ਗੁਰਦੁਆਰਿਆਂ ਤੇ ਦਰਬਾਰ ਸਾਹਿਬ ਵਿੱਚ ਖਿਡੌਣੇ ਜਹਾਜ਼ ਭੇਟ ਕਰਨ ਦੇ ਅੰਧਵਿਸ਼ਵਾਸੀ ਰੁਝਾਨ ਨੂੰ ਰੋਕੇਗੀ ਸ਼੍ਰੋਮਣੀ ਕਮੇਟੀ

ਗੁਰਦੁਆਰਿਆਂ ਤੇ ਦਰਬਾਰ ਸਾਹਿਬ ਵਿੱਚ ਖਿਡੌਣੇ ਜਹਾਜ਼ ਭੇਟ ਕਰਨ ਦੇ ਅੰਧਵਿਸ਼ਵਾਸੀ ਰੁਝਾਨ ਨੂੰ ਰੋਕੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ-ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਹਵਾਈ ਜਹਾਜ਼ ਵਰਗੇ ਖਿਡੌਣੇ ਭੇਟ ਕਰਨ ਦੇ ਰੁਝਾਨ ਨੂੰ ਰੋਕਣ ਲਈ ਹੁਣ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਲੋਂ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤਰ ਵੀ ਭੇਜਿਆ ਜਾ ਰਿਹਾ ਹੈ।

ਵੇਰਵਿਆਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਕਈ ਪੰਥਕ ਮਾਮਲਿਆਂ ’ਤੇ ਵਿਚਾਰ ਚਰਚਾ ਹੋਈ। ਦੱਸਣਯੋਗ ਹੈ ਕਿ ਬੀਤੇ ਦਿਨ ਇੱਕ ਤਸਵੀਰ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਸੀ, ਜਿਸ ਵਿੱਚ ਇੱਕ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਿਡੌਣੇ ਦੇ ਰੂਪ ਵਿੱਚ ਹਵਾਈ ਜਹਾਜ਼ ਭੇਟ ਕਰ ਰਿਹਾ ਸੀ ਜਿਸ ਨੂੰ ਉੱਥੇ ਬੈਠਾ ਕਰਮਚਾਰੀ ਦੇਖ ਰਿਹਾ ਸੀ। ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਵਲੋਂ ਕਰਮਚਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਅਜਿਹੇ ਰੁਝਾਨ ਨੂੰ ਰੋਕਿਆ ਜਾਵੇ। ਦੱਸਣਾ ਬਣਦਾ ਹੈ ਕਿ ਇਸ ਵੇਲੇ ਲੋਕਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ। ਵਿਦੇਸ਼ ਜਾਣ ਦੇ ਚਾਹਵਾਨਾਂ ਵਲੋਂ ਇਸ ਸਬੰਧ ਵਿਚ ਗੁਰੂਧਾਮਾਂ ਤੇ ਹੋਰ ਧਾਰਮਿਕ ਥਾਵਾਂ ’ਤੇ ਮੰਨਤ ਮੰਗਦੇ ਹੋਏ ਹਵਾਈ ਜਹਾਜ਼ ਖਿਡੌਣੇ ਭੇਟ ਕੀਤੇ ਜਾ ਰਹੇ ਹਨ। ਜਲੰਧਰ ਨੇੜੇ ਇੱਕ ਗੁਰਦੁਆਰੇ ਤੱਲਣ ਵਿੱਚ ਤਾਂ ਅਜਿਹਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ।

 ਗੁਰਦੁਆਰਾ ਅੜੀਸਰ ਬਰਨਾਲਾ ,ਗੁਰਦੁਆਰਾ ਤੱਲਣ ਜਲੰਧਰ ਵਿਚ ਜਹਾਜ਼ ਚੜ੍ਹਾਉਂਦੇ ਨੇ ਸ਼ਰਧਾਲੂ

ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਗੁਰਦੁਆਰਾ ਅੜੀਸਰ ਸਾਹਿਬ ਵਿੱਚ ਅੱਜਕੱਲ੍ਹ ਦੁਨੀਆਂ ਭਰ ਤੋਂ ਸੰਗਤ ਪਹੁੰਚ ਰਹੀ ਹੈ, ਹਰ ਐਤਵਾਰ ਇਸ ਗੂਰੂ ਘਰ ਵਿੱਚ ਮੇਲਾ ਲੱਗਦਾ ਹੈ। ਇਸਦਾ ਕਾਰਨ ਇਹ ਹੈ ਕਿ ਇਸ ਗੁਰੂ ਘਰ ਤੋਂ ਲੋਕਾਂ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ। ਇਹ ਗੁਰਦਵਾਰਾ ਸਿੱਖਾਂ ਦੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਹੈ। ਇਸ ਗੁਰੂ ਘਰ ਦਾ ਇਤਿਹਾਸ ਇਹ ਹੈ ਕਿ ਮਾਲਵਾ ਫੇਰੀ ਮੌਕੇ ਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਆਏ ਸਨ। ਇੱਥੋਂ ਲੰਘਣ ਵੇਲੇ ਗੁਰੂ ਸਾਹਿਬ ਦਾ ਘੋੜਾ ਤੰਬਾਕੂ ਦੇ ਖੇਤਾਂ ਨੂੰ ਦੇਖ ਕੇ ਅੜੀ ਕਰ ਗਿਆ ਸੀ। ਜਿਸ ਤੋਂ ਬਾਅਦ ਵਿਸ਼ਵਾਸ ਕੀਤਾ ਜਾਂਦਾ ਹੈ, ਇਸ ਜਗ੍ਹਾ ਜੋ ਵੀ ਸੰਗਤ ਆਵੇਗੀ, ਉਸਦੇ ਅੜੇ ਕੰਮ ਪੂਰੇ ਹੋਣਗੇ। ਪਿਛਲੇ ਕਰੀਬ ਇੱਕ ਸਾਲ ਤੋਂ ਇਸ ਗੁਰੂ ਘਰ ਵਿੱਚ ਸੰਗਤਾਂ ਦਾ ਹੜ੍ਹ ਆਉਣ ਲੱਗਿਆ ਹੈ। ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਸਮੇਤ ਵੱਖ-ਵੱਖ ਰਾਜਾਂ ਅਤੇ ਵਿਦੇਸ਼ਾਂ ਤੋਂ ਸੰਗਤਾਂ ਇਸ ਗੁਰੂ ਘਰ ਆਪਣੀਆਂ ਅਰਦਾਸਾਂ ਲੈ ਕੇ ਪਹੁੰਚ ਰਹੀਆਂ ਹਨ। ਵਿਦੇਸ਼ ਜਾਣ ਵਾਲੇ ਅਤੇ ਆਈਲੈਟਸ ਕਰਨ ਵਾਲੇ ਇਸ ਜਗ੍ਹਾ ਜਹਾਜ਼ ਚੜ੍ਹਾ ਕੇ ਜਾਂਦੇ ਹਨ।

ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਨੈਬ ਸਿੰਘ ਅਤੇ ਪ੍ਰਬੰਧਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਮਾਲਵਾ ਫ਼ੇਰੀ ਮੌਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਹੁੰਚੇ ਸਨ। ਪ੍ਰੰਤੂ ਇਸ ਜਗ੍ਹਾ ਤੇ ਪਹੁੰਚ ਕੇ ਗੁਰੂ ਸਾਹਿਬ ਦਾ ਘੋੜਾ ਰੁਕ ਗਿਆ ਸੀ। ਇਸ ਜਗ੍ਹਾ ਤੇ ਮੁਗਲਾਂ ਦੇ ਖੇਤਾਂ ਵਿੱਚ ਤੰਬਾਕੂ ਬੀਜਿਆ ਹੋਇਆ ਸੀ। ਇਸ ਮੌਕੇ ਗੁਰੂ ਸਾਹਿਬ ਨੇ ਹੁਕਮ ਫ਼ੁਰਮਾਇਆ ਸੀ ਕਿ ਉਹਨਾਂ ਦਾ ਘੋੜਾ ਤੰਬਾਕੂ ਦੇ ਖੇਤ ਵਿਚਕਾਰ ਦੀ ਨਹੀਂ ਜਾਵੇਗੀ।

ਇਸ ਗੁਰਦੁਆਰਾ ਸਾਹਿਬ ਵਿਚ ਲੱਗਦੇ ਨੇ ਕੈਨੇਡਾ ਤੇ ਅਮਰੀਕਾ ਦੇ ਵੀਜ਼ੇਗੁਰੂ ਸਾਹਿਬ ਨੇ ਕਿਹਾ ਸੀ ਕਿ ਇਸ ਜਗ੍ਹਾ ਤੇ ਜੋ ਵੀ ਸੰਗਤ ਆਵੇਗੀ, ਉਸਦੇ ਅੜੇ ਹੋਏ ਕੰਮ ਸਫ਼ਲ ਹੋਣਗੇ। ਉਹਨਾਂ ਕਿਹਾ ਕਿ ਇਸ ਜਗ੍ਹਾ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਕੇ ਅਰਦਾਸ ਬੇਨਤੀਆਂ ਕਰਦੀਆਂ ਹਨ। ਜਿਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸਤੋਂ ਇਲਾਵਾ ਇਸ ਜਗ੍ਹਾ ਦੁੱਧ-ਪੁੱਤ, ਬੀਮਾਰੀਆਂ ਤੋਂ ਛੁਟਕਾਰੇ, ਜ਼ਮੀਨਾਂ ਦੇ ਹੱਲ ਅਤੇ ਹੋਰ ਦੁੱਖ ਕਸਟ ਦੇ ਖ਼ਾਤਮੇ ਲਈ ਸੰਗਤਾਂ ਆਪਣੀ ਬੇਨਤੀ ਲੈ ਕੇ ਗੁਰੂ ਸਾਹਿਬ ਅੱਗੇ ਨਤਮਸਤਕ ਹੁੰਦੀਆਂ ਹਨ। ਉਹਨਾਂ ਦੱਸਿਆ ਕਿ ਇਸ ਜਗ੍ਹਾ ਅੱਜ ਕੱਲ੍ਹ ਬਰਨਾਲਾ ਸਮੇਤ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ, ਹਰਿਆਣਾ, ਦਿੱਲੀ, ਰਾਜਸਥਾਨ ਤੋਂ ਇਲਾਵਾ ਵਿਦੇਸ਼ਾਂ ਤੋਂ ਸੰਗਤਾਂ ਆਪਣੀਆਂ ਅਰਦਾਸਾਂ ਕਰਵਾਉਣ ਪਹੁੰਚ ਰਹੀਆਂ ਹਨ।ਆਈਲੈਟਸ ਕਰਕੇ ਖਾਸ ਕਰ ਵਿਦੇਸ਼ ਜਾਣ ਵਾਲੇ ਚੜ੍ਹਾ ਰਹੇ ਹਨ ਜਹਾਜ਼:-ਪ੍ਰਬੰਧਕਾਂ ਨੇ ਦੱਸਿਆ ਕਿ ਇਸ ਜਗ੍ਹਾ ਵਿਦੇਸ਼ ਜਾਣ ਵਾਲੇ ਖਾਸ ਕਰ ਆਈਲੈਟਸ ਅਤੇ ਬੈਂਡ ਵਾਲੇ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਵਲੋਂ ਭਾਵੇਂ ਇਸ ਮਨਮੱਤ ਲਈ ਸੰਗਤਾਂ ਨੂੰ ਰੋਕਿਆ ਜਾ ਰਿਹਾ ਹੈ। ਪਰ ਸੰਗਤਾਂ ਫਿ਼ਰ ਵੀ ਆਪਣੀ ਮਨੋਕਾਮਨਾ ਪੂਰਨ ਹੋਣ ਤੇ ਇੱਥੇ ਜਹਾਜ਼ ਵਗੈਰਾ ਚੜ੍ਹਾਉਣ ਆਉਂਦੀਆਂ ਹਨ।

ਜਲੰਧਰ ਦੇ ਪਿੰਡ ਤੱਲ੍ਹਣ ਵਿੱਚ ਇੱਕ ਅਜਿਹਾ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਹੈ,ਜਿਥੇ ਸੰਗਤਾਂ ਵਿਦੇਸ਼ ਜਾਣ ਲਈ ਇਥੇ ਸ਼ਰਧਾ ਨਾਲ ਅਰਦਾਸ ਕਰਵਾਉਣ, ਗੁਰੂ ਚਰਨਾਂ ਵਿਚ ਖਿਡੌਣਾ ਹਵਾਈ ਜਹਾਜ਼ ਚੜ੍ਹਾਉਣ ਆਉਂਦੀਆਂ ਹਨ ਤਾਂ ਜੋ ਵੀਜ਼ਾ ਲਗ ਜਾਵੇ। ਇਹ ਅੰਧ ਵਿਸ਼ਵਾਸ ਤੇਜ਼ੀ ਨਾਲ ਫੈਲ ਰਿਹਾ ਹੈ।ਸ਼ਹੀਦ ਬਾਬਾ ਨਿਹਾਲ ਸਿੰਘ ਗੁਰਦੁਆਰੇ ਦੀ ਮਾਨਤਾ ਅਜਿਹੀ ਹੈ ਕਿ ਹਫਤੇ ਦੇ ਅੰਤ ਵਿੱਚ 200 ਦੇ ਕਰੀਬ ਖਿਡੌਣਾ ਜਹਾਜ਼ ਗੁਰੂ ਚਰਨਾਂ ਵਿੱਚ ਭੇਟ ਕੀਤੇ ਜਾਂਦੇ ਹਨ। ਇਹ ਖਿਡੌਣੇ ਗੁਰਦੁਆਰੇ ਆਉਣ ਵਾਲੇ ਹੋਰ ਬੱਚਿਆਂ ਨੂੰ ਵੰਡੇ ਜਾਂਦੇ ਹਨ।