ਨੀਮ ਪਹਾੜੀ ਖੇਤਰ ਦੇ ਸਿੱਖਾਂ ਨਾਲ ਹੋ ਰਿਹਾ ਹੈ ਵਿਤਕਰਾ: ਗਿਆਨੀ ਹਰਪ੍ਰੀਤ ਸਿੰਘ

ਨੀਮ ਪਹਾੜੀ ਖੇਤਰ ਦੇ ਸਿੱਖਾਂ ਨਾਲ ਹੋ ਰਿਹਾ ਹੈ ਵਿਤਕਰਾ: ਗਿਆਨੀ ਹਰਪ੍ਰੀਤ ਸਿੰਘ

ਆਨੰਦਪੁਰ ਸਾਹਿਬ: ਪਹਾੜੀ ਤੇ ਨੀਮ ਪਹਾੜੀ ਇਲਾਕਿਆਂ ਵਿਚ ਰਹਿੰਦੇ ਸਿੱਖਾਂ ਨੂੰ ਫੌਜ ਅਤੇ ਨੀਮ ਫੌਜੀ ਬਲਾਂ ਵਿਚ ਭਰਤੀ ਹੋਣ ਲਈ ਸਰੀਰਕ ਮਾਪਦੰਡ ਵਿਚ ਛੋਟ ਵਾਲਾ ਵਿਸ਼ੇਸ਼ ਸਰਟੀਫਿਕੇਟ ਦੇਣ ਵਿਚ ਹੋ ਰਹੇ ਵਿਤਕਰੇ ਦੇ ਮਾਮਲੇ ਨੂੰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਮੁੱਦਾ ਦੱਸਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਢੁਕਵੀਂ ਕਾਰਵਾਈ ਕਰਨ ਲਈ ਆਖਿਆ ਹੈ। ਉਹ ਅੱਜ ਅਕਾਲ ਤਖਤ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਬਾਰੇ ਇਤਿਹਾਸ ਖੋਜ ਵਿਭਾਗ ਦੇ ਸਕਾਲਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਸਨ।

ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਹੁਸ਼ਿਆਰਪੁਰ, ਮੁਕੇਰੀਆਂ, ਟਾਂਡਾ, ਰੋਪੜ ਆਦਿ ਵਿਚ ਦਸਤਾਰਧਾਰੀ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ। ਇਨ੍ਹਾਂ ਇਲਾਕਿਆਂ ਦੇ ਵਸਨੀਕ ਸਿੱਖਾਂ ਨੂੰ ਫੌਜ ਜਾਂ ਨੀਮ ਫੌਜੀ ਬਲਾਂ ਵਿਚ ਭਰਤੀ ਹੋਣ ਲਈ ਵਿਸ਼ੇਸ਼ ਛੋਟ ਵਾਲਾ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ ਹੈ। ਇਸ ਸਬੰਧੀ ਉਨ੍ਹਾਂ ਕੋਲ ਸ਼ਿਕਾਇਤਾਂ ਪੁੱਜੀਆਂ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਇਲਾਕਿਆਂ ਵਿਚ ਪਹਿਲਾਂ ਡੋਗਰਾ ਸਰਟੀਫਿਕੇਟ ਦਿੱਤਾ ਜਾਂਦਾ ਸੀ, ਜਿਸ ਨੂੰ ਹੁਣ ਹਿੰਦੂ ਡੋਗਰਾ ਸਰਟੀਫਿਕੇਟ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਇਲਾਕਿਆਂ ਦੇ ਦਸਤਾਰਧਾਰੀ ਸਿੱਖਾਂ ਨੂੰ ਛੱਡ ਕੇ ਬਾਕੀਆਂ ਨੂੰ ਇਹ ਸਰਟੀਫਿਕੇਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਦੇ ਸਿੱਖਾਂ ਨੂੰ ਸਰਟੀਫਿਕੇਟ ਵਾਲੀਆਂ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।

ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ, ਜਿਸ ਨੂੰ ਪੰਥ ਵਿੱਚੋਂ ਛੇਕਿਆ ਹੋਇਆ ਹੈ, ਵਲੋਂ ਸਮਾਜਿਕ ਤੇ ਸਿਆਸੀ ਰੈਲੀਆਂ ਕੀਤੇ ਜਾਣ ਤੇ ਇਨ੍ਹਾਂ ਰੈਲੀਆਂ ਵਿਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਵਲੋਂ ਸਹਿਯੋਗ ਦਿੱਤੇ ਜਾਣ ਦੇ ਮਾਮਲੇ ਦੀ ਵੀ ਸ੍ਰੀ ਅਕਾਲ ਤਖ਼ਤ ਵਲੋਂ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਅੱਜ ਵੀ ਕਈ ਧਾਰਮਿਕ ਆਗੂ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲੇ। ਉਨ੍ਹਾਂ ਆਖਿਆ ਕਿ ਇਸ ਬਾਰੇ ਜਾਂਚ ਕਰਵਾਈ ਜਾ ਰਹੀ ਹੈ ਕਿ ਕਿਹੜੇ ਵਿਅਕਤੀ ਪੰਥ ਵਿਚੋਂ ਛੇਕੇ ਹੋਏ ਵਿਅਕਤੀ ਨੂੰ ਸਹਿਯੋਗ ਦੇ ਰਹੇ ਹਨ। ਉਨ੍ਹਾਂ ਗੁਰੂ ਨਾਨਕ ਪਾਤਸ਼ਾਹ ਤੇ ਸਿੱਖ ਗੁਰੂਆਂ ਦੀਆਂ ਬਾਜ਼ਾਰ ਵਿਚ ਵਿਕ ਰਹੀਆਂ ਮੂਰਤੀਆਂ ਬਾਰੇ ਕਿਹਾ ਕਿ ਇਹ ਸਿੱਖ ਮਰਿਆਦਾ ਦੀ ਉਲੰਘਣਾ ਹੈ ਤੇ ਡੂੰਘੀ ਸਾਜਿਸ਼ ਹੇਠ ਮੂਰਤੀਆਂ ਬਣਾਈਆਂ ਜਾ ਰਹੀਆਂ ਹਨ।

ਨਿਸ਼ਾਨ ਸਿੰਘ ਟੋਹਾਣਾ ਨੇ ਲਿਖਤੀ ਮੁਆਫ਼ੀ ਮੰਗੀ
ਇਸ ਦੌਰਾਨ ਹਰਿਆਣਾ ਦੀ ਜਨ ਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਨਿਸ਼ਾਨ ਸਿੰਘ ਟੋਹਾਣਾ ਨੇ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਿੱਖ ਜਗਤ ਕੋਲੋਂ ਜਾਣੇ ਅਣਜਾਣੇ ਵਿਚ ਹੋਈ ਗਲਤੀ ਲਈ ਮੁਆਫੀ ਮੰਗੀ ਹੈ। ਉਸ ਨੇ ਡੇਰਾ ਸਿਰਸਾ ਦੇ ਮੁਖੀ ਦੀ ਤੁਲਨਾ ਦਸਵੇਂ ਗੁਰੂ ਨਾਲ ਕੀਤੀ ਸੀ, ਜਿਸ ਖਿਲਾਫ ਸਿੱਖ ਸੰਗਤਾਂ ਨੇ ਰੋਸ ਪ੍ਰਗਟਾਇਆ ਸੀ। ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੁਲੀਸ ਕੇਸ ਦਰਜ ਕਰਾਉਣ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ ਸੀ ਪਰ ਹੁਣ ਨਿਸ਼ਾਨ ਸਿੰਘ ਨੇ ਇਥੇ ਪੇਸ਼ ਹੋ ਕੇ ਲਿਖਤੀ ਮੁਆਫੀ ਮੰਗੀ ਹੈ ਜਿਸ ਨੂੰ ਗਲਤੀ ਸੁਧਾਰਨ ਲਈ ਅਖੰਡ ਪਾਠ ਸਾਹਿਬ ਕਰਾਉਣ ਵਾਸਤੇ ਆਖਿਆ ਗਿਆ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ