ਦਿੱਲੀ ਦੇ ਸਿੱਖ ਵੋਟਰ ਬੰਦੀ ਸਿੰਘਾਂ ਦੇ ਹਿੱਤਾਂ ਲਈ ਕੰਮ ਕਰਨ ਦਾ ਰਸਮੀ ਐਲਾਨ ਕਰਣ ਵਾਲੀ ਪਾਰਟੀ ਨੂੰ ਪਾਉਣ ਆਪਣਾ ਵੋਟ: ਸਰਨਾ

ਦਿੱਲੀ ਦੇ ਸਿੱਖ ਵੋਟਰ ਬੰਦੀ ਸਿੰਘਾਂ ਦੇ ਹਿੱਤਾਂ ਲਈ ਕੰਮ ਕਰਨ ਦਾ ਰਸਮੀ ਐਲਾਨ ਕਰਣ ਵਾਲੀ ਪਾਰਟੀ ਨੂੰ ਪਾਉਣ ਆਪਣਾ ਵੋਟ: ਸਰਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 24 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):– ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘ ਦੀ ਰਿਹਾਈ ਲਈ ਨਿਰਸਵਾਰਥ ਹੋ ਕੇ ਕੰਮ ਕਰਦੇ ਰਹਿਣ ਦੇ ਮਤੇ ਕਰਨ ਵਾਲੀ ਵਾਲੀ ਪਾਰਟੀ ਨੂੰ ਪੂਰਾ ਸਮਰਥਨ ਦੇਵੇਗਾ।

ਸਰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਬੁੱਧਵਾਰ ਨੂੰ ਸਾਡੀ ਅਕਾਲੀ ਦਲ ਦੀ ਮੀਟਿੰਗ ਵਿੱਚ ਵਿਚਾਰ-ਵਟਾਂਦਰੇ ਤੋਂ ਬਾਅਦ, ਅਸੀਂ ਬੰਦੀ ਸਿੰਘਾਂ ਨੂੰ ਚੋਣ ਸਿਆਸਤ ਦੀ ਤਤਕਾਲੀ ਸੱਤਾ ਦੀ ਖੇਡ ਤੋਂ ਉੱਪਰ ਰੱਖਣ ਦਾ ਫੈਸਲਾ ਕੀਤਾ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਵਾਅਦਾ ਕਰਨ ਵਾਲਿਆਂ ਨਾਲ ਸਾਡੀ ਪਾਰਟੀ ਖੜ੍ਹੀ ਰਹੇਗੀ।

ਸਰਨਾ ਨੇ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ ਦੇਖਿਆ ਕਿ ਕਿਵੇਂ ਰਾਜੀਵ ਗਾਂਧੀ ਕਤਲ ਕਾਂਡ ਦੇ ਸਾਰੇ ਸੱਤ ਦੋਸ਼ੀ ਇਸ ਸਾਲ 30 ਸਾਲਾਂ ਦੀ ਕੈਦ ਤੋਂ ਬਾਅਦ ਰਿਹਾਅ ਹੋਏ, ਜਿਨ੍ਹਾਂ ਵਿੱਚੋਂ ਛੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਨ।

ਪੰਥਕ ਆਗੂ ਨੇ ਕਿਹਾ ਕਿ “ਜੇਕਰ ਰਾਜ ਸੱਤਾ ਤਾਮਿਲ ਭਾਵਨਾਵਾਂ ਅੱਗੇ ਝੁਕਦੀ ਹੈ, ਤਾਂ ਕੋਈ ਕਾਰਨ ਨਹੀਂ ਹੈ ਕਿ ਇਸਨੂੰ ਬੰਦੀ ਸਿੰਘਾਂ ਬਾਰੇ ਸਿੱਖ ਭਾਵਨਾਵਾਂ ਅੱਗੇ ਨਹੀਂ ਝੁਕਣਾ ਚਾਹੀਦਾ। ਸਿੱਖ ਕੈਦੀਆਂ ਦੀ ਸਨਮਾਨਜਨਕ ਰਿਹਾਈ ਲਈ ਸਾਨੂੰ ਆਪਣੀ ਰਣਨੀਤੀ ਨੂੰ ਵਧੀਆ ਬਣਾਉਣ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਇਹ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਸਾਡਾ ਸਮਰਥਨ ਕਿੰਨਾ ਕੀਮਤੀ ਹੈ। ਜੇਕਰ ਕੋਈ ਚਾਹੁੰਦਾ ਹੈ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਚਨਬੱਧ ਹੋ ਜਾਵੇ ।”

ਉਨ੍ਹਾਂ ਕਿਹਾ ਕਿ ਭਾਰਤ ਦੇ ਕਿਸੇ ਵੀ ਮਹਾਨਗਰ ਦੇ ਮੁਕਾਬਲੇ ਦਿੱਲੀ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਦਾ ਘਰ ਹੈ। ਇਸ ਲਈ "ਅਸੀਂ ਸਿੱਖ ਵੋਟਰਾਂ ਨੂੰ ਅਪੀਲ ਕਰਾਂਗੇ ਕਿ ਉਹ ਦਿੱਲੀ ਵਿੱਚ ਆਪਣੀ ਕੀਮਤੀ ਵੋਟ ਉਨ੍ਹਾਂ ਨੂੰ ਪਾਉਣ ਜੋ ਬੰਦੀ ਸਿੰਘਾਂ ਦੇ ਹਿੱਤਾਂ ਲਈ ਕੰਮ ਕਰਨ ਦਾ ਰਸਮੀ ਐਲਾਨ ਕਰਦੇ ਹਨ।"