ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 28 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦਾ 554ਵਾਂ ਪ੍ਰਕਾਸ਼ ਪੁਰਬ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ।

ਇਸ ਸ਼ੁਭ ਦਿਹਾੜੇ ਦਿੱਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਦੀਵਾਨ ਸਜਾਏ ਗਏ ਤੇ  ਸੰਗਤਾਂ ਨੇ ਗੁਰੂ ਕੀ ਇਲਾਹੀ ਬਾਣੀ ਸਰਵਣ ਕਰ ਕੇ ਜੀਵਨ ਸਫਲਾ ਕੀਤਾ। ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਹੀ ਵਿਚ ਹੋਇਆ ਜਿਸ ਵਿਚ ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿੜਲਾ ਤੇ ਭਾਜਪਾ ਦੇ ਕੌਮੀ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਸ਼ਖਸੀਅਤਾਂ ਨੇ ਵੀ ਹਾਜ਼ਰੀਆਂ ਭਰੀਆਂ।

ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਸੰਸਾਰ ਵਿਚ ਉਸ ਵੇਲੇ ਹੋਇਆ ਜਦੋਂ ਧਰਮ ਦੇ ਠੇਕੇਦਾਰ ਕਰਮ ਕਾਂਡਾਂ ਵਿਚ ਫਸਾ ਕੇ ਲੋਕਾਂ ਨੂੰ ਗੁੰਮਰਾਹ ਕਰਨ ’ਤੇ ਲੱਗੇ ਹੋਏ ਸਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਮੱਕਾ ਮਦੀਨਾ, ਜਗਨਨਾਥ ਪੁਰੀ ਤੇ ਹੋਰ ਅਨੇਕਾਂ ਥਾਵਾਂ ਦੀ ਯਾਤਰਾ ਆਪਣੀਆਂ ਚਾਰ ਉਦਾਸੀਆਂ ਵੇਲੇ ਕਰ ਕੇ ਲੋਕਾਂ ਨੂੰ ਕਰਮ ਕਾਂਡਾਂ ਵਿਚੋਂ ਕੱਢਿਆ ਤੇ ਉਹਨਾਂ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛੱਕਣ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਤਾਂ ਅੱਜ ਦੁਨੀਆਂ ਭਰ ਵਿਚ ਸਿੱਖਾਂ ਨੇ ਵਿਖਾ ਦਿੱਤਾ ਹੈ ਕਿ ਉਹ ਮਨੁੱਖਤਾ ਦੀ ਸੇਵਾ ਵਾਸਤੇ ਕੁਝ ਵੀ ਕਰ ਸਕਦੇ ਹਨ।

ਉਹਨਾਂ ਦੱਸਿਆ ਕਿ ਕਈ ਸਾਲਾਂ ਤੋਂ ਜਿਸ ਬਾਲਾ ਸਾਹਿਬ ਹਸਪਤਾਲ ਦੇ ਸ਼ੁਰੂ ਹੋਣ ਦੀਆਂ ਸੰਗਤਾਂ ਉਡੀਕ ਕਰ ਰਹੀਆਂ ਸਨ, ਅਸੀਂ ਅਗਲੇ ਕੁਝ ਦਿਨਾਂ ਵਿਚ ਉਸਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸੇ ਤਰੀਕੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਪਹਿਲਾਂ ਤੋਂ ਚਲ ਰਹੇ ਐਮ ਆਰ ਆਈ ਤੇ ਸੀ ਟੀ ਸਕੈਨ ਪ੍ਰਾਜੈਕਟਾਂ ਦੇ ਨਾਲ ਹੁਣ ਪੈਟ ਸਕੈਨ ਮਸ਼ੀਨ ਵੀ ਜਲਦੀ ਲਗਾਈ ਜਾ ਰਹੀ ਹੈ।

ਵਿਰੋਧੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸਿਰਫ ਹੋਛੀ ਰਾਜਨੀਤੀ ਵਾਸਤੇ ਕੁਝ ਲੋਕ ਗੁਰੂ ਘਰਾਂ ਤੇ ਪੰਥ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ’ਤੇ ਲੱਗੇ ਰਹਿੰਦੇ ਹਨ। ਉਹਨਾਂ ਕਿਹਾ ਕਿ ਕਮੇਟੀ ਦੀ ਮੌਜੂਦਾ ਟੀਮ ਵੱਲੋਂ ਸੰਗਤ ਦਾ ਇਕ-ਇਕ ਪੈਸਾ ਪੂਰੇ ਹਿਸਾਬ ਨਾਲ ਤੇ ਚੰਗੀ ਸੋਚ ਨਾਲ ਖਰਚਿਆ ਜਾ ਰਿਹਾ ਹੈ ਜਿਸਨੂੰ ਕੋਈ ਵੀ ਕਦੇ ਵੀ ਚੈਕ ਕਰ ਸਕਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜਦੋਂ ਤੋਂ ਟੀਮ ਨੇ ਸੇਵਾ ਸੰਭਾਲੀ ਹੈ, ਉਦੋਂ ਪਿਛਲੇ ਪ੍ਰਬੰਧਕਾਂ ਦੀਆਂ ਨਲਾਇਕੀਆਂ ਕਾਰਨ ਬਣੇ ਹਾਲਾਤਾਂ ਵਿਚ 74 ਕਰੋੜ ਰੁਪਏ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਵੰਡੇ ਗਏ ਹਨ।

ਇਸ ਮੌਕੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਦਿੱਲੀ ਦੇ ਉਪ ਰਾਜਪਾਲ ਸ੍ਰੀ ਵੀ ਕੇ ਸਕਸੈਨਾ  ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਇਲਾਕੇ ਦਾ ਦੌਰਾ ਕਰਨ ਉਪਰੰਤ ਹੁਣ ਸੰਗਤਾਂ ਦੇ ਚਲਾਨ ਕੱਟਣ ਦਾ ਸਿਲਸਿਲਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਗੁਰੂ ਘਰ ਨਤਮਸਤਕ ਹੋਣ ਵਾਲੇ ਕਿਸੇ ਵੀ ਸ਼ਰਧਾਲੂ ਦਾ ਚਲਾਨ ਨਹੀਂ ਹੋਵੇਗਾ। ਸਮਾਗਮ ਵਿਚ ਦਿੱਲੀ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।