ਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਮੁਹਰੇ ਹੋਈ ਅਰਦਾਸ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 24 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਹਿੰਦੁਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਪਿੱਛਲੇ ਲੰਮੇ ਸਮੇਂ ਤੋਂ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਤਿਹਾੜ ਜੇਲ੍ਹ ਦੇ ਬਾਹਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਸੰਗਤਾਂ ਵਲੋਂ ਨਿਸ਼ਾਨ ਸਾਹਿਬ ਦੀ ਸਰਪ੍ਰਸਤੀ ਹੇਠ ਚੌਪਈ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ । ਜਿਕਰਯੋਗ ਹੈ ਕਿ ਇਨ੍ਹਾਂ ਮਰਜੀਵੜਿਆ ਨੇ ਆਪਣੀ ਜੁਆਨੀ ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਲੇਖੇ ਲਗਾਉਂਦੀਆ ਜੇਲ੍ਹਾਂ ਵਿਚ ਬਤੀਤ ਕਰ ਦਿੱਤੀ ਹੈ । ਸਿੱਖ ਲੀਡਰ ਇਨ੍ਹਾਂ ਦੇ ਨਾਮ ਤੇ ਆਪਣੀ ਨੇਤਾਗਿਰੀ ਜਰੂਰ ਕਰਦੇ ਰਹੇ ਪਰ ਇਨ੍ਹਾਂ ਦੀ ਰਿਹਾਈ ਲਈ ਕੋਈ ਠੋਸ ਰਣਨੀਤੀ ਨਹੀਂ ਬਣਾ ਸਕੇ । ਜਦਕਿ ਬਹੁਗਿਣਤੀ ਵਲੋਂ ਇਕ ਰਣਨੀਤੀ ਤਹਿਤ ਗੋਧਰਾ ਕਾਂਡ, ਰਾਜੀਵ ਕਤਲਕਾਂਡ ਇਥੋਂ ਤਕ ਕਿ ਬਿਲਕਿਸ ਬਾਨੋ ਕਾਂਡ ਦੇ ਦੋਸ਼ੀ ਜੇਲ੍ਹਾਂ ਤੋਂ ਬਾਹਰ ਕਢਵਾ ਲਏ ਤੇ ਓਸ ਤੋਂ ਵੱਡਾ ਦੁੱਖ ਸੋਧਾ ਸਾਧ ਸਿੱਖ ਕੌਮ ਨੂੰ ਮੂੰਹ ਚਿੜਾਉਂਦੇ ਹੋਏ ਬਾਰ ਬਾਰ ਪੈਰੋਲ ਤੇ ਰਿਹਾ ਹੋ ਰਿਹਾ । ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਸਣੇ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ ਇਸ ਮਾਮਲੇ ਵਿਚ ਫੇਲ ਹੋਈਆਂ ਹਨ ਜਿਸ ਨੂੰ ਦੇਖਦਿਆਂ ਦਿੱਲੀ ਦੇ ਸਿੱਖਾਂ ਵਲੋਂ ਇਨ੍ਹਾਂ ਤੋਂ ਮੂੰਹ ਮੋੜਦੀਆਂ ਹੁਣ ਅਖੀਰਲਾ ਉਪਾਅ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸਾ ਕਰਣ ਦਾ ਉਪਰਾਲਾ ਕੀਤਾ ਗਿਆ ਹੈ । ਤਿਹਾੜ ਜੇਲ੍ਹ ਦੇ ਗੇਟ ਨੰਬਰ 3 ਦੇ ਸਾਹਮਣੇ ਬਣੀ ਪਾਰਕਿੰਗ ਵਿਚ ਕੀਤੀ ਗਈ ਅਰਦਾਸ ਮੌਕੇ ਦਿੱਲੀ ਕਮੇਟੀ ਮੈਂਬਰ ਸਰਦਾਰ ਮਨਜੀਤ ਸਿੰਘ ਜੀਕੇ, ਸਰਦਾਰ ਸਤਨਾਮ ਸਿੰਘ ਖੀਵਾ, ਸਰਦਾਰ ਜਤਿੰਦਰ ਸਿੰਘ ਸੋਨੂੰ, ਸਾਬਕਾ ਦਿੱਲੀ ਕਮੇਟੀ ਮੈਂਬਰ ਸਰਦਾਰ ਹਰਜਿੰਦਰ ਸਿੰਘ, ਸਰਦਾਰ ਮਨਮੋਹਨ ਸਿੰਘ ਵਿਕਾਸ ਪੁਰੀ ਸਣੇ ਮਨੁੱਖੀ ਅਧਿਕਾਰਾਂ ਲਈ ਕਾਰਜਸ਼ੀਲ ਐਡਵੋਕੇਟ ਮਹਮੂਦ ਪ੍ਰਾਚਾ, ਐਡਵੋਕੇਟ ਭਾਨੂੰ ਪ੍ਰਤਾਪ ਅਤੇ ਦਲਿਤ ਚਿੰਤਕ ਡਾਕਟਰ ਰਿਤੂ ਸਿੰਘ ਨੇ ਹਾਜ਼ਰੀ ਭਰੀ ਸੀ ।
Comments (0)