ਭਾਰਤ ਸਰਕਾਰ ਵਲੋਂ 'ਅੰਮਿ੍ਤ ਸਰੋਵਰ ਪ੍ਰੋਜੈਕਟ' ਬਾਰੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼

ਭਾਰਤ ਸਰਕਾਰ ਵਲੋਂ 'ਅੰਮਿ੍ਤ ਸਰੋਵਰ ਪ੍ਰੋਜੈਕਟ' ਬਾਰੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਸ਼੍ਰੋਮਣੀ ਕਮੇਟੀ ਨੇ ਭਾਰਤ ਸਰਕਾਰ ਵਲੋਂ ਪਿੰਡਾਂ ਅੰਦਰ ਬਰਸਾਤੀ ਪਾਣੀ ਸੰਭਾਲਣ ਲਈ ਸ਼ੁਰੂ ਕੀਤੇ 'ਅੰਮਿ੍ਤ ਸਰੋਵਰ ਪ੍ਰੋਜੈਕਟ' ਦੇ ਨਾਮ 'ਤੇ ਇਤਰਾਜ਼ ਪ੍ਰਗਟ ਕਰਦਿਆਂ ਭਾਰਤ ਦੇ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੂੰ ਪੱਤਰ ਲਿਖ ਕੇ ਇਸ ਪ੍ਰੋਜੈਕਟ ਦਾ ਨਾਂ ਤੁਰੰਤ ਬਦਲਣ ਦੀ ਮੰਗ ਕੀਤੀ ਹੈ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਦੇ ਇਸ ਪ੍ਰੋਜੈਕਟ ਸੰਬੰਧੀ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਦੇਸ਼ ਭਰ ਅੰਦਰ ਪਾਣੀ ਦੀ ਸੰਭਾਲ ਲਈ ਟੋਭੇ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਨਾਂ 'ਅੰਮਿ੍ਤ ਸਰੋਵਰ' ਸਿੱਖ ਇਤਿਹਾਸ ਤੇ ਰਵਾਇਤਾਂ ਨਾਲ ਮੇਲ ਖਾਂਦਾ ਹੈ । ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਦਾ ਬਰਸਾਤੀ ਪਾਣੀ ਸੰਭਾਲਣ ਲਈ ਤਾਂ ਉੱਦਮ ਚੰਗਾ ਹੈ ਪਰ ਇਸ ਦਾ ਨਾਮ ਸਿੱਖ ਭਾਵਨਾਵਾਂ ਨੂੰ ਸੱਟ ਮਾਰਦਾ ਹੈ । ਪਿੰਡਾਂ ਅੰਦਰ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਬਣਾਏ ਜਾਣ ਵਾਲੇ ਟੋਭਿਆਂ ਨੂੰ ਅੰਮਿ੍ਤ ਸਰੋਵਰ ਦਾ ਨਾਂ ਦੇਣਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ ।