ਲੋਕ-ਸੰਗੀਤ ਅਤੇ ਸਿੱਖ ਢਾਡੀ ਪਰੰਪਰਾ ਵਿਚ ਨਾਮਵਰ ਢਾਡੀਆਂ ਦਾ ਯੋਗਦਾਨ

ਲੋਕ-ਸੰਗੀਤ ਅਤੇ ਸਿੱਖ ਢਾਡੀ ਪਰੰਪਰਾ ਵਿਚ  ਨਾਮਵਰ ਢਾਡੀਆਂ ਦਾ ਯੋਗਦਾਨ

ਲੋਕ-ਸੰਗੀਤ ਤੇ ਸਿੱਖ-ਸੰਗੀਤ ਦੀ ਢਾਡੀ ਪਰੰਪਰਾ ਦਾ ਵਿਰਸਾ ਬਹੁਤ ਅਮੀਰ ਅਤੇ ਵਿਲੱਖਣ ਹੈ।

ਦੋਨਾਂ ਪਰੰਪਰਾਵਾਂ 'ਚ ਸਾਰੰਗੀ ਸਾਜ਼ ਬਹੁਤ ਸੁਰੀਲਾ ਅਤੇ ਪ੍ਰਮੁੱਖ ਸਾਜ਼ ਹੈ। ਨਾ ਕੇਵਲ ਪੰਜਾਬ ਦੀ ਲੋਕ-ਸੰਗੀਤ ਵਿਰਾਸਤ 'ਚ ਸਗੋਂ ਉੱਤਰ ਅਤੇ ਪੂਰਬ ਭਾਰਤ ਦੇ ਵੱਖ-ਵੱਖ ਪ੍ਰਾਂਤਾਂ 'ਚ ਸਾਰੰਗੀ ਸਾਜ਼ ਦਾ ਵਿਸ਼ੇਸ਼ ਸਥਾਨ ਹੈ। ਲੋਕ-ਸੰਗੀਤ ਤੋਂ ਹੀ ਸਫ਼ਰ ਕਰਦਾ ਸਾਰੰਗੀ ਸਾਜ਼ ਸ਼ਾਸਤਰੀ ਸੰਗੀਤ ਪਰੰਪਰਾ ਦਾ ਮਹੱਤਵਪੂਰਨ ਸਾਜ਼ ਬਣਿਆ। ਇਸ ਦੀ ਉਤਪਤੀ ਕਦੋਂ ਅਤੇ ਕਿਵੇਂ ਹੋਈ, ਇਸ ਬਾਰੇ ਕਹਿਣਾ ਬਹੁਤ ਕਠਿਨ ਹੈ। ਕੁਝ ਵਿਦਵਾਨਾਂ ਅਨੁਸਾਰ ਜਦੋਂ ਮੁਗ਼ਲ ਭਾਰਤ ਆਏ ਤਾਂ ਉਨ੍ਹਾਂ ਨਾਲ ਵੱਖ-ਵੱਖ ਸੰਗੀਤਕਾਰ ਅਤੇ ਵਾਦਨਕਾਰ ਵੀ ਆਏ। ਇਨ੍ਹਾਂ 'ਚ ਸਾਰੰਗੀ ਵਾਦਕ ਵੀ ਸਨ ਪ੍ਰੰਤੂ ਉਸ ਸਮੇਂ ਇਸ ਸਾਜ਼ ਨੂੰ ਸਾਰੰਗੀ ਨਹੀਂ ਸੀ ਕਿਹਾ ਜਾਂਦਾ। ਹੌਲੀ-ਹੌਲੀ ਇਸ ਦਾ ਨਾਂਅ ਬਦਲਦਾ-ਬਦਲਦਾ ਸਾਰੰਗੀ ਪੈ ਗਿਆ, ਪਰੰਤੂ ਇਸ ਬਾਰੇ ਸਪੱਸ਼ਟ ਪ੍ਰਮਾਣ ਨਹੀਂ ਮਿਲਦੇ। ਉੱਤਰ ਭਾਰਤ ਦੇ ਵੱਖ-ਵੱਖ ਪ੍ਰਾਂਤਾਂ 'ਚ ਇਸ ਦੇ ਵੱਖ-ਵੱਖ ਨਾਂਅ ਪ੍ਰਚੱਲਿਤ ਹਨ। ਸਿੰਧੀ ਸਾਰੰਗੀ, ਧਨੀ ਸਾਰੰਗੀ, ਗੁਜਰਾਤੀ ਸਾਰੰਗੀ, ਪੰਜਾਬੀ ਅਤੇ ਕਸ਼ਮੀਰੀ ਸਾਰੰਗੀ ਆਦਿ। ਰਾਜਸਥਾਨੀ ਸਾਰੰਗੀ ਨੂੰ 'ਡੇਢ ਪਸਲੀ ਸਾਰੰਗੀ 'ਕਿਹਾ ਜਾਂਦਾ ਹੈ। ਗੁਜਰਾਤੀ ਅਤੇ ਸਿੰਧੀ ਸਾਰੰਗੀ ਦੀ ਵਰਤੋਂ ਰਾਜਸਥਾਨ 'ਚ ਲੰਗਾ ਜਾਤੀ ਦੇ ਲੋਕ-ਕਲਾਕਾਰ ਕਰਦੇ ਹਨ। ਜੰਮੂ-ਕਸ਼ਮੀਰ 'ਚ ਸਾਰੰਗਾ ਅਤੇ ਮੱਧ ਪ੍ਰਦੇਸ਼ 'ਚ 'ਜੰਤਰ' ਨਾਂਅ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਪੰਜਾਬੀ ਲੋਕ-ਸੰਗੀਤ ਪਰੰਪਰਾ 'ਚ ਸਾਰੰਗੀ ਨਾਲ ਤਾਲ ਦੇਣ ਲਈ ਢੱਡ ਸਾਜ਼ ਦੀ ਵਰਤੋਂ ਹੁੰਦੀ ਹੈ। ਢੱਡ ਸਾਰੰਗੀ ਨਾਲ ਗਾਉਣ ਨੂੰ ਢਾਡੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ। ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਨੇ ਜ਼ੁਲਮ ਦਾ ਟਾਕਰਾ ਕਰਨ ਲਈ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤਾਂ ਸਿੱਖਾਂ 'ਚ ਜੋਸ਼ ਭਰਨ ਲਈ ਢਾਡੀ ਪਰੰਪਰਾ ਨੂੰ ਸ਼ੁਰੂ ਕੀਤਾ ਅਤੇ ਰਬਾਬੀ ਭਾਈ ਨੱਥਾ ਅਤੇ ਭਾਈ ਅਬਦੁੱਲਾ ਪਹਿਲੇ ਢਾਡੀ ਹੋਏ, ਜਿਨ੍ਹਾਂ ਨੇ ਵਾਰਾਂ ਦਾ ਗਾਇਨ ਕੀਤਾ। ਭਾਈ ਸੰਤੋਖ ਸਿੰਘ 'ਗੁਰ ਪ੍ਰਤਾਪ ਸੂਰਜ ਪ੍ਰਕਾਸ਼' ਗ੍ਰੰਥ 'ਚ ਲਿਖਦੇ ਹਨ; ਢਾਢੀ ਚਲ ਆਇਓ। ਭਏ ਸੁਭਦ ਤਿਨ ਕੋ ਜਸਿ ਗਾਇਉ। ਜਿਸ ਕੇ ਸੁਨਤ ਬੀਰ ਰਸ ਜਾਗੈ। ਕਾਇਰ ਸੋ ਭੀ ਲਰੈ ਨ ਭਾਗੈ। ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀਆਂ 22 ਅਧਿਆਤਮਿਕ ਵਾਰਾਂ 'ਚੋਂ ਨੌਂ ਵਾਰਾਂ ਉੱਤੇ ਪੁਰਾਤਨ ਲੋਕ-ਸੰਗੀਤ 'ਚ ਪ੍ਰਚੱਲਿਤ ਵਾਰਾਂ ਦੀਆਂ ਧੁਨੀਆਂ ਨੂੰ ਅੰਕਿਤ ਕਰਵਾਇਆ। ਲੋਕ-ਸੰਗੀਤ ਅਤੇ ਸਿੱਖ ਢਾਡੀ ਪਰੰਪਰਾ 'ਚ ਬਹੁਤ ਨਾਮਵਰ ਢਾਡੀਆਂ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ, ਜਿਨ੍ਹਾਂ 'ਚ ਬਾਪੂ ਕਰਨੈਲ ਸਿੰਘ ਰਾਮੂਵਾਲੀਆ, ਪਾਲ ਸਿੰਘ ਪੰਛੀ, ਦੀਦਾਰ ਸਿੰਘ ਰਟੈਂਡਾ, ਅਮਰ ਸਿੰਘ ਸ਼ੌਂਕੀ, ਦੇਸਰਾਜ ਲਚਕਾਣੀ, ਇੰਦਰਜੀਤ ਸਿੰਘ ਸ਼ੇਰਪੁਰੀ, ਈਦੂ ਸ਼ਰੀਫ਼, ਭਾਈ ਦਲੀਪ ਸਿੰਘ ਵਿਸ਼ੇਸ਼ ਹਨ।

ਲੋਕ-ਸੰਗੀਤ 'ਚ ਵਰਤੀ ਜਾਂਦੀ ਸਾਰੰਗੀ ਸ਼ਾਸਤਰੀ ਸੰਗੀਤ ਦੀ ਸਾਰੰਗੀ ਨਾਲੋਂ ਆਕਾਰ 'ਚ ਛੋਟੀ ਹੁੰਦੀ ਹੈ। ਇਸੇ ਲਈ ਇਸ ਨੂੰ 'ਟੋਟਾ' ਵੀ ਕਿਹਾ ਜਾਂਦਾ ਹੈ। ਇਸ ਦੀਆਂ ਚਾਰ ਤਾਰਾਂ ਜਾਂ ਤੰਦੀਆਂ ਹੁੰਦੀਆਂ ਹਨ ਅਤੇ 10 ਤਰਬਾਂ ਦੀਆਂ ਤਾਰਾਂ ਵੀ ਹੁੰਦੀਆਂ ਹਨ। ਇਸ ਦੇ ਗਜ਼ ਨੂੰ ਘੂੰਗਰੂ ਬੰਨ੍ਹੇ ਹੁੰਦੇ ਹਨ। ਅਜੋਕੇ ਸਮੇਂ 'ਚ ਬਹੁਤ ਸਾਰੇ ਨੌਜਵਾਨ ਸਾਰੰਗੀ ਵਾਦਕ ਸਿੱਖ ਢਾਡੀ ਪਰੰਪਰਾ ਅਤੇ ਲੋਕ-ਸੰਗੀਤ ਵਿਚ ਸਾਰੰਗੀ ਸਾਜ਼ ਨੂੰ ਜੀਵਤ ਰੱਖਣ 'ਚ ਆਪਣਾ ਯੋਗਦਾਨ ਪਾ ਰਹੇ ਹਨ, ਜਿਨ੍ਹਾਂ 'ਚ ਸ. ਰਣਧੀਰ ਸਿੰਘ ਧੀਰਾ, ਭਾਈ ਗੁਰਪ੍ਰੀਤ ਸਿੰਘ ਅਮਰਗੜ੍ਹ, ਇਕਬਾਲ ਮੁਹੰਮਦ, ਗੁਰਪ੍ਰੀਤ ਸਿੰਘ ਮਾਛੀਵਾੜਾ, ਹਰਪਿੰਦਰ ਸਿੰਘ ਕੰਗ, ਆਦਿਲ ਖਾਂ ਅਤੇ ਤਰਨਪ੍ਰੀਤ ਸਿੰਘ ਸ਼ੇਰਪੁਰੀ ਵਿਸ਼ੇਸ਼ ਹਨ। ਸਾਰੰਗੀ ਸਾਜ਼ ਦੀ ਸਿਖਲਾਈ ਕਠਿਨ ਸਾਧਨਾ ਦੁਆਰਾ ਹੀ ਸੰਪੂਰਨ ਹੋ ਸਕਦੀ ਹੈ, ਇਸ ਲਈ ਗੁਰੂ-ਸ਼ਿਸ਼ ਪਰੰਪਰਾ ਦੁਆਰਾ ਕਿਸੇ ਚੰਗੇ ਉਸਤਾਦ ਦੀ ਦੇਖ-ਰੇਖ 'ਚ ਹੀ ਸੰਭਵ ਹੋ ਸਕਦਾ ਹੈ।

 

ਪ੍ਰੋਫੈਸਰ ਜਗਪਿੰਦਰ ਪਾਲ ਸਿੰਘ

-ਮੁਖੀ ਸੰਗੀਤ ਅਤੇ ਗੁਰਮਤਿ ਸੰਗੀਤ ਵਿਭਾਗ

ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ