"ਨੂਰਮਹਿਲੀਆਂ" ਨਾਲ ਸਬੰਧ ਨਸ਼ਰ ਹੋਣ 'ਤੇ ਭੜਕਿਆ ਕਾਂਗਰਸੀ ਆਗੂ ਬਰਿੰਦਰ ਢਿੱਲੋਂ

ਰੋਪੜ(ਏਟੀ ਨਿਊਜ਼): ਰੋਪੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਵਿਧਾਇਕ ਦੀ ਚੋਣ ਲੜ ਚੁੱਕਿਆ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਉਸ ਵੇਲੇ ਅੱਗ ਬਬੂਲਾ ਹੋ ਗਿਆ, ਜਦੋਂ ਇਕ ਸਿੱਖ ਨੌਜਵਾਨ ਨੇ ਉਸਦੀ "ਨੂਰਮਹਿਲੀਆਂ" ਦੇ ਦਰਬਾਰ ਵਿਚ ਖੜ੍ਹੇ ਦੀ ਇਕ ਫੋਟੋ ਸੋਸ਼ਲ ਮੀਡੀਆ ਉੱਤੇ ਨਸ਼ਰ ਕਰ ਦਿੱਤੀ। 

ਸ੍ਰੀ ਭੱਠਾ ਸਾਹਿਬ ਦੇ ਰਹਿਣ ਵਾਲੇ ਅਤੇ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਦਲ ਦੇ ਪ੍ਰਧਾਨ ਜਸਪਾਲ ਸਿੰਘ ਨੇ ਸੋਸ਼ਲ ਮੀਡੀਆ ਉਤੇ ਪੋਸਟ ਵਿਚ ਨਾਲ ਹੀ ਸਿੱਖ ਜਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਵਿਚ ਅਜਿਹੇ ਦੋਗਲੇ ਕਿਰਦਾਰ ਵਾਲੇ ਆਗੂਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਬਸ ਇਹ ਦੇਖ ਕੇ ਲੀਡਰ ਸਾਬ ਦਾ ਪਾਰਾ ਹਾਈ ਹੋ ਗਿਆ ਤੇ ਗੁੱਸੇ ਵਿਚ ਆ ਕੇ ਜਸਪਾਲ ਸਿੰਘ ਦੇ ਫੋਨ ਉੱਤੇ ਨੌਜਵਾਨ ਨੂੰ ਦੇਖ ਲੈਣ ਦੀਆਂ ਧਮਕੀਆਂ ਦੇਣ ਲੱਗਾ। 

ਨੌਜਵਾਨ ਨੇ ਇਹ ਸਾਰੀ ਕਾਲ ਰਿਕਾਰਡ ਕਰ ਲਈ ਜੋ ਹੁਣ ਸੋਸ਼ਲ ਮੀਡੀਆ ਉਤੇ ਕਾਂਗਰਸੀ ਆਗੂ ਅਤੇ ਸਰਕਾਰ ਲਈ ਨਮੋਸ਼ੀ ਦਾ ਕਾਰਨ ਬਣਦੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਨਾਮ ਦੇ  ਉਕਤ ਨੌਜਵਾਨ ਦਾ ਜ਼ਿਲ੍ਹੇ ਵਿਚ ਕਾਫ਼ੀ ਪ੍ਰਭਾਵ ਹੈ। ਉਹ ਪਿਛਲੇ ਕਈ ਸਾਲਾਂ ਤੋਂ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਦੇ ਨਿਸ਼ਾਨ ਹੇਠ ਸਿੱਖ ਬੱਚਿਆਂ ਨੂੰ ਮੁਫ਼ਤ ਗੱਤਕਾ ਸਿਖਲਾਈ,ਦਸਤਾਰ ਸਜਾਉਣ ਤੇ ਹੋਰ ਧਾਰਮਿਕ ਰੁਚੀਆਂ ਵੱਲ ਪ੍ਰੇਰਿਤ ਕਰਨ ਕਰਕੇ ਹਰਮਨਪਿਆਰੇ ਹਨ। ਇਸ ਕਰ ਕੇ ਕਾਂਗਰਸੀ ਆਗੂ ਦੀ ਇਸ ਹਰਕਤ ਕਾਰਨ ਉਹ ਖੁਦ ਹੀ ਬੁਰੀ ਤਰ੍ਹਾਂ ਘਿਰ ਗਏ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ