ਬੀਬੀ ਖਾਲੜਾ ਦੇ ਸਮਰਥਨ ਵਿੱਚ ਜਨਰਲ ਜੇ.ਜੇ ਸਿੰਘ ਨੂੰ ਚੋਣ ਮੈਦਾਨ ਤੋਂ ਪਿੱਛੇ ਹਟਾਇਆ

ਬੀਬੀ ਖਾਲੜਾ ਦੇ ਸਮਰਥਨ ਵਿੱਚ ਜਨਰਲ ਜੇ.ਜੇ ਸਿੰਘ ਨੂੰ ਚੋਣ ਮੈਦਾਨ ਤੋਂ ਪਿੱਛੇ ਹਟਾਇਆ

ਚੰਡੀਗੜ੍ਹ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇਸ ਵਾਰ ਸਭ ਤੋਂ ਅਹਿਮ ਬਣੀ ਹੋਈ ਖਡੂਰ ਸਾਹਿਬ ਲੋਕ ਸਭਾ ਸੀਟ ਸਬੰਧੀ ਬੀਤੇ ਕੱਲ੍ਹ ਵੱਡਾ ਐਲਾਨ ਕਰਦਿਆਂ ਬਾਦਲਾਂ ਤੋਂ ਵੱਖ ਹੋ ਕੇ ਮਾਝੇ ਦੇ ਆਗੂਆਂ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਜਨਰਲ ਜੇ.ਜੇ ਸਿੰਘ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਵਿਚ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਪੁਲਿਸ ਵੱਲੋਂ 80-90 ਦੇ ਦਹਾਕਿਆਂ ਦੌਰਾਨ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਦੁਨੀਆ ਸਾਹਮਣੇ ਲਿਆਉਣ ਵਾਲੇ ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਪੰਜਾਬ ਡੈਮੋਕਰੈਟਿਕ ਅਲਾਇੰਸ ਦੀ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੀ ਪੰਜਾਬੀ ਏਕਤਾ ਪਾਰਟੀ ਦੇ ਉਮੀਦਵਾਰ ਹਨ।

ਬੀਤੇ ਕੱਲ੍ਹ ਮੁਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਨੌਜਵਾਨ ਇਕਾਈ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੀ ਰਿਹਾਇਸ਼ 'ਤੇ ਹੋਏ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਹਮਪੁਰਾ ਨੇ ਇਹ ਐਲਾਨ ਕੀਤਾ। 

ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸਿੱਖ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਦੀ ਪਾਰਟੀ ਨੇ ਬੀਬੀ ਖਾਲੜਾ ਨੂੰ ਸਮਰਥਨ ਦੇਣ ਦਾ ਫੈਂਸਲਾ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਹੁਣ ਸਾਰੀਆਂ ਹਮਖਿਆਲ ਪਾਰਟੀਆਂ ਦਾ ਸਮਰਥਨ ਲੈਣ ਲਈ ਸਾਂਝੇ ਤੌਰ ਤੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨੀ ਚਾਹੀਦੀ ਹੈ।

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਇਸ ਐਲਾਨ ਨਾਲ ਹੁਣ ਖਡੂਰ ਸਾਹਿਬ ਦੀ ਸੀਟ 'ਤੇ ਮੁਕਾਬਲਾ ਹੋਰ ਰੋਚਕ ਬਣ ਗਿਆ ਹੈ। ਹੁਣ ਇਸ ਸੀਟ 'ਤੇ ਮੁੱਖ ਮੁਕਾਬਲਾ ਬੀਬੀ ਪਰਮਜੀਤ ਕੌਰ ਖਾਲੜਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਬੀਬੀ ਜਗੀਰ ਕੌਰ ਅਤੇ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਦਰਮਿਆਨ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ