ਡੇਰਾ ਸਿਰਸਾ ਦੇ ਸਮਰਥਕਾਂ ਤੇ ਸਿੱਖ ਜਥੇਬੰਦੀਆਂ ਵਿਚ ਟਕਰਾਅ

ਡੇਰਾ ਸਿਰਸਾ ਦੇ ਸਮਰਥਕਾਂ ਤੇ ਸਿੱਖ ਜਥੇਬੰਦੀਆਂ ਵਿਚ ਟਕਰਾਅ

ਬਨੂੜ: ਸੌਦਾ ਸਾਧ ਦੇ ਪੈਰੋਕਾਰਾਂ ਵਲੋਂ ਬਨੂੜ ਵਿਖੇ ਪੁਲਿਸ ਦੀ ਛਤਰ ਛਾਇਆ ਹੇਠ ਬਿਨਾਂ ਪ੍ਰਵਾਨਗੀ ਤੋਂ ਕੀਤੀ ਜਾ ਰਹੀ ਜ਼ਿਲ੍ਹਾ ਪਧਰੀ ਨਾਮ ਚਰਚਾ ਸਿੱਖ ਸੰਗਤਾਂ ਦੇ ਤਿੱਖੇ ਵਿਰੋਧ ਕਾਰਨ ਮੌਕੇ 'ਤੇ ਰੱਦ ਕਰਨੀ ਪਈ। ਪੁਲਿਸ ਦੇ ਰਵੱਈਏ ਕਾਰਨ ਸਿੰਘਾਂ ਨੂੰ ਨਾਮ ਚਰਚਾ ਰੱਦ ਕਰਾਉਣ ਲਈ ਦੋ ਘੰਟੇ ਬਨੂੜ ਬੈਰੀਅਰ ਉਤੇ ਜਾਮ ਲਾਉਣਾ ਪਿਆ ਤੇ ਤਣਾਅਪੂਰਨ ਸਥਿਤੀ ਵਿਚ ਚੇਲਿਆਂ ਤੇ ਸੰਗਤਾਂ ਵਿਚ ਟਕਰਾਅ ਵੀ ਹੋਇਆ, ਪਰ ਕਿਸੇ ਅਣਸੁਖਾਵੀ ਘਟਨਾ ਤੋਂ ਵਾਲ-ਵਾਲ ਬਚਾਅ ਰਿਹਾ। ਸੌਦਾ ਸਾਧ ਦੇ ਪੈਰੋਕਾਰਾਂ ਵਲੋਂ  ਵਾਰਡ ਨੰ: 1 ਹਵੇਲੀ ਬਸੀ ਵਿਖੇ ਲਾਂਡਰਾਂ ਮੁੱਖ ਮਾਰਗ ਉਤੇ ਜ਼ਿਲ੍ਹਾ ਪਧਰੀ ਨਾਮ ਚਰਚਾ ਕੀਤੀ ਜਾ ਰਹੀ ਸੀ ਜਿਸ ਦੀਆਂ ਪਿਛਲੇ ਤਿੰਨ ਦਿਨਾਂ ਤੋਂ ਤਿਆਰੀਆਂ ਚਲ ਰਹੀਆਂ ਸਨ, ਪਰ ਕਿਸੇ ਨੂੰ ਨਾਮ ਚਰਚਾ ਦੀ ਭਿਣਕ ਨਹੀਂ ਪੈਣ ਦਿਤੀ ਗਈ। ਦੁਪਿਹਰ ਤਕ  5 ਹਜ਼ਾਰ ਤੋਂ ਵੱਧ ਚੇਲੇ ਇੱਕਠੇ ਹੋ ਗਏ ਸਨ। ਪਰ ਇਸ ਚਰਚਾ ਦੀ ਨਾ ਈਓ ਤੋਂ ਪ੍ਰਵਾਨਗੀ ਲਈ ਅਤੇ ਪੰਡਾਲ ਵਾਲੀ ਥਾਂ ਦੇ ਮਾਲਕ ਠੇਕੇਦਾਰ ਕਿਸ਼ੋਰ ਕੁਮਾਰ ਤੇ ਕੌਂਸਲਰ ਪ੍ਰੀਤੀ ਵਾਲੀਆ ਨੇ ਵੀ ਪ੍ਰਵਾਨਗੀ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ।

ਸੂਚਨਾ ਮਿਲਣ 'ਤੇ ਦਮਦਮੀ ਟਕਸਾਲ ਦੇ ਜ਼ਿਲ੍ਹਾ ਜਥੇਦਾਰ ਭਾਈ ਬਰਜਿੰਦਰ ਸਿੰਘ ਪਰਵਾਨਾ ਅਤੇ ਭਾਈ ਹਰਿੰਦਰ ਸਿੰਘ ਵੀ ਮੌਕੇ ਉਤੇ ਪੁੱਜ ਗਏ। ਜਿਨ੍ਹਾਂ ਨੂੰ ਡੀਐਸਪੀ ਰਾਜਪੁਰਾ ਮਨਪ੍ਰੀਤ ਸਿੰਘ, ਐਸਐਚਓ ਬਨੂੜ ਨਿਰਮਲ ਸਿੰਘ, ਐਸਐਚਓ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਪੰਡਾਲ ਤੋਂ 100 ਗਜ ਦੂਰ ਬਨੂੜ ਬੈਰੀਅਰ ਚੌਕ ਉਤੇ ਰੋਕ ਲਿਆ। ਪੁਲਿਸ ਦੇ ਇਸ ਰਵਈਏ ਕਾਰਨ ਉਨ੍ਹਾਂ ਫ਼ੋਨ ਰਾਹੀਂ ਸਿੱਧਾ ਪ੍ਰਸਾਰਣ ਕਰ ਦਿਤਾ ਤੇ ਬੈਰੀਅਰ 'ਤੇ ਇੱਕਠੇ ਹੋਣ ਦੀ ਅਪੀਲ ਕੀਤੀ ਜਿਸ ਕਾਰਨ ਆਲੇ-ਦੁਆਲੇ ਦੇ ਪਿੰਡਾਂ ਤੋਂ ਸਿੱਖ ਸੰਗਤਾਂ ਵੀ ਵੱਡੀ ਗਿਣਤੀ ਵਿਚ ਬੈਰੀਅਰ ਚੌਕ ਉਤੇ ਪੁੱਜ ਗਈਆਂ। 

ਉਦੋਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਦਮਦਮੀ ਟਕਸਾਲ ਦੇ ਆਗੂਆਂ ਦੇ ਵਾਰ-ਵਾਰ ਨਾਮ ਚਰਚਾ ਰੱਦ ਕਰਨ ਦੀਆਂ ਕੀਤੀਆਂ ਬੇਨਤੀਆਂ ਨੂੰ ਅਣਗੋਲਿਆਂ ਕਰਦਿਆਂ ਪੁਲਿਸ ਚੌਕ ਵੱਲ ਆਉਂਦੇ ਸਾਧ ਦੇ ਚੇਲਿਆਂ ਨੂੰ ਸੁਰੱਖਿਆ ਪੰਡਾਲ ਵਿਚ ਜਾਣ ਲਈ ਮਦਦ ਕਰਨ ਲੱਗੀ। ਸਿੱਖ ਸੰਗਤਾਂ ਨੇ ਸੜਕ ਉਤੇ ਜਾਮ ਲਾ ਦਿਤਾ ਤੇ ਨਾਮ ਚਰਚਾ ਖ਼ੁਦ ਬੰਦ ਕਰਾਉਣ ਲਈ ਅੱਧੇ ਘੰਟੇ ਦਾ ਅਲਟੀਮੇਟਮ ਦੇ ਦਿਤਾ। ਲਾਂਡਰਾਂ-ਅੰਬਾਲਾ ਤੇ ਚੰਡੀਗੜ੍ਹ ਵਲ ਜਾਣ ਵਾਲੀ ਟਰੈਫ਼ਿਕ ਪ੍ਰਭਾਵਤ ਰਹੀ।  ਸ਼ਹਿਰ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ । ਅਲਟੀਮੇਟਮ ਦਾ ਸਮਾਂ ਖ਼ਤਮ ਹੋਣ 'ਤੇ ਸਿੱਖ ਸੰਗਤ ਸੌਦਾ ਸਾਧ ਦੇ ਚੇਲਿਆਂ ਨੂੰ ਪੰਡਾਲ ਵਿਚ ਜਾਣ ਤੋਂ ਰੋਕਣ ਲਈ ਜਦੋਂ ਅੱਗੇ ਵਧੀ, ਤਾਂ ਸਾਧ ਤੇ ਸਾਧਣੀਆਂ ਇਧਰ-ਉਧਰ ਨੂੰ ਭੱਜ ਨਿਕਲੇ ਤੇ ਕੁੱਝ ਵਿਚ ਟਕਰਾਅ ਹੋ ਗਿਆ ਜਿਸ ਨੂੰ ਪੁਲਿਸ ਨੇ ਵੱਡੀ ਮੁਸ਼ੱਕਤ ਨਾਲ ਕਾਬੂ ਹੇਠ ਲਿਆਂਦਾ। 

ਸਮੇਂ ਅਨੁਸਾਰ ਜਦੋਂ 2 ਵਜੇ ਨਾਮ ਚਰਚਾ ਸ਼ੁਰੂ ਹੋ ਹੋਈ ਤਾਂ ਐਸਪੀ ਹਰਮੀਤ ਸਿੰਘ ਨੇ ਲਾਊਡ ਸਪੀਕਰ ਬੰਦ ਕਰਵਾ ਦਿਤਾ ਤੇ ਤੁਰਤ ਤਣਾਅ ਨੂੰ ਭਾਂਪਦਿਆਂ ਨਾਮ ਚਰਚਾ ਰੱਦ ਕਰਵਾ ਦਿਤੀ। ਐਸਪੀ ਹਰਮੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਨਾਮ ਚਰਚਾ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਉਨ੍ਹਾਂ ਨੂੰ ਕਾਨੂੰਨ ਦੀ ਵਿਵਸਥਾ ਠੀਕ ਰੱਖਣ ਲਈ ਇਥੇ ਲਾਇਆ ਗਿਆ। ਐਸਐਚਓ ਬਨੂੜ ਨਿਰਮਲ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ, ਪਰ ਉਹ ਸਵੇਰੇ ਪੰਡਾਲ ਤੋਂ ਬਾਹਰ ਪੁਲਿਸ ਨੂੰ ਹਦਾਇਤ ਕਰਦੇ ਵੇਖੇ ਗਏ। ਐਸਡੀਐਮ ਮੁਹਾਲੀ ਜਗਦੀਪ ਸਿੰਘ ਸਹਿਗਲ ਨੇ ਦਸਿਆ ਕਿ ਉਨ੍ਹਾਂ ਨੂੰ 13 ਅਪ੍ਰੈਲ ਸ਼ਾਮ ਨੂੰ ਸੂਚਨਾ ਮਿਲੀ ਸੀ ਤੇ ਉਦੋਂ ਤੋਂ ਹੀ ਨਜ਼ਰ ਰੱਖੀ ਜਾ ਰਹੀ ਸੀ, ਪਰ ਉਨ੍ਹਾਂ ਵੀ ਨਾਮ ਚਰਚਾ ਦੀ ਪ੍ਰਵਾਨਗੀ ਤੋਂ ਅਗਿਆਨਤਾ ਪ੍ਰਗਟਾਈ। ਜਦੋ ਉਨ੍ਹਾਂ ਦਾ ਧਿਆਨ ਮਾਹੌਲ ਵਲ ਦੁਆਇਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਨਾਜ਼ੁਕ ਸੀ ਜਿਸ ਕਾਰਨ ਰੱਦ ਕਰਾਉਣ ਵਿਚ ਦੇਰ ਹੋਈ।  ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਤੇ ਮੁੱਖ ਪ੍ਰਬੰਧਕ ਹਰਮਿੰਦਰ ਸਿੰਘ ਨੇ ਦਸਿਆ ਕਿ ਨਾਮ ਚਰਚਾ ਦੀ ਪ੍ਰਵਾਨਗੀ ਲਈ ਹੋਈ ਹੈ ਅਤੇ ਅਪ੍ਰੈਲ ਮਹੀਨੇ ਨੂੰ ਡੇਰਾ ਸੌਦਾ ਦੇ ਸਥਾਪਨਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। '

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ