"ਇਤਿਹਾਸ ਵਿੱਚ ਸਿੱਖ ਬੀਬੀਆਂ" ਦਾ ਯੋਗਦਾਨ” ਲੜੀ ਤਹਿਤ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਕਰਵਾਇਆ ਗਿਆ ਅੱਠਵਾਂ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 7 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ ਵੱਲੋਂ ਡਾ. ਪ੍ਰੋ. ਚਰਨ ਸਿੰਘ (ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ) ਦੀ ਪ੍ਰੇਰਨਾ ਨਾਲ ਗੁ. ਰਕਾਬ ਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ "ਇਤਿਹਾਸ ਵਿੱਚ ਸਿੱਖ ਬੀਬੀਆਂ" ਲੜੀ ਤਹਿਤ ਅੱਠਵਾਂ ਵਿਸ਼ੇਸ਼ ਲੈਕਚਰ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਸੁਪੁਤ੍ਰੀਆਂ "ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ" ਦੇ ਜੀਵਨ ਇਤਿਹਾਸ ਸੰਬੰਧੀ ਕਰਵਾਇਆ ਗਿਆ।

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਵਿਦਿਆਰਥੀਆਂ ਦੁਆਰਾ ਗਾਏ ਗੁਰਬਾਣੀ ਸ਼ਬਦ ਤੋਂ ਬਾਅਦ ਸੰਸਥਾ ਦੇ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਆਏ ਹੋਏ ਵਿਦਵਾਨਾਂ, ਸੰਗਤਾਂ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਮੁੱਖ ਵਕਤਾ ਡਾ. ਸੁਖਦਿਆਲ ਸਿੰਘ (ਸਾਬਕਾ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ), ਅੱਜ ਦੇ ਲੈਕਚਰ ਦੀ ਪ੍ਰਧਾਨਗੀ ਕਰ ਰਹੇ ਡਾ. ਮਹਿੰਦਰ ਸਿੰਘ (ਡਾਇਰੈਕਟਰ ਭਾਈ ਵੀਰ ਸਿੰਘ ਸਾਹਿਤ ਸਦਨ) ਅਤੇ ਡਾ. ਜਗਜੀਤ ਸਿੰਘ ਸੱਭਰਵਾਲ (ਸਾਬਕਾ ਪ੍ਰੋਫੈਸਰ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ) ਦਾ ਰਸਮੀ ਸਵਾਗਤ ਕਰਦਿਆਂ ਉਹਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਮੁੱਖ ਵਕਤਾ ਡਾ. ਸੁਖਦਿਆਲ ਸਿੰਘ ਜੀ ਨੇ ਮੁਗ਼ਲ ਦਰਬਾਰ ਦੀ ਅਖ਼ਬਾਰ ਉੱਤੇ ਅਧਾਰਿਤ ਡਾ. ਹਰਬੰਸ ਕੌਰ ਸਾਗੂ ਦੁਆਰਾ ਅਨੁਵਾਦਿਤ ਪੁਸਤਕ "ਅਖ਼ਬਾਰ - ਏ - ਦਰਬਾਰ - ਏ - ਮੌਲਾ" ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਸੁਪੁਤ੍ਰੀਆਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਬਾਰੇ ਦੱਸਿਆ ਕਿ ਸ਼ਹੀਦ ਪਰਿਵਾਰ ਦੀ ਜਣਨੀ ਬੀਬੀ ਭਾਨੀ ਜੀ ਸਿੱਖ ਧਰਮ ਵਿੱਚ ਇਕ ਐਸੀ ਮਾਤਾ ਹੋਏ ਹਨ, ਜਿਸ ਦਾ ਸਾਨੀ ਸੰਸਾਰ ਵਿਚ ਕੋਈ ਨਹੀਂ ਹੈ। ਪਹਿਲੇ ਦੋ ਗੁਰੂ ਸਾਹਿਬਾਨ ਨੂੰ ਛੱਡ ਕੇ ਬਾਕੀ ਅੱਠ ਗੁਰੂ ਸਾਹਿਬਾਨ ਦਾ ਬੀਬੀ ਭਾਨੀ ਜੀ ਨਾਲ ਪ੍ਰਵਾਰਕ ਰਿਸ਼ਤਾ ਸੀ। ਬੀਬੀ ਭਾਨੀ ਜੀ ਸਰਬ ਗੁਣਾਂ ਦੇ ਭੰਡਾਰ, ਮਿਲਾਪੜੇ ਸਹਿਯੋਗੀ , ਸੇਵਾ ਸਿਮਰਨ ਦੀ ਮੂਰਤ , ਸਹਿਣਸ਼ੀਲ , ਸੰਜਮੀ ਗਹਿਰ ਗੰਭੀਰ , ਧੀਰਜਵਾਨ , ਸਬਰ ਭਰਪੂਰ, ਮਿੱਠਬੋਲੜੇ , ਨਿਮਰ, ਆਗਿਆਕਾਰੀ ਅਤੇ ਪਰਉਪਕਾਰੀ ਸਨ।

ਲੈਕਚਰ ਦੀ ਪ੍ਰਧਾਨਗੀ ਕਰਦਿਆਂ ਡਾ. ਮਹਿੰਦਰ ਸਿੰਘ ਸਿੰਘ ਅਤੇ ਡਾ. ਜਗਜੀਤ ਸਿੰਘ ਸੱਭਰਵਾਲ ਨੇ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਦੇ ਜੀਵਨ ਬਾਰੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ।

ਉਪਰੰਤ ਡਾ. ਹਰਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸੁੰਦਰੀ ਕਲਾਜ ਅਤੇ ਸਵਰਣ ਸਿੰਘ "ਸਵਰਣ" ਵੱਲੋਂ ਅੱਜ ਦੇ ਲੈਕਚਰ ਵਿਚ ਹਾਜ਼ਰੀ ਭਰਨ ਵਾਲੇ ਪਤਵੰਤੇ ਸੱਜਣਾ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਅਧਿਆਪਕ, ਵਿਦਿਆਰਥੀ, ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕ, ਸਰੋਤਾ ਆਦਿ ਨੇ ਸ਼ਮੂਲੀਅਤ ਕੀਤੀ।