ਸਿੱਖਾਂ ਦੇ ਗੁਰੂਘਰਾਂ ਨੂੰ ਉਖਾੜਨ ਦੀ ਗੱਲ ਕਰਣ ਵਾਲਿਆਂ ਨੂੰ ਇੰਦਰਾ ਗਾਂਧੀ, ਜਰਨਲ ਵੈਦਿਆ, ਮੱਸਾਰੰਘੜ ਦੇ ਹਸ਼ਰ ਨੂੰ ਰੱਖਣਾ ਚਾਹੀਦਾ ਹੈ ਯਾਦ: ਮਾਨ

ਸਿੱਖਾਂ ਦੇ ਗੁਰੂਘਰਾਂ ਨੂੰ ਉਖਾੜਨ ਦੀ ਗੱਲ ਕਰਣ ਵਾਲਿਆਂ ਨੂੰ ਇੰਦਰਾ ਗਾਂਧੀ, ਜਰਨਲ ਵੈਦਿਆ, ਮੱਸਾਰੰਘੜ ਦੇ ਹਸ਼ਰ ਨੂੰ ਰੱਖਣਾ ਚਾਹੀਦਾ ਹੈ ਯਾਦ: ਮਾਨ

ਮਾਮਲਾ ਰਾਜਸਥਾਂਨ ਦੇ ਤਿਜਾਰਾ ਵਿਖੇ ਭਾਜਪਾ ਉਮੀਦਵਾਰ ਵਲੋਂ ਦਿੱਤੇ ਨਫਰਤੀ ਭਾਸ਼ਣ ਦਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 3 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- “ਹਿੰਦੂਤਵ ਮੁਤੱਸਵੀ ਆਗੂ ਆਪਣੇ ਚੋਣ ਸਵਾਰਥਾਂ ਦੀ ਪੂਰਤੀ ਕਰਨ ਹਿੱਤ ਕਿੱਥੋ ਤੱਕ ਇਨਸਾਨੀਅਤ ਕਦਰਾਂ-ਕੀਮਤਾਂ ਲਈ ਗਿਰ ਜਾਂਦੇ ਹਨ ਉਸਦੀ ਪ੍ਰਤੱਖ ਮਿਸਾਲ ਇਹ ਹੈ ਕਿ ਰਾਜਸਥਾਂਨ ਵਿਚ ਤਿਜਾਰਾ ਵਿਖੇ ਭਾਜਪਾ ਉਮੀਦਵਾਰ ਬਾਬਾ ਬਾਲਕ ਨਾਥ ਦੀ ਚੋਣ ਰੈਲੀ ਵਿਚ ਭਾਜਪਾ ਦੇ ਇਕ ਬੁਲਾਰੇ ਵੱਲੋ ਜੋ ਗੁਰਦੁਆਰਿਆ ਅਤੇ ਮਸਜਿਦਾਂ ਨੂੰ ਉਖਾੜ ਦੇਣ ਦੇ ਅਤਿ ਨਫਰਤ ਭਰੇ ਅਤੇ ਇਥੋ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਵਾਲੀ ਬਿਆਨਬਾਜੀ ਕੀਤੀ ਗਈ ਹੈ। ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਜਿਸ ਰਾਜਸਥਾਂਨ ਦੀ ਚੋਣ ਰੈਲੀ ਦੀ ਸਟੇਜ ਤੋ ਅਜਿਹੀ ਬਿਆਨਬਾਜੀ ਕੀਤੀ ਗਈ ਹੈ, ਉਥੇ ਯੂਪੀ ਦੇ ਮੌਜੂਦਾ ਮੁੱਖ ਮੰਤਰੀ ਜਿਨ੍ਹਾਂ ਦੇ ਰਾਜ ਭਾਗ ਵਿਚ ਲਖੀਮਪੁਰ ਖੀਰੀ ਵਿਖੇ ਸੈਟਰ ਦੇ ਰਾਜ ਗ੍ਰਹਿ ਵਜੀਰ ਦੇ ਪੁੱਤਰ ਨੇ ਰੋਸ ਕਰ ਰਹੇ ਕਿਸਾਨਾਂ ਉਤੇ ਗੱਡੀ ਚੜ੍ਹਾਕੇ ਸਹੀਦ ਕਰ ਦਿੱਤਾ ਸੀ, ਸਿੱਖ ਤਾਂ ਉਸ ਦੁੱਖਦਾਇਕ ਘਟਨਾ ਤੇ ਜ਼ਬਰ ਨੂੰ ਕਦੀ ਨਹੀ ਭੁੱਲੇ ਅਤੇ ਨਾ ਹੀ ਭੁੱਲਣਗੇ । ਇਸ ਲਈ ਅਜਿਹੇ ਸਿਰਫਿਰੇ ਸਿਆਸਤਦਾਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਗੁਰੂਘਰਾਂ ਦੇ ਸੰਬੰਧ ਵਿਚ ਕੋਈ ਅਪਮਾਨਜਨਕ ਜਾਂ ਸਿੱਖ ਕੌਮ ਦੇ ਹਿਰਦਿਆ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕੀਤੀ ਹੈ, ਜਿਵੇ ਮਰਹੂਮ ਇੰਦਰਾ ਗਾਂਧੀ, ਜਰਨਲ ਵੈਦਿਆ, ਮੱਸਾ ਰੰਘੜ ਦੇ ਹਸਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਾਜਸਥਾਂਨ ਦੀ ਚੋਣ ਰੈਲੀ ਵਿਚ ਭਾਜਪਾ ਦੇ ਆਗੂ ਵੱਲੋ ਗੁਰੂਘਰਾਂ ਅਤੇ ਮਸਜਿਦਾਂ ਨੂੰ ਉਖਾੜਨ ਸੰਬੰਧੀ ਦਿੱਤੀ ਗਈ ਨਫਰਤ ਭਰੀ ਬਿਆਨਬਾਜੀ ਉਤੇ ਸਖਤ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਅਜਿਹੇ ਸਿਰਫਿਰਿਆ ਨੂੰ ਮਰਹੂਮ ਇੰਦਰਾ ਗਾਂਧੀ, ਜਰਨਲ ਵੈਦਿਆ ਅਤੇ ਮੱਸੇ ਰੰਘੜ ਵਰਗੇ ਜਾਲਮਾਂ ਦੇ ਹਸਰ ਨੂੰ ਯਾਦ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1984 ਦੇ ਸਾਕਾ ਨੀਲਾ ਤਾਰਾ ਸਮੇ ਮਰਹੂਮ ਇੰਦਰਾ ਗਾਂਧੀ, ਜਰਨਲ ਵੈਦਿਆ ਅਤੇ ਗਿਆਨੀ ਜੈਲ ਸਿੰਘ ਦਾ ਜੋ ਹਸਰ ਹੋਇਆ ਹੈ, ਉਹ ਸਭ ਦੇ ਸਾਹਮਣੇ ਹੈ । ਇਨ੍ਹਾਂ ਸਭ ਜਾਲਮਾਂ ਵਿਚੋ ਕੋਈ ਵੀ ਆਪਣੀ ਮੌਤ ਨਹੀ ਮਰਿਆ । ਲੈਫ. ਜਰਨਲ ਕੁਲਦੀਪ ਸਿੰਘ ਬਰਾੜ ਜਿਸ ਨੇ ਸਾਕਾ ਨੀਲਾ ਤਾਰਾ ਹਮਲੇ ਦੀ ਫ਼ੌਜ ਦੀ ਅਗਵਾਈ ਕੀਤੀ ਸੀ ਅਤੇ ਜੋ ਸਿੱਖ ਕੌਮ ਦਾ ਦੋਸ਼ੀ ਸੀ, ਉਸ ਉਤੇ ਲੰਡਨ ਵਿਖੇ ਹਮਲਾ ਹੋਇਆ । ਪਰ ਉਹ ਬਚ ਗਿਆ ਸੀ । ਹੁਣ ਉਸਨੂੰ ਦਿਨ-ਰਾਤ ਸਖਤ ਮਿਲਟਰੀ ਦਾ ਪਹਿਰਾ ਲੱਗਦਾ ਹੈ । ਉਸਦੇ ਸੌਣ ਵਾਲੇ ਕਮਰੇ ਵਿਚ ਸੌਣ ਤੋ ਪਹਿਲਾ ਉਸਦੇ ਪਰਦਿਆ, ਉਸਦੇ ਮੰਜੇ ਥੱਲ੍ਹੇ ਮਿਲਟਰੀ ਵੱਲੋ ਪੂਰਾ ਨਿਰੀਖਣ ਹੁੰਦਾ ਹੈ । ਕੋਠੇ ਉਤੇ ਮਸੀਨਗੰਨਾਂ ਦਾ ਪਹਿਰਾ ਲੱਗਦਾ ਹੈ । ਉਸਦੇ ਕਮਰਿਆ ਦੇ ਬਿਜਲੀ ਦੇ ਕਰੰਟ ਨੂੰ ਜਾਂਚ ਕੀਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਦਾ ਸਾਟ ਸਰਕਟ ਨਾ ਹੋ ਜਾਵੇ ਜਾਂ ਕਿਤੇ ਅਲਮਾਰੀ, ਸੂਟਕੇਸ ਆਦਿ ਵਿਚ ਬਾਰੂਦੀ ਹਥਿਆਰ ਨਾ ਰੱਖਿਆ ਹੋਵੇ । ਜੇਕਰ ਅਜਿਹੀ ਸਿੱਖ ਵਿਰੋਧੀ ਨਫਰਤ ਭਰੀ ਬਿਆਨਬਾਜੀ ਕਰਨ ਵਾਲਿਆ ਨੂੰ ਇਸ ਤਰ੍ਹਾਂ ਦੀ ਭੈੜੀ ਜਿੰਦਗੀ ਮੰਨਜੂਰ ਹੈ ਤਾਂ ਉਹ ਆਪਣਾ ਇਹ ਵੀ ਚਾਅ ਪੂਰਾ ਕਰਕੇ ਦੇਖ ਲੈਣ ? 

ਉਨ੍ਹਾਂ ਅਜਿਹੇ ਫਿਰਕੂਆ ਨੂੰ ਅੱਛੀ ਤਰ੍ਹਾਂ ਯਾਦ ਦਿਵਾਉਦੇ ਹੋਏ ਕਿਹਾ ਕਿ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੋ ਸਿੱਖ ਕੌਮ ਦੇ ਇਤਿਹਾਸਿਕ ਮਹਾਨ ਨਾਇਕ ਹਨ । ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦਾ ਅਪਮਾਨ ਕਰਨ ਵਾਲੇ ਮੱਸਾ ਰੰਘੜ ਦਾ ਸਿਰ ਵੱਢਕੇ ਲੈ ਗਏ ਸਨ ਅਤੇ ਅਜਿਹੇ ਜਾਲਮਾਂ ਨੂੰ ਆਉਣ ਵਾਲੇ ਸਮੇ ਲਈ ਖੁੱਲ੍ਹੀ ਚੁਣੋਤੀ ਦਿੱਤੀ ਸੀ। ਇਹ ਸਿੱਖ ਕੌਮ ਦੇ ਇਤਿਹਾਸ ਉਤੇ ਇਕ ਵਾਰੀ ਫਿਰ ਨਜਰ ਮਾਰ ਲੈਣ । ਅਸੀ ਇਹ ਵੀ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਜੋ ਹੁਣੇ-ਹੁਣੇ ਕੈਨੇਡਾ ਦੇ ਵਜੀਰ ਏ ਆਜਮ ਸ੍ਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਇੰਡੀਅਨ ਏਜੰਸੀਆ ਤੇ ਹੁਕਮਰਾਨਾਂ ਨੇ ਕੀਤਾ ਹੈ, ਉਸ ਤੋ ਤੁਰੰਤ ਬਾਅਦ ਇੰਡੀਆ ਦੇ ਵਿਦੇਸ ਵਜੀਰ ਸ੍ਰੀ ਜੈਸੰਕਰ ਨੂੰ ਜੈਡ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ । ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਮਰੀਕਾ ਦੀ ਮੌਜੂਦਾ ਜੋ ਬਾਇਡਨ ਹਕੂਮਤ ਦੇ ਜਸਟਿਸ ਵਿਭਾਗ ਅਤੇ ਐਫ.ਬੀ.ਆਈ ਨੇ ਗੁਰਮੁੱਖੀ ਲਿਪੀ ਵਿਚ ਸਿੱਖਾਂ ਲਈ ਵਿਸੇਸ ਅਡਵਾਈਜਰੀ ਜਾਰੀ ਕੀਤੀ ਹੈ ਜਿਸ ਅਨੁਸਾਰ ਜੇਕਰ ਕਿਸੇ ਸਿੱਖ ਨੂੰ ਅਗਾਊ ਤੌਰ ਤੇ ਕੋਈ ਖਤਰਾ ਹੋਵੇ ਤਾਂ ਉਹ ਉਪਰੋਕਤ ਦੋਵਾਂ ਜਸਟਿਸ ਵਿਭਾਗ ਅਤੇ ਐਫ.ਬੀ.ਆਈ ਨੂੰ ਸੂਚਿਤ ਕਰ ਸਕਦੇ ਹਨ ਅਤੇ ਅਮਰੀਕਾ ਆਪਣੇ ਮੁਲਕ ਵਿਚ ਕਿਸੇ ਹੋਰ ਦੂਜੇ ਮੁਲਕ ਦੀਆਂ ਏਜੰਸੀਆਂ ਜਾਂ ਹੁਕਮਰਾਨਾਂ ਨੂੰ ਆਪਣੇ ਅਮਰੀਕਨ ਨਾਗਰਿਕਾਂ ਜਾਂ ਅਮਰੀਕਨ ਸਿੱਖਾਂ ਦਾ ਇਸ ਤਰ੍ਹਾਂ ਕਤਲ ਕਰਨ ਦੀ ਇਜਾਜਤ ਕਤਈ ਨਹੀ ਦੇਵੇਗਾ ।