ਗੁਰੂ ਸਾਹਿਬ ਦੀ ਤੁਲਨਾ ਭਗਤ ਸਿੰਘ ਨਾਲ ਕਰਨ ਲਈ ਮੁਆਫੀ ਮੰਗੇ ਭਗਵੰਤ ਮਾਨ: ਬਾਦਲ ਦਲ

ਗੁਰੂ ਸਾਹਿਬ ਦੀ ਤੁਲਨਾ ਭਗਤ ਸਿੰਘ ਨਾਲ ਕਰਨ ਲਈ ਮੁਆਫੀ ਮੰਗੇ ਭਗਵੰਤ ਮਾਨ: ਬਾਦਲ ਦਲ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਲੋਕ ਸਭਾ ਵਿੱਚ ਬੋਲਦਿਆਂ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਭਗਤ ਸਿੰਘ ਨਾਲ ਕਰਕੇ ਵਿਵਾਦ ਛੇੜ ਦਿੱਤਾ ਹੈ। ਭਗਵੰਤ ਮਾਨ ਨੇ ਬੋਲਦਿਆ ਗੁਰੂ ਗੋਬਿੰਦ ਸਿੰਘ ਅਤੇ ਭਗਤ ਸਿੰਘ ਨੂੰ ਇੱਕ ਬਰਾਬਰ ਦੱਸ ਦਿੱਤਾ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। 

ਸ਼੍ਰੋਮਣੀ ਅਕਾਲੀ ਦਲ ਨੇ  ਸੰਸਦ ਵਿਚ ਗੁਰੂ ਗੋਬਿੰਦ ਸਿੰਘ ਜੀ ਤੁਲਨਾ ਇੱਕ ਮਨੁੱਖ ਨਾਲ ਕਰਨ ਲਈ ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਸਖ਼ਤ ਨਿਖੇਧੀ ਕੀਤੀ ਹੈ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਨੇ  ਇਹ ਕਿਹਾ ਹੈ ਕਿ ਸਿੱਖਾਂ ਦੇ 300 ਸਾਲਾਂ ਦੇ ਇਤਿਹਾਸ ਵਿਚ ਸਿਰਫ ਦੋ ਸ਼ਹੀਦ ਹੋਏ ਹਨ-  ਗੁਰੂ ਗੋਬਿੰਦ ਸਿੰਘ ਜੀ ਅਤੇ ਸਰਦਾਰ ਭਗਤ ਸਿੰਘ। ਉਨ੍ਹਾਂ ਕਿਹਾ ਕਿ ਇਸ ਬਿਆਨ ਨੇ ਪੂਰੀ ਦੁਨੀਆਂ ਵਿਚ ਰਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਸਾਰੇ ਸਿੱਖਾਂ ਨੂੰ ਇਸ ਗੱਲ ਤੋਂ ਬਹੁਤ ਸੱਟ ਵੱਜੀ ਹੈ ਕਿ ਮਾਨ ਨੇ ਬੜੀ ਲਾਪਰਵਾਹੀ ਨਾਲ ਗੁਰੂ ਸਾਹਿਬ ਦੀ ਤੁਲਨਾ ਇੱਕ ਮਨੁੱਖ ਨਾਲ ਕਰ ਦਿੱਤੀ ਹੈ। 

ਬਾਦਲ ਦਲ ਦੇ ਆਗੂ ਨੇ ਮਾਨ ਨੂੰ ਤੁਰੰਤ ਸਿੱਖਾਂ, ਪੰਜਾਬੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਤੋਂ ਮੁਆਫੀ ਮੰਗਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਅਸੀਂ ਉਸ ਵਿਰੁੱਧ ਪ੍ਰਦਰਸ਼ਨ ਕਰਕੇ ਉਸ ਨੂੰ ਮੁਆਫੀ ਮੰਗਣ ਲਈ ਮਜਬੂਰ ਕਰ ਦਿਆਂਗੇ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ