‘ਅਤਰ ਦੀ ਮਹਿਕ - ਜੀਵਨ ਗਾਥਾ ਸੰਤ ਬਾਬਾ ਤੇਜਾ ਸਿੰਘ ਜੀ ਮਸਤੂਆਣੇ ਵਾਲੇ
ਸੰਤ ਤੇਜਾ ਸਿੰਘ ਜੀ ਅਸਲ ਵਿੱਚ ਇਕ ਸੱਚੇ ਕਰਮਯੋਗੀ ਸਨ
ਗੁਰਮੁਖ ਪਿਆਰਿਆਂ ਦੇ ਜੀਵਨ ਪ੍ਰਸੰਗ, ਗੁਰਮਤਿ ਗਾਡੀ ਰਾਹ ਦੇ ਪਾਂਧੀਆਂ ਲਈ ਪ੍ਰੇਰਨਾਸ੍ਰੋਤ ਹੁੰਦੇ ਹਨ। ਅਜਿਹੇ ਗੁਰਮੁਖਾਂ ਵੱਲੋਂ ਦਰਸਾਏ ਦਿਸ਼ਾ-ਨਿਰਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਹੰਢਾ ਕੇ ਜਗਿਆਸੂ ਆਪਣਾ ਜੀਵਨ ਸਫਲਾ ਕਰ ਸਕਦਾ ਹੈ। ਅਜਿਹੇ ਆਤਮਕ ਰੰਗਾਂ ਨਾਲ ਰੰਗੇ ਪਰਉਪਕਾਰੀ ਸਤਿ-ਪੁਰਸ਼, ਸੱਚੇ ਸੇਵਕ, ਪੂਰਨ ਬ੍ਰਹਮਗਿਆਨੀ, ਰਹਿਤ ਵਿੱਚ ਪਰਿਪੱਕ, ਮੀਰੀ-ਪੀਰੀ ਦੇ ਧਾਰਨੀ, ਤੱਤ ਬੇਤੇ, ਸਮ-ਦ੍ਰਿਸਟਾ, ਆਤਮਕ ਅਤੇ ਸੰਸਾਰਕ ਵਿੱਦਿਆ ਦਾ ਸੁਮੇਲ ਸਨ ਸੰਤ ਬਾਬਾ ਤੇਜਾ ਸਿੰਘ ਜੀ ਮਸਤੂਆਣੇ ਵਾਲੇ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲਾਂ ਖੁਦ ਦਾ ਮਨ ਪ੍ਰਬੋਧਿਆ ਅਤੇ ਇਸ ਉਪਰੰਤ ਦੂਸਰਿਆਂ ਲਈ ਟਕਸਾਲੀ ਜੀਵਨ ਦੀ ਘਾੜਤ ਵਾਲਾ ਇਕ ਪਰਉਪਕਾਰੀ ਆਦਰਸ਼ ਸਥਾਪਿਤ ਕੀਤਾ। ਸੰਤ ਤੇਜਾ ਸਿੰਘ ਜੀ ਅਸਲ ਵਿੱਚ ਇਕ ਸੱਚੇ ਕਰਮਯੋਗੀ ਸਨ, ਉਨ੍ਹਾਂ ਵੱਲੋਂ ਕੀਤੇ ਸਮਾਜਿਕ, ਵਿੱਦਿਅਕ, ਧਾਰਮਿਕ ਅਤੇ ਰਾਜਨੀਤਿਕ ਕਾਰਜਾਂ ਦੀ ਸਫਲਤਾ ਪਿੱਛੇ ਬੁਨਿਆਦ ਵੀ ਇਕ ਧਰਮੀ ਜੀਵਨ ਸੀ। ਜੋ ਵੀ ਕਾਰਜ ਆਪ ਜੀ ਨੇ ਆਪਣੇ ਜੀਵਨ ਦੌਰਾਨ ਕੀਤੇ, ਉਨ੍ਹਾਂ ਦੀ ਸਮੁੱਚੇ ਸੰਸਾਰ ਵਿੱਚ ਮਿਸਾਲ ਲੱਭਣੀ ਔਖੀ ਹੈ। ਧਾਰਮਿਕ ਜੀਵਨ ਕੀ ਹੈ?, ਜੀਵਨ ਵਿੱਚ ਰੱਬੀ ਕਿਰਪਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ?, ਅਸਲ ਪੜਾਈ ਕੀ ਹੈ?, ਅਸਲ ਸੇਵਾ ਕੀ ਹੈ?, ਅਸਲ ਅਨੰਦ ਕੀ ਹੈ?, ਅਸਲ ਹੁਕਮ ਕੀ ਹੈ?, ਕਿਸੇ ਗੁਰਮੁਖ ਦਾ ਗੁਰਮੁਖ ਨਾਲ ਅਸਲ ਪ੍ਰੇਮ ਕੀ ਹੈ?, ਅਸਲ ਵਿਦਵਤਾ ਕੀ ਹੈ?, ਅਸਲ ਘਾਲਣਾ ਕੀ ਹੈ?, ‘ਸੇਵਕ ਕੀ ਓੜਕਿ ਨਿਬਹੀ ਪ੍ਰੀਤਿ’ ਦਾ ਵਿਹਾਰਕ ਰੂਪ ਕੀ ਹੈ?, ਸੱਚੀ ਹਜ਼ੂਰੀ ਕੀ ਹੈ?, ਪਰਉਪਕਾਰ ਕੀ ਹੈ?, ਮਾਇਆ ਤੋਂ ਨਿਰਲੇਪਤਾ ਕੀ ਹੈ?, ਸਬਰ ਜਾਂ ਸ਼ੁਕਰ ਕੀ ਹੈ? ਅਤੇ ਕਿਸੇ ਪੂਰਨ ਪੁਰਖ ਦੀ ਸੰਗਤ ਦਾ ਜੀਵਨ ਵਿੱਚ ਕੀ ਪ੍ਰਭਾਵ ਪੈਂਦਾ ਹੈ? ਆਦਿ ਬਹੁਤ ਸਾਰੇ ਪੱਖਾਂ ਦਾ ਵਿਹਾਰਕ ਰੂਪ ਬਾਬਾ ਤੇਜਾ ਸਿੰਘ ਜੀ ਦਾ ਜੀਵਨ ਸਫਰ ਜਾਂ ਯਾਤਰਾ ਹੈ। ਜਿਸ ਨੂੰ ਗੁਰਬਾਣੀ ਅਨੁਸਾਰ ‘ਸਫਲ ਸਫਲ ਭਈ ਸਫਲ ਜਾਤ੍ਰਾ’ ਕਿਹਾ ਜਾ ਸਕਦਾ ਹੈ। ਇਸ ਯਾਤਰਾ ਨੂੰ ਬਿਆਨਣ ਦਾ ਇਕ ਨਿਮਾਣਾ ਜਿਹਾ ਯਤਨ ਹੈ ਇਹ ਜੀਵਨ ਗਾਥਾ।
ਆਮ ਤੌਰ ’ਤੇ ਕਿਸੇ ਅਧਿਆਤਮਕ ਜਾਂ ਸੰਤ ਸ਼ਖਸੀਅਤ ਵਿੱਚੋਂ ਸੰਸਾਰਕ ਵਿੱਦਿਆ ਦਾ ਪੱਖ ਸਪਸ਼ਟ ਰੂਪ ਵਿਚ ਪ੍ਰਤੀਤ ਨਹੀਂ ਹੁੰਦਾ, ਪ੍ਰੰਤੂ ਸੰਤ ਤੇਜਾ ਸਿੰਘ ਜੀ ਨੇ ਸੰਤ ਪਦ ਵਰਗੀ ਉੱਚ ਬਿਰਤੀ ਦੇ ਨਾਲ-ਨਾਲ ਮਹਾਨ ਸਕਾਲਰ ਹੋਣ ਦਾ ਰੁਤਬਾ ਵੀ ਹਾਸਲ ਕੀਤਾ। ਸੰਤ ਤੇਜਾ ਸਿੰਘ ਜੀ ਇਕ ਸਰਬਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਸੰਤ ਜੀ ਦੇ ਮਨ ਵਿੱਚ ਸਿੱਖ ਪੰਥ ਦੀ ਚੜ੍ਹਦੀਕਲਾ ਅਤੇ ਤਰੱਕੀ ਲਈ ਡੂੰਘੀ ਤੜਪ ਸਮੋਈ ਹੋਈ ਸੀ, ਜਿਸ ਕਾਰਨ ਆਪ ਜੀ ਨੇ ਆਪਣਾ ਸਮੁੱਚਾ ਜੀਵਨ ਹੀ ਕੌਮੀ ਸੰਘਰਸ਼ ਅਤੇ ਗੁਰੂ-ਘਰ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਸਮੁੱਚੇ ਜੀਵਨ ਦੌਰਾਨ ਆਪ ਜੀ ਨੇ ਗੁਰਮਤਿ ਦੇ ਅਨੇਕਾਂ ਪੱਖਾਂ ਰਾਹੀਂ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਆਪ ਜੀ ਨੇ ਸਿਰਫ ਵਿੱਦਿਆ ਪ੍ਰਾਪਤੀ ਨੂੰ ਹੀ ਜੀਵਨ ਦਾ ਇਕ-ਮਾਤਰ ਉਦੇਸ਼ ਨਾ ਬਿਆਨਿਆ ਬਲਕਿ ਧਰਮੀ ਅਸੂਲਾਂ ਅਤੇ ਅਧਿਆਤਮਕ ਜੀਵਨ-ਜਾਂਚ ਨੂੰ ਅਸਲ ਜੀਵਨ ਲਈ ਇਕ ਜਰੂਰੀ ਪੱਖ ਦਰਸਾਇਆ। ਆਪ ਵਿੱਦਿਆ ਪੜ੍ਹਨ-ਪੜ੍ਹਾਉਣ ਤਕ ਹੀ ਸੀਮਿਤ ਨਹੀਂ ਰਹੇ ਬਲਕਿ ਹੱਥੀਂ ਕਿਰਤ ਅਤੇ ਸੇਵਾ ਨੂੰ ਲੋਕਾਈ ਅੱਗੇ ਗੁਰਮਤਿ ਜੀਵਨ ਦੇ ਅਟੁੱਟ ਅੰਗ ਵਜੋਂ ਪੇਸ਼ ਕੀਤਾ। ਬਾਬਾ ਤੇਜਾ ਸਿੰਘ ਜੀ ਦੇ ਜੀਵਨ ਨੂੰ ਵਾਚਦਿਆਂ ਸਿਰਫ ਵਿੱਦਿਆ ਦੇ ਅਕਾਦਮਿਕ ਮਹੱਤਵ ਤੋਂ ਹੀ ਜਾਣੂੰ ਨਹੀਂ ਹੋਈਦਾ ਬਲਕਿ ਆਪ ਜੀ ਦੇ ਜੀਵਨ ਤੋਂ ਵਿੱਦਿਆ ਦੇ ਅਸਲ ਪੱਖ ਦੀ ਵੀ ਸੋਝੀ ਮਿਲਦੀ ਹੈ। ‘ਅਸਲ ਵਿੱਦਿਆ’ ਉਹ ਹੀ ਹੋ ਸਕਦੀ ਹੈ ਜੋ ਕਿਸੇ ਜਗਿਆਸੂ ਨੂੰ ਦੈਵੀ ਨਿਯਮਾਂ ਦੀ ਦ੍ਰਿੜ੍ਹਤਾ ਕਰਵਾਕੇ ਉਸ ਨੂੰ ਆਪਣੇ ਅਸਲੇ ਦੀ ਸੋਝੀ ਕਰਵਾਏ। ਬਲਵੰਤ ਸਿੰਘ ਕੋਠਾਗੁਰੂ ਲਿਖਦੇ ਹਨ ਕਿ “ਭਾਰਤ ਵਿਚ ਇਹ ਬੜੀ ਪ੍ਰਸਿੱਧ ਗੱਲ ਹੈ ਕਿ ਸਵਾਮੀ ਵਿਵੇਕਾਨੰਦ ਨੇ ਅਮਰੀਕਾ ਵਿਚ ‘ਭੈਣੋ-ਭਰਾਵੋ’ ਕਹਿ ਕੇ ਭਾਸ਼ਨ ਆਰੰਭ ਕੀਤਾ ਤਾਂ ਅਮਰੀਕਨ ਅਤਿਅੰਤ ਪ੍ਰਭਾਵਿਤ ਹੋਏ, ਪਰ ਸੰਤ ਤੇਜਾ ਸਿੰਘ ਜੀ ਦੇ ਵਿਸ਼ਵ ਸ਼ਾਤੀ ਸੰਮੇਲਨ ਵਿਚ ਗੱਡੇ ਝੰਡੇ ਦਾ ਅਤੇ ਮਾਰੇ ਸਿੱਕੇ ਦਾ (ਅਸੀਂ) ਪੰਜਾਬੀਆਂ ਨੇ ਕਦੇ ਜ਼ਿਕਰ ਤੱਕ ਨਹੀਂ ਕੀਤਾ, ਜਿਨ੍ਹਾਂ ਦੇ ਕਥਨ ਨੂੰ ਸਰਬ ਸਾਧਾਰਣ ਤੋਂ ਲੈ ਕੇ ਦੇਸ਼ ਦੇ ਸੁਲਤਾਨ ਅਤੇ ਵਿਸ਼ਵ ਦੇ ਵਿਦਵਾਨਾਂ ਨੇ ਪ੍ਰਵਾਨ ਕਰਕੇ ਇਕ ਮਤ ਹੋ ਕੇ ਕਿਹਾ ਕਿ, ‘ਸੰਤ ਤੇਜਾ ਸਿੰਘ ਜੀ ਨੇ ਵਿਸ਼ਵ ਨੂੰ ਸਾਂਝਾ ਤੇ ਸ਼ਾਂਤਮਈ ਗਿਆਨ ਦਿੱਤਾ ਹੈ’।.....ਸੰਤ ਤੇਜਾ ਸਿੰਘ ਜੀ ਮਹਾਨ ਵਿਦਵਾਨ, ਸਵਾਸ-ਸਵਾਸ ਸਿਮਰਨ ਕਰਨ ਵਾਲੇ, ਨਿਮਰਤਾ ਦੀ ਮੂਰਤਿ, ਸਹਿਣ ਸ਼ਕਤੀ ਵਾਲੇ, ਪਰਉਪਕਾਰੀ ਮਹਾਂਪੁਰਖ ਸਨ। ਆਪ ਜੀ ਦਾ ਸਾਰਾ ਜੀਵਨ ਸ੍ਰੀ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਆਗਿਆ ਵਿਚ ਸਿੱਖੀ ਨੂੰ ਸਮਰਪਿਤ ਸੀ।” ਸਪਸ਼ਟ ਹੈ ਸੰਤ ਤੇਜਾ ਸਿੰਘ ਜੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਵੱਲੋਂ ਫੈਲਾਈ ਨਾਮ-ਸਿਮਰਣ ਰੂਪੀ ਇਸ ਮਹਿਕ ਨੂੰ ਅਣਥੱਕ ਘਾਲਣਾ ਦੁਆਰਾ ਸੰਸਾਰ ਦੇ ਕੋਨੇ-ਕੋਨੇ ਵਿਚ ਫੈਲਾਇਆ । ਜੀਵਨ ਵਿਚ ਅਨੇਕਾਂ ਔਕੜਾਂ ਆਉਣ ਦੇ ਬਾਵਜੂਦ ਆਪ ਜੀ ਨੇ ਇਸ ਮਹਿਕ ਨੂੰ ਘਟਣ ਨਹੀਂ ਦਿੱਤਾ।
ਸੰਤ ਤੇਜਾ ਸਿੰਘ ਜੀ ਨੇ ਸਮਰਪਣ ਭਾਵਨਾ ਅਧੀਨ ਗੁਰੂ ਹੁਕਮ ਅਨੁਸਾਰ ਵਿਦੇਸ਼ ਵਿਚ ਜਾ ਕੇ ਉੱਚ ਵਿੱਦਿਅਕ ਡਿਗਰੀ ਪ੍ਰਾਪਤ ਕਰਨ ਦੇ ਨਾਲ-ਨਾਲ ਅਨੇਕਾਂ ਪੰਥਕ ਸੇਵਾਵਾਂ ਵੀ ਨਿਭਾਈਆਂ। ਆਪ ਜੀ ਦੇ ਯਤਨਾਂ ਸਦਕਾ ਵਿਦਿਆਰਥੀਆਂ ਨੂੰ ਕੈਂਬਰਿਜ਼ ਯੂਨੀਵਰਸਿਟੀ ਵਿਖੇ ਦਸਤਾਰ ਬੰਨ੍ਹਣ ਦਾ ਅਧਿਕਾਰ ਪ੍ਰਾਪਤ ਹੋਇਆ। ਆਪ ਜੀ ਨੇ ਆਪਣੀ ਉੱਚ ਪੱਧਰੀ ਵਿੱਦਿਆ ਤੇ ਕਈ ਕਾਨੂੰਨੀ ਜੁਗਤਾਂ ਵਰਤ ਕੇ ਹਿੰਦੁਸਤਾਨੀਆਂ ਨੂੰ ਕੈਨੇਡਾ ਵਿਖੇ ਪੱਕੇ ਤੌਰ ‘ਤੇ ਰਹਿਣ ਦੇ ਅਧਿਕਾਰ ਦਿਵਾਏ, ਜਿਨ੍ਹਾਂ ਨੂੰ ਉਸ ਸਮੇਂ ਕੈਨੇਡਾ ਸਰਕਾਰ ਵੱਲੋਂ ਬਾਹਰ ਕੱਢੇ ਜਾਣ ਦੀਆਂ ਵਿਉਂਤਾ ਬਣਾਈਆਂ ਜਾ ਰਹੀਆਂ ਸਨ। ਬਾਬਾ ਤੇਜਾ ਸਿੰਘ ਜੀ ਨੇ ਆਪਣੇ ਅਥਾਹ ਯਤਨਾਂ ਸਦਕਾ ਵਿਦੇਸ਼ਾਂ ਵਿਚ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ। ਬਾਬਾ ਤੇਜਾ ਸਿੰਘ ਜੀ ਵੱਲੋਂ ਕਈ ਸਭਾ-ਸੁਸਾਇਟੀਆਂ ਦੀ ਸਥਾਪਨਾ ਦੁਆਰਾ ਵਿਦੇਸ਼ਾਂ ਵਿਚ ਗੁਰਦੁਆਰਿਆਂ ਤੇ ਧਾਰਮਿਕ ਪ੍ਰਯੋਜਨਾਂ ਦਾ ਮੁੱਢ ਬੰਨ੍ਹਿਆ ਗਿਆ। ਬਾਬਾ ਤੇਜਾ ਸਿੰਘ ਜੀ ਵੱਲੋਂ ਪਾਏ ਮਹਾਨ ਯੋਗਦਾਨ ਦੇ ਕਾਰਨ ਕੁੱਝ ਸਮਾਂ ਪਹਿਲਾਂ ਹੀ ਹਰਿਮੰਦਰ ਸਾਹਿਬ ਜੀ ਦੇ ਕੇਂਦਰੀ ਅਜਾਇਬ ਘਰ ਵਿਖੇ 18 ਗਦਰੀ ਬਾਬਿਆਂ ਨਾਲ ਆਪ ਜੀ ਦੀ ਤਸਵੀਰ ਵਿਸ਼ੇਸ਼ ਰੂਪ ਵਿੱਚ ਲਗਾਈ ਗਈ। ਸੰਤ ਤੇਜਾ ਸਿੰਘ ਜੀ ਵਿਦੇਸ਼ਾਂ ਵਿੱਚ ਵੀ ਵਿਦਿਆਰਥੀਆਂ ਦੀ ਪੜ੍ਹਾਈ ਸੰਬੰਧੀ ਯਤਨ ਕਰਦੇ ਰਹਿੰਦੇ ਸਨ। ਇੱਥੋਂ ਤਕ ਕਿ ਅਮਰੀਕਾ ਵਿਖੇ ਵਿਦਿਆਰਥੀਆਂ ਦੀ ਦੇਖਭਾਲ, ਪੜ੍ਹਾਈ ਅਤੇ ਉਨ੍ਹਾਂ ਦੇ ਵਜੀਫਿਆਂ ਜਾਂ ਫੀਸ ਆਦਿ ਦੇ ਇੰਤਜਾਮ ਲਈ ਗਦਰੀ ਬਾਬਾ ਸੰਤ ਵਿਸਾਖਾ ਸਿੰਘ ਜੀ ਵੱਲੋਂ ਆਪ ਜੀ ਨੂੰ ਵਿਦਿਅਕ ਕਮੇਟੀ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਸੀ। ਸਿਖ ਪੰਥ ਲਈ ਉਨ੍ਹਾਂ ਦਾ ਇਹ ਬਹੁਤ ਮਹਾਨ ਯੋਗਦਾਨ ਹੈ।
ਪੁਸਤਕ ‘ਅਤਰ ਦੀ ਮਹਿਕ - ਜੀਵਨ ਗਾਥਾ ਸੰਤ ਬਾਬਾ ਤੇਜਾ ਸਿੰਘ ਜੀ ਮਸਤੂਆਣੇ ਵਾਲੇ (ਐਮ.ਏ, ਐਲ.ਐਲ.ਬੀ, ਏ.ਐਮ, ਹਾਰਵਰਡ)’ ਵਿਚ ਡਾ. ਅਜੈ ਪਾਲ ਸਿੰਘ ਵੱਲੋਂ ਸੰਤ ਤੇਜਾ ਸਿੰਘ ਜੀ ਦੇ ਜੀਵਨ ਤੇ ਯੋਗਦਾਨ ਬਾਬਤ ਬੜੀ ਮਹੱਤਵਪੂਰਨ ਜਾਣਕਾਰੀ ਨੂੰ ਪਾਠਕਾਂ ਦੇ ਸਨਮੁਖ ਕੀਤਾ ਗਿਆ ਹੈ। ਪੁਸਤਕ ਨੂੰ ਪੰਜਾਬ ਦੇ ਮਹਾਨ ਅਦਾਰੇ ਭਾਸ਼ਾ ਵਿਭਾਗ ਵੱਲੋਂ ਛਾਪਿਆ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੁਸਤਕ ਵਿਚ ਬੜੇ ਮਹੱਤਵਪੂਰਨ ਪੱਖਾਂ ਨੂੰ ਅੰਕਿਤ ਕੀਤਾ ਗਿਆ ਹੈ।
ਪੁਸਤਕ ਦੇ ਆਰੰਭ ਵਿਚ ਗੁਰਮਤਿ ਤੇ ਅਕਾਦਮਿਕ ਖੇਤਰ ਵਿਚ ਮਾਣ ਹਾਸਲ ਕਰਨ ਵਾਲੇ ਵਿਦਵਾਨਾ ਵੱਲੋਂ ਪੁਸਤਕ ਸੰਬੰਧੀ ਵਿਸ਼ੇਸ਼ ਜਾਣਕਾਰੀ ਦਰਜ ਕੀਤੀ ਗਈ ਹੈ। ਜਿਵੇਂ ਸਿਖ ਜਗਤ ਦੀ ਮਹਾਨ ਵਿਦਵਾਨ ਹਸਤੀ ਡਾ. ਸਰਬਜਿੰਦਰ ਸਿੰਘ ਵੱਲੋਂ ਇਸ ਪੁਸਤਕ ਲਈ ‘ਸਵਾਗਤੀ ਸ਼ਬਦ’ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਡਾ. ਪਰਿਤ ਪਾਲ ਸਿੰਘ (ਵਾਈਸ-ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ) ਤੇ ਡਾ. ਪਰਮਵੀਰ ਸਿੰਘ (ਪੰਜਾਬੀ ਯੂਨੀਵਰਸਿਟੀ) ਵੱਲੋਂ ਵੀ ਪੁਸਤਕ ਬਾਰੇ ਅਹਿਮ ਪਹਿਲੂ ਬਿਆਨੇ ਗਏ ਹਨ। ਇਸੇ ਤਰ੍ਹਾਂ ਸੰਤ ਤੇਜਾ ਸਿੰਘ ਜੀ ਦੇ ਪਹਿਲੇ ਵਿਦਿਆਰਥੀ ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲਿਆਂ ਨੇ ਵੀ ਆਪਣੇ ਸੰਤ ਤੇਜਾ ਸਿੰਘ ਨਾਲ ਰਿਸ਼ਤੇ ਤੇ ਪਿਆਰ ਦਾ ਜ਼ਿਕਰ ਕੀਤਾ ਹੈ। ਲੇਖਕ ਵੱਲੋਂ ਸੰਤ ਤੇਜਾ ਸਿੰਘ ਦੇ ਜੀਵਨ ਸੰਬੰਧੀ ਵਿਸ਼ੇਸ਼ ਤੱਥਾਂ ਨੂੰ ਹਵਾਲਿਆਂ ਸਹਿਤ ਪ੍ਰਗਟਾਇਆ ਗਿਆ ਹੈ ਜਿਸ ਨਾਲ ਇਹ ਕਾਰਜ ਅਕਾਦਮਿਕ ਤੇ ਮਿਆਰੀ ਪੱਧਰ ਦਾ ਦਰਜਾ ਹਾਸਿਲ ਕਰਦਾ ਹੈ। ਸੰਤ ਤੇਜਾ ਸਿੰਘ ਜੀ ਦੇ ਜੀਵਨ ਵਿਚ ਸੰਤ ਅਤਰ ਸਿੰਘ ਜੀ ਦਾ ਕੀ ਰੋਲ ਰਿਹਾ? ਸੰਤ ਤੇਜਾ ਸਿੰਘ ਜੀ ਨੂੰ ਗੁਰਮਤਿ ਦੀ ਘਾਲਣਾ ਦੌਰਾਨ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਆਦਿ ਪੱਖਾਂ ਨੂੰ ਲੇਖਕ ਨੇ ਬੜੇ ਭਾਵਪੂਰਨ ਢੰਗ ਨਾਲ ਬਿਆਨ ਕੀਤਾ ਹੈ। ਸੰਤ ਜੀ ਵੱਲੋਂ ਪਾਏ ਯੋਗਦਾਨ ਨੂੰ ਬਹੁਤ ਸਾਰੇ ਪੁਖਤਾ ਹਵਾਲਿਆਂ ਦੁਆਰਾ ਸਿੱਧ ਕਰਨ ਕਰਕੇ ਇਹ ਗਾਥਾ ਇਕ ਉੱਚ ਪੱਧਰ ਦਾ ਖੋਜ ਕਾਰਜ ਹੋ ਨਿਬੜਦਾ ਹੈ। ਡਾ. ਅਜੈ ਪਾਲ ਸਿੰਘ ਦੇ ਏਸ ਉੱਦਮ ਲਈ ਜਿੱਥੇ ਉਹ ਵਿਸ਼ੇਸ਼ ਵਧਾਈ ਦਾ ਪਾਤਰ ਹੈ ਉੱਥੇ ਹੀ ਉਮੀਦ ਹੈ ਏਸ ਤਰ੍ਹਾਂ ਦੇ ਕਾਰਜ ਦੁਆਰਾ ਵਿਰਾਸਤ ਦੇ ਫਖਰ ਨੂੰ ਉੱਚਾ ਕਰਨ ਲਈ ਹੋਰਨਾਂ ਖੋਜੀਆਂ ਜਾਂ ਵਿਦਵਾਨਾਂ ਦੁਆਰਾ ਵੀ ਹੰਭਲਾ ਮਾਰਿਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਏਸ ਤਰ੍ਹਾਂ ਦੇ ਬਜ਼ੁਰਗਾਂ ਦੀ ਘਾਲ ਕਮਾਈ ਤੋਂ ਜਾਣੂ ਹੋ ਕੇ ਸੇਧ ਲੈ ਸਕਣ।
ਡਾ. ਸੰਦੀਪ ਕੌਰ ਅਸਿਸਟੈਂਟ ਪ੍ਰੋਫੈਸਰ
ਗੁਰੂ ਨਾਨਕ ਅਧਿਐਨ ਵਿਭਾਗ
ਗੁਰੂ ਨਾਨਕ ਦੇਵ ਯੂਨੀਵਰਸਿਟੀ
ਅੰਮ੍ਰਿਤਸਰ
Comments (0)