ਕੈਨੇਡਾ ਹੁਣ ਇਮੀਗ੍ਰੇਸ਼ਨ ਪ੍ਰਤੀ ਹਾਂ ਪੱਖੀ ਰਵੱਈਆ ਅਪਨਾਏਗਾ

ਕੈਨੇਡਾ ਹੁਣ ਇਮੀਗ੍ਰੇਸ਼ਨ ਪ੍ਰਤੀ ਹਾਂ ਪੱਖੀ ਰਵੱਈਆ ਅਪਨਾਏਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟੋਰਾਂਟੋ-ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਲੇ ਬਹੁਤ ਸਾਰੇ ਅਰਜ਼ੀਕਰਤਾਵਾਂ ਨੂੰ ਹਰੇਕ ਸਾਲ ਇਸ ਕਰਕੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿਉਂਕਿ ਵੀਜ਼ਾ ਅਫ਼ਸਰਾਂ ਵਲੋਂ ਅਕਸਰ ਘੜਿਆ-ਘੜਾਇਆ ਜਵਾਬ ਦੇ ਦਿੱਤਾ ਜਾਂਦਾ ਹੈ ਕਿ ਜੇਕਰ ਵੀਜਰਾ ਦੇ ਦਿੱਤਾ ਤਾਂ ਉਹ ਵਾਪਸ ਨਹੀਂ ਪਰਤਣਗੇ ਜਾਂ ਲੰਬਾ ਸਮਾਂ ਓਥੇ ਰੁਕੇ ਰਹਿਣਗੇ ।ਅਫ਼ਸਰਾਂ ਦੇ ਇਸ ਵਤੀਰੇ ਵਿਚ ਤਬਦੀਲੀ ਆਉਣ ਦੀ ਸੰਭਾਵਨਾ ਬਣੀ ਹੈ, ਕਿਉਂਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖ ਦਿੱਤਾ ਹੈ ਕਿ 'ਓਵਰ ਸਟੇਅ' ਦੀ ਸ਼ੱਕ ਨੂੰ ਵੱਡਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ।ਰਾਜਧਾਨੀ ਓਟਾਵਾ ਵਿਚ ਦੋ ਕੁ ਦਰਜਨ ਨਰਸਿੰਗ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਇਮੀਗ੍ਰੇਸ਼ਨ ਸਿਸਟਮ ਵਿਚ ਵੀਜ਼ਾ ਅਰਜ਼ੀ ਦਾ ਨਿਰੀਖਣ ਕਰਦੇ ਸਮੇਂ ਨਰਮ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ । ਟਰੂਡੋ ਨੇ ਆਖਿਆ ਕਿ ਅਰਜ਼ੀਕਰਤਾ ਕੋਲ਼ ਆਪਣੇ ਦੇਸ਼ ਵਿਚ ਘਰ, ਚੰਗੀ ਨੌਕਰੀ ਅਤੇ ਸਥਾਪਤੀ ਹੋਵੇ ਤਾਂ ਵੀਜ਼ਾ ਅਫ਼ਸਰਾਂ ਦੀ ਤਸੱਲੀ ਹੋ ਜਾਂਦੀ ਹੈ ਪਰ ਪਰਿਵਾਰਕ ਤੌਰ 'ਤੇ ਕੈਨੇਡਾ ਵਿਚ ਆਉਣ ਦੇ ਚਾਹਵਾਨ ਲੋਕਾਂ ਦੀਆਂ ਅਰਜ਼ੀਆਂ ਨੂੰ ਆਮ ਤੌਰ 'ਤੇ ਪਰਖ ਦੀਆਂ ਘੜੀਆਂ  ਵਿਚੋਂ ਲੰਘਾਇਆ ਜਾਂਦਾ ਹੈ ਜਦਕਿ ਵਿਦੇਸ਼ ਵਿਚ ਰਹਿੰਦੇ ਮਾਤਾ ਅਤੇ ਪਿਤਾ ਨੂੰ ਕੈਨੇਡਾ ਵਿਚ ਆਪਣੀ ਔਲਾਦ ਕੋਲ ਜਾਣ ਲਈ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨਾ ਉਚਿਤ ਨਹੀਂ ਹੈ ਕਿਉਂਕਿ ਪਰਿਵਾਰਕ ਸਨੇਹ ਦੀ ਕੋਈ ਸੀਮਾ ਨਹੀਂ ਹੁੰਦੀ । ਇਸ ਮੌਕੇ 'ਤੇ ਕੁਝ ਅੰਤਰਰਾਸ਼ਟਰੀ ਵਿਦਿਆਰਥੀਆ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਵੀਜਾ ਬਾਰੇ ਆਪਣੀਆਂ ਦਿੱਕਤਾਂ ਤੋਂ ਜਾਣੂੰ ਵੀ ਕਰਵਾਇਆ । ਇਕ ਵਿਦਿਆਰਥਣ ਨੇ ਦੱਸਿਆ ਕਿ ਮੈਂ ਕੈਨੇਡਾ 'ਚ ਹਸਪਤਾਲ ਵਿੱਚ ਦਾਖਲ ਸੀ ਤੇ ਉਸ ਸਮੇਂ ਦੌਰਾਨ ਮੇਰੀ ਮਾਤਾ ਨੂੰ ਦੋ ਵਾਰੀ ਵੀਜਾ ਤੋਂ ਨਾਂਹ ਕੀਤੀ ਗਈ ।

ਸ੍ਰੀ ਟਰੂਡੋ ਨੇ ਇਸ ਬਾਰੇ ਅਫਸੋਸ ਦਾ ਪ੍ਰਗਟਾਵਾ ਕੀਤਾ ਅਤੇ ਆਖਿਆ ਕਿ ਇਮੀਗ੍ਰੇਸ਼ਨ ਵਿਭਾਗ ਨੂੰ ਵੀਜਾ ਅਰਜੀਆਂ ਉਪਰ ਵਿਚਾਰ ਕਰਦੇ ਸਮੇਂ ਹਮਦਰਦੀ ਵਾਲੀ ਪਹੁੰਚ ਅਪਨਾਉਣ ਬਾਰੇ ਕਿਹਾ ਜਾ ਚੁੱਕਾ ਹੈ ਅਤੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਵਧੀਆ ਕੰਮ ਕਰ ਰਹੇ ਹਨ । ਉਨ੍ਹਾਂ ਆਖਿਆ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਪ੍ਰਤੀ ਹਾਂ ਪੱਖੀ ਰਵੱਈਆ ਧਾਰਨ ਕਰਨਾ ਪਵੇਗਾ, ਕਿਉਂਕਿ ਦੇਸ਼ ਵਿੱਚ ਸਿੱਖਿਅਤ ਅਤੇ ਕਿ੍ਤੀ ਕਾਮਿਆਂ ਦੀ ਘਾਟ ਹੈ ਅਤੇ ਕੈਨੇਡਾ ਵਾਸੀ ਭਲੀਭਾਂਤ ਸਮਝਦੇ ਹਨ ਕਿ ਦੇਸ਼ ਦੀ ਆਰਥਿਕਤਾ ਨੂੰ ਚੱਲਦਾ ਰੱਖਣ ਲਈ ਇਮੀਗ੍ਰੇਸ਼ਨ ਸਾਡੀ ਜਰੂਰਤ ਹੈ ।ਮੰਤਰੀ ਫਰੇਜ਼ਰ ਨੇ ਆਖਿਆ ਹੈ ਕਿ ਕੈਨੇਡਾ ਰਹਿ ਰਹੇ ਲੋਕਾਂ ਦੇ ਵਿਦੇਸ਼ਾਂ ਤੋਂ ਪਰਿਵਾਰਕ ਜੀਆਂ ਅਤੇ ਰਿਸ਼ਤੇਦਾਰਾਂ ਨੂੰ ਵੀਜਾ ਜਾਰੀ ਕਰਨ ਸਮੇਂ ਨਰਮ ਪਹੁੰਚ ਅਪਣਾਏ ਜਾਣ ਬਾਰੇ ਮੰਤਰਾਲੇ ਵਲੋਂ ਕੰਮ ਚੱਲ ਰਿਹਾ ਹੈ ।