ਕੈਨੇਡਾ ਦੀ ਗੈਂਗਵਾਰ ’ਵਿਚ ਪੰਜਾਬੀਆਂ ਦੀ ਵੱਡੀ ਸ਼ਮੂਲੀਅਤ ਕਾਰਣ ਵੀਜ਼ੇ ਹੋ ਰਹੇ ਨੇ ਰੱਦ
*ਪੰਜਾਬੀ ਨੌਜਵਾਨਾਂ ਦੇ ਗੈਂਗ ਤੇ ਡਰੱਗ ਨੈਟਵਰਕ ਬੀਸੀ ਤੋਂ ਇਲਾਵਾ ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਂਟਾਰੀਓ, ਕਿਊਬਿਕ, ਬਰੈਂਪਟਨ ਸਮੇਤ ਸਮੁੱਚੇ ਕੈਨੇਡਾ ਵਿਚ ਫੈਲਿਆ
*ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ਵਿਚ ਚੱਲ ਰਹੇ ਡਰੱਗ ਕਾਰਟੈਲ ’ਤੇ ਕੀਤਾ ਮੁਕੰਮਲ ਕਬਜ਼ਾ
ਕੈਨੇਡਾ ਵਿਚ ਵਧ ਰਹੇ ਗੈਂਗਸਟਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਪੰਜਾਬੀ ਮੂਲ ਦੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਨੂੰ ਦੇਖਦਿਆਂ ਕੈਨੇਡਾ ਸਰਕਾਰ ਪੰਜਾਬੀਆਂ ਨੂੰ ਵੀਜ਼ੇ ਦੇਣ ਪ੍ਰਤੀ ਸਖਤ ਹੋ ਰਹੀ ਹੈ। ਬਿਨਾਂ ਕਾਰਣ ਵੀਜ਼ੇ ਰਦ ਹੋ ਰਹੇ ਹਨ।ਪੰਜ ਅਗਸਤ 2022 ਨੂੰ ਕੈਨੇਡਾ ਦੇ ਸੂਬੇ ਬੀਸੀ ਨੇ ਗਿਆਰਾਂ ਖ਼ਤਰਨਾਕ ਅਪਰਾਧੀਆਂ ਦੇ ਨਾਵਾਂ ਅਤੇ ਤਸਵੀਰਾਂ ਵਾਲਾ ਪੋਸਟਰ ਜਾਰੀ ਕੀਤਾ ਸੀ ਅਤੇ ਇਕ ਡਰਾਉਣਾ ਸੱਚ ਸਾਹਮਣੇ ਆਇਆ ਕਿ ਗਿਆਰਾਂ ਖ਼ਤਰਨਾਕ ਗੈਂਗਸਟਰਾਂ ਵਿਚੋਂ 9 ਪੰਜਾਬੀ ਮੂਲ ਦੇ ਹਨ ਜੋ 28 ਤੋਂ 40 ਸਾਲਾਂ ਦੇ ਨੌਜਵਾਨ ਹਨ। ਤਿੰਨ ਜਨਵਰੀ 2023 ਨੂੰ ਕੈਨੇਡਾ ਪੁਲਿਸ ਨੇ ਦੋ ਖ਼ਤਰਨਾਕ ਗੈਂਗਸਟਰਾਂ ਦਾ ਪੋਸਟਰ ਜਾਰੀ ਕੀਤਾ ਹੈ। ਉਹ ਦੋਵੇਂ ਪੰਜਾਬੀ ਮੂਲ ਦੇ ਹਨ। ਪੰਜਾਬੀ ਮੂਲ ਦੇ ਨੌਜਵਾਨਾਂ ਦਾ ਗੈਂਗਸਟਰ ਅਪਰਾਧਕ ਗਤੀਵਿਧੀਆਂ ਦਾ ਨੈੱਟਵਰਕ ਬੀਸੀ ਤੋਂ ਇਲਾਵਾ ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਂਟਾਰੀਓ, ਕਿਊਬਿਕ, ਬਰੈਂਪਟਨ ਸਮੇਤ ਸਮੁੱਚੇ ਕੈਨੇਡਾ ਵਿਚ ਫੈਲਿਆ ਹੋਇਆ ਹੈ। ਕੁਝ ਗੈਂਗਸਟਰ ਉਹ ਵੀ ਹਨ ਜੋ ਕੈਨੇਡਾ ਤੋਂ ਇਲਾਵਾ ਪੰਜਾਬ ਵਿਚ ਆਪਣਾ ਨੈੱਟਵਰਕ ਚਲਾ ਰਹੇ ਹਨ ਜਿਵੇਂ ਗੋਲਡੀ ਬਰਾੜ, ਲਖਵੀਰ ਲੰਡਾ, ਅਰਸ਼ ਡਾਲਾ, ਰਮਨਾ ਜੱਜ, ਰਿੰਕੂ ਰੰਧਾਵਾ, ਬਾਬਾ ਡੱਲਾ ਅਤੇ ਸੁੱਖਾ ਦੋਨਕੇ ਸ਼ਾਮਲ ਹਨ। ਕੈਨੇਡਾ ਸਰਕਾਰ ਦੀ ਇਕ ਰਿਪੋਰਟ ਅਨੁਸਾਰ ਪਿਛਲੇ 10 ਸਾਲਾਂ ਤੋਂ ਪੰਜਾਬੀ ਮੂਲ ਦੇ ਗੈਂਗਸਟਰਾਂ ਦਾ ਇੰਨਾ ਪ੍ਰਭਾਵ ਵਧ ਗਿਆ ਹੈ ਕਿ ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ਵਿਚ ਚੱਲ ਰਹੇ ਡਰੱਗ ਕਾਰਟੈਲ ’ਤੇ ਮੁਕੰਮਲ ਕਬਜ਼ਾ ਕਰ ਲਿਆ ਹੈ। ਦੁਖਦਾਈ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਸਟੱਡੀ ਵੀਜ਼ੇ ਵਾਲੇ ਜ਼ਿਆਦਾਤਰ ਲੋਕ, ਵਰਕ ਪਰਮਿਟ ਵਾਲੇ ਅਤੇ ਟਰੱਕ ਡਰਾਈਵਰ ਜਲਦੀ ਅਮੀਰ ਹੋਣ ਦੀ ਚਾਹਤ ਵਿਚ ਗੈਂਗਸਟਰਾਂ ਅਤੇ ਡਰੱਗ ਮਾਫ਼ੀਆ ਵੱਲ ਖਿੱਚੇ ਜਾ ਰਹੇ ਹਨ। ਦੂਜੇ ਪਾਸੇ ਪੰਜਾਬੀ ਮੂਲ ਦੇ ਨੌਜਵਾਨਾ ਦੇ ਨਾਮ ਡਰੱਗ ਤਸਕਰੀ ਵਿਚ ਵੀ ਵੱਡੇ ਪੱਧਰ ’ਤੇ ਸਾਹਮਣੇ ਆ ਰਹੇ ਹਨ। ਕੈਲਗਰੀ ਦੇ ਇਕ ਟਰੱਕ ਡਰਾਈਵਰ ਸੰਧੂ ਕੋਲੋਂ 28.5 ਮਿਲੀਅਨ ਡਾਲਰ ਦੀ 288.14 ਕਿੱਲੋ ਮੈਥਾਮਫੇਟਾਮਾਈਨ ਪਕੜੀ ਗਈ। ਮਿਸੀਗਾਸਾ ਪੁਲਿਸ ਨੇ 2.5 ਲੱਖ ਡਾਲਰ ਦੀ ਨਸ਼ੀਲੇ ਪਦਾਰਥਾਂ ਦੀ ਫੜੀ ਖੇਪ ਨਾਲ 5 ਤਸਕਰ ਫੜੇ ਜਿਨ੍ਹਾਂ ਵਿੱਚੋਂ ਤਿੰਨ ਪੰਜਾਬੀ ਮੂਲ ਦੇ ਤਸਕਰ ਪਾਏ ਗਏ। ਬਰੈਂਪਟਨ ਦੇ 46 ਸਾਲਾ ਮਾਂਗਟ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਗਿ੍ਫ਼ਤਾਰ ਕੀਤਾ ਗਿਆ। ਕਿਊਬਕ ਦੇ ਰਹਿਣ ਵਾਲੇ ਪਰਦੀਪ ਸਿੰਘ ਕੋਲੋਂ 112.50 ਕਿੱਲੋ ਕੋਕੀਨ ਫੜੀ ਗਈ। ਬੀਤੇ ਸਾਲ ਜੂਨ ਵਿਚ ਟੋਰਾਂਟੋ ਤੋਂ 9 ਪੰਜਾਬੀ ਮੂਲ ਦੇ ਨੌਜਵਾਨ ਗਿ੍ਰਫ਼ਤਾਰ ਕੀਤੇ ਗਏ। ਉਨ੍ਹਾਂ ਕੋਲੋਂ 61 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਬਰੈਂਪਟਨ ਪੁਲਿਸ ਅਨੁਸਾਰ ਅਪ੍ਰੈਲ ਵਿਚ 25 ਪੰਜਾਬੀ ਮੂਲ ਦੇ ਲੋਕ ਡਰੱਗ ਗਿਰੋਹ ਦੇ ਹਿੱਸੇ ਵਜੋਂ ਗਿ੍ਫ਼ਤਾਰ ਕੀਤੇ ਗਏ ਜੋ ਕੈਨੇਡਾ ਵਿਚ ਆਪਣੇ ਭੂਮੀਗਤ ਨੈੱਟਵਰਕ ਰਾਹੀਂ ਪੂਰੇ ਕੈਨੇਡਾ ਵਿਚ ਕੋਕੀਨ ਦੀ ਤਸਕਰੀ ਦਾ ਕਾਰੋਬਾਰ ਕਰ ਰਹੇ ਸਨ। ਬਰੈਂਪਟਨ ਤੋਂ 25 ਸਾਲਾ ਦਰਨਪ੍ਰੀਤ ਸਿੰਘ ਕੋਕੀਨ ਦੀਆਂ 84 ਇੱਟਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ। ਸੰਨ 2021 ਦੇ ਪੂਰੇ ਸਾਲ ਕੈਨੇਡੀਅਨ ਪੁਲਿਸ ਨੇ ਨਸ਼ੀਲੇ ਪਦਾਰਥਾਂ ਖ਼ਿਲਾਫ਼ ਇਕ ਆਪ੍ਰੇਸ਼ਨ ਚਲਾਇਆ ਜਿਸ ਤਹਿਤ 31 ਨਸ਼ਾ ਤਸਕਰ ਕਾਬੂ ਕੀਤੇ ਗਏ ਜਿਨ੍ਹਾਂ ਵਿਚ 25 ਪੰਜਾਬੀ ਮੂਲ ਦੇ ਸਨ। ਉਨ੍ਹਾਂ ਕੋਲੋਂ 444 ਕਿੱਲੋ ਕੋਕੀਨ, 182 ਕਿੱਲੋ ਕਿ੍ਰਸਟਲਮੇਥ, 427 ਕਿੱਲੋ ਭੰਗ, 300 ਆਕਸੀਕੋਡੇਨ ਗੋਲ਼ੀਆਂ, 996020 ਡਾਲਰ ਤਸਕਰੀ ਦੀ ਕਮਾਈ ਦੀ ਨਕਦੀ ਜ਼ਬਤ ਕੀਤੀ ਗਈ।ਉਨ੍ਹਾਂ ਕੋਲ 61 ਮਿਲੀਅਨ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ। ਸਤਾਈ ਸਤੰਬਰ ਨੂੰ ਕੈਨੇਡਾ ਪੁਲਿਸ ਨੇ ਢਾਈ ਕੁਇੰਟਲ ਅਫੀਮ ਪੰਜਾਬੀ ਮੂਲ ਦੇ ਤਸਕਰਾਂ ਕੋਲੋਂ ਬਰਾਮਦ ਕੀਤੀ ਸੀ। ਬਿ੍ਟਿਸ਼ ਕੋਲੰਬੀਆ ਦੇ ਸਰਵੇ ਅਨੁਸਾਰ ਇਸ ਸੂਬੇ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਫੀਮ ਦੇ ਆਦੀ ਹਨ। ਕੈਨੇਡਾ ਵਿਚ ਆਬਾਦੀ ਦਾ 2.6% ਹਿੱਸਾ ਪੰਜਾਬੀ ਆਬਾਦੀ ਬਣਦੀ ਹੈ। ਜੇ ਕੁੱਲ ਆਬਾਦੀ ਦਾ 26% ਹਿੱਸਾ ਗੈਂਗਸਟਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਵਿਚ ਮੋਹਰੀ ਰੋਲ ਅਦਾ ਕਰਦਾ ਸਾਹਮਣੇ ਆਵੇ ਤਾਂ ਇਹ ਕੁਦਰਤੀ ਹੈ ਕਿ ਚੰਗੇ ਭਵਿੱਖ ਲਈ ਅਤੇ ਪੰਜਾਬ ਦੇ ਨਸ਼ੇ ਅਤੇ ਗੈਂਗਸਟਰਾਂ ਤੋਂ ਡਰ ਕੇ ਹਜ਼ਾਰਾਂ ਮੀਲ ਦੂਰ ਭੇਜੇ ਬੱਚਿਆਂ ਬਾਰੇ ਮਾਪਿਆਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋਣਾ ਕੁਦਰਤੀ ਹੈ। ਭਰ ਜਵਾਨੀ ਵਿਚ ਹਾਰਟ ਅਟੈਕ ਨਾਲ ਮੌਤਾਂ ਹੋਣ ਕਾਰਣ ਕੈਨੇਡੀਅਨ ਅਫੀਮ ਨੂੰ ਦਸਿਆ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਅਫੀਮ ਦੇ ਨਸ਼ੇ ਨੂੰ ਤੇਜ਼ ਕਰਨ ਲਈ ਉਸ ’ਚ ਫੈਂਟਾਨਿਲ ਕਿਸਮ ਦਾ ਖ਼ਤਰਨਾਕ ਨਸ਼ੀਲਾ ਪਦਾਰਥ ਮਿਲਾਇਆ ਜਾ ਰਿਹਾ ਹੈ। ਇਹ ਨਸ਼ੀਲਾ ਪਦਾਰਥ ਹੈਰੋਇਨ ਤੋਂ 100 ਗੁਣਾ ਤੇਜ਼ ਹੈ। ਇਸ ਦੀ 2 ਐੱਮਜੀ ਡੋਜ਼ ਮਾਰਨ ਲਈ ਬਹੁਤ ਹੈ। ਕੈਨੇਡਾ ਵਿਚ ਵਧ ਰਹੇ ਗੈਂਗਸਟਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਪੰਜਾਬੀ ਮੂਲ ਦੇ ਨੌਜਵਾਨਾਂ ਦੀ ਸ਼ਮੂਲੀਅਤ ਦੇਖਦੇ ਹੋਏ ਹਰ ਮਾਂ-ਬਾਪ ਦਾ ਫ਼ਰਜ਼ ਬਣਦਾ ਹੈ ਕਿ ਹਜ਼ਾਰਾਂ ਮੀਲ ਦੂਰ ਭੇਜੇ ਆਪਣੇ ਬੱਚਿਆਂ ’ਤੇ ਸਖ਼ਤ ਨਜ਼ਰ ਰੱਖਣ।ਕੈਨੇਡਾ ਵਿਚ ਵਧ ਰਹੇ ਪੰਜਾਬੀ ਗੈਂਗਸਟਰਾਂ ਕਾਰਣ ਪੰਜਾਬੀਆਂ ਦਾ ਅਕਸ ਕੈਨੇਡਾ ਸਰਕਾਰ ਵਿਚ ਡਿਗ ਰਿਹਾ ਹੈ।
ਵਿਏਨਾ ਕਾਂਡ ਦੇ ਦੋਸ਼ੀ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਸਮੇਤ ਪੰਜ ਜਣਿਆਂ ਨੂੰ ਪੰਜ ਸਾਲ ਕੈਦ
*ਸਿਖਾਂ ਦੇ ਵਹੀਕਲ ਸਾੜਨ ,ਦੰਗੇ ਕਰਨ ਦੇ ਵੀ ਦੋਸ਼ ਲਗੇ ਸਨ
ਸਥਾਨਕ ਅਦਾਲਤ ਨੇ ਮਈ 2009 ਵਿੱਚ ਵਾਪਰੇ ਵਿਏਨਾ ਕਾਂਡ ਦੌਰਾਨ ਇੱਥੋਂ ਦੇ ਜੌਹਲ ਹਸਪਤਾਲ ਸਮੇਤ ਇਲਾਕੇ ਵਿੱਚ ਅਗਜ਼ਨੀ ਦੀਆਂ ਵਾਪਰੀਆਂ ਘਟਨਾਵਾਂ ਸਬੰਧੀ ਚੱਲੇ ਕੇਸ ਵਿੱਚ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਸਮੇਤ ਪੰਜ ਜਣਿਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਪੰਜ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਯਾਦ ਰਹੇ ਜਸਲ ਉਪਰ ਸਿਖਾਂ ਦਾ ਮਾਲੀ ਨੁਕਸਾਨ ,ਵਹੀਕਲ ਫੂਕਣ ਦੇ ਵੀ ਦੋਸ਼ ਲਗੇ ਸਨ। ਇਹ ਕੇਸ ਡਾ. ਬੀਐੱਸ ਜੌਹਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। 2021 ਵਿੱਚ ਕਾਂਗਰਸ ਸਰਕਾਰ ਵੇਲੇ ਗ੍ਰਹਿ ਵਿਭਾਗ ਵੱਲੋਂ ਇਹ ਕੇਸ ਵਾਪਸ ਲੈਣ ਦੀ ਸਿਫਾਰਸ਼ ਵੀ ਕੀਤੀ ਗਈ ਸੀ। ਮਈ 2009 ਵਿੱਚ ਆਸਟਰੀਆ ਦੀ ਰਾਜਧਾਨੀ ਵਿਏਨਾ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਤੇ ਉਪ ਮੁਖੀ ਸੰਤ ਰਾਮਾਨੰਦ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਸੰਤ ਰਾਮਾਨੰਦ ਦੀ ਮੌਤ ਹੋ ਗਈ ਸੀ ਤੇ ਸੰਤ ਨਿਰੰਜਣ ਦਾਸ ਜ਼ਖ਼ਮੀ ਹੋ ਗਏ ਸਨ। ਉਸ ਘਟਨਾ ਤੋਂ ਬਾਅਦ ਦੋਆਬੇ ਵਿੱਚ ਹਿੰਸਕ ਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਸਨ। ਪੁਲੀਸ ਨੇ ਜੌਹਲ ਹਸਪਤਾਲ ਦੇ ਮਾਲਕ ਡਾ. ਬਲਜੀਤ ਸਿੰਘ ਜੌਹਲ ਦੀ ਸ਼ਿਕਾਇਤ ’ਤੇ 25 ਮਈ 2009 ਨੂੰ ਕੌਂਸਲਰ ਮਨਦੀਪ ਸਿੰਘ ਜੱਸਲ ਸਮੇਤ ਗੁਲਜ਼ਾਰਾ ਸਿੰਘ, ਬਾਲਮੁਕੰਦ ਬਿੱਲਾ, ਸ਼ਿੰਗਾਰਾ ਰਾਮ, ਰਾਜੇਸ਼ਵਰ ਅਤੇ ਕਿਸ਼ਨਪਾਲ ਮਿੰਟੂ ਵਿਰੁੱਧ ਕੇਸ ਦਰਜ ਕੀਤਾ ਸੀ। ਇਨ੍ਹਾਂ ਵਿੱਚੋ ਰਾਜ਼ੇਸ਼ਵਰ ਨੂੰ ਜ਼ਮਾਨਤ ਮਿਲ ਗਈ ਸੀ ਤੇ ਉਹ ਭਗੌੜਾ ਹੋ ਗਿਆ ਸੀ। ਹੁਣ ਫ਼ੈਸਲਾ ਸੁਣਾਉਣ ਮਗਰੋਂ ਉਕਤ ਪੰਜ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਅਦਾਲਤ ਨੇ ਦੋਸ਼ੀਆਂ ਨੂੰ ਘਟਨਾ ਦੌਰਾਨ ਜ਼ਖ਼ਮੀ ਹੋਏ 11 ਪੁਲੀਸ ਮੁਲਾਜ਼ਮਾਂ ਨੂੰ 10-10 ਹਾਜ਼ਾਰ ਰੁਪਏ ਤੇ ਸਾੜੇ ਗਏ ਮੋਟਰਸਾਈਕਲਾਂ ਦੇ ਮਾਲਕਾਂ ਨੂੰ 35 ਹਜ਼ਾਰ ਰੁਪਏ ਦੇਣ ਲਈ ਕਿਹਾ ਹੈ।
Comments (0)