ਕੋਰੋਨਾ ਮਹਾਂਮਾਰੀ ਦੌਰਾਨ ਕਰੋੜਾਂ ਡਾਲਰਾਂ ਦਾ ਫਰਾਡ ਕਰਨ ਦੇ ਮਾਮਲੇ ਵਿਚ 5 ਦੋਸ਼ੀ ਕਰਾਰ

ਕੋਰੋਨਾ ਮਹਾਂਮਾਰੀ ਦੌਰਾਨ ਕਰੋੜਾਂ ਡਾਲਰਾਂ ਦਾ ਫਰਾਡ ਕਰਨ ਦੇ ਮਾਮਲੇ ਵਿਚ 5 ਦੋਸ਼ੀ ਕਰਾਰ

 * ਜੱਜ ਨੂੰ ਰਿਸ਼ਵਤ ਦੇਣ ਦੀ ਹੋਈ ਕੋਸ਼ਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਣ ਦੀ ਸਕੀਮ ਤਹਿਤ 4 ਕਰੋੜ ਡਾਲਰਾਂ ਤੋਂ ਵਧ ਦਾ ਫਰਾਡ ਕਰਨ ਦੇ ਮਾਮਲੇ ਵਿਚ ਨਿਭਾਈ ਭੂਮਿਕਾ ਲਈ ਅਦਾਲਤ ਨੇ  ਮਿਨੀਸੋਟਾ ਦੇ 5 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦ ਕਿ 2 ਹੋਰਨਾਂ ਨੂੰ ਬਰੀ ਕਰ ਦਿੱਤਾ ਹੈ। ਇਥੇ ਜਿਕਰਯੋਗ ਹੈ ਕਿ ਕਿਸੇ ਵੱਲੋਂ ਇਕ ਜੱਜ ਨੂੰ 1,20,000 ਡਾਲਰਾਂ ਦੀ ਰਿਸ਼ਵਤ ਦੇਣ ਦੀ  ਕੋਸ਼ਿਸ਼ ਤੋਂ ਬਾਅਦ ਇਹ ਮਾਮਲਾ ਵੱਡੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ। ਇਸ ਜੱਜ ਨੂੰ ਮਾਮਲੇ 'ਤੇ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਬਰਖਾਸਤ ਕਰ ਦਿੱਤਾ ਗਿਆ ਸੀ। ਇਕ ਹੋਰ ਜੱਜ ਜਿਸ ਨੂੰ ਰਿਸ਼ਵਤ ਦੀ ਕੋਸ਼ਿਸ਼ ਬਾਰੇ ਦੱਸਿਆ ਗਿਆ ਸੀ, ਨੂੰ ਵੀ  ਬਰਖਾਸਤ ਕਰ ਦਿੱਤਾ ਸੀ। ਰਿਸ਼ਵਤ ਦੀ ਕੋਸ਼ਿਸ਼ ਦਾ ਮਾਮਲਾ ਅਜੇ ਵੀ ਐਫ ਬੀ ਆਈ ਦੀ ਜਾਂਚ ਤਹਿਤ ਹੈ ਤੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਵੀ ਗ੍ਰਿਫਤਾਰੀ ਨਹੀਂ ਐਲਾਨੀ ਗਈ। ਅਧਿਕਾਰੀਆਂ ਅਨੁਸਾਰ ਮਿਨੀਸੋਟਾ ਸਕੀਮ ਤਹਿਤ ਕੁਲ 25 ਕਰੋੜ ਡਾਲਰ ਕਢਵਾਏ ਗਏ ਸਨ ਜਿਨਾਂ ਵਿਚੋਂ ਕੇਵਲ 5 ਕਰੋੜ ਡਾਲਰ ਹੀ ਬਰਾਮਦ ਹੋਏ ਹਨ। ਅਦਾਲਤ ਨੇ ਅਬਦੀਆਜ਼ਿਜ਼ ਸ਼ਫੀ ਫਰਾਹ, ਮੁਹੰਮਦ ਜਾਮਾ ਇਸਮਾਇਲ, ਅਬਦੀਮਜੀਦ ਮੁਹੰਮਦ ਨੂਰ, ਮੁਖਤਾਰ ਮੁਹੰਮਦ ਸ਼ਰੀਫ ਤੇ ਹੇਯਾਤ ਮੁਹੰਮਦ ਨੂਰ ਨੂੰ ਉਨਾਂ ਵਿਰੁੱਧ ਲਾਏ ਜਿਆਦਾਤਰ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਜਦ ਕਿ ਸਾਇਦ ਸਫੀ ਫਰਾਹ ਤੇ ਅਬਦੀਵਹਾਦ ਮਾਲੀਮ ਅਫਟਨ ਨੂੰ ਬਰੀ ਕਰ ਦਿੱਤਾ।