ਭਾਰਤ-ਪਾਕਿਸਤਾਨ ਦਰਮਿਆਨ ਬਾਰਡਰ ਰਾਹੀਂ ਬੰਦ ਪਏ ਵਪਾਰ ਨੂੰ ਮੁੜ ਤੋਂ ਖੋਲਿਆ ਜਾਏ: ਸਰਨਾ
ਪੰਜਾਬ ਦੇ ਨਾਲ ਦੇਸ਼ ਨੂੰ ਮਿਲੇਗਾ ਵੱਡਾ ਆਰਥਿਕ ਹੁਲਾਰਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 2 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਜੋ ਭਾਰਤ - ਪਾਕਿਸਤਾਨ ਦਰਮਿਆਨ ਬਾਰਡਰ ਰਾਹੀਂ ਬੰਦ ਪਏ ਵਪਾਰ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਹੈ । ਇਹ ਬਹੁਤ ਹੀ ਸ਼ਲਾਘਾਯੋਗ ਤੇ ਸਮੇਂ ਦੇ ਅਨੁਸਾਰੀ ਹੈ । ਭਾਰਤ - ਪਾਕਿਸਤਾਨ ਬਾਰਡਰ ਰਾਹੀਂ ਵਪਾਰ ਖੁੱਲ੍ਹਣ ਨਾਲ ਜਿੱਥੇ ਨਾ ਸਿਰਫ ਪੰਜਾਬ ਨੂੰ ਵੱਡਾ ਆਰਥਿਕ ਹੁਲਾਰਾ ਮਿਲੇਗਾ । ਉੱਥੇ ਹੀ ਇਹ ਦੋਵੇਂ ਮੁਲਕਾਂ ਦੇ ਲਈ ਵੀ ਲਾਹੇਬੰਦ ਹੈ । ਬਾਰਡਰ ਤੇ ਵਪਾਰ ਬੰਦ ਹੋਣ ਕਾਰਨ ਬਹੁਤ ਸਾਰੇ ਗਰੀਬ ਮਜ਼ਦੂਰ ਪ੍ਰਭਾਵਿਤ ਹੋ ਰਹੇ ਹਨ । ਜਿੰਨਾ ਦੀ ਰੋਜ਼ੀ ਰੋਟੀ ਇਸਦੇ ਨਾਲ ਚੱਲਦੀ ਸੀ । ਜਿਸ ਕਾਰਨ ਉਹ ਆਰਥਿਕ ਮੰਦਹਾਲੀ ਵਿੱਚ ਹਨ ਜੇਕਰ ਵਪਾਰ ਮੁੜ ਆਰੰਭ ਹੁੰਦਾ ਹੈ ਤਾਂ ਉਹਨਾਂ ਲੋਕਾਂ ਨੂੰ ਮੁੜ ਰੋਜ਼ਗਾਰ ਮਿਲੇਗਾ ਤੇ ਉਹ ਆਪਣੇ ਪਰਿਵਾਰਾਂ ਦਾ ਸਹੀ ਤਰਾਂ ਪਾਲਣ ਪੋਸ਼ਣ ਕਰ ਸਕਣਗੇ ।
ਸਰਕਾਰ ਨੂੰ ਨਾ ਸਿਰਫ ਵਾਹਗਾ ਬਾਰਡਰ ਸਗੋਂ ਹੁਸੈਨੀਵਾਲਾ ਬਾਰਡਰ ਰਾਹੀਂ ਵੀ ਸਰਹੱਦ ਪਾਰ ਵਪਾਰ ਨੂੰ ਹੁਲਾਰਾ ਦੇਣਾ ਚਾਹੀਦਾ ਹੈ । ਇਸ ਨਾਲ ਸਰਹੱਦ ਦੇ ਦੋਵੇਂ ਪਾਸੇ ਰਹਿੰਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਉਠੇਗਾ । ਸਗੋਂ ਸਿੱਖ ਕੌਮ ਦੇ ਸੈਕੜੇਂ ਦੀ ਗਿਣਤੀ ਵਿੱਚ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਮੌਕਾ ਵੀ ਮਿਲ ਸਕੇਗਾ ਤੇ ਉੱਥੇ ਮੁੜ ਤੋਂ ਸੰਗਤ ਜੁੜੇਗੀ ਅਤੇ ਨਾਲ ਹੀ ਦੋਵਾਂ ਮੁਲਕਾਂ ਵਿੱਚ ਆਪਸੀ ਸਾਂਝ ਤੇ ਭਾਈਚਾਰਕ ਇਤਫ਼ਾਕ ਵਧੇਗਾ । ਇਸ ਲਈ ਸਰਕਾਰ ਨੂੰ ਸਰਹੱਦ ਪਾਰ ਵਪਾਰ ਨੂੰ ਬਿਨਾ ਕਿਸੇ ਦੇਰੀ ਦੇ ਖੋਲ੍ਹਣਾ ਚਾਹੀਦਾ ਹੈ। ਤੇ ਜਿੰਨਾਂ ਚਿਰ ਤੱਕ ਇਹ ਵਪਾਰਕ ਬਾਰਡਰ ਨਹੀਂ ਖੋਲੇ ਜਾਂਦੇ ਸਰਕਾਰ ਨੂੰ ਹੱਦ ਤੇ ਕੰਮ ਕਰਦੇ ਪਰ ਹੁਣ ਕੰਮ ਤੋਂ ਵਿਹਲੇ ਬੈਠੇ ਗਰੀਬ ਮਜ਼ਦੂਰਾਂ ਨੂੰ ਮਹੀਨੇ ਦਾ ਘੱਟੋ ਘੱਟ ਦਸ ਹਜ਼ਾਰ ਰੁਪਿਆ ਮਹੀਨਾ ਖਰਚ ਦੇਣਾ ਚਾਹੀਦਾ ਹੈ ਤਾਂ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ।
Comments (0)