ਜਰਨੈਲੀ ਮਾਰਚ ਅਤੇ ਗਤਕਾ ਮੁਕਾਬਲੇ ਨਾਲ ਖਾਲਸਾਈ ਜਾਹੋ ਜਲਾਲ ਵਿਚ ਡੁੱਬਿਆ ਪੂਰਬੀ ਦਿੱਲੀ, ਅੰਮ੍ਰਿਤਸਰ ਦੀ ਟੀਮ ਨੇ ਜਿੱਤਿਆ ਖ਼ਿਤਾਬ

ਜਰਨੈਲੀ ਮਾਰਚ ਅਤੇ ਗਤਕਾ ਮੁਕਾਬਲੇ ਨਾਲ ਖਾਲਸਾਈ ਜਾਹੋ ਜਲਾਲ ਵਿਚ ਡੁੱਬਿਆ ਪੂਰਬੀ ਦਿੱਲੀ, ਅੰਮ੍ਰਿਤਸਰ ਦੀ ਟੀਮ ਨੇ ਜਿੱਤਿਆ ਖ਼ਿਤਾਬ

 ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਪ੍ਰੋਗਰਾਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 9 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਪੂਰਬੀ ਦਿੱਲੀ ਵਿਖੇ ਪਹਿਲੀ ਵਾਰ ਜਰਨੈਲੀ ਮਾਰਚ ਅਤੇ ਗੱਤਕਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਪੰਜਾਬ, ਜੰਮੂ, ਹਿਮਾਚਲ, ਦਿੱਲੀ ਸਮੇਤ ਹੋਰਨਾਂ ਰਾਜਾਂ ਦੀਆਂ ਗਤਕਾ ਟੀਮਾਂ ਨੇ ਪਹੁੰਚ ਕੇ ਗੱਤਕੇ ਦੇ ਜੌਹਰ ਦਿਖਾਏ। ਇਸ ਤੋਂ ਪਹਿਲਾਂ ਡੇਰਾ ਬਾਬਾ ਕਰਮ ਸਿੰਘ ਤੋਂ ਨਿਹੰਗ ਜਥਿਆਂ ਨੇ ਘੁੜਸਵਾਰੀ ਕਰਦੇ ਹੋਏ ਪੂਰੇ ਜ਼ੋਰ-ਸ਼ੋਰ ਨਾਲ ਖ਼ਾਲਸਾਈ ਜਰਨੈਲੀ ਮਾਰਚ ਕੱਢਿਆ।

ਇਹ ਪ੍ਰੋਗਰਾਮ ਡਾ. ਗੁਰਮੀਤ ਸਿੰਘ ਦੇ ਵਿਸ਼ੇਸ਼ ਯਤਨਾ ਸਦਕਾ ਉਲੀਕਿਆ ਗਿਆ ਜਿਸ ਵਿਚ ਪੂਰਬੀ ਦਿੱਲੀ ਗਤਕਾ ਕਪ ਦਾ ਖ਼ਿਤਾਬ ਦਲ ਬਾਬਾ ਬਿਧੀਚੰਦ ਅੰਮ੍ਰਿਤਸਰ ਦੀ ਟੀਮ ਨੇ ਜਿੱਤਿਆ। ਦੂਜੇ ਨੰਬਰ ’ਤੇ ਰਣਜੀਤ ਅਕਾਲ ਨਿਹੰਗ ਜੱਥੇਬੰਦੀ ਅਤੇ ਦਿੱਲੀ ਦੀ ਬੁੱਢਾ ਦਲ ਗਤਕਾ ਅਕੈਡਮੀ ਆਲ ਇੰਡੀਆ ਤੀਜੇ ਸਥਾਨ ’ਤੇ ਰਹੀ। ਤਿੰਨੋਂ ਟੀਮਾਂ ਨੂੰ ਡਾ: ਗੁਰਮੀਤ ਸਿੰਘ ਸੂਰਾ ਵੱਲੋਂ ਗੱਤਕਾ ਕੱਪ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਹੋਰ ਟੀਮਾਂ ਨੂੰ ਵੀ ਇਨਾਮ ਵੰਡੇ ਗਏ।

ਡਾ: ਗੁਰਮੀਤ ਸਿੰਘ ਸੂਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਪ੍ਰੋਗਰਾਮ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੋ ਕੇ ਕਰਵਾਇਆ ਗਿਆ ਸੀ ਅਤੇ ਸੂਰਾ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਰੱਖਵਾਏ ਗਏ ਸਨ, ਜਿਸ ਦੀ ਸਮਾਪਤੀ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਤੋਂ ਬਾਅਦ ਨਿਹੰਗ ਜੱਥੇਬੰਦੀਆਂ ਵੱਲੋਂ ਜਰਨਲ ਮਾਰਚ ਕੱਢਿਆ ਗਿਆ ਜੋ ਗੀਤਾ ਕਲੋਨੀ 14 ਬਲਾਕ, 7 ਬਲਾਕ ਗੁਰਦੁਆਰਾ ਸਾਹਿਬ ਤੋਂ ਹੁੰਦਾ ਹੋਇਆ ਗੀਤਾ ਕਲੋਨੀ ਰਾਮਲੀਲਾ ਗਰਾਊਂਡ ਵਿਖੇ ਪਹੁੰਚਿਆ ਜਿੱਥੇ ਪੂਰਬੀ ਦਿੱਲੀ ਗਤਕਾ ਕੱਪ ਮੁਕਾਬਲਾ ਕਰਵਾਇਆ ਗਿਆ।

ਇਸ ਪ੍ਰੋਗਰਾਮ ’ਚ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ, ਸੰਸਦ ਮੈਂਬਰ ਗੌਤਮ ਗੰਭੀਰ ਸਮੇਤ ਕਈ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਡਾ: ਗੁਰਮੀਤ ਸਿੰਘ ਸੂਰਾ ਨੇ ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਾਣ ਵਾਲੀ ਸੰਗਤ ਦੇ 20 ਹਜ਼ਾਰ ਰੁਪਏ ਦੇ ਚਲਾਨ ਦਾ ਮਾਮਲਾ ਭਾਜਪਾ ਹਾਈਕਮਾਂਡ ਕੋਲ ਉਠਾਉਣ ਦੀ ਅਪੀਲ ਕੀਤੀ, ਇਸ ਦੇ ਨਾਲ ਹੀ ਉਲੰਪਿਕ ਵਿੱਚ ਗਤਕਾ ਖਿਡਾਰੀਆਂ ਵੱਲੋਂ ਖਾਲਸਾਈ ਪਹਿਰਾਵੇ ਵਿੱਚ ਖੇਡਣ ਦ ਮੁੱਦਾ ਵੀ ਉਨ੍ਹਾਂ ਦੇ ਸਾਹਮਣੇ ਰੱਖਿਆ ਗਿਆ ਜਿਸ ਦਾ ਉਨ੍ਹਾਂ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਡਾ. ਸੂਰਾ ਨੇ ਕਿਹਾ ਕਿ ਹੁਣ ਇਹ ਪ੍ਰੋਗਰਾਮ ਹਰ ਸਾਲ ਇਸੇ ਰਵਾਇਤ ਅਨੁਸਾਰ ਕਰਵਾਇਆ ਜਾਵੇਗਾ।