ਦੇਸ ਪੰਜਾਬ ਦੀ ਆਜ਼ਾਦੀ, ਅਖੰਡਤਾ ਦੇ ਪ੍ਰਤੀਕ ਸਿਖ  ਰਾਜ ਦੇ   ਸਿੱਕੇ

ਦੇਸ ਪੰਜਾਬ ਦੀ ਆਜ਼ਾਦੀ, ਅਖੰਡਤਾ ਦੇ ਪ੍ਰਤੀਕ ਸਿਖ  ਰਾਜ ਦੇ   ਸਿੱਕੇ

ਸਿੱਕੇ ਕਿਸੇ ਵੀ ਰਾਜ ਦੇ ਸ਼ਾਸਕ, ਸਵਤੰਤਰਤਾ, ਮਾਨਤਾਵਾਂ, ਖੁਸ਼ਹਾਲਤਾ, ਵਿਚਾਰਧਾਰਾ, ਤਸ਼ੱਦਦ ਅਤੇ ਆਰੰਭਤਾ ਦੇ ਪ੍ਰਮੁੱਖ ਚਿੰਨ੍ਹ ਹੁੰਦੇ ਹਨ।

17ਵੀਂ ਸਦੀ ਦੇ ਅੰਤ ਅਤੇ 19ਵੀਂ ਸਦੀ ਦੇ ਸ਼ੁਰੂਆਤੀ ਸਾਲ ਹਿੰਦੋਸਤਾਨ ਦੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਅਹਿਮ ਸਨ। ਗੁਰੂ ਗੋਬਿੰਦ ਸਿੰਘ ਵੱਲੋਂ 1699 ਈ. ਵਿੱਚ ‘ਖਾਲਸਾ’ ਸਿਰਜਣਾ, ਆਨੰਦਪੁਰ ਸਾਹਿਬ ਦੀਆਂ ਜੰਗਾਂ, ਸਾਹਿਬਜ਼ਾਦਿਆਂ ਅਤੇ ਸਿੰਘਾਂ ਦੀਆਂ ਸ਼ਹਾਦਤਾਂ, ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ‘ਜ਼ਫ਼ਰਨਾਮਾ’ ਭੇਜਣਾ, ਔਰੰਗਜ਼ੇਬ ਦੀ ਮੌਤ, ਗੁਰੂ ਗੋਬਿੰਦ ਸਿੰਘ ਦਾ ਨਾਂਦੇੜ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਾਹੁਲ ਛਕਾ ਕੇ 25 ਸਿੰਘਾਂ ਅਤੇ ਪੰਜ ਪਿਆਰਿਆਂ ਨਾਲ ਪੰਜਾਬ ਨੂੰ ਮੁਗਲਾਂ ਦੀ ਗੁਲਾਮੀ ਤੋਂ ਆਜ਼ਾਦ ਕਰਾ ਕੇ ਖਾਲਸਾ ਰਾਜ ਸਥਾਪਿਤ ਕਰਨ ਲਈ ਭੇਜਣਾ, ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ‘ਗੁਰੂ’ ਥਾਪਣਾ ਆਦਿ ਅਤਿ ਮਹੱਤਵਪੂਰਨ ਘਟਨਾਵਾਂ ਸਨ।

ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚ ਦਾਖਲ ਹੁੰਦੇ ਹੀ ਸਾਰੇ ਧਰਮਾਂ ਦੇ ਲੋਕਾਂ ਨੂੰ ਮੁਗਲਾਂ ਦੇ ਜ਼ੁਲਮਾਂ ਖ਼ਿਲਾਫ਼ ਇਕਜੁੱਟ ਕੀਤਾ ਅਤੇ 1709 ਤੋਂ 1710 ਈ. ਦੌਰਾਨ ਸਮਾਣਾ, ਸਢੌਰਾ, ਕਪੂਰੀ ਅਤੇ ਚੱਪੜਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਨੂੰ ਹਰਾ ਕੇ ਸਰਹੰਦ ’ਤੇ ਫ਼ਤਹਿ ਹਾਸਲ ਕਰਕੇ ਖਾਲਸਾ ਰਾਜ ਸਥਾਪਤ ਕੀਤਾ। ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਜ਼ਮੀਨਦਾਰੀ ਪਰੰਪਰਾ ਖਤਮ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੀ ਮਲਕੀਅਤ ਦੇ ਅਧਿਕਾਰ ਦੇਣ ਦਾ ਫ਼ੈਸਲਾ ਕੀਤਾ ਅਤੇ ਖਾਲਸਾ ਰਾਜ ਦੇ ਪਹਿਲੇ ਸਿੱਕੇ, ਮੋਹਰ ਅਤੇ ਕੈਲੰਡਰ ਵੀ ਜਾਰੀ ਕਰ ਦਿੱਤੇ। ਇਹ ਸਿੱਕੇ 1710 ਈ: ਤੋਂ 1713 ਈ: ਵਿੱਚ ਜਾਰੀ ਕੀਤੇ ਗਏ, ਜੋ ਕਿ ਸਿੱਖ ਗੁਰੂਆਂ ਦੇ ਨਾਂ ’ਤੇ ਆਧਾਰਿਤ ਹੋਣ ਕਰਕੇ ਨਾਨਕਸ਼ਾਹੀ ਕਹਿਲਾਏ। ਨਾਨਕਸ਼ਾਹੀ ਸਿੱਕੇ ਖਾਲਸਾ ਰਾਜ ਦੀ ਆਰੰਭਤਾ, ਸਵਤੰਤਰਤਾ, ਖੁਦਮੁਖਤਿਆਰੀ ਅਤੇ ਗੁਲਾਮੀ ਦੀ ਮਾਨਸਿਕਤਾ ਨੂੰ ਤੋੜਨ ਦੇ ਨਿਸ਼ਾਨ ਬਣੇ। ਇਨ੍ਹਾਂ ਸਿੱਕਿਆਂ ’ਤੇ ਫਾਰਸੀ ਭਾਸ਼ਾ ਦੀ ਵਰਤੋਂ ਕੀਤੀ ਗਈ ਅਤੇ ਧਾਤ ਦੇ ਤੌਰ ’ਤੇ ਚਾਂਦੀ ਵਰਤੀ ਗਈ ਸੀ। ਪਹਿਲੇ ਸਿੱਖ ਸਿੱਕਿਆਂ ’ਤੇ ਹੇਠ ਲਿਖੇ ਸ਼ਬਦ ਅੰਕਿਤ ਕੀਤੇ ਗਏ ਸਨ;

ਅੱਗੇ: ਸਿੱਕਾ ਯਦ ਬਰ ਹਰ ਦੋ ਆਲਮ ਤੇਗ-ਏ-ਨਾਨਕ ਵਾਹਬਿ ਅਸਤ ਫ਼ਤਹਿ ਗੋਬਿੰਦ ਸਿੰਘ ਸ਼ਾਹ-ਏ-ਸ਼ਾਹਾਂ ਫ਼ਜ਼ਲ ਸੱਚਾ ਸਾਹਿਬ ਅਸਤ ਪਿੱਛੇ:  ਜ਼ਰਬ ਬਾ-ਅਮਨ-ਅਲ-ਦੀਨ ਮਾਸਵਾਰਤ ਸ਼ਹਿਰ ਜ਼ੀਨਤ-ਅਲ-ਤਖ਼ਤ ਖਾਲਸਾ ਮੁਬਾਰਕ ਬਖ਼ਤ ਸਿੱਖਾਂ ਦਾ ਪਹਿਲਾ ਰਾਜ ਬਹੁਤਾ ਲੰਮਾ ਸਮਾਂ ਸਥਾਪਿਤ ਨਹੀਂ ਰਹਿ ਸਕਿਆ। 1715 ਈ: ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਨੂੰ ਗੁਰਦਾਸ ਨੰਗਲ ਦੀ ਗੜ੍ਹੀ ’ਚੋਂ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ। ਇਥੇ ਉਨ੍ਹਾਂ ਨੂੰ ਬਾਦਸ਼ਾਹ ਫਰਖਸੀਅਰ ਦੇ ਹੁਕਮਾਂ ’ਤੇ ਜੂਨ 1716 ਈ: ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਖਾਲਸੇ ਦਾ ਪਹਿਲਾ ਰਾਜ ਅਤੇ ਪਹਿਲੇ ਸਿੱਕੇ ਖਤਮ ਹੋ ਗਏ।

ਅਗਲੇ ਪੰਜਾਹ ਸਾਲਾਂ (1715-1765) ਵਿੱਚ ਨਾਦਰ ਸ਼ਾਹ ਦਾ ਦਿੱਲੀ ਨੂੰ ਲੁੱਟਣਾ, ਮੁਗਲਾਂ ਦੀ ਸ਼ਾਨ ਦਾ ਖ਼ਤਮ ਹੋਣਾ, ਅਹਿਮਦ ਸ਼ਾਹ ਅਬਦਾਲੀ ਦੇ ਨਿਰੰਤਰ ਹਮਲੇ, ਪਾਣੀਪਤ ਦੇ ਰਣ ਵਿੱਚ ਮਰਾਠਿਆਂ ਦਾ ਅਬਦਾਲੀ ਦੇ ਹੱਥੋਂ ਹਾਰਨਾ, ਸਿੱਖਾਂ ਦਾ ਮਿਸਲਾਂ ਦੇ ਰੂਪ ਵਿੱਚ ਇਕਜੁੱਟ ਹੋ ਕੇ ਅਬਦਾਲੀ ਨੂੰ ਪੰਜਾਬ ਤੋਂ ਭਜਾਉਣਾ ਅਤੇ ਆਪ ਜਮਨਾ ਤੋਂ ਇੰਡਸ ਤੱਕ ਦੇ ਇਲਾਕਿਆਂ ਵਿੱਚ ਕਾਬਜ਼ ਹੋ ਕੇ ਮੁੜ ਤੋਂ ਪੰਜਾਬ ਦਾ ਸਰਦਾਰ ਬਣ ਜਾਣਾ ਵਿਸ਼ੇਸ਼ ਘਟਨਾਵਾਂ ਸਨ। ਇਹ ਸਰਦਾਰੀ ਸਿੱਖਾਂ ਨੂੰ ਬੇਅੰਤ ਮੁਸ਼ਕਲਾਂ ਅਤੇ ਦੋ ਲੱਖ ਬਹਾਦਰ ਸਿੰਘਾਂ-ਸਿੰਘਣੀਆਂ ਦੇ ਸਿਰਾਂ ਦੀ ਕੁਰਬਾਨੀ ਦੇ ਕੇ ਹਾਸਲ ਹੋਈ ਸੀ। ਫਲਸਰੂਪ ਸਿੱਖਾਂ ਨੇ ਲਾਹੌਰ ਤੋਂ 1765 ਈ: ਵਿੱਚ ਚਾਂਦੀ ਦੇ ਸਿੱਕੇ ਜਾਰੀ ਕੀਤੇ ਜੋ ਕਿ ਪੰਜਾਬ ਦੀ ਆਜ਼ਾਦੀ, ਅਖੰਡਤਾ ਅਤੇ ਸੰਯੁਕਤਾ ਦੇ ਪ੍ਰਤੀਕ ਸਨ। ਇਨ੍ਹਾਂ ਸਿੱਕਿਆਂ ’ਤੇ ਹੇਠ ਲਿਖੇ ਸ਼ਬਦ ਅੰਕਿਤ ਕੀਤੇ ਗਏ ਸਨ।

ਅੱਗੇ: ਦੇਗ ਤੇਗ ਫ਼ਤਹਿ ਓ ਨੁਸਰਤ ਬੇਦਰੰਗ

ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ

ਪਿੱਛੇ:   ਜ਼ਰਬ ਦਰ-ਅਲ-ਸਲਤਨਤ ਲਾਹੌਰ       ਸੰਮਤ 1822

ਇਨ੍ਹਾਂ ਸਿੱਕਿਆਂ ’ਤੇ ਜਿਹੜੇ ਸ਼ਬਦ ‘ਅੱਗੇ’ ਅੰਕਿਤ ਕੀਤੇ ਗਏ ਸਨ, ਉਹ ਹੀ ਸ਼ਬਦ ਬਾਬਾ ਬੰਦਾ ਸਿੰਘ ਬਹਾਦਰ ਦੀ ਮੋਹਰ ਅਤੇ ਹੁਕਮਨਾਮਿਆਂ ’ਤੇ ਵੀ ਵਰਤੇ ਗਏ। ਦਸ ਸਾਲਾਂ ਬਾਅਦ 1775 ਈ: ਵਿੱਚ ਸਿੱਖਾਂ ਨੇ ਅੰਮ੍ਰਿਤਸਰ ਸ਼ਹਿਰ ਤੋਂ ਵੀ ਸਿੱਕੇ ਜਾਰੀ ਕੀਤੇ। ਇਸ ਦੇ ‘ਅੱਗੇ’ ਵਾਲੇ ਸ਼ਬਦ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਜਾਰੀ ਕੀਤੇ ਗਏ ਸਿੱਕੇ ਵਾਲੇ ਹੀ ਸਨ, ਪਰ ‘ਪਿੱਛੇ’ ਅੰਮ੍ਰਿਤਸਰ ਸ਼ਹਿਰ ਅਤੇ ਅਕਾਲ ਤਖ਼ਤ ਦਾ ਨਾਮ ਅੰਕਿਤ ਕੀਤਾ ਗਿਆ ਸੀ। ਇਨ੍ਹਾਂ ਸਿੱਕਿਆਂ ’ਤੇ 1783 ਈ: ਤੋਂ ਨਿਰੰਤਰ ਦਰੱਖਤਾਂ ਦੀਆਂ ਪੱਤੀਆਂ ਵੀ ਅੰਕਿਤ ਕੀਤੀਆਂ ਜਾਣ ਲੱਗੀਆਂ ਸਨ। ਇਨ੍ਹਾਂ ਪੱਤੀਆਂ ਨੂੰ 1781 ਤੋਂ 1783 ਈ: ਵਿੱਚ ਆਏ ਭਿਆਨਕ ਅਕਾਲ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਸਿੱਖ ਮਿਸਲਾਂ ਨੇ ਮਿਲ ਕੇ ਪੱਛਮ ਤੋਂ ਆਉਣ ਵਾਲੇ ਹਮਲਾਵਰਾਂ ’ਤੇ ਮੁਕੰਮਲ ਰੋਕ ਲਾ ਦਿੱਤੀ ਸੀ, ਪਰ ਹੁਣ ਇਹ ਮਿਸਲਾਂ ਧਨ, ਜ਼ਮੀਨ ਅਤੇ ਅਹੰਕਾਰ ਕਰਕੇ ਆਪਸ ਵਿਚ ਜੰਗਾਂ ਕਾਰਨ ਲੱਗ ਪਈਆਂ ਸਨ। ਇਨ੍ਹਾਂ ਮਿਸਲਾਂ ਨੂੰ ਇੱਕ ਕਰਨ ਅਤੇ ਪੰਜਾਬ ਨੂੰ ਬਾਹਰੀ ਹਮਲਿਆਂ ਤੋਂ ਬਚਾਉਣ ਲਈ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੇ ਸਿਰ ਤੋੜ ਰਣਨੀਤੀ, ਕੂਟਨੀਤੀ ਅਤੇ ਰਿਸ਼ਤੇਦਾਰੀਆਂ ਦਾ ਪ੍ਰਯੋਗ ਕਰਕੇ ਪੰਜਾਬ ਨੂੰ ਇੱਕ ਵੱਡੇ ਰਾਜ ਵਿੱਚ ਤਬਦੀਲ ਕਰ ਦਿੱਤਾ। ਇਸ ਦੀਆਂ ਸੀਮਾਵਾਂ ਉੱਤਰ ਵਿੱਚ ਲੱਦਾਖ,  ਪੂਰਬ ਵਿੱਚ ਸਤਲੁਜ, ਦੱਖਣ ਵਿੱਚ ਸਿੰਧ ਅਤੇ ਪੱਛਮ ਵਿੱਚ ਅਫ਼ਗਾਨਿਸਤਾਨ ਤੱਕ ਲੱਗਦੀਆਂ ਸਨ। ਰਣਜੀਤ ਸਿੰਘ ਨੇ ਮਹਾਰਾਜਾ ਬਣਨ ਤੋਂ ਬਾਅਦ 1801 ਈ: ਵਿੱਚ ਨਵੇਂ ਸਿੱਕੇ ਜਾਰੀ ਕੀਤੇ ਜਿਹੜੇ ਕਿ ਲਾਹੌਰ 1765 ਈ: ਅਤੇ ਅੰਮ੍ਰਿਤਸਰ 1775 ਈ: ਦੇ ਸਿੱਕਿਆਂ ’ਤੇ ਹੀ ਆਧਾਰਿਤ ਸਨ। ਇਹ ਸਿੱਕੇ ਵੀ ਨਾਨਕਸ਼ਾਹੀ ਹੀ ਕਹਿਲਾਏ।

ਮਹਾਰਾਜਾ ਦੇ ਰਾਜ ਵਿੱਚ ਸਿੱਕੇ ਲਾਹੌਰ, ਅੰਮ੍ਰਿਤਸਰ, ਕਸ਼ਮੀਰ, ਮੁਲਤਾਨ, ਡੇਰਾਜੱਟ ਅਤੇ ਪੇਸ਼ਾਵਰ ਵਿੱਚ ਬਣਾਏ ਜਾਂਦੇ ਸਨ। ਸੋਨੇ ਅਤੇ ਚਾਂਦੀ ਦੇ ਸਿੱਕੇ ਦਰਬਾਰ ਵੱਲੋਂ ਅਤੇ ਤਾਂਬੇ ਦੇ ਸਿੱਕੇ ਵੱਡੇ ਵਪਾਰੀ ਦਰਬਾਰ ਤੋਂ ਆਗਿਆ ਲੈ ਕੇ ਆਪ ਬਣਵਾਉਂਦੇ ਸਨ। ਇਨ੍ਹਾਂ ਤਾਂਬੇ ਦੇ ਸਿੱਕਿਆਂ ’ਤੇ ‘ਅਕਾਲ ਸਹਾਇ’, ‘ਗੁਰੂ ਨਾਨਕ ਜੀ’ ਅਤੇ ‘ਨਾਨਕ ਸ਼ਾਹੀ’ ਅੰਕਿਤ ਕੀਤਾ ਜਾਂਦਾ ਸੀ।

ਸਿੱਖਾਂ ਦੇ ਫੂਲਕੀਆ ਮਿਸਲਾਂ ਦੇ ਰਾਜਿਆਂ ’ਚੋਂ ਪਟਿਆਲਾ, ਨਾਭਾ ਅਤੇ ਜੀਂਦ ਦੇ ਰਾਜਿਆਂ ਨੇ ਆਪਣੇ ਰਾਜਾਂ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਨਾਂ ’ਤੇ ਆਧਾਰਿਤ ‘ਦੁਰਾਨੀ ਸਿੱਕੇ’ ਚਲਾਏ। ਇਹ ਰਾਜੇ ਅਬਦਾਲੀ ਅਤੇ ਅੰਗਰੇਜ਼ਾਂ ਦੇ ਮੋਹਰੇ ਬਣ ਕੇ ਸ਼ੇਰ-ਏ-ਪੰਜਾਬ ਦੇ ਰਾਜ ਤੋਂ ਵੱਖਰੇ ਹੋ ਕੇ ਆਪਣਾ ਰਾਜ ਸਿਰਫ ਨਿੱਜੀ ਹਿੱਤਾਂ ਲਈ ਚਲਾ ਰਹੇ ਸਨ। ਇਨ੍ਹਾਂ ਰਾਜਿਆਂ ’ਚੋਂ ਸਿਰਫ ਨਾਭਾ ਦੇ ਰਾਜਾ ਜਸਵੰਤ ਸਿੰਘ ਨੇ 1835 ਈ: ਵਿੱਚ ‘ਦੁਰਾਨੀ ਸਿੱਕੇ’ ਬੰਦ ਕਰਾ ਕੇ ਸਿੱਖ ਗੁਰੂਆਂ ਦੇ ਨਾਂ ’ਤੇ ਸਿੱਕੇ ਚਲਵਾਏ, ਜਦੋਂ ਕਿ ਪਟਿਆਲਾ ਰਿਆਸਤ ਵਿੱਚ ਗੁਰੂਆਂ ਦੇ ਨਾਂ ਵਾਲੇ ਸਿੱਕੇ ਸਿਰਫ ਦੁਸਹਿਰੇ ਦੀ ਪੂਜਾ ’ਤੇ ਹੀ ਜਾਰੀ ਕੀਤੇ ਜਾਂਦੇ ਸਨ।

ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ 1839 ਈ: ਵਿੱਚ ਮੌਤ ਹੋ ਜਾਣ ਤੋਂ ਬਾਅਦ ਖ਼ਾਲਸਾ ਰਾਜ ਦਸਾਂ ਸਾਲਾਂ ਵਿੱਚ ਖ਼ਤਮ ਹੋ ਗਿਆ ਅਤੇ ਨਾਲ ਹੀ ‘ਨਾਨਕਸ਼ਾਹੀ ਸਿੱਕੇ’ ਵੀ ਬੰਦ ਹੋ ਗਏ।

 

ਗੁਰਜਿੰਦਰ ਸਿੰਘ ਬੁੱਟਰ