ਐਨਸੀਆਰਟੀ ਦੇ ਤਾਜ਼ਾ ਬਦਲਾਅ ਕਾਰਣ ਮੁਗਲ ਇਤਿਹਾਸ ਦੇ ਖਾਰਜ ਹੋਣ ਨਾਲ ਸਿਖ ਇਤਿਹਾਸ ਵੀ ਹੋਵੇਗਾ ਗਾਇਬ

ਐਨਸੀਆਰਟੀ ਦੇ ਤਾਜ਼ਾ ਬਦਲਾਅ ਕਾਰਣ ਮੁਗਲ ਇਤਿਹਾਸ ਦੇ ਖਾਰਜ ਹੋਣ ਨਾਲ ਸਿਖ ਇਤਿਹਾਸ ਵੀ ਹੋਵੇਗਾ ਗਾਇਬ

ਭਾਜਪਾ ਦੇ ਫ਼ਿਰਕੂ ਏਜੰਡੇ ਵਿਰੁੱਧ ਅਕਾਲ ਤਖਤ ਸਾਹਿਬ ,ਸ਼੍ਰੋਮਣੀ ਕਮੇਟੀ ਜ਼ਿੰਮੇਵਾਰੀ ਨਿਭਾਉਣ

ਨੈਸ਼ਨਲ ਕਾਉਂਸਲੰਗ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਨਸੀਈਆਰਟੀ) ਨੇ 12ਵੀ ਜਮਾਤ ਅਤੇ ਦੂਜੀਆਂ ਜਮਾਤਾਂ ਦੀਆਂ ਵੀ ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਪੂਰੇ ਦੇ ਪੂਰੇ ਚੈਪਟਰ ਹਟਾਉਣ ਅਤੇ ਦੂਜੀਆਂ ਪਾਠ ਪੁਸਤਕਾਂ ਵਿਚੋਂ ਵੇਰਵਿਆਂ ਨੂੰ ਕੱਟਣ ਦਾ ਹਾਲ ਹੀ ਵਿਚ ਜੋ ਫ਼ੈਸਲਾ ਲਿਆ ਗਿਆ ਹੈ, ਉਹ ਸਿਖ ਪੰਥ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਮਹਾਮਾਰੀ ਅਤੇ ਬਿਨਾ ਸੋਚੇ-ਸਮਝੇ ਲਾਏ ਗਏ ਲਾਕਡਾਊਨਾਂ ਦੀ ਔਜਾਰ ਦੇ ਤੌਰ ’ਤੇ ਵਰਤੋਂ ਕਰਦਿਆਂ ਸਿਲੇਬਸ ਨੂੰ ਹਲਕਾ ਕਰਨ ਦਾ ਬਹਾਨਾ ਮਾਰਦਿਆਂ ਐਨਸੀਈਆਰਟੀ ਨੇ ਸਕੂਲਾਂ ਦੀਆਂ ਛੇਵੀਂ ਤੋਂ ਬਾਹਰਵੀਂ ਜਮਾਤ ਤੱਕ ਦੀਆਂ ਸਮਾਜ ਵਿਗਿਆਨ, ਇਤਿਹਾਸ, ਰਾਜਨੀਤੀ ਸ਼ਾਸਤਰ ਦੀਆਂ ਪਾਠ ਪੁਸਤਕਾਂ ਵਿਚੋਂ ਮੁਗਲ ਦਰਬਾਰਾਂ ਦੇ ਇਤਿਹਾਸ, ਗੁਜਰਾਤ ਵਿਚ 2022 ਦੇ ਫ਼ਿਰਕੂ ਦੰਗੇ, ਐਮਰਜੈਂਸੀ ਅਤੇ ਦਲਿਤ ਲੇਖਕਾਂ, ਨਕਸਲਵਾਦੀ ਅੰਦੋਲਨ ਅਤੇ ਬਰਾਬਰੀ ਲਈ ਸੰਘਰਸ਼ਾਂ ਵਰਗੇ ਵਿਸ਼ਿਆਂ ਨੂੰ ਹਟਾਉਣ ਦੀ ਵਿਵਾਦਿਤ ਫਿਰਕੂ ਪ੍ਰਕਿਰਿਆ ਸ਼ੁਰੂ ਕੀਤੀ ਸੀ।

ਇਸ ਦੇ ਪ੍ਰਕਾਸ਼ ਵਿਚੋਂ ਇਹ ਡੂੰਘੀ ਅਤੇ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਦੇ ਭਾਗ-2 ਵਿਚੋਂ ਮੁਗਲਾਂ ’ਤੇ ਇੱਕ ਅਧਿਆਏ ਨੂੰ ਹਟਾ ਦਿੱਤਾ ਗਿਆ ਹੈ। ਭਾਗ-3 ਵਿਚੋਂ, ਆਧੁਨਿਕ ਭਾਰਤੀ ਇਤਿਹਾਸ ਨਾਲ ਸੰਬੰਧਤ ਦੋ ਅਧਿਆਏ ਹਟਾ ਦਿੱਤੇ ਗਏ ਹਨ। ਇਸ ਸਿਲਸਿਲੇ ਵਿਚ ਇਨ੍ਹਾਂ ਪਾਠ ਪੁਸਤਕਾਂ ਨੂੰ ਤਿਆਰ ਕਰਨ ਵਾਲੀਆਂ ਟੀਮਾਂ ਦੇ ਮੈਂਬਰਾਂ ਨਾਲ ਸਲਾਹ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਇਨ੍ਹਾਂ ਟੀਮਾਂ ਵਿਚ ਐਨਸੀਈਆਰਟੀ ਦੇ ਮੈਂਬਰਾਂ ਤੋਂ ਇਲਾਵਾ ਇਤਿਹਾਸਕਾਰ ਅਤੇ ਸਕੂਲੀ ਅਧਿਆਪਕ ਵੀ ਸ਼ਾਮਿਲ ਸਨ। 

ਇਤਿਹਾਸ ਦੀ ਪਾਠ-ਪੁਸਤਕ ਦੇ ਭਾਗ-2 ਵਿਚੋਂ, ਕਿੰਗਸ ਐਂਡ ਕ੍ਰਾਨਿਕਲਸ: ‘ਦ ਮੁਗਲ ਕੋਰਟਸ’ ਸਿਰਲੇਖ ਵਾਲਾ ਪਾਠ ਕੱਢ ਦਿੱਤਾ ਗਿਆ ਹੈ। ਜਦੋਂ ਕਿ ਵਿਜੈਨਗਰ ਸਾਮਰਾਜ ’ਤੇ ਪਾਠ ਨਹੀਂ ਕੱਢਿਆ ਗਿਆ। ਇਸ ਪਾਠ ਨੂੰ ਹਟਾਇਆ ਜਾਣਾ ਕੱਟੜ ਫਿਰਕਾਪ੍ਰਸਤ ਮਨੋਰਥਾਂ ਨੂੰ ਉਜਾਗਰ ਕਰਦਾ ਹੈ ਜੋ ਕਿ ਭਾਰਤ ਦੇ ਅਤੀਤ ਦੇ ਸੰਬੰਧ ’ਚ ਇਸ ਗਲਤ ਧਾਰਨਾ ਦੇ ਆਧਾਰਿਤ ਹੈ ਕਿ ਸ਼ਾਸਕਾਂ ਦਾ ਧਰਮ ਹੀ, ਉਸ ਦੌਰ ਵਿਚ ਮੁੱਖ ਧਰਮ ਸੀ।

 ਇਹ ਸਿੱਖ ਚਿੰਤਕਾਂ ,ਜਥੇਦਾਰ ਅਕਾਲ ਤਖਤ ਸਾਹਿਬ ,ਸ੍ਰੋਮਣੀ ਕਮੇਟੀ ਲਈ ਵੀ ਚਿੰਤਾ ਦਾ ਵਿਸ਼ਾ ਹੈ ,ਕਿਉਂਕਿ ਸਿੱਖ ਇਤਿਹਾਸ ਤੇ ਮੁਗ਼ਲ ਕਾਲ ਨਾਲ-ਨਾਲ ਚਲਦੇ ਹਨ। ਗੁਰੂ ਸਾਹਿਬਾਨ ਦਾ ਅੰਦੋਲਨ ਮੁਗਲ ਸਟੇਟ ਤੇ ਅਨਿਆਂ ਖਿਲਾਫ ਸੀ।ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਸਮਾਂ ਤੇ ਇਤਿਹਾਸ ਬਾਬਰ ਤੋਂ ਲੈ ਕੇ ਬਹਾਦਰ ਸ਼ਾਹ ਤੱਕ ਨਾਲ-ਨਾਲ ਹੀ ਚੱਲਿਆ ਹੈ। ਫਿਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਿੱਖ ਮਿਸਲਾਂ ਦਾ ਇਤਿਹਾਸ ਵੀ ਅੰਗਰੇਜ਼ਾਂ ਦੇ ਕਾਬਜ਼ ਹੋਣ ਤੱਕ ਮੁਗ਼ਲਾਂ ਦੇ ਇਤਿਹਾਸ ਦੇ ਸਮਾਨਅੰਤਰ ਚੱਲਿਆ ਹੈ। ਇਸ ਵਿਚ ਦਿੱਲੀ ਫ਼ਤਹਿ ਅਤੇ ਦਿੱਲੀ 'ਤੇ ਸਿੱਖਾਂ ਦੇ ਹਮਲਿਆਂ ਅਤੇ ਜਿੱਤਾਂ ਦਾ ਜ਼ਿਕਰ ਵੀ ਜ਼ਰੂਰੀ ਹੈ। ਇਸ ਲਈ ਜੇਕਰ ਸਕੂਲਾਂ, ਕਾਲਜਾਂ ਦੀਆਂ ਕਿਤਾਬਾਂ ਵਿਚੋਂ ਮੁਗ਼ਲ ਕਾਲ ਦਾ ਇਤਿਹਾਸ ਮਨਫ਼ੀ ਕੀਤਾ ਜਾਂਦਾ ਹੈ ਤਾਂ ਡਰ ਹੈ ਕਿ ਕਿਤੇ ਸਿੱਖ ਇਤਿਹਾਸ ਵੀ ਮਨਫ਼ੀ ਨਾ ਹੋ ਜਾਵੇ। ਇਸ ਲਈ ਜ਼ਰੂਰੀ ਹੈ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਨੂੰ ਸਿੱਖ ਨੁਕਤਾ-ਨਿਗਾਹ ਨਾਲ ਵਾਚਣ ਲਈ ਉੱਚ ਕੋਟੀ ਦੇ ਸਿੱਖ ਵਿੱਦਿਅਕ ਮਾਹਿਰਾਂ ਦੀ ਇਕ ਕਮੇਟੀ ਬਣਾਵੇ ਜੋ ਸਿਰਫ਼ ਇਕ ਹਫ਼ਤੇ ਵਿਚ ਕਿਤਾਬਾਂ ਵਿਚ ਹੋਈਆਂ ਤਬਦੀਲੀਆਂ ਨੂੰ ਸਿੱਖ ਇਤਿਹਾਸ ਦੇ ਨੁਕਤਾ-ਨਿਗਾਹ ਤੋਂ ਵਿਚਾਰ ਕੇ ਰਿਪੋਰਟ ਦੇਵੇ। ਫਿਰ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਇਸ ਸਥਿਤੀ ਨਾਲ ਨਿਪਟਣ ਲਈ ਅਸਰਦਾਰ ਕਾਰਵਾਈ ਕਰੇ। ਕਿਤੇ ਅਜਿਹਾ ਨਾ ਹੋਵੇ ਕਿ ਸਿੱਖ ਇਤਿਹਾਸ ਦਾ ਵਡਮੁੱਲਾ ਹਿੱਸਾ ਸਮੇਂ ਦੀ ਧੂੜ ਵਿਚ ਗਵਾਚ ਜਾਵੇ।

 ਐਨਸੀਈਆਰਟੀ ਦਾ ਫ਼ੈਸਲਾ, ਵੰਡਪਾਊਤੇ ਹਿੰਦੂ ਰਾਸ਼ਟਰਵਾਦੀ ਮਨਸੂਬਿਆਂ ਦੁਆਰਾ ਪ੍ਰੇਰਿਤ ਹੈ।