ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਾਰੀ, 21 ਸਾਲਾ ਮੁਟਿਆਰ ਦੀ ਮੌਤ

ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਾਰੀ, 21 ਸਾਲਾ ਮੁਟਿਆਰ ਦੀ ਮੌਤ

ਅੰਮ੍ਰਿਤਸਰ: ਇੱਕ ਪਾਸੇ ਪੰਜਾਬ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ ਲਈ ਵੱਡੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਨਸ਼ਿਆਂ ਨਾਲ ਮੌਤਾਂ ਦੀ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲਾ ਜ਼ਿਲ੍ਹਾ ਬਠਿੰਡਾ ਤੋਂ ਹੈ, ਜਿੱਥੇ 21 ਸਾਲਾ ਕੁੜੀ ਦੀ ਚਿੱਟੇ ਨਾਲ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਕੁੜੀ ਚਿੱਟੇ ਦੇ ਨਸ਼ੇ ਦਾ ਸੇਵਨ ਕਰ ਰਹੀ ਸੀ।

ਇਸ ਬਾਰੇ ਪ੍ਰਾਈਵੇਟ ਸੰਸਥਾ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਫੋਨ 'ਤੇ ਜਾਣਕਾਰੀ ਮਿਲੀ ਸੀ ਕਿ ਬਠਿੰਡਾ ਦੇ ਗ੍ਰੋਥ ਸੈਂਟਰ ਨੇੜੇ ਉਕਤ ਕੁੜੀ ਬੇਹੋਸ਼ ਪਈ ਹੈ। ਜਦ ਉਸ ਨੂੰ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਦੱਸਿਆ ਗਿਆ ਲੜਕੀ ਨਸ਼ੇ ਦੀ ਆਦੀ ਹੈ। ਕੁਝ ਸਮਾਂ ਕੁੜੀ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਦਾਖ਼ਲ ਰੱਖਿਆ ਗਿਆ। ਕੁਝ ਸਮੇਂ ਬਾਅਦ ਉਸ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਸੀ ਪਰ ਅੱਜ ਉਸ ਦੀ ਮੌਤ ਹੋ ਗਈ ਹੈ।

ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰ ਨੇ ਦੱਸਿਆ ਕਿ ਇਹ ਕੁੜੀ ਚਿੱਟੇ ਦਾ ਟੀਕਾ ਲਾਉਂਦੀ ਸੀ। ਉਨ੍ਹਾਂ ਕੁੜੀ ਦਾ ਇਲਾਜ ਸ਼ੁਰੂ ਕੀਤਾ ਸੀ ਪਰ ਕੁਝ ਸਮੇਂ ਬਾਅਦ ਕੁੜੀ ਘਰ ਵਾਪਸ ਚਲੀ ਗਈ। ਅੱਜ ਦੁਬਾਰਾ ਸੰਸਥਾ ਵਾਲੇ ਕੁੜੀ ਨੂੰ ਹਸਪਤਾਲ ਲੈ ਕੇ ਆਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਡਾਕਟਰਾਂ ਨੂੰ ਖ਼ਦਸ਼ਾ ਹੈ ਕਿ ਜਦੋਂ ਕੁੜੀ ਨੂੰ ਘਰ ਭੇਜਿਆ ਗਿਆ ਤਾਂ ਉਸ ਨੇ ਦਵਾਈ ਬੰਦ ਕਰ ਦਿੱਤੀ ਤੇ ਦੁਬਾਰਾ ਨਸ਼ੇ ਦਾ ਸੇਵਨ ਕਰਨ ਲੱਗੀ, ਕਿਉਂਕਿ ਉਸ ਦੇ ਮੂੰਹ ਵਿੱਚੋਂ ਝੱਗ ਆ ਰਹੀ ਸੀ। ਡਾਕਟਰਾਂ ਮੁਤਾਬਕ ਕੁੜੀ ਨੂੰ ਨਸ਼ੇ ਕਰਕੇ ਹਾਰਟ ਅਟੈਕ ਹੋਇਆ ਲੱਗਦਾ ਹੈ। ਇਸ ਮਾਮਲੇ ਸਬੰਧੀ ਪੁਲਿਸ ਅਫਸਰ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ। ਡਾਕਟਰਾਂ ਮੁਤਾਬਕ ਮ੍ਰਿਤਕ ਕੁੜੀ ਨਸ਼ਾ ਕਰਦੀ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ। ਬਾਕੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।