ਚੰਡੀਗੜ੍ਹ ਵਿੱਚ ਫੈਲੀ  ਹੈਂਡ, ਫੁੱਟ ਐਂਡ ਮਾਊਥ ਬਿਮਾਰੀ , ਸਕੂਲ ਹੋਏ ਬੰਦ 

ਚੰਡੀਗੜ੍ਹ ਵਿੱਚ ਫੈਲੀ  ਹੈਂਡ, ਫੁੱਟ ਐਂਡ ਮਾਊਥ ਬਿਮਾਰੀ , ਸਕੂਲ ਹੋਏ ਬੰਦ 

*ਇੱਕ ਹਫ਼ਤੇ ਵਿੱਚ 24 ਕੇਸਾਂ ਦੀ ਪੁਸ਼ਟੀ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਫੈਲੀ  ਹੈਂਡ, ਫੁੱਟ ਐਂਡ ਮਾਊਥ ਬਿਮਾਰੀ ਕਾਰਣ ਤਿੰਨਾਂ ਸ਼ਹਿਰਾਂ ਪੰਚਕੂਲਾ ,ਮੁਹਾਲੀ,ਚੰਡੀਗੜ੍ਹ ਦੇ ਕਈ ਸਕੂਲਾਂ ਨੇ ਆਨਲਾਈਨ ਪ੍ਰਬੰਧ ਕਰਨ ਦਾ ਰੁਖ ਕੀਤਾ ਹੈ ਜਾਂ ਅਸਥਾਈ ਤੌਰ 'ਤੇ ਸਕੂਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।ਅੰਕੜਿਆਂ ਮੁਤਾਬਕ ਪੰਚਕੂਲਾ ਵਿੱਚ ਇੱਕ ਹਫ਼ਤੇ ਦੇ ਅੰਦਰ ਘੱਟੋ-ਘੱਟ 15 ਐੱਚਐੱਫਐਮਡੀ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਅੱਠ ਕੇਸ ਮੁਹਾਲੀ ਵਿੱਚ ਅਤੇ ਇੱਕ ਚੰਡੀਗੜ੍ਹ ਵਿੱਚ ਮਿਲਿਆ ਹੈ।

ਇਹ ਬਿਮਾਰੀ ਆਮ ਤੌਰ 'ਤੇ ਹਲਕੀ ਹੁੰਦੀ ਹੈ ਅਤੇ ਇੱਕ ਹਫ਼ਤੇ ਵਿੱਚ ਖ਼ਤਮ ਹੋ ਜਾਂਦੀ ਹੈ।ਸ਼ੁਰੂਆਤੀ ਲੱਛਣਾਂ ਵਿੱਚ ਬੁਖ਼ਾਰ, ਭੁੱਖ ਦਾ ਘਟਣਾ ਅਤੇ ਗਲੇ ਵਿੱਚ ਖ਼ਰਾਸ਼ ਸ਼ਾਮਲ ਹਨ। ਇੱਕ ਜਾਂ ਦੋ ਦਿਨ ਵਿੱਚ ਮੂੰਹ, ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਉੱਤੇ ਦਰਦਨਾਕ ਜ਼ਖਮ ਪੈਦਾ ਹੋ ਜਾਂਦੇ ਹਨ।ਗੋਡਿਆਂ, ਕੂਹਣੀਆਂ, ਲੱਤਾਂ ਜਾਂ ਜਣਨ ਖੇਤਰ 'ਤੇ ਵੀ ਧੱਫੜ ਦਿਖਾਈ ਦੇ ਸਕਦੇ ਹਨ।ਗਲੇ ਜਾਂ ਸਟੂਲ ਟੈਸਟ ਤੋਂ ਨਮੂਨਿਆਂ ਦੀ ਜਾਂਚ ਰਾਹੀਂ ਬਿਮਾਰੀ ਦੀ ਪੁਸ਼ਟੀ ਹੁੰਦੀ ਹੈ।ਡਾਕਟਰ ਕਹਿੰਦੇ ਹਨ ਕਿ ਲਾਗ 'ਤੇ ਕਾਬੂ ਪਾਉਣ ਲਈ ਪੀੜਤ ਮਰੀਜ਼ਾਂ ਨੂੰ ਅਲੱਗ ਕੀਤਾ ਜਾਣਾ ਚਾਹੀਦਾ ਹੈ। ਮਰੀਜ਼ ਨਾਲ ਨਜ਼ਦੀਕੀ ਸੰਪਰਕ ਅਤੇ ਉਨ੍ਹਾਂ ਦੇ ਸਮਾਨ ਨੂੰ ਸਾਂਝਾ ਕਰਨ ਤੋਂ ਬਚਣਾ ਚਾਹੀਦਾ ਹੈ।ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਬੱਚਿਆਂ ਦੇ ਮਾਹਰ ਡਾਕਟਰ ਤੇਜਵੀਰ ਸਿੰਘ ਨੇ ਦੱਸਿਆ ਕਿ ਐੱਚਐੱਫਐਮਡੀ ਵਾਇਰਸ ਕਾਰਨ ਹੁੰਦਾ ਹੈ। ਇਹ ਮੁੱਖ ਤੌਰ 'ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ।ਉਨ੍ਹਾਂ ਕਿਹਾ ਕਿ ਕੁੱਝ ਵੱਡੀ ਉਮਰ ਦੇ ਬੱਚੇ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੇ ਹਨ।ਡਾਕਟਰ ਤੇਜਵੀਰ ਸਿੰਘ ਨੇ ਕਿਹਾ ਕਿ ਬਿਮਾਰੀ ਦੇ ਹੋਣ ਦਾ ਕੋਈ ਖ਼ਾਸ ਕਾਰਨ ਨਹੀਂ ਹੈ। ਡਾਕਟਰ ਮਰੀਜ਼ ਨੂੰ ਬੁਖ਼ਾਰ, ਖੰਘ ਅਤੇ ਦਾਣੇ ਆਦਿ ਦੇ ਲੱਛਣਾਂ ਲਈ ਦਵਾਈਆਂ ਲਿਖਦੇ ਹਨ।ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਉਹ ਕਿਸੇ ਵੀ ਮਰੀਜ਼ ਨੂੰ ਦਾਣਿਆਂ ਅਤੇ ਹੋਰ ਲੱਛਣ ਮਿਲਣ 'ਤੇ ਵੇਰਵੇ ਲੈਂਦੇ ਹਨ। ਫਿਰ ਇਹ ਵੇਰਵੇ ਅਧਿਕਾਰੀਆਂ ਨੂੰ ਭੇਜੇ ਜਾਂਦੇ ਹਨ ਤਾਂ ਜੋ ਉਹ ਸਥਿਤੀ ਦੀ ਨੇੜਿਉਂ ਨਿਗਰਾਨੀ ਕਰ ਸਕਣ।ਡਾਕਟਰ ਤੇਜਵੀਰ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਉਨ੍ਹਾਂ 11 ਵਜੇ ਤੱਕ ਤਿੰਨ ਸ਼ੱਕੀ ਮਾਮਲਿਆਂ ਦਾ ਵੇਰਵਾ ਭੇਜ ਚੁੱਕੇ ਹਨ।ਡਾ. ਤੇਜਵੀਰ ਨੇ ਕਿਹਾ ਕਿ ਆਮ ਤੌਰ 'ਤੇ ਇਹ ਬਿਮਾਰੀ ਕੁਝ ਦਿਨਾਂ ਵਿਚ ਚਲੀ ਜਾਂਦੀ ਹੈ ਪਰ ਪੇਚੀਦਗੀਆਂ ਦੀ ਸਥਿਤੀ 'ਚ ਇਹ ਘਾਤਕ ਹੋ ਸਕਦੀ ਹੈ।