ਮੈਂ ਸਿਰਫ ਵਾਹਿਗੁਰੂ ਤੋਂ ਡਰਦਾ ਹਾਂ ,ਕਿਸੇ ਦੁਨਿਆਵੀ ਤਾਕਤ ਤੋਂ ਨਹੀਂ- ਭਾਈ ਹਰਦੀਪ ਸਿੰਘ ਨਿੱਜਰ

ਮੈਂ ਸਿਰਫ ਵਾਹਿਗੁਰੂ ਤੋਂ ਡਰਦਾ ਹਾਂ ,ਕਿਸੇ ਦੁਨਿਆਵੀ ਤਾਕਤ ਤੋਂ ਨਹੀਂ- ਭਾਈ ਹਰਦੀਪ ਸਿੰਘ ਨਿੱਜਰ

ਲੋੜਵੰਦ ਭਾਰਤੀ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਕੀਤੀ ਤੇ ਲੰਗਰ ਖੋਲੇ ,ਰਾਸ਼ਨ ਦਾ ਪ੍ਰਬੰਧ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਟੋਰਾਂਟੋ- ਬੀਤੇ ਦਿਨੀਂ ਜਲੰਧਰ ਦੇ ਪਿੰਡ ਭਾਰਸਿੰਘਪੁਰ ਦੇ ਵਸਨੀਕ ਇੱਥੇ ਰਹਿ ਰਹੇ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਜਰ ਦਾ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨਿੱਜਰ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰੀ ਸੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ |ਇੱਥੇ ਪਿਛਲੇ ਸਾਲ 1985 ਦੇ ਕਨਿਸ਼ਕ ਬੰਬ ਕਾਂਡ ਦੇ ਕਹੇ ਜਾਂਦੇ ਦੋਸ਼ੀ ਰਿਪੁਦਮਨ ਸਿੰਘ ਮਲਿਕ, ਜੋ ਬਾਅਦ ਵਿੱਚ ਬਰੀ ਹੋ ਗਿਆ ਸੀ, ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ ਕਾਰਣ ਮਾਰਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਜਦੋਂ ਕੈਨੇਡੀਅਨ ਪੁਲਿਸ ਦੁਆਰਾ ਭਾਈ ਨਿੱਜਰ ਦੀ ਲਾਸ਼ ਨੂੰ ਘਟਨਾ ਸਥਾਨ ਤੋਂ ਲਿਜਾਇਆ ਜਾ ਰਿਹਾ ਸੀ ਤਾਂ ਸਿੱਖਾਂ ਦੇ ਇਕ ਜਥੇ ਨੇ ਖ਼ਾਲਿਸਤਾਨ ਪੱਖੀ ਤੇ ਭਾਰਤ ਵਿਰੋਧੀ ਨਾਅਰੇ ਲਗਾਏ |ਨਿੱਜਰ ਸਿੱਖਸ ਫਾਰ ਜਸਟਿਸ (ਐਸਐਫਜੇ) ਨਾਲ ਜੁੜਿਆ ਹੋਇਆ ਸੀ, ਜੋ ਭਾਰਤ ਵਿੱਚ ਪਾਬੰਦੀਸ਼ੁਦਾ ਹੈ। ਉਹ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ।ਉਸ ਨੇ ਬਰੈਂਪਟਨ ਸ਼ਹਿਰ ਵਿੱਚ ਖਾਲਿਸਤਾਨੀ ਜਨਮਤ ਸੰਗ੍ਰਹਿ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਨਿੱਜਰ ਉਦੋਂ ਸੁਰਖੀਆਂ ਵਿੱਚ ਆ ਗਿਆ ਜਦੋਂ ਉਸਨੇ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਵਿੱਚ 80 ਫੁੱਟ ਉੱਚਾ ਖਾਲਿਸਤਾਨੀ ਝੰਡਾ ਲਹਿਰਾਇਆ। ਨਿੱਜਰ ਦਾ ਨਾਮ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਐਨਆਈਏ ਕੇਸਾਂ ਵਿੱਚ ਵੀ ਆਇਆ ਸੀ। ਬੀਤੇ ਸਾਲ ਐੱਨ. ਆਈ. ਏ. ਨੇ ਜਲੰਧਰ ਵਿਚ ਇਕ ਹਿੰਦੂ ਪੁਜਾਰੀ ਦੀ ਹੱਤਿਆ ਦੇ ਮਾਮਲੇ ਵਿਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਜਰ ’ਤੇ 10 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ। 2020 ਦੌਰਾਨ, ਐਨਆਈਏ ਨੇ ਜਲੰਧਰ ਵਿੱਚ ਉਸਦੀ ਜਾਇਦਾਦ ਕੁਰਕ ਕਰ ਲਈ ਸੀ।

ਬਹੁਤ ਸਾਰੇ ਕੈਨੇਡੀਅਨ ਸਿੱਖਾਂ ਨੇ ਨਿੱਝਰ ਦੇ ਕਤਲ ਦੀ ਨਿੰਦਾ ਕਰਦਿਆਂ ਦੋਸ਼ ਲਾਇਆ ਹੈ ਕਿ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਆਗੂਆਂ ਨੂੰ ਗੋਲੀ ਨਾਲ ਚੁੱਪ ਕਰਵਾਇਆ ਜਾ ਰਿਹਾ ਹੈ। 

ਐਨ.ਆਈ.ਏ. ਅਨੁਸਾਰ ਨਿੱਜਰ ਭਾਰਤ ਵਿਚ 'ਸਿੱਖਸ ਫਾਰ ਜਸਟਿਸ' ਦੇ ਵੱਖਵਾਦੀ ਤੇ ਹਿੰਸਕ ਏਜੰਡੇ ਨੂੰ ਵੀ ਉਤਸ਼ਾਹਿਤ ਕਰ ਰਿਹਾ ਸੀ। ਨਿੱਜਰ ਪਿਛਲੇ ਇੱਕ ਸਾਲ ਵਿੱਚ ਭਾਰਤੀ ਜਾਂਚ ਏਜੰਸੀਆਂ ਲਈ ਹੋਰ ਵੀ ਵੱਡੀ ਸਿਰਦਰਦੀ ਬਣ ਗਿਆ ਸੀ । ਕੁਝ ਦਿਨ ਪਹਿਲਾਂ ਭਾਰਤ ਸਰਕਾਰ ਨੇ ਹਰਦੀਪ ਸਿੰਘ ਨਿੱਝਰ ਨੂੰ ਨਾਮਜ਼ਦ ਖਾੜਕੂ ਐਲਾਨਿਆ ਸੀ। 

ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮੀਡੀਆ ਨਾਲ ਆਪਣੀ ਇੰਟਰਵਿਊ ਦੌਰਾਨ ਸ. ਨਿੱਜਰ ਨੇ ਆਪਣੇ 'ਤੇ ਹਮਲਾ ਕੀਤੇ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ ਸੀ । ਗੁਰਦੁਆਰੇ ਵਿਚ ਬੋਲਦਿਆਂ ਉਸਦੀ ਇਕ ਵੀਡਿਓ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਈ ਸੀ।ਇਸ ਵਿਚ ਨਿੱਜਰ ਨੇ ਕਿਹਾ ਕਿ ਮੈਨੂੰ ਮਾਰਿਆ ਜਾ ਸਕਦਾ ਹੈਦਰਾਬਾਦ।ਪਰ ਸਾਡਾ ਨਿਸ਼ਾਨਾ ਅਜ਼ਾਦੀ ਹੈ।ਇਹ ਅਜ਼ਾਦੀ ਅਸੀਂ ਲੈਕੇ ਰਹਾਂਗੇ।ਯਾਦ ਰਹੇ ਕਿ 'ਸਿੱਖਸ ਫਾਰ ਜਸਟਿਸ' ਦੇ ਕੈਨੇਡਾ ਵਿਚ ਪ੍ਰਮੁੱਖ ਆਗੂ ਸ. ਨਿੱਜਰ ਨੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਹੋਏ ਖ਼ਾਲਿਸਤਾਨ ਰੈਫਰੈਂਡਮ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਨਿੱਜਰ ਦੀ ਹੱਤਿਆ ਲਈ ਭਾਰਤੀ ਖੁਫ਼ੀਆ ਏਜੰਸੀਆਂ ਜ਼ਿੰਮੇਵਾਰ-ਪੰਥਕ ਜਥੇਬੰਦੀਆਂ

ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਕੈਨੇਡਾ 'ਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਵਾਪਰੀ ਘਟਨਾ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਦੋਸ਼ ਲਾਇਆ ਕਿ ਪੰਥ ਦੇ ਦੁਸ਼ਮਣਾਂ ਨੇ ਭਾਈ ਪਰਮਜੀਤ ਸਿੰਘ ਪੰਜਵੜ ਤੋਂ ਬਾਅਦ ਖ਼ਾਲਿਸਤਾਨ ਦੇ ਸੰਘਰਸ਼ ਦਾ ਇਕ ਹੋਰ ਕੀਮਤੀ ਹੀਰਾ ਸਾਥੋਂ ਖੋਹ ਲਿਆ ਹੈ ।ਜਥੇਬੰਦੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਭਾਈ ਨਿੱਜਰ ਅਕਸਰ ਹੀ ਆਪਣੇ ਭਾਸ਼ਣ ਵਿਚ ਕਿਹਾ ਕਰਦਾ ਸੀ ਕਿ ਭਾਰਤੀ ਏਜੰਸੀਆਂ ਉਸ ਨੂੰ ਆਪਣੀ ਨਫ਼ਰਤ ਦਾ ਨਿਸ਼ਾਨਾ ਬਣਾਉਣ ਲਈ ਕਾਹਲੀਆਂ ਹਨ ਅਤੇ ਉਸ ਦਾ ਅੰਤਿਮ ਸਮਾਂ ਕਿਸੇ ਵੇਲੇ ਵੀ ਆ ਸਕਦਾ ਹੈ ।ਸ. ਧਾਮੀ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਸੰਗਤ ਨੇ ਪੁਸ਼ਟੀ ਕੀਤੀ ਹੈ ਕਿ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਬੋਲਦਿਆਂ ਆਪਣਾ ਇਹ ਖ਼ਦਸ਼ਾ ਦੁਹਰਾਇਆ ਸੀ ।

 ਯੂਕੇ ਦੀਆਂ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਕੋਆਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਨੇ ਕਿਹਾ ਕਿ ਇਸ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਸ ਕਤਲ ਪਿੱਛੇ ਸਿੱਖ ਵਿਰੋਧੀ ਤਾਕਤਾਂ ਦਾ ਹੱਥ ਹੋਣ ਦਾ ਖ਼ਦਸ਼ਾ ਹੈ ।

ਅਮਰੀਕਾ ਦੇ ਸਿੱਖ ਚਿੰਤਕ ਪ੍ਰਭਸ਼ਰਨਦੀਪ ਸਿੰਘ ਨੇ ਕਿਹਾ ਕਿ ਭਾਈ ਨਿੱਝਰ ਦੀ ਸ਼ਹਾਦਤ ਨਾਲ਼ ਪੰਥ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਭਾਈ ਅਵਤਾਰ ਸਿੰਘ ਖੰਡੇ ਦੇ ਭੇਤ-ਭਰੀ ਹਾਲਤ ਵਿੱਚ ਹੋਏ ਚਲਾਣੇ ਤੋਂ ਬਾਅਦ ਭਾਈ ਨਿੱਝਰ ਦੀ ਸ਼ਹਾਦਤ ਬਾਰੇ ਵੀ ਸ਼ੱਕ ਦੀ ਸੂਈ ਹਿੰਦੁਸਤਾਨੀ ਖ਼ੁਫ਼ੀਆ ਏਜੰਸੀਆਂ ਵੱਲ ਹੀ ਜਾਂਦੀ ਹੈ। ਕੈਨੇਡਾ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ਼ ਲਵੇ ਅਤੇ ਆਪਣੇ ਮੁਲਕ ਵਿੱਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ। ਇਸ ਸਬੰਧ ਵਿੱਚ ਇੰਗਲੈਂਡ, ਜਰਮਨੀ, ਅਮਰੀਕਾ, ਆਸਟਰੇਲੀਆ, ਅਤੇ ਹੋਰ ਪੱਛਮੀ ਮੁਲਕਾਂ ਨੂੰ ਵੀ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।

ਸ਼ੋਸ਼ਲ ਮੀਡੀਆ ਉਪਰ ਗਗਨ ਦੀਪ ਸਿੰਘ ਕੈਨੇਡਾ ਤੋਂ ਲਿਖਦਾ ਹੈ ਕਿ ਮੈਨੂੰ ਯਾਦ ਹੈ। ਜਦੋਂ ਲਾਕਡਾਊਨ ਲਗਿਆ ਤਾਂ ਵਿਦੇਸ਼ ਵਿੱਚ ਵਧੇਰੇ ਤੌਰ ਤੇ ਆਏ ਵਿਦਿਆਰਥੀਆਂ ਦੇ ਲਈ ਲੰਗਰ ਪਾਣੀ ਦੀ ਹਰ ਵਕਤ ਸਹੂਲਤ ਲਈ ਗੁਰੂਘਰ ਅੰਦਰ ਪੂਰਾ ਪ੍ਰਬੰਧ ਕੀਤਾ ਗਿਆ । ਜਿੱਥੇ ਵਿਦਿਆਰਥੀ ਆਪਣੇ ਨਾਲ ਵੀ ਲੰਗਰ ਲੈਕੇ ਜਾ ਸਕਦੇ ਸਨ । ਕਿਸੇ ਵੀ ਵਿਦਿਆਰਥੀ ਨੂੰ ਜਦੋਂ ਵੀ ਲੋੜ ਪੈਣੀ ਤਾਂ ਨਾਲ ਖੜਣਾ। ਇਸ ਗੱਲ ਦਾ ਪ੍ਰਗਟਾਵਾ ਵੱਖ ਵੱਖ ਚੈਨਲਾਂ ਉੱਤੇ ਆਕੇ ਵਿਦਿਆਰਥੀਆਂ ਨੇ ਕੀਤਾ। ਇਹੀ ਜਥੇਦਾਰ ਭਾਈ ਹਰਦੀਪ ਸਿੰਘ ਜੀ ਨਿੱਝਰ ਦੀ ਚੜ੍ਹਦੀਕਲਾ ਦਾ ਪ੍ਰਤੀਕ ਸੀ।

ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ,ਮੁਖੀ ਦਮਦਮੀ ਟਕਸਾਲ ਨੇ ਕਿਹਾ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਬੇ -ਵਕਤੀ ਮੌਤ ਅਤੇ ਭਾਈ ਹਰਦੀਪ ਸਿੰਘ ਨਿੱਜਰ ਕਨੇਡਾ ਨਿਵਾਸੀ ਦਾ ਕਤਲ ਗਹਿਰੀ ਸ਼ਾਜਿਸ਼ ਦਾ ਹਿੱਸਾ ਹਨ। ਇਹਨਾਂ ਘਟਨਾਵਾਂ ਨਾਲ ਸਿੱਖ ਕੌਮ ਦੇ ਹਿਰਦੇ ਝੰਜੋੜੇ ਗਏ ਹਨ। ਇਹਨਾਂ ਸਿੰਘਾਂ ਵੱਲੋਂ ਪੰਥ ਦੀਆਂ ਕੀਤੀਆਂ ਗਈਆਂ ਸੇਵਾਵਾਂ ਹਮੇਸਾ ਯਾਦ ਰੱਖੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇੰਗਲੈਂਡ ਅਤੇ ਕਨੇਡਾ ਦੀਆ ਇਨਸਾਫ ਪਸੰਦ ਸਰਕਾਰਾ ਨੂੰ ਇਹਨਾਂ ਕਤਲਾਂ ਦੀ ਜਾਂਚ ਕਰਕੇ ਸਚਾਈ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਤਾਂਕਿ ਇਹਨਾਂ ਦੇਸਾਂ ਦੀਆਂ ਇਨਸਾਫ ਪਸੰਦ ਸਰਕਾਰਾ ਉਤੇ ਸਿੱਖ ਕੌਮ ਦਾ ਭਰੋਸਾ ਯਕੀਨੀ ਬਣਿਆ

ਰਹੇ ।