ਕਸ਼ਮੀਰ ਵਿੱਚ ਕਤਲ ਕੀਤੇ ਗਏ 5 ਬੰਗਾਲੀ ਮੁਸਲਮਾਨ; ਮਮਤਾ ਬੈਨਰਜੀ ਨੂੰ ਕਿਸੇ ਵੱਡੀ ਸਾਜਿਸ਼ ਦਾ ਸ਼ੱਕ

ਕਸ਼ਮੀਰ ਵਿੱਚ ਕਤਲ ਕੀਤੇ ਗਏ 5 ਬੰਗਾਲੀ ਮੁਸਲਮਾਨ; ਮਮਤਾ ਬੈਨਰਜੀ ਨੂੰ ਕਿਸੇ ਵੱਡੀ ਸਾਜਿਸ਼ ਦਾ ਸ਼ੱਕ
ਮਮਤਾ ਬੈਨਰਜੀ

ਕਲਕੱਤਾ: ਬੀਤੇ ਕੁੱਝ ਦਿਨਾਂ ਤੋਂ ਕਸ਼ਮੀਰ ਵਿੱਚ ਕਸ਼ਮੀਰ ਤੋਂ ਬਾਹਰਲੇ ਲੋਕਾਂ 'ਤੇ ਹਮਲਿਆਂ ਦੇ ਮਾਮਲੇ ਸਾਹਮਣੇ ਆਏ ਹਨ ਜਿਹਨਾਂ ਨੂੰ ਭਾਰਤੀ ਮੀਡੀਆ ਕਸ਼ਮੀਰੀ ਖਾੜਕੂਆਂ ਦੀਆਂ ਕਾਰਵਾਈਆਂ ਦੱਸ ਕੇ ਪ੍ਰਚਾਰ ਰਿਹਾ ਹੈ ਜਦਕਿ ਅਜੇ ਤੱਕ ਕਿਸੇ ਵੀ ਖਾੜਕੂ ਜਥੇਬੰਦੀ ਨੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 

ਅਜਿਹੀ ਤਾਜ਼ਾ ਘਟਨਾ ਬੀਤੇ ਕੱਲ੍ਹ ਵਾਪਰੀ ਜਦੋਂ ਕੁਲਗਾਮ ਜ਼ਿਲ੍ਹੇ ਵਿੱਚ ਬੰਗਾਲ ਨਾਲ ਸਬੰਧਿਤ 5 ਕਾਮਿਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਸਾਰੇ ਕਾਮੇ ਬੰਗਾਲੀ ਮੁਸਲਮਾਨ ਸਨ। 

ਇਹਨਾਂ ਕਤਲਾਂ 'ਤੇ ਦੁੱਖ ਪ੍ਰਗਟ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਸ ਘਟਨਾ ਦੀ ਖਾਸ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਕਤਲਾਂ ਪਿੱਛੇ ਕੌਣ ਜਿੰਮੇਵਾਰ ਹੈ ਇਸ ਦਾ ਸੱਚ ਸਾਹਮਣੇ ਆ ਸਕੇ।

ਮਮਤਾ ਬੈਨਰਜੀ ਨੇ ਕਤਲਾਂ ਪਿੱਛੇ ਸਾਜਿਸ਼ ਦਾ ਸ਼ੱਕ ਜਾਹਿਰ ਕਰਦਿਆਂ ਕਿਹਾ ਕਿ ਇਹਨਾਂ ਕਤਲਾਂ ਦੀ ਖਬਰ ਨੇ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਉਹਨਾਂ ਕਿਹਾ ਕਿ ਮੋਜੂਦਾ ਸਮੇਂ ਕਸ਼ਮੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਕਾਰਵਾਈ ਨਹੀਂ ਹੋ ਰਹੀ ਅਤੇ ਸਾਰਾ ਕੁੱਝ ਭਾਰਤ ਸਰਕਾਰ ਦੇ ਪ੍ਰਬੰਧ ਹੇਠ ਹੈ। 

ਮਮਤਾ ਬੈਨਰਜੀ ਨੇ ਬੰਗਾਲ ਪੁਲਿਸ ਦੇ ਉੱਚ ਅਫਸਰ ਨੂੰ ਇਹਨਾਂ ਕਤਲਾਂ ਦੀ ਜਾਂਚ ਕਰਨ ਲਈ ਨਿਯੁਕਤ ਕੀਤਾ ਹੈ। 

ਮਮਤਾ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਇਹਨਾਂ ਕਤਲਾਂ ਦੀ ਪੁਖਤਾ ਜਾਂਚ ਕੀਤੀ ਜਾਵੇ ਤਾਂ ਕਿ ਅਸਲ ਸੱਚ ਸਾਹਮਣੇ ਆ ਸਕੇ। ਅਸੀਂ ਏਡੀਜੀ ਦੱਖਣੀ ਬੰਗਾਲ ਸ਼੍ਰੀ ਸੰਜੇ ਸਿੰਘ ਨੂੰ ਇਸ ਜਾਂਚ ਲਈ ਨਿਯੁਕਤ ਕੀਤਾ ਹੈ।"

ਮਮਤਾ ਬੈਨਰਜੀ ਨੇ ਮਾਰੇ ਗਏ ਸਾਰੇ ਕਾਮਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।