ ਕਿ ਫਿਲਸਤੀਨ ਲੋਕਾਂ ਉਪਰ ਹਮਲੇ ਤੇ ਘਾਣ ਬੰਦ ਕਰਨ। ਬੀਤੇ ਦਿਨੀਂ ਇਜ਼ਰਾਈਲ ਨੇ ਗੁਆਂਢੀ ਦੇਸ਼ ਸੀਰੀਆ 'ਤੇ ਹਮਲਾ ਕਰਕੇ ਉਸ ਦੇ ਦੋ ਮੁੱਖ ਹਵਾਈ ਅੱਡਿਆਂ ਨੂੰ ਤਬਾਹ ਕਰ ਦਿੱਤਾ ਸੀ। ਇਸ ਯੁੱਧ ਨਾਲ ਨਾ ਸਿਰਫ਼ ਇਜ਼ਰਾਈਲ ਅਤੇ ਫਲਸਤੀਨ ਅਸਥਿਰ ਹੋ ਜਾਣਗੇ, ਸਗੋਂ ਨੇੜਲੇ ਦੇਸਾਂ ਮਿਸਰ, ਇਰਾਕ ਅਤੇ ਜਾਰਡਨ ਨੂੰ ਵੀ ਅਸਥਿਰ ਹੋਣ ਦਾ ਖ਼ਤਰਾ ਹੈ।

ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਇੱਕ ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਉੱਤੇ ਜਿਹਾਦੀ ਹਮਲਾ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ, ਜੋ ਕਿ ਅਮਰੀਕਾ ਦੇ ਬਿਡੇਨ ਪ੍ਰਸ਼ਾਸਨ ਲਈ ਵੀ ਇੱਕ ਵੱਡਾ ਝਟਕਾ ਹੈ। ਅਮਰੀਕਾ ਨੇ ਖਾੜੀ ਦੇਸ਼ਾਂ ਵਿਚ ਸ਼ਾਂਤੀ ਦੀ ਸਥਾਪਨਾ ਲਈ ਜ਼ੋਰਦਾਰ ਪ੍ਰਚਾਰ ਕੀਤਾ ਸੀ। ਅਮਰੀਕਾ ਹੀ ਨਹੀਂ, ਇਹ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਲਈ ਵੀ ਝਟਕਾ ਹੈ, ਜੋ ਆਪਣੇ ਦੇਸ਼ ਦੇ ਵਿਕਾਸ 'ਤੇ ਧਿਆਨ ਦੇਣ ਜਾ ਰਹੇ ਸਨ। ਸਾਊਦੀ ਅਰਬ ਨੇ ਹਾਲ ਹੀ ਵਿੱਚ ਇੱਕ ਬਹੁਤ ਵੱਡੇ ਪ੍ਰੋਜੈਕਟ, ਨਿਓਮ ਸਿਟੀ ਦਾ ਐਲਾਨ ਕੀਤਾ ਸੀ। ਦਿੱਲੀ ਵਿੱਚ ਜੀ-20 ਦੌਰਾਨ ਯੂਰਪ ਕੋਰੀਡੋਰ ਲਈ ਭਾਰਤ-ਸਾਊਦੀ ਅਰਬ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਸਨ। ਇਹ ਕਾਰੀਡੋਰ ਭਾਰਤ ਤੋਂ ਸ਼ੁਰੂ ਹੋ ਕੇ ਸਾਊਦੀ ਅਰਬ-ਇਜ਼ਰਾਈਲ ਰਾਹੀਂ ਯੂਰਪੀ ਦੇਸ਼ਾਂ ਤੱਕ ਪਹੁੰਚਣਾ ਸੀ।ਇਸ ਸਮਝੌਤੇ ਵਿੱਚ ਅਮਰੀਕਾ ਨੇ ਵੱਡੀ ਭੂਮਿਕਾ ਨਿਭਾਈ ਸੀ। ਇਸ ਨਾਲ ਸਾਊਦੀ ਅਰਬ ਵਿੱਚ ਵਿਕਾਸ ਦੇ ਨਵੇਂ ਰਾਹ ਖੁੱਲ੍ਹੇ ਹੋਣਗੇ ਪਰ ਹੁਣ ਸਭ ਕੁਝ ਠੱਪ ਹੋ ਗਿਆ ਹੈ। ਇਜ਼ਰਾਈਲ ਹਮੇਸ਼ਾ ਯੁੱਧ ਵਿਚ ਰਿਹਾ ਹੈ। ਫਲਸਤੀਨ ਵਿੱਚ ਰੋਜ਼ਾਨਾ ਝੜਪਾਂ ਇਸ ਦੀਆਂ ਗਵਾਹ ਹਨ। ਪਰ ਜੇਕਰ ਅਸੀਂ ਮੱਧ ਪੂਰਬ ਦੇ ਦੇਸ਼ਾਂ 'ਤੇ ਨਜ਼ਰ ਮਾਰੀਏ ਤਾਂ ਯਮਨ ਅਤੇ ਸੀਰੀਆ ਦੀਆਂ ਲੜਾਈਆਂ ਹਾਲ ਦੇ ਸਾਲਾਂ ਦੀਆਂ ਹਨ ਅਤੇ ਇਸ ਸਾਲ ਸੁਡਾਨ ਵਿਚ ਵੀ ਇਕ ਨਵੀਂ ਜੰਗ ਛਿੜ ਗਈ ਹੈ। 

ਯਮਨ ਅਤੇ ਸਾਊਦੀ ਅਰਬ ਜੰਗ ਵਿੱਚ ਉਲਝੇ ਹੋਏ ਹਨ। ਯਮਨ ਦੇ ਈਰਾਨ ਸਮਰਥਿਤ ਹਾਉਤੀ ਲੜਾਕਿਆਂ ਦਾ ਯਮਨ ਦੇ ਜ਼ਿਆਦਾਤਰ ਹਿੱਸੇ 'ਤੇ ਕਬਜ਼ਾ ਹੈ। ਹਾਲ ਹੀ ਵਿਚ ਯਮਨ ਦੀ ਰਾਜਧਾਨੀ ਸਨਾ ਵਿਚ ਫਲਸਤੀਨੀਆਂ ਦੇ ਸਮਰਥਨ ਵਿਚ ਇਕ ਵਿਸ਼ਾਲ ਰੈਲੀ ਕੱਢੀ ਗਈ। ਹਾਉਤੀ ਲੜਾਕਿਆਂ ਨੇ ਇਸ ਮੌਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਇਜ਼ਰਾਈਲ-ਹਮਾਸ ਯੁੱਧ ਵਿੱਚ ਸਿੱਧਾ ਦਖਲ ਦਿੱਤਾ ਤਾਂ ਉਹ ਆਪਣੀਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਤੈਨਾਤ ਕਰਨਗੇ। 2011 ਵਿੱਚ ਖਾੜੀ ਦੇਸ਼ਾਂ ਵਿੱਚ ਰਾਜਸ਼ਾਹੀ ਦੇ ਖਿਲਾਫ ਹੋਏ ਅਰਬ ਸਪਰਿੰਗ ਵਿਦਰੋਹ ਨੇ ਅਰਬ ਲੋਕਾਂ ਦੀਆਂ ਇੱਛਾਵਾਂ ਦੀ ਇੱਕ ਨਵੀਂ ਕਹਾਣੀ ਲਿਖੀ ਸੀ। ਇਸ ਨਵੀਂ ਜੰਗ ਨਾਲ ਉਨ੍ਹਾਂ ਦੀਆਂ ਇੱਛਾਵਾਂ ਵਧਣਗੀਆਂ। 

ਖਾੜੀ ਖੇਤਰ ਦੇ ਜ਼ਿਆਦਾਤਰ ਦੇਸ਼ ਅਮਰੀਕਾ ਪੱਖੀ ਹਨ ਪਰ ਉਥੋਂ ਦੇ ਲੋਕ ਅਮਰੀਕਾ ਦੇ ਖਿਲਾਫ ਹਨ। ਸਾਊਦੀ ਅਰਬ ਸਮੇਤ ਸਾਰੇ ਦੇਸ਼ ਇਸ ਤੱਥ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹਨ? ਇਨ੍ਹਾਂ ਖਾੜੀ ਦੇਸ਼ਾਂ ਵਿੱਚ ਪਹਿਲਾਂ ਹੀ ਮੌਜੂਦ ਆਰਥਿਕ ਸੰਕਟ, ਭ੍ਰਿਸ਼ਟਾਚਾਰ ਅਤੇ ਸਿਆਸੀ ਜਬਰ ਨੇ ਇਸ ਜੰਗ ਦੇ ਮੱਦੇਨਜ਼ਰ ਨਵੇਂ ਹਾਲਾਤ ਪੈਦਾ ਕੀਤੇ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਨਾਲ ਪੂਰੇ ਖੇਤਰ ਲਈ ਖਤਰਾ ਵਧ ਗਿਆ ਹੈ। ਇਸ ਜੰਗ ਕਾਰਨ ਕਈ ਦੇਸ਼ਾਂ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਹੈ।

ਨਿਊਯਾਰਕ ਟਾਈਮਜ਼ ਨੇ ਸੰਕਟ ਸਮੂਹ ਦੇ ਸੀਨੀਅਰ ਖਾੜੀ ਵਿਸ਼ਲੇਸ਼ਕ ਅੰਨਾ ਜੈਕਬਸ ਦਾ ਹਵਾਲਾ ਦਿੱਤਾ, "ਖੇਤਰੀ ਸਥਿਰਤਾ ਨੂੰ ਤਦ ਤਕ ਗੰਭੀਰਤਾ ਨਾਲ ਨਹੀਂ ਲਿਆ ਜਾ ਸਕਦਾ ਜਦੋਂ ਤੱਕ ਇਹਨਾਂ ਦੇਸ਼ਾਂ ਵਿੱਚ ਮਾੜੇ ਸ਼ਾਸਨ ਅਤੇ ਰਾਜਨੀਤਿਕ ਟਕਰਾਵਾਂ ਨੂੰ ਹੱਲ ਨਹੀਂ ਕੀਤਾ ਜਾਵੇਗਾ।" ਹਾਲਾਂਕਿ, ਸਾਊਦੀ ਅਤੇ ਅਮੀਰਾਤ ਦੇ ਅਧਿਕਾਰੀਆਂ ਨੇ ਪਿਛਲੇ ਕੁਝ ਸਾਲਾਂ ਤੋਂ ਆਰਥਿਕ ਕੂਟਨੀਤੀ ਅਤੇ ਤਣਾਅ ਨੂੰ ਘਟਾਉਣ 'ਤੇ ਕੇਂਦ੍ਰਿਤ ਇੱਕ ਨਵੀਂ ਪਹੁੰਚ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਵਿੱਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੁਆਰਾ ਆਪਣੇ ਨਾਗਰਿਕਾਂ ਨੂੰ ਕੁਝ ਆਜ਼ਾਦੀ ਦੇਣ ਅਤੇ ਵਿਕਾਸ 'ਤੇ ਧਿਆਨ ਦੇਣ ਬਾਰੇ ਗੱਲਬਾਤ ਸ਼ਾਮਲ ਹੈ।

2020 ਤੱਕ, ਅਮੀਰਾਤ, ਬਹਿਰੀਨ ਅਤੇ ਮੋਰੋਕੋ ਇਜ਼ਰਾਈਲ ਨੂੰ ਇੱਕ ਰਾਜ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਰਹੇ ਸਨ। ਉਨ੍ਹਾਂ ਦੀ ਤਰਜੀਹ ਫਲਸਤੀਨੀ ਰਾਜ ਦੀ ਸਿਰਜਣਾ ਸੀ ਪਰ ਇਨ੍ਹਾਂ ਦੇਸ਼ਾਂ ਨੇ ਆਪਣੇ ਰੁਖ ਨੂੰ ਉਲਟਾ ਦਿੱਤਾ ਅਤੇ ਇਜ਼ਰਾਈਲ ਨਾਲ ਕੂਟਨੀਤਕ ਸਬੰਧ ਸਥਾਪਤ ਕਰ ਲਏ। ਉਸੇ ਸਾਲ, ਸਾਊਦੀ ਅਰਬ ਨੇ ਆਪਣੇ ਖੇਤਰ ਵਿਰੋਧੀ ਈਰਾਨ ਨਾਲ ਕੂਟਨੀਤਕ ਸਬੰਧ ਮੁੜ ਸਥਾਪਿਤ ਕੀਤੇ। ਅਤੇ ਇਸ ਯੁੱਧ ਤੋਂ ਪਹਿਲਾਂ ਅਮਰੀਕੀ ਅਧਿਕਾਰੀ ਇਜ਼ਰਾਈਲ-ਸਾਊਦੀ ਅਰਬ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸੰਭਾਵਿਤ ਸਮਝੌਤੇ ਦੀ ਗੱਲ ਕਰ ਰਹੇ ਸਨ। ਇਜ਼ਰਾਈਲ-ਹਮਾਸ ਯੁੱਧ ਨੇ ਇਨ੍ਹਾਂ ਸਾਰੀਆਂ ਸੰਭਾਵਨਾਵਾਂ ਅਤੇ ਗੱਠਜੋੜਾਂ ਨੂੰ ਇੱਕ ਪਲ ਵਿੱਚ ਹੀ ਚਕਨਾਚੂਰ ਕਰ ਦਿੱਤਾ ਹੈ।

ਇਨ੍ਹਾਂ ਦੇਸ਼ਾਂ ਦੇ ਅਧਿਕਾਰੀ ਹੁਣ ਫੋਨ ਕਾਲਾਂ ਅਤੇ ਮੀਟਿੰਗਾਂ ਰਾਹੀਂ ਇੱਜ਼ਤ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਨਿਊਯਾਰਕ ਟਾਈਮਜ਼ ਦੇ ਅਨੁਸਾਰ, ਇੱਕ ਅਰਬ ਅਧਿਕਾਰੀ ਨੇ ਕਿਹਾ ਕਿ ਕਤਰ, ਤੁਰਕੀ ਅਤੇ ਮਿਸਰ ਈਰਾਨ ਸਮੇਤ ਵੱਖ-ਵੱਖ ਪਾਰਟੀਆਂ ਨਾਲ ਗੱਲਬਾਤ ਕਰਕੇ ਇਜ਼ਰਾਈਲ-ਹਮਾਸ ਯੁੱਧ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਅਮਰੀਕਾ ਦੇ ਨਾਲ ਕੰਮ ਕਰ ਰਹੇ ਹਨ। ਇਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ - ਜੇਕਰ ਇਹ ਸੰਘਰਸ਼ ਲੇਬਨਾਨ (ਹਿਜ਼ਬੁੱਲਾ) ਤੱਕ ਪਹੁੰਚਦਾ ਹੈ ਅਤੇ ਇਰਾਨ ਇਸ ਯੁੱਧ ਵਿੱਚ ਸਿੱਧਾ ਦਖਲ ਦਿੰਦਾ ਹੈ ਤਾਂ ਵੱਡੀ ਤਬਾਹੀ ਹੋਵੇਗੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਜ਼ਰਾਈਲ ਦੀ ਫ਼ੌਜ ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਕਈ ਦਿਨਾਂ ਤੋਂ ਲੜ ਰਹੀ ਹੈ। ਹਿਜ਼ਬੁੱਲਾ ਇਜ਼ਰਾਈਲ ਦਾ ਕੱਟੜ ਦੁਸ਼ਮਣ ਹੈ।

ਹਾਲਾਂਕਿ ਇਲਾਕੇ ਵਿੱਚ ਅਸ਼ਾਂਤੀ ਵਧ ਰਹੀ ਹੈ। ਇਰਾਕ ਵਿੱਚ, ਫਲਸਤੀਨੀਆਂ ਦੇ ਸਮਰਥਨ ਵਿੱਚ ਬੀਤੇ ਸ਼ੁੱਕਰਵਾਰ ਨੂੰ ਬਗਦਾਦ ਦੇ ਤਹਿਰੀਰ ਚੌਕ ਵਿੱਚ 500,000 ਤੋਂ ਵੱਧ ਲੋਕ ਇਕੱਠੇ ਹੋਏ ਸਨ। ਬਗਦਾਦ ਦੇ ਜ਼ਿਆਦਾਤਰ ਗਰੀਬ ਇਲਾਕਿਆਂ ਦੇ ਲੋਕ ਇਰਾਕ ਦੇ ਸ਼ੀਆ ਮੁਸਲਿਮ ਮੌਲਵੀ ਮੁਕਤਦਾ ਅਲ-ਸਦਰ ਦੀ ਅਗਵਾਈ ਹੇਠ ਸੜਕਾਂ 'ਤੇ ਉਤਰ ਆਏ ਸਨ। ਨਿਊਯਾਰਕ ਟਾਈਮਜ਼ ਨੇ ਇਸ ਭੀੜ ਨੂੰ ਬੇਹੱਦ ਅਨੁਸ਼ਾਸਿਤ ਦੱਸਿਆ ਅਤੇ ਲਿਖਿਆ ਕਿ ਇਹ ਲੋਕ ਸਿਰਫ ''ਨੋ, ਇਜ਼ਰਾਈਲ-ਨੋ ਅਮਰੀਕਾ'' ਦੇ ਨਾਅਰੇ ਲਗਾ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਕੁਰਾਨ ਦੀਆਂ ਆਇਤਾਂ ਵੀ ਪੜ੍ਹੀਆਂ। ਸ਼ੁੱਕਰਵਾਰ ਨੂੰ ਜਾਰਡਨ, ਬਹਿਰੀਨ ਅਤੇ ਲੇਬਨਾਨ ਵਿੱਚ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।ਸਾਊਦੀ ਵਿਸ਼ਲੇਸ਼ਕ ਅਤੇ ਹਾਰਵਰਡ ਦੇ ਬੇਲਫਰ ਸੈਂਟਰ ਵਿਚ ਮੱਧ ਪੂਰਬ ਦੇ ਸੀਨੀਅਰ ਸਾਥੀ ਮੁਹੰਮਦ ਅਲਯਾਹ ਨੇ ਕਿਹਾ, "ਖੇਤਰ ਦੇ ਬਹੁਤ ਸਾਰੇ ਦੇਸ਼ਾਂ ਦੇ ਨੌਜਵਾਨ ਲੋਕ ਇਸਨੂੰ (ਇਜ਼ਰਾਈਲ-ਹਮਾਸ ਯੁੱਧ) ਨੂੰ ਸਨਮਾਨ ਦੇ ਸਰੋਤ ਵਜੋਂ ਦੇਖ ਰਹੇ ਹਨ। ਹਾਲਾਂਕਿ ਇਹ ਖ਼ਤਰਨਾਕ ਯੁਧ ਹੈ।" ਟਾਈਮਜ਼ ਨਾਲ ਗੱਲ ਕਰਨ ਵਾਲੇ ਆਮ ਲੋਕਾਂ ਨੇ ਕਿਹਾ ਕਿ ਉਹ ਇਜ਼ਰਾਈਲੀ ਨਾਗਰਿਕਾਂ, ਖਾਸ ਤੌਰ 'ਤੇ ਔਰਤਾਂ ਅਤੇ ਬੱਚਿਆਂ ਦੀ ਹੱਤਿਆ ਤੋਂ ਦੁਖੀ ਹਨ, ਪਰ ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲ ਦੇ ਘਿਨਾਉਣੇ, ਬਸਤੀਵਾਦੀ-ਸ਼ੈਲੀ ਦੇ ਕਬਜ਼ੇ ਨੇ ਫਲਸਤੀਨੀ ਗੁੱਸੇ ਨੂੰ ਭੜਕਾਇਆ ਹੈ।ਹਾਲਾਂਕਿ, ਕੁਝ ਲੋਕਾਂ ਨੇ ਇਜ਼ਰਾਈਲੀ ਹਮਲਿਆਂ ਨੂੰ ਜਾਇਜ਼ ਦੱਸਿਆ ਹੈ। 

ਬੀਤੇ ਦਿਨੀਂ ਲਿਬਨਾਨ ਦੇ ਇਕ ਦਿਨਾ ਦੌਰੇ 'ਤੇ ਆਏ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾ ਯਾਨ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਜ਼ਰਾਈਲ ਦੇ ਗਾਜ਼ਾ ਪੱਟੀ 'ਤੇ ਹਮਲੇ ਤੁਰੰਤ ਬੰਦ ਨਾ ਹੋਏ ਤਾਂ ਇਹ ਜੰਗ ਮੱਧ ਪੂਰਬ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਸਕਦੀ ਹੈ । ਆਪਣੇ ਲਿਬਨਾਨ ਦੇ ਹਮਰੁਤਬਾ ਨਾਲ ਬੈਠਕ ਕਰਨ ਬਾਅਦ ਦੋਵੇਂ ਵਿਦੇਸ਼ ਮੰਤਰੀਆਂ ਨੇ ਗਾਜ਼ਾ ਪੱਟੀ 'ਤੇ ਇਜ਼ਰਾਈਲ ਨੂੰ ਹਮਲੇ ਬੰਦ ਕਰਨ ਲਈ ਕਿਹਾ ਹੈ, ਅਜਿਹੀਆਂ ਚਿੰਤਾਵਾਂ ਹਨ ਕਿ ਇਹ ਜੰਗ ਲੇਬਨਾਨ ਤੱਕ ਫੈਲ ਸਕਦੀ ਹੈ | ਇਜ਼ਰਾਈਲ ਬੀਤੇ ਦਿਨੀਂ ਸੀਰੀਆ ਦੇ 2 ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ । ਅਮੀਰ ਅਬਦੁੱਲਾਯਾਨ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਅਮਰੀਕਾ ਇਕ ਪਾਸੇ ਦੀਆਂ ਧਿਰਾਂ ਨੂੰ ਸੰਜਮ ਵਰਤਣ ਲਈ ਕਹਿ ਰਿਹਾ ਹੈ ਤੇ ਨਕਲੀ ਯਹੂਦੀ ਹਸਤੀ (ਇਜ਼ਰਾਈਲ) ਨੂੰ ਗਾਜ਼ਾ ਵਿਚ ਔਰਤਾਂ, ਬੱਚਿਆਂ ਤੇ ਨਾਗਰਿਕਾਂ ਨੂੰ ਮਾਰਨ ਲਈ ਹੱਲਾਸ਼ੇਰੀ ਦੇ ਰਿਹਾ ਹੈ । ਉਨ੍ਹਾਂ ਕਿਹਾ ਕਿ ਹਮਾਸ ਨੇ ਪਿਛਲੇ ਹਫ਼ਤੇ ਜੋ ਕੁਝ ਕੀਤਾ ਹੈ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀਆਂ ਨੀਤੀਆਂ ਦਾ ਜਵਾਬ ਹੈ ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਜ਼ਰਾਈਲ-ਹਮਾਸ ਵਿਚਕਾਰ ਛਿੜੇ ਯੁੱਧ ਸਬੰਧੀ ਮਹੱਤਵਪੂਰਨ ਬਿਆਨ ਦਿੰਦਿਆਂ ਮਨੁੱਖਤਾ ਲਈ ਸ਼ਰਮਨਾਕ ਕਰਾਰ ਦਿੰਦਿਆਂ ਆਖਿਆ ਹੈ ਕਿ ਜੇਕਰ ਦੁਵੱਲੀ ਇਸ ਜੰਗ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਹਾਲਾਤ ਵਿਸ਼ਵ ਜੰਗ ਵੱਲ ਵੱਧ ਸਕਦੇ ਹਨ, ਜੋ ਮਨੁੱਖੀ ਸੱਭਿਅਤਾ ਲਈ ਮਾਰੂ ਸਾਬਤ ਹੋ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅਸੀਂ ਹਮਾਸ ਦੁਆਰਾ ਇਜ਼ਰਾਈਲ ਉੱਪਰ ਅਤੇ ਇਜ਼ਰਾਈਲ ਦੁਆਰਾ ਗਾਜਾ ਪੱਟੀ ਉੱਪਰ ਕੀਤੇ ਗਏ ਹਮਲਿਆਂ ਦੌਰਾਨ ਮਨੁੱਖਤਾ ਦੇ ਹੋਏ ਭਾਰੀ ਘਾਣ ਦੀ ਘੋਰ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਦਾ ਰਾਹ ਦਿਸੇਰਾ ਹੋਣ ਦੇ ਨਾਤੇ ਲੋਕਾਈ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਸੰਸਾਰ ਭਰ ਦੇ ਧਰਮ, ਦੇਸ਼, ਸਮਾਜ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਇਸ ਜੰਗ ਨੂੰ ਤੁਰੰਤ ਰੋਕਣ ਵਿਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਅੱਜ ਹਮਾਸ ਦੁਆਰਾ ਇਜਰਾਈਲ ‘ਤੇ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਔਰਤਾਂ ਦੀ ਘੋਰ ਬੇਪਤੀ ਅਤੇ ਗਾਜਾ ਪੱਟੀ ‘ਤੇ ਇਜ਼ਰਾਈਲੀ ਹਮਲਿਆਂ ਦੌਰਾਨ ਹਜ਼ਾਰਾਂ ਲੋਕਾਂ ਦੇ ਕਤਲੇਆਮ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਇਸੇ ਤਰ੍ਹਾਂ ਇਜ਼ਰਾਈਲ ਵਲੋੰ ਗਾਜਾ ਪੱਟੀ ‘ਚ ਆਮ ਨਾਗਰਿਕਾਂ ਲਈ ਬਿਜਲੀ, ਪਾਣੀ ਅਤੇ ਖੁਰਾਕ ਸਪਲਾਈ ਬੰਦ ਕਰ ਦੇਣ ਕਾਰਨ ਆਮ ਲੋਕ ਭੁੱਖ ਤੇ ਪਿਆਸ ਨਾਲ ਤੜਫ ਰਹੇ ਹਨ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਸੀਂ ਅਮਰੀਕਾ, ਚੀਨ, ਭਾਰਤ ਤੇ ਹੋਰ ਪੱਛਮੀ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਕਿ ਇਜ਼ਰਾਈਲ-ਹਮਾਸ ਯੁੱਧ ਦੇ ਹਾਲਾਤ ਤੀਜੇ ਵਿਸ਼ਵ ਯੁੱਧ ਵਿਚ ਬਦਲ ਜਾਣ, ਇਸ ਮਸਲੇ ‘ਤੇ ਨਿਆਂਪੂਰਨ ਤਰੀਕੇ ਨਾਲ ਯੂ.ਐਨ.ਓ. ਦੀ ਅਗਵਾਈ ਵਿਚ ਕੋਈ ਨਿਆਂਕਾਰੀ ਹੱਲ ਕੱਢਿਆ ਜਾਵੇ ਤਾਂ ਜੋ ਮਨੁੱਖਤਾ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵਿਸ਼ਵ ਭਰ ‘ਚ ਵੱਸਦੇ ਸਿੱਖਾਂ ਨੂੰ ਇਨ੍ਹਾਂ ਹਾਲਾਤਾਂ ਵਿਚ ਅਮਨ-ਸ਼ਾਂਤੀ ਦੇ ਦੂਤ ਬਣ ਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਨੀ ਚਾਹੀਦੀ ਹੈ।