ਪੰਜਾਬ ਕਾਂਗਰਸ ਵਿਚ ਫਿਰ ਮਤਭੇਦ ਉੱਭਰਨ ਲੱਗੇ

ਪੰਜਾਬ ਕਾਂਗਰਸ ਵਿਚ ਫਿਰ ਮਤਭੇਦ ਉੱਭਰਨ ਲੱਗੇ

ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੋਣ ਦੇ ਆਸਾਰ ਲਗਭਗ ਖ਼ਤਮ

ਪੰਜਾਬ ਕਾਂਗਰਸ ਵਿਚ  ਵਿਚ ਆਪਸੀ ਘਮਸਾਣ ਮਚਿਆ ਹੋਇਆ ਹੈ। ਹਾਲਾਂਕਿ ਲੋਕ ਸਭਾ ਚੋਣਾਂ ਸਿਰ 'ਤੇ ਹਨ, ਪਰ ਪੰਜਾਬ ਕਾਂਗਰਸ ਦੀ ਅੰਦਰਲੀ ਲੜਾਈ ਤਿੱਖੀ ਹੁੰਦੀ ਜਾ ਰਹੀ ਹੈ। ਇਸੇ ਲੜਾਈ ਨੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਭੱਠਾ ਬਿਠਾਇਆ ਸੀ। ਜੇਕਰ ਹੁਣ ਵੀ ਕਾਂਗਰਸ ਦੀ ਅੰਦਰੂਨੀ ਲੜਾਈ ਨਾ ਰੁਕੀ ਤਾਂ ਇਸ ਦਾ ਨੁਕਸਾਨ ਪੰਜਾਬ ਵਿਚ ਕਾਂਗਰਸ ਨੂੰ ਹੀ ਭੁਗਤਣਾ ਪਵੇਗਾ। ਹਾਲਾਂਕਿ ਪਹਿਲਾਂ ਇਹ ਲੜਾਈ ਆਪਸੀ ਨਹੀਂ ਸੀ ,ਸਗੋਂ 'ਆਪ' ਨਾਲ ਸਮਝੌਤੇ ਦੇ ਸਮਰਥਕਾਂ ਅਤੇ ਵਿਰੋਧੀਆਂ ਦੇ ਵਿਚਕਾਰ ਵਿਚਾਰ ਪ੍ਰਗਟਾਵੇ ਦਾ ਹਿੱਸਾ ਦਿਖਾਈ ਦੇ ਰਹੀ ਸੀ। ਪਰ ਹੁਣ ਇਹ ਸਾਫ਼-ਸਾਫ਼ ਨਿੱਜੀ ਲੜਾਈ ਬਣਦੀ ਦਿਖਾਈ ਦੇ ਰਹੀ ਹੈ। ਇਸ ਵੇਲੇ ਸਭ ਤੋਂ ਤਿੱਖੇ ਬੋਲ-ਕਬੋਲ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਦੋਵਾਂ ਧਿਰਾਂ ਦੇ ਸਮਰਥਕਾਂ ਦਰਮਿਆਨ ਸੁਣਾਈ ਦੇ ਰਹੇ ਹਨ। ਮਾਮਲਾ ਇਥੋਂ ਤੱਕ ਪਹੁੰਚ ਗਿਆ ਹੈ ਕਿ ਬਾਜਵਾ ਸਮਰਥਕ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕਰਨ ਲੱਗ ਪਏ ਹਨ। ਜਦੋਂਕਿ ਸਿੱਧੂ ਸਮਰਥਕ ਅਜਿਹੇ ਇਸ਼ਾਰੇ ਦੇਣ ਲੱਗ ਪਏ ਹਨ ਕਿ ਜਾਂ ਤਾਂ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨਗੇ ਜਾਂ ਫਿਰ ਉਹ ਆਪਣੀ ਪਾਰਟੀ ਬਣਾ ਸਕਦੇ ਹਨ। ਹਾਲਾਂਕਿ  ਜਾਣਕਾਰੀ ਅਨੁਸਾਰ ਭਾਵੇਂ ਕਈ ਆਜ਼ਾਦ ਛੋਟੇ ਧੜੇ, ਕਾਂਗਰਸ ਦੇ ਕੁਝ ਧੜੇ ਅਤੇ ਇਥੋਂ ਤੱਕ ਕਿ 'ਆਪ' ਤੇ ਅਕਾਲੀ ਦਲ ਦੇ ਕੁਝ ਨੇਤਾ ਵੀ ਨਵੀਂ ਪਾਰਟੀ ਬਣਾਉਣ ਦੇ ਸੰਬੰਧ ਵਿਚ ਸਿੱਧੂ ਦੇ ਸੰਪਰਕ ਵਿਚ ਹਨ, ਪਰ ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਵੱਖਰੀ ਪਾਰਟੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨਗੇ। 

 ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ 'ਤੇ ਕੌਮੀ ਪੱਧਰ 'ਤੇ 'ਆਪ' ਨਾਲ ਸਮਝੌਤੇ ਦਾ ਦਬਾਅ ਬਹੁਤ ਜ਼ਿਆਦਾ ਹੈ। ਇਹ ਵੀ ਚਰਚਾ ਹੈ ਕਿ 'ਆਪ' ਵੀ ਕਾਂਗਰਸ ਨਾਲ 'ਇੰਡੀਆ' ਗੱਠਜੋੜ ਵਿਚ ਜਾਣ ਲਈ ਕਾਹਲੀ ਹੈ। ਇਹ ਸਮਝਿਆ ਜਾਂਦਾ ਹੈ ਕਿ ਇੰਡੀਆ ਗੱਠਜੋੜ ਦੀ ਮੀਟਿੰਗ ਵਿਚ 'ਆਪ' ਮੁਖੀ  ਕੇਜਰੀਵਾਲ ਦੀ ਨਜ਼ਦੀਕੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੀ ਗੱਲ ਉਠਾਈ ਜਾਣੀ ਅਤੇ ਕੇਜਰੀਵਾਲ ਵਲੋਂ ਬਿਨਾਂ ਇਕ ਪਲ ਗਵਾਏ ਇਸ ਦੀ ਹਮਾਇਤ ਕਰਨੀ ਵੀ, ਇਸੇ ਰਣਨੀਤੀ ਦਾ ਹਿੱਸਾ ਹੈ ਕਿ ਕਾਂਗਰਸ 'ਆਪ' ਨੂੰ ਆਪਣਾ ਵਿਰੋਧੀ ਨਾ ਸਮਝੇ।

ਇੰਡੀਆ ਗੱਠਜੋੜ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵੀ ਮਲਿਕਅਰਜੁਨ ਖੜਗੇ ਨੇ ਕਿਹਾ ਸੀ ਕਿ ਗੱਠਜੋੜ ਵਿਚ ਸ਼ਾਮਿਲ ਸਾਰੀਆਂ ਪਾਰਟੀਆਂ ਮਿਲ ਕੇ ਚੋਣਾਂ ਲੜਨ ਲਈ ਸਹਿਮਤ ਹਨ ਅਤੇ ਇਸ ਮਕਸਦ ਲਈ ਛੇਤੀ ਹੀ ਸੀਟਾਂ ਦੀ ਵੰਡ ਦੇ ਅਮਲ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਦਿੱਲੀ ਅਤੇ ਪੰਜਾਬ ਵਿਚ ਗੱਠਜੋੜ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਵੀ ਹੱਲ ਲੱਭ ਲਿਆ ਜਾਵੇਗਾ। ਉਨ੍ਹਾਂ ਦਾ ਸਪੱਸ਼ਟ ਇਸ਼ਾਰਾ ਇਹ ਸੀ ਕਿ ਕਾਂਗਰਸ ਹਾਈ ਕਮਾਨ ਦਿੱਲੀ ਅਤੇ ਪੰਜਾਬ ਵਿਚ ਆਪ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀ ਸਮਰਥਕ ਹੈ। 

ਪਰ ਪੰਜਾਬ ਦੀ ਕਾਂਗਰਸ 'ਤੇ ਕਾਬਜ਼ ਲੀਡਰਸ਼ਿਪ ਅਜੇ ਵੀ ਇਸ ਗੱਲ 'ਤੇ ਅੜੀ ਹੋਈ ਹੈ ਕਿ ਜੇਕਰ ਹੁਣ 'ਆਪ' ਨਾਲ ਸਮਝੌਤਾ ਕਰ ਲਿਆ ਤਾਂ 2027 ਵਿਚ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਕਾਂਗਰਸ ਦੀ ਵਾਪਸੀ 'ਦਿੱਲੀ' ਵਾਂਗ ਅਸੰਭਵ ਹੋ ਜਾਵੇਗੀ। ਕਾਂਗਰਸ ਦਾ ਕੇਡਰ 'ਆਪ' ਵੱਲ ਚਲਾ ਜਾਵੇਗਾ।

ਬੀਤੇ ਦਿਨੀਂ ਜਗਰਾਵਾਂ ਵਿਚ ਪੰਜਾਬ ਕਾਂਗਰਸ ਵਲੋਂ ਪੰਜ ਵਿਧਾਨ ਸਭਾ ਹਲਕਿਆਂ 'ਤੇ ਅਧਾਰਿਤ ਪ੍ਰਭਾਵਸ਼ਾਲੀ ਰੋਸ ਰੈਲੀ ਕੀਤੀ ਗਈ, ਜਿਸ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਉਪ ਆਗੂ ਰਾਜ ਕੁਮਾਰ ਚੱਬੇਵਾਲ, ਵਿਧਾਇਕ ਪਰਗਟ ਸਿੰਘ, ਸੰਸਦ ਮੈਂਬਰ ਅਮਰ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਸ਼ਾਮਿਲ ਸਨ। ਇਹ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਵੱਖ-ਵੱਖ ਜ਼ਿਲ੍ਹਿਆਂ ਵਿਚ ਕੀਤੀ ਗਈ 20ਵੀਂ ਰੈਲੀ ਸੀ। ਇਸ ਵਿਚ ਕਾਂਗਰਸੀ ਆਗੂਆਂ ਵਲੋਂ ਰਾਜ ਵਿਚ ਅਮਨ-ਕਾਨੂੰਨ ਦੀ ਵਿਗੜੀ ਸਥਿਤੀ, ਗੈਂਗਸਟਰਾਂ ਅਤੇ ਫਿਰੌਤੀਆਂ ਵਸੂਲਣ ਵਾਲੇ ਅਪਰਾਧੀਆਂ ਦੀਆਂ ਵਧੀਆਂ ਕਾਰਵਾਈਆਂ, ਰੇਤਾ ਬਜਰੀ ਦੀ ਨਜਾਇਜ਼ ਨਿਕਾਸੀ ਅਤੇ ਭ੍ਰਿਸ਼ਟਾਚਾਰ ਆਦਿ ਦੇ ਮੁੱਦਿਆਂ ਨੂੰ ਲੈ ਕੇ ਰਾਜ ਸਰਕਾਰ 'ਤੇ ਸਖ਼ਤ ਹੱਲਾ ਬੋਲਿਆ ਗਿਆ। ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਲੋਕਾਂ ਨੂੰ ਦੇਖ ਕੇ ਵੀ ਕਾਂਗਰਸੀਆਂ ਦੇ ਹੌਸਲੇ ਹੋਰ ਵਧੇ ਨਜ਼ਰ ਆਏ।

ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਰਾਜ ਵਿਚ ਸੱਤਾਧਾਰੀ ਪਾਰਟੀ ਦੀਆਂ ਗ਼ਲਤ ਨੀਤੀਆਂ ਕਾਰਨ ਅਤੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਸਿਆਸੀ ਆਗੂਆਂ ਨੂੰ ਝੂਠੇ-ਸੱਚੇ ਕੇਸ ਬਣਾ ਕੇ ਜੇਲ੍ਹਾਂ ਵਿਚ ਡੱਕਣ ਦੀ ਉਸ ਦੀ ਨੀਤੀ ਕਾਰਨ ਲੋਕਾਂ ਵਿਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ ਅਤੇ ਸੱਤਾਧਾਰੀ ਪਾਰਟੀ ਦਾ ਗ੍ਰਾਫ਼ ਕਾਫ਼ੀ ਹੇਠਾਂ ਆ ਚੁੱਕਾ ਹੈ। ਇਸ ਤਰ੍ਹਾਂ ਦੀ ਸਥਿਤੀ ਵਿਚ ਜੇਕਰ ਕਾਂਗਰਸ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਲੋਕ ਸਭਾ ਦੀਆਂ ਚੋਣਾਂ ਲੜਦੀ ਹੈ ਤਾਂ ਸੱਤਾਧਾਰੀ ਪਾਰਟੀ ਵਿਰੁੱਧ ਪੈਦਾ ਹੋਈ ਬੇਚੈਨੀ ਨਾਲ ਕਾਂਗਰਸ ਪਾਰਟੀ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਪੰਜਾਬ ਦੇ ਕਾਂਗਰਸੀਆਂ ਨੇ ਆਪ ਪਾਰਟੀ ਨਾਲ ਰਲ ਕੇ ਲੋਕ ਸਭਾ ਦੀਆਂ ਚੋਣਾਂ ਲੜਨ ਦਾ ਵਿਰੋਧ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਰਾਜ ਦੇ ਕਾਂਗਰਸੀ ਆਗੂ ਅਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਚੁੱਕੇ ਹਨ ਅਤੇ ਇਸ ਸੰਬੰਧੀ ਸਮੇਂ-ਸਮੇਂ 'ਤੇ ਕਾਂਗਰਸ ਦੀ ਹਾਈਕਮਾਨ ਨੂੰ ਵੀ ਇਸ ਤੋਂ ਜਾਣੂ ਕਰਵਾਉਂਦੇ ਰਹੇ ਹਨ।ਉਸ ਅਨੁਸਾਰ ਕਾਂਗਰਸ ਇਸ ਵੇਲੇ ਪੰਜਾਬ ਵਿਚ 30 ਤੋਂ 33 ਫ਼ੀਸਦੀ ਵੋਟ ਆਪਣੇ ਦਮ 'ਤੇ ਲੈਣ ਦੇ ਸਮਰੱਥ ਹੈ। ਉਸ ਅਨੁਸਾਰ ਇਸ ਸਥਿਤੀ ਵਿਚ ਕਾਂਗਰਸ ਆਪਣੇ ਦਮ 'ਤੇ 8 ਸੀਟਾਂ ਜਿੱਤਣ ਦੇ ਸਮਰੱਥ ਹੈ। ਇਹ ਕਾਂਗਰਸੀ ਆਗੂ ਸੋਚਦੇ ਹਨ ਕਿ 'ਆਪ' ਖਿਲਾਫ਼ ਐਂਟੀ ਇਨਕੰਬੈਂਸੀ (ਸਥਾਪਤੀ ਵਿਰੋਧੀ ਰੁਝਾਨ) ਕਾਫ਼ੀ ਉਭਾਰ 'ਤੇ ਹੈ ਤੇ ਨਤੀਜੇ ਵਜੋਂ ਅਕਾਲੀ ਦਲ ਤੇ ਭਾਜਪਾ ਦਾ ਵੋਟ ਫ਼ੀਸਦੀ ਵੀ ਵਧੇਗਾ ਤੇ 'ਆਪ' ਦਾ ਘਟੇਗਾ। ਇਹ ਕਾਂਗਰਸੀ ਆਗੂ ਸੋਚਦੇ ਹਨ ਕਿ ਲੋਕ ਸਭਾ ਵਿਚ ਚਾਰਕੋਨਾ ਮੁਕਾਬਲਾ ਕਾਂਗਰਸ ਦੇ ਹਿਤ ਵਿਚ ਰਹੇਗਿ।ਜਿਸ ਤਰ੍ਹਾਂ ਪੰਜਾਬ ਦੇ ਕਾਂਗਰਸ ਆਗੂ ਸ਼ਰੇਆਮ ਆਪ  ਪਾਰਟੀ ਨਾਲ ਚੋਣ ਗੱਠਜੋੜ ਦਾ ਵਿਰੋਧ ਕਰ ਰਹੇ ਹਨ ਅਤੇ ਆਪ  ਪਾਰਟੀ ਵਲੋਂ ਜਿਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਕਾਂਗਰਸੀ ਆਗੂਆਂ ਨੂੰ ਭ੍ਰਿਸ਼ਟਾਚਾਰ ਦੇ ਨਾਂਅ 'ਤੇ ਫੜ-ਫੜ ਕੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ ਉਸ ਨੂੰ ਮੁੱਖ ਰੱਖਦਿਆਂ ਅਜਿਹਾ ਬੇਹੱਦ ਮੁਸ਼ਕਿਲ ਲਗਦਾ ਹੈ ਕਿ ਦੋਵੇਂ ਪਾਰਟੀਆਂ ਮਿਲ ਕੇ ਰਾਜ ਵਿਚ ਚੋਣ ਲੜ ਸਕਣਗੀਆਂ। ਇਹ ਵੀ ਹੋ ਸਕਦਾ ਹੈ ਕਿ ਜੇਕਰ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੇ ਕਾਂਗਰਸ ਆਗੂਆਂ 'ਤੇ ਇਸ ਮਕਸਦ ਲਈ ਦਬਾਅ ਪਾਇਆ ਜਾਂਦਾ ਹੈ ਤਾਂ ਕਾਂਗਰਸ ਵਿਚ ਬਗ਼ਾਵਤ ਹੋ ਜਾਵੇ। 

 ਦੂਸਰੇ ਪਾਸੇ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੋਣ ਦੇ ਆਸਾਰ ਲਗਭਗ ਖ਼ਤਮ ਹਨ। ਉਸ ਅਨੁਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਬਾਰੇ ਲੋਕ ਸਭਾ ਵਿਚ ਸਾਬਕਾ ਅਕਾਲੀ ਮੰਤਰੀ ਬੀਬਾ ਹਰਸਿਮਰਤ ਕੌਰ ਦਾ ਨਾਂਅ ਲੈ ਕੇ ਦਿੱਤਾ ਬਿਆਨ, ਇਸ ਦੀ ਸਪੱਸ਼ਟ ਗਵਾਹੀ ਹੈ। 

ਪਤਾ ਲੱਗਾ ਹੈ ਕਿ ਕਾਂਗਰਸ ਹਾਈਕਮਾਨ ਇਸ ਸੰਬੰਧੀ ਫਿਰ ਤੋਂ ਪੰਜਾਬ ਵਿਚ ਸਰਵੇ ਕਰਵਾ ਰਹੀ ਹੈ। ਸੰਭਾਵਨਾ ਹੈ ਕਿ ਉਹ ਕੋਈ ਵੀ ਫ਼ੈਸਲਾ ਜ਼ਮੀਨੀ ਹਕੀਕਤਾਂ ਅਤੇ 'ਇੰਡੀਆ' ਗੱਠਜੋੜ ਦੀ ਏਕਤਾ ਨੂੰ ਸਾਹਮਣੇ ਰੱਖ ਕੇ ਹੀ ਕਰੇਗੀ।