ਕੋਰੋਨਾਵਾਇਰਸ ਅਤੇ ਭੁੱਖਮਰੀ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੂੰ ਸਲਾਹ

ਕੋਰੋਨਾਵਾਇਰਸ ਅਤੇ ਭੁੱਖਮਰੀ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੂੰ ਸਲਾਹ

ਸੁਖਵਿੰਦਰ ਸਿੰਘ
ਕੋਰੋਨਾਵਾਇਰਸ ਨਾਲ ਲੱਗੀਆਂ ਪਾਬੰਦੀਆਂ ਦੇ ਚਲਦਿਆਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਲੋਕ ਕਾਫੀ ਹੱਦ ਤਕ ਹਦਾਇਤਾਂ ਦਾ ਪਾਲਣ ਕਰ ਰਹੇ ਹਨ ਤੇ ਸਿੱਖੀ ਦਾ ਕੇਂਦਰ ਹੋਣ ਕਾਰਨ ਪੰਜਾਬ ਵਿਚ ਭੁੱਖਮਰੀ ਵਰਗੇ ਹਾਲਾਤ ਵੀ ਨਹੀਂ ਬਣ ਰਹੇ। ਜਿੱਥੇ ਸਰਕਾਰ ਵੱਲੋਂ ਵੀ ਕੁੱਝ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਗੁਰਦੁਆਰਾ ਸਾਹਿਬਾਨ ਵਿਚੋਂ ਲੰਗਰ ਬਣਾ ਕੇ ਲੋੜਵੰਦਾਂ ਨੂੰ ਵੰਡਿਆ ਜਾ ਰਿਹਾ ਹੈ। ਪਰ 14 ਤਰੀਕ ਤੱਕ ਚੱਲਣ ਵਾਲੀ ਇਸ ਪਾਬੰਦੀ ਵਿਚ ਆਉਂਦੇ ਦਿਨਾਂ ਨੂੰ ਪੰਜਾਬ ਅੰਦਰ ਵੀ ਹਾਲਾਤ ਮਾੜੇ ਬਣ ਸਕਦੇ ਹਨ। ਅਜਿਹੇ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰੀ ਅਮਲਾ ਉਸ ਤਰ੍ਹਾਂ ਕਾਰਗਰ ਤਰੀਕੇ ਨਾਲ ਸੇਵਾ ਦੇ ਕਾਰਜ ਨਹੀਂ ਕਰ ਸਕਦਾ ਜਿਸ ਤਰ੍ਹਾਂ ਪਿੰਡਾਂ-ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਨਾਲ ਜੁੜੀਆਂ ਸੰਸਥਾਵਾਂ ਨੂੰ ਇਸ ਦਾ ਤਜ਼ਰਬਾ ਹੈ। ਪੰਜਾਬ ਸਰਕਾਰ ਨੂੰ ਇਸ ਸਮੇਂ ਇਹਨਾਂ ਸੰਸਥਾਵਾਂ ਦੀ ਮਦਦ ਲੈਣੀ ਚਾਹੀਦੀ ਹੈ ਤੇ ਹੰਗਾਮੀ ਬੈਠਕ ਕਰਕੇ ਆਪਣੇ ਪ੍ਰਸ਼ਾਸਨ ਦੀ ਬਜਾਏ ਇਹਨਾਂ ਸੰਸਥਾਵਾਂ ਨੂੰ ਸੇਵਾ ਦੀ ਜ਼ਿੰਮੇਵਾਰੀ ਦੇਣ ਲਈ ਨੀਤੀ ਬਣਾਉਣੀ ਚਾਹੀਦੀ ਹੈ। ਇਸ ਲਈ ਕਾਰਗਰ ਤਰੀਕਾ ਇਹ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਮਿਲ ਕੇ ਇਸ ਬਿਪਤਾ ਦੇ ਸਮੇਂ ਕੰਮ ਕਰਨ। 

ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿਚ ਬਣੀਆਂ ਕਮੇਟੀਆਂ ਨੂੰ ਡੀਸੀ ਰਾਹੀਂ ਪਾਸ ਮੁਹੱਈਆ ਕਰਵਾਏ ਜਾਣ ਤੇ ਸਰਪੰਚ ਨੂੰ ਪਿੰਡ ਦੇ ਇਸ ਸੇਵਕ ਜਥੇ ਦਾ ਨਿਗਰਾਨ ਬਣਾਇਆ ਜਾਵੇ। ਖਿਆਲ ਰੱਖਿਆ ਜਾਵੇ ਕਿ ਜਥਾ ਬਣਾਉਣ ਦੀ ਜ਼ਿੰਮੇਵਾਰੀ ਗੁਰਦੁਆਰਾ ਕਮੇਟੀ ਅਤੇ ਡੀਸੀ ਦੀ ਹੋਵੇ, ਸਰਪੰਚ ਸਿਰਫ ਪਿੰਡ ਦੇ ਨਿਗਰਾਨ ਵਜੋਂ ਵਿਚਰੇ। ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਰਾਸ਼ਨ ਇਹਨਾਂ ਸੇਵਕ ਜਥਿਆਂ ਤਕ ਪਹੁੰਚਾਇਆ ਜਾਵੇ ਤੇ ਇਸ ਰਾਸ਼ਨ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਇਕੱਠਾ ਹੋਇਆ ਰਾਸ਼ਨ ਪਿੰਡੋਂ ਜੋੜਿਆ ਜਾਵੇ। ਇਸ ਰਾਸ਼ਨ ਨੂੰ ਪਿੰਡ ਦੇ ਲੋੜਵੰਦ ਪਰਿਵਾਰਾਂ ਤਕ ਪਹੁੰਚਦਾ ਕੀਤਾ ਜਾਵੇ। ਇਹ ਸੇਵਕ ਜਥਾ ਪਿੰਡ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਦਾ ਵੀ ਜ਼ਿੰਮੇਵਾਰ ਹੋਵੇ ਕਿਉਂਕਿ ਇਹਨਾਂ ਕੋਲ ਕਰਫਿਊ ਪਾਸ ਹੋਣਗੇ। 

ਸ਼ਹਿਰਾਂ ਅਤੇ ਕਸਬਿਆਂ ਵਿਚ ਸ਼੍ਰੋਮਣੀ ਕਮੇਟੀ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਦੇ ਇਸੇ ਤਰ੍ਹਾਂ ਦੇ ਸੇਵਕ ਜਥੇ ਬਣਾਏ ਜਾਣ ਜੋ ਉਪਰੋਕਤ ਤਰਜ 'ਤੇ ਹੀ ਸ਼ਹਿਰਾਂ-ਕਸਬਿਆਂ ਦੇ ਲੋੜਵੰਦਾਂ ਤਕ ਰਾਸ਼ਨ ਪਹੁੰਚਾਉਣ। ਇਸ ਕੰਮ ਵਿਚ ਵੀ ਵਾਰਡ ਦੇ ਨੁਮਾਂਇੰਦੇ ਨੂੰ ਸਿਰਫ ਨਿਗਰਾਨ ਵਜੋਂ ਰੱਖਿਆ ਜਾਵੇ ਪਰ ਬਾਕੀ ਕਾਰਜ ਸੇਵਕ ਜਥੇ ਅਤੇ ਡੀਸੀ ਦੇ ਜ਼ਿੰਮੇ ਲਾਏ ਜਾਣ। 

ਸਰਕਾਰੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਖਾਦ ਪਦਾਰਥਾਂ ਦੀ ਪਹੁੰਚ ਨੂੰ ਮੰਡੀਆਂ ਤੱਕ ਯਕੀਨੀ ਬਣਾਉਣ, ਦਵਾਈਆਂ ਦੀ ਸਪਲਾਈ ਪੂਰੀ ਰੱਖਣ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੀ ਲਾਈ ਜਾਵੇ। ਇਹਨਾਂ ਦਿਨਾਂ ਦੌਰਾਨ ਪੰਜਾਬ ਸਰਕਾਰ ਨੂੰ ਵੱਧ ਤੋਂ ਵੱਧ ਲੋਕਾਂ ਦੇ ਅਲੱਗ ਅਲੱਗ ਖਿੱਤਿਆਂ ਵਿਚ ਟੈਸਟ ਕਰਨ ਦੀ ਗਤੀ ਤੇਜ ਕਰਨੀ ਚਾਹੀਦੀ ਹੈ ਤਾਂ ਕਿ ਪਾਬੰਦੀਆਂ ਹਟਣ ਤਕ ਅਜਿਹੇ ਖੇਤਰਾਂ ਦੀ ਨਿਸ਼ਾਨਦੇਹੀ ਹੋ ਸਕੇ ਜਿੱਥੇ ਕੋਰੋਨਾਵਾਇਰਸ ਦੇ ਮਾਮਲੇ ਜ਼ਿਆਦਾ ਹਨ। ਉਹਨਾਂ ਖਿੱਤਿਆਂ ਵਿਚ ਜ਼ਰੂਰੀ ਕਦਮ ਚੁੱਕ ਕੇ ਬਿਮਾਰੀ ਨੂੰ ਅੱਗੇ ਫੈਲਣ ਤੋਂ ਰਕਿਆ ਜਾ ਸਕੇ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।