ਪੰਜਾਬ ਵਿੱਚ ਸਰਕਾਰਾਂ ਦੀ ਨੱਕ ਹੇਠ ਵਿੱਕ ਰਿਹਾ ਖੇਤਾਂ ਦਾ ਜ਼ਹਿਰ

ਪੰਜਾਬ ਵਿੱਚ ਸਰਕਾਰਾਂ ਦੀ ਨੱਕ ਹੇਠ ਵਿੱਕ ਰਿਹਾ ਖੇਤਾਂ ਦਾ ਜ਼ਹਿਰ

ਚੰਡੀਗੜ੍ਹ: ਪੰਜਾਬ ਵਿੱਚ ਜ਼ਮੀਨਾਂ ਅੰਦਰ ਜ਼ਹਿਰ ਮਿਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਵਿੱਚ ਸਰਕਾਰੀ ਅਤੇ ਵਪਾਰੀ ਵਰਗ ਦੀ ਮਿਲੀਭੁਗਤ ਜਗ ਜਨਤਕ ਹੋ ਚੁੱਕੀ ਹੈ। ਭਾਵੇਂ ਕਿ ਸਰਕਾਰ ਇਹਨਾਂ ਜ਼ਹਿਰੀਲੀਆਂ ਦਵਾਈਆਂ, ਸਪਰੇਆਂ 'ਤੇ ਸਮਾਂ ਲੰਘਣ ਤੋਂ ਬਾਅਦ ਹੀ ਪਾਬੰਦੀਆਂ ਲਾਉਂਦੀ ਹੈ ਪਰ ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਪਾਬੰਦੀਆਂ ਲੱਗਣ ਤੋਂ ਬਾਅਦ ਵੀ ਇਹ ਜ਼ਹਿਰ ਪੰਜਾਬ ਵਿੱਚ ਲਗਾਤਾਰ ਵਿਕ ਰਹੇ ਹਨ। 

ਅਜਿਹਾ ਮਾਮਲਾ ਜ਼ਿਲ੍ਹਾ ਜਲੰਧਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਕਾਰਵਾਈ ਕਰਦਿਆਂ ਹੋਇਆਂ 8 ਕੁਇੰਟਲ ਪਾਬੰਦੀਸ਼ੁਦਾ ਕੀੜੇਮਾਰ ਦਵਾਈਆਂ ਦਾ ਜ਼ਖੀਰਾ ਫੜਨ ਦਾ ਦਾਅਵਾ ਕੀਤਾ ਹੈ। ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਜਲੰਧਰ ਡਾ. ਨਾਜਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਤੱਕ ਮਿਆਰੀ ਜ਼ਹਿਰਾਂ ਖਾਦਾਂ ਅਤੇ ਬੀਜ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਵਿਭਾਗ ਨੂੰ ਇਤਲਾਹ ਮਿਲਣ ’ਤੇ ਕੀੜੇਮਾਰ ਦਵਾਈਆਂ ਦੀ ਅਣ-ਅਧਿਕਾਰਤ ਖੇਪ ਦੀ ਪਿੰਡਾਂ ਵਿੱਚ ਵਿਕਰੀ ਕਰਨ ਵਾਲੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। 

ਡਾ. ਨਾਜਰ ਸਿੰਘ ਨੇ ਦੱਸਿਆ ਕਿ ਅਣ-ਅਧਿਕਾਰਿਤ ਕੰਪਨੀ ਦੇ ਮੁਲਾਜ਼ਮਾਂ ਨੂੰ ਦਵਾਈਆਂ ਸਮੇਤ ਆਦਮਪੁਰ ਤੋਂ ਰੰਗੇ ਹੱਥੀਂ ਫੜਿਆ ਗਿਆ ਹੈ। ਦਵਾਈਆਂ ਨੂੰ ਫੜਨ ਉਪਰੰਤ ਖੇਤੀਬਾੜੀ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਦਵਾਈ ਦੇ ਸੈਂਪਲ ਲੈ ਕੇ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਸਨ ਜਿੱਥੇ ਕਿ ਇਹ ਸੈਂਪਲ ਪਾਸ ਨਹੀਂ ਹੋ ਸਕੇ। ਇਸਨੂੰ ਦੇਖਦੇ ਹੋਏ ਖੇਤੀਬਾੜੀ ਵਿਭਾਗ ਵੱਲੋਂ ਥਾਣਾ ਆਦਮਪੁਰ ਵਿਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ।

ਇਸ ਮੌਕੇ ਰਵਿੰਦਰ ਪਾਲ ਸਿੰਘ ਸੰਧੂ ਐੱਸਪੀ ਹੈੱਡਕੁਆਟਰ ਜਲੰਧਰ, ਗੁਰਦੇਵ ਸਿੰਘ ਡੀਐੱਸਪੀ ਆਦਮਪੁਰ, ਐੱਸਐੱਚਓ. ਆਦਮਪੁਰ ਜਰਨੈਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ’ਤੇ ਗੱਡੀ ਨੰਬਰ ਐਚ.ਪੀ. 12-ਜੇ-2674 (ਬਲੈਰੋ ਪਿਕਅਪ) ਦੇ ਡਰਾਈਵਰ ਪਵਨ ਕੁਮਾਰ ਪੁੱਤਰ ਸੀਤਾ ਰਾਮ ਵਾਸੀ ਜ਼ਿਲ੍ਹਾ ਕਸੌਲੀ, ਹਿਮਾਚਲ ਪ੍ਰਦੇਸ਼ ਵਿਰੁੱਧ ਕੇਸ ਦਰਜ ਕਰਕੇ ਗੱਡੀ ਸਮੇਤ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਮੌਕੇ ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਗਲਤ ਅਨਸਰਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਅਤੇ ਦਵਾਈਆਂ, ਖਾਦਾਂ, ਬੀਜਾਂ ਦੀ ਖਰੀਦ ਹਮੇਸ਼ਾ ਭਰੋਸੇਯੋਗ ਅਦਾਰਿਆਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਦੇ ਅਧਿਕਾਰਿਤ ਡੀਲਰਾਂ ਪਾਸੋਂ ਹੀ ਕਰਕੇ ਪੱਕਾ ਬਿੱਲ ਵੀ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਮੌਕੇ ਖੇਤੀਬਾੜੀ ਅਫਸਰ ਜਲੰਧਰ ਨਰੇਸ਼ ਗੁਲਾਟੀ, ਖੇਤੀਬਾੜੀ ਵਿਕਾਸ ਅਫਸਰ ਆਦਮਪੁਰ ਡਾ. ਸੁਰਜੀਤ ਸਿੰਘ, ਖੇਤੀਬਾੜੀ ਵਿਭਾਗ ਇਨਫੋਰਸਮੈਂਟ ਜਲੰਧਰ ਗੁਰਚਰਨ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ