ਸਭ ਸਿਆਸੀ ਧਿਰਾਂ ਤੇ ਆਪ ਸਰਕਾਰ ਡੇਰੇ ਪਿਛੇ?

ਸਭ ਸਿਆਸੀ ਧਿਰਾਂ ਤੇ ਆਪ ਸਰਕਾਰ ਡੇਰੇ ਪਿਛੇ?

 ਭਗਵੰਤ ਮਾਨ ਸਰਕਾਰ ਅਤੇ ਦੂਜੀਆਂ ਸਿਆਸੀ ਪਾਰਟੀ ਵਲੋਂ ਇਸ ਸਾਰੇ ਮੁੱਦੇ 'ਤੇ ਸਾਜ਼ਿਸ਼ੀ ਚੁੱਪੀ ਬਣਾ ਰਹੀਆਂ ਹਨ ।

ਦਿਲਚਸਪ ਗੱਲ ਇਹ ਹੈ ਕਿ ਪ੍ਰਦੀਪ ਕਲੇਰ ਦੀ ਪੁੱਛਗਿੱਛ ਦੌਰਾਨ ਡੇਰੇ ਵਲੋਂ ਕਾਂਗਰਸ ਦੇ ਕੁਝ ਆਗੂਆਂ ਨੂੰ ਦਿੱਤੀਆਂ ਗਈਆਂ ਰਕਮਾਂ ਦਾ ਜ਼ਿਕਰ ਵੀ ਸਾਹਮਣੇ ਆਇਆ ਹੈ ਅਤੇ ਡੇਰੇ ਨੂੰ ਮਿਲਦੀ ਰਹੀ ਸਿਆਸੀ ਮਦਦ ਵੀ ਉਜ਼ਾਗਰ ਹੋਈ ਹੈ । ਸੂਚਨਾ ਅਨੁਸਾਰ 2014 ਤੱਕ ਡੇਰੇ ਨੂੰ ਕਾਂਗਰਸ ਅਤੇ ਉਸ ਤੋਂ ਬਾਅਦ ਭਾਜਪਾ ਤੋਂ ਲਗਾਤਾਰ ਸਹਿਯੋਗ ਮਿਲਦਾ ਰਿਹਾ ਹੈ । ਚਰਚਾ ਇਹ ਵੀ ਹੈ ਕਿ ਡੇਰੇ ਵਲੋਂ ਅਦਾਲਤੀ ਕੇਸਾਂ 'ਤੇ ਅਸਰ ਪਾਉਣ ਲਈ ਅਪਣਾਏ ਜਾਂਦੇ ਰਹੇ ਹੱਥਕੰਡਿਆਂ ਦਾ ਜ਼ਿਕਰ ਵੀ ਹੈ, ਪ੍ਰੰਤੂ ਸ਼ਾਇਦ ਇਸ ਸਭ ਕੁਝ ਨੂੰ ਰਿਕਾਰਡ 'ਤੇ ਨਹੀਂ ਲਿਆਉਂਦਾ ਜਾ ਰਿਹਾ ।

ਸ੍ਰੋਮਣੀ ਕਮੇਟੀ ਵਲੋਂ ਗ੍ਰਿਫਤਾਰੀ ਦੀ ਮੰਗ

 ਸਾਲ 2015 ਦੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਵਿਚ ਬੀਤੇ ਸਮੇਂ ਗ੍ਰਿਫ਼ਤਾਰ ਕੀਤੇ ਗਏ ਪ੍ਰਦੀਪ ਕਲੇਰ ਵੱਲੋਂ ਚੰਡੀਗੜ੍ਹ ਦੀ ਅਦਾਲਤ ਵਿਚ ਕੀਤੇ ਖੁਲਾਸਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਹੁਣ ਜਦੋਂ ਪ੍ਰਦੀਪ ਕਲੇਰ ਦੇ ਬਿਆਨਾਂ ਤੋਂ ਡੇਰਾ ਸਿਰਸਾ ਮੁਖੀ ਅਤੇ ਹਨੀਪ੍ਰੀਤ ਦਾ ਨਾਂ ਸਪੱਸ਼ਟ ਤੌਰ ’ਤੇ ਸਾਹਮਣੇ ਆਇਆ ਹੈ ਤਾਂ ਸਰਕਾਰ ਨੂੰ ਦੋਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਪੰਜਾਬ ਲਿਆ ਕੇ ਜਾਂਚ ਅੱਗੇ ਵਧਾਉਣੀ ਚਾਹੀਦੀ ਹੈ, ਤਾਂ ਜੋ ਸਿੱਖਾਂ ਨੂੰ ਇਨਸਾਫ਼ ਮਿਲ ਸਕੇ।

ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਇਹ ਵੀ ਆਖਿਆ ਕਿ ਕਿਉਂਕਿ ਗ੍ਰਿਫ਼ਤਾਰ ਮੁਲਜ਼ਮ ਪ੍ਰਦੀਪ ਕਲੇਰ ਡੇਰਾ ਸਿਰਸਾ ਦੇ ਸਿਆਸੀ ਵਿੰਗ ਦਾ ਆਗੂ ਰਿਹਾ ਹੈ, ਇਸ ਲਈ ਉਸ ਪਾਸੋਂ ਸਾਲ 2017 ਵਿਚ ਹੋਏ ਮੌੜ ਬੰਬ ਧਮਾਕੇ ਦੇ ਮਾਮਲੇ ਵਿਚ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿਚ 5 ਬੱਚਿਆਂ ਸਮੇਤ 7 ਮਾਸੂਮ ਲੋਕਾਂ ਦੀ ਜਾਨ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਡੇਰਾ ਸਿਰਸਾ ਦੇ ਹੱਥ ਹੋਣ ਸਬੰਧੀ ਕਈ ਅਹਿਮ ਸਬੂਤ ਪਹਿਲਾਂ ਸਾਹਮਣੇ ਆ ਚੁੱਕੇਹਨ।

ਕੀ ਹੈ ਬਰਗਾੜੀ, ਬੇਅਦਬੀ ਕੇਸ ?

ਪਹਿਲੀ ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ।

25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ। ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ।

12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਤਤਕਾਲੀ ਪੁਲਿਸ ਡਿਪਟੀ ਇੰਸਪੈਕਟਰ ਜਨਰਲ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਰਗਾੜੀ ਬੇਅਦਬੀ ਮਾਮਲੇ ਵਿੱਚ 7 ਡੇਰਾ ਸਿਰਸਾ ਸਮਰਥਕਾਂ ਨੂੰ ਜੂਨ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ।

ਇਹਨਾਂ ਵਿੱਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਸਿੰਘ ਬਿੱਟੂ, ਸ਼ਕਤੀ ਸਿੰਘ, ਸੁਖਜਿੰਦਰ ਅਤੇ ਹੋਰ ਡੇਰਾ ਪ੍ਰੇਮੀ ਕਥਿਤ ਤੌਰ ਉੱਤੇ ਸ਼ਾਮਲ ਸਨ।

ਬਿੱਟੂ ਨੂੰ ਬਾਅਦ ਵਿੱਚ ਨਾਭਾ ਜੇਲ੍ਹ ਵਿੱਚ ਮਾਰ ਦਿੱਤਾ ਗਿਆ ਸੀ ਜਦਕਿ ਇੱਕ ਹੋਰ ਮੁਲਜ਼ਮ ਪਰਦੀਪ ਸਿੰਘ ਦਾ ਪਿਛਲੇ ਸਾਲ ਕੋਟਕਪੂਰਾ ਵਿੱਚ ਕਤਲ ਕਰ ਦਿੱਤਾ ਗਿਆ।

ਏਡੀਜੀਪੀ ਐੱਸਪੀਐੱਸ ਪਰਮਾਰ ਦੀ ਅਗਵਾਈ ਵਾਲੀ ਐੱਸਆਈਟੀ ਨੇ ਡੇਰਾ ਸੌਦਾ ਦੇ ਮੁਖੀ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ ਜਦਕਿ ਚੰਡੀਗੜ੍ਹ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ।