ਕੋਰੋਨਾ ਮਹਾਮਾਰੀ ਦੌਰਾਨ ਇਕੱਠੇ ਹੋਏ ਲੋਕਾਂ ਵਿਰੁੱਧ ਕਾਰਵਾਈ , 100 ਗ੍ਰਿਫਤਾਰ

ਕੋਰੋਨਾ ਮਹਾਮਾਰੀ ਦੌਰਾਨ ਇਕੱਠੇ ਹੋਏ ਲੋਕਾਂ ਵਿਰੁੱਧ ਕਾਰਵਾਈ , 100 ਗ੍ਰਿਫਤਾਰ

ਹਿੰਸਾ ਵਿਚ ਦੋ ਪੁਲਿਸ ਅਧਿਕਾਰੀ ਜ਼ਖਮੀ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਰਕੇ ਫਲੋਰੀਡਾ ਦੀ ਮਿਆਮੀ ਬੀਚ ਉਪਰ ਬਿਨਾਂ ਮਾਸਕ ਪਹਿਣੇ ਇਕੱਠੇ ਹੋਏ ਲੋਕਾਂ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਆਪੇ ਤੋਂ ਬਾਹਰ ਹੋਈ ਭੀੜ ਹਿੰਸਕ ਹੋ ਗਈ ਜਿਸ ਦੌਰਾਨ 2 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਲੋਕਾਂ ਨੂੰ ਬੀਚ ਉਪਰ ਇਕੱਠੇ ਨਾ ਹੋਣ ਦੇਣ ਲਈ 24 ਘੰਟੇ ਕੰਮ ਕਰ ਰਹੀ ਹੈ। 12-12 ਘੰਟੇ ਦੀਆਂ ਦੋ ਸ਼ਿਫਟਾਂ ਵਿਚ ਪੁਲਿਸ ਅਧਿਕਾਰੀ ਕੰਮ ਕਰ ਰਹੇ ਹਨ। ਮਿਆਮੀ ਬੀਚ ਦੇ ਬੁਲਾਰੇ ਬੀਬੀ ਵੀਰੋਨਿਕਾ ਪੇਸੀ ਨੇ ਕਿਹਾ ਹੈ ਕਿ ਫਲੋਰੀਡਾ ਵਿਚ ਮਾਸਕ ਨਾ ਪਾਉਣ ਵਾਲਿਆਂ ਨੂੰ ਜੁਰਮਾਨਾ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਲਈ ਅਸੀਂ ਮੁਫ਼ਤ ਮਾਸਕ ਦੀ ਪੇਸ਼ਕਸ਼ ਕਰ ਰਹੇ ਹਾਂ। ਮੇਅਰ ਡੈਨ ਗੈਲਬਰ ਨੇ ਕਿਹਾ ਹੈ ਕਿ ਲੋਕ ਭਾਰੀ ਗਿਣਤੀ ਵਿਚ ਬੀਚ ਉਪਰ ਆ ਰਹੇ ਹਨ ਜੋ ਸਾਡੇ ਲਈ ਚਿੰਤਾ ਦਾ ਵਿਸ਼ਾ  ਹੈ। ਇਥੇ ਜ਼ਿਕਰਯੋਗ ਹੈ ਕਿ ਫਲੋਰੀਡਾ ਵਿਚ ਕੋਰੋਨਾ ਮਾਮਲਿਆਂ ਵਿਚ ਆਈ ਗਿਰਾਵਟ ਤੋਂ ਬਾਅਦ ਦੁਬਾਰਾ ਫਿਰ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਫਲੋਰੀਡਾ ਵਿਚ ਕੁਲ 19,73,109 ਮਾਮਲੇ ਦਰਜ ਹੋਏ ਹਨ। ਸ਼ੁੱਕਰਵਾਰ ਤੋਂ ਬਾਅਦ 5167 ਨਵੇਂ ਮਾਮਲੇ ਸਾਹਮਣੇ ਆਏ ਹਨ।