ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੋਲਕ ਅੰਦਰਲੀ ਮਾਇਆ ਦੀ ਗਿਣਤੀ ਕਰਣ ਦੀ ਆਨਲਾਈਨ ਸੇਵਾ ਹੋਈ ਸ਼ੁਰੂ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੋਲਕ ਅੰਦਰਲੀ ਮਾਇਆ ਦੀ ਗਿਣਤੀ ਕਰਣ ਦੀ ਆਨਲਾਈਨ ਸੇਵਾ ਹੋਈ ਸ਼ੁਰੂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 19 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੇ ਕੰਮਕਾਜ ਵਿਚ ਹੋਰ ਪਾਰਦਰਸ਼ਤਾ ਲਿਆਉਂਦਿਆਂ ਇਤਿਹਾਸਕ ਗੁਰੂ ਘਰਾਂ ਵਿਚ ਗੋਲਕ ਦੀ ਮਾਇਆ ਦੀ ਗਿਣਤੀ ਨੂੰ ਆਨਲਾਈਨ ਕਰਵਾ ਦਿੱਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਘਰ ਵਿਚ ਗੋਲਕ ਦੀ ਮਾਇਆ ਦੀ ਗਿਣਤੀ ਨੂੰ ਆਨਲਾਈਨ ਕਰਨਾ ਇਕ ਨਿਵੇਕਲਾ ਉਪਰਾਲਾ ਹੈ ਜੋ ਇਸ ਵੇਲੇ ਹੋਰ ਕਿਸੇ ਵੀ ਥਾਂ ਵੇਖਣ ਲਈ ਉਪਲਬਧ ਨਹੀਂ ਹੈ। 

ਉਹਨਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਸਮਰਪਿਤ ਦਿੰਲੀ ਗੁਰਦੁਆਰਾ ਕੇਮਟੀ ਦੇ ਇਤਿਹਸ ਵਿਚ ਪਹਿਲੀਵਾਰ ਗੋਲਕ ਗਿਣਤੀ ਸੇਵਾ ਦਾ ਲਾਈਵ ਟੈਲੀਕਾਸਟ ਸ਼ੁਰੂ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਸੰਗਤਾਂ ਦਿੱਲੀ ਦੇ ਇਤਿਹਾਸਕ ਗੁਰੂ ਘਰਾਂ ਵਿਚ ਗੁਰਬਾਣੀ ਵਿਚਾਰ ਤੇ ਕੀਰਤਨ ਲਾਈਵ ਵੇਖਣ ਦੇ ਨਾਲ ਨਾਲ ਗੁਰੂ ਦੀ ਗੋਲਕ ਦੀ ਮਾਇਆ ਦੀ ਗਿਣਤੀ ਵੀ ਲਾਈਵ ਵੇਖ ਸਕਣਗੀਆਂ ਤੇ ਇਸ ਵਾਸਤੇ ਫੇਸਬੁੱਕ ’ਤੇ ਜਾ ਕੇ ਪੇਜ ਗੋਲਕ ਲਾਈਵ (GOLAK LIVE) ਰਾਹੀਂ ਦਿੱਲੀ ਦੇ ਗੁਰੂ ਘਰਾਂ ਅਤੇ ਕਮੇਟੀ ਅਧੀਨ ਆਉਂਦੇ ਹੋਰ ਪ੍ਰਬੰਧਾਂ ਵਿਚ ਗੁਰੂ ਦੀ ਗੋਲਕ ਦੀ ਗਿਣਤੀ ਲਾਈਵ ਵੇਖੀ ਜਾ ਸਕੇਗੀ।

ਉਹਨਾਂ ਕਿਹਾ ਕਿ ਕਮੇਟੀ ਨੇ ਆਪਣਾ ਕੰਮ ਹਮੇਸ਼ਾ ਪਾਰਦਰਸ਼ੀ ਢੰਗ ਨਾਲ ਕੀਤਾ ਹੈ ਤੇ ਸੰਗਤਾਂ ਵੱਲੋਂ ਗੁਰੂ ਕੀ ਗੋਲਕ ਵਿਚ ਪਾਈ ਦਸਵੰਧ ਦੀ ਸਦਵਰਤੋਂ ਕਰਨਾ ਸਾਡਾ ਫਰਜ਼ ਬਣਦਾ ਹੈ। ਉਹਨਾਂ ਕਿਹਾ ਕਿ ਇਸ ਕੰਮਕਾਜ ਨੂੰ ਹੋਰ ਪਾਰਦਰਸ਼ੀ ਬਣਾਉਣ ਵਾਸਤੇ ਇਹ ਉਪਰਾਲਾ ਕੀਤਾ ਗਿਆ ਹੈ ਤੇ ਆਸ ਪ੍ਰਗਟ ਕੀਤੀ ਕਿ ਸੰਗਤਾਂ ਇਸ ਸਹੂਲਤ ਦਾ ਲਾਭ ਲੈਣਗੀਆਂ।