ਬੰਦੀ ਸਿਖਾਂ ਦੀ ਰਿਹਾਈ ਬਾਰੇ ਕੇਜਰੀਵਾਲ ਦੀ ਚੁਪੀ ਕਾਰਣ ਜਥੇਦਾਰ ਅਕਾਲ ਤਖਤ ਔਖੇ 

ਬੰਦੀ ਸਿਖਾਂ ਦੀ ਰਿਹਾਈ ਬਾਰੇ ਕੇਜਰੀਵਾਲ ਦੀ ਚੁਪੀ ਕਾਰਣ ਜਥੇਦਾਰ ਅਕਾਲ ਤਖਤ ਔਖੇ 

ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਮੰਗ ਪੱਤਰ ਦੀ ਬਜਾਏ ਮੋਰਚਾ ਲਗਾਉ 

 *ਗੁਰੂ ਘਰਾਂ ਦੇ ਦਰਵਾਜ਼ਿਆਂ ਅੱਗੇ ਬੰਦੀ ਸਿੰਘਾਂ ਸਬੰਧੀ ਵੱਡੇ ਵੱਡੇ ਹੋਰਡਿੰਗ ਲਗਾਏ ਜਾਣ     

 *ਬੰਦੀ ਸਿੰਘਾਂ ਬਾਰੇ ਸਮੂਹ ਗੁਰਦੁਆਰਾ ਸਾਹਿਬਾਨ ਤੇ ਵਿੱਦਿਅਕ ਅਦਾਰਿਆਂ 'ਚ ਲਗਾਏ ਜਾਣਗੇ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਕੋਈ ਮੰਗ-ਪੱਤਰ ਦੀ ਲੋੜ ਨਹੀਂ। ਗੁਰੂ ਘਰਾਂ ਦੇ ਦਰਵਾਜ਼ਿਆਂ ਅੱਗੇ ਬੰਦੀ ਸਿੰਘਾਂ ਸਬੰਧੀ ਵੱਡੇ ਵੱਡੇ ਹੋਰਡਿੰਗ ਲਗਾਏ ਜਾਣ ਤਾਂ ਕਿ ਦੁਨੀਆ ਭਰ ਦੇ ਲੋਕ ਜਾਣ ਸਕਣ ਕਿ ਸਿੱਖਾਂ ਨਾਲ ਬੇਇਨਸਾਫੀ ਕਰਨ ਵਾਲੀਆਂ ਕਿਹੜੀਆਂ ਕਿਹੜੀਆਂ ਸਰਕਾਰਾਂ ਦੋਸ਼ੀ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਦਿੱਲੀ ਸ਼੍ਰੋਮਣੀ ਕਮੇਟੀ ਦੇ 2 ਸਾਬਕਾ ਪ੍ਰਧਾਨ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਮੰਗ ਪੱਤਰ ਦੇਣ ਲਈ ਗਏ ਸਨ। ਉਕਤ ਪ੍ਰਧਾਨ ਕੇਜਰੀਵਾਲ ਦੀ ਕੋਠੀ ਦੇ ਬਾਹਰ ਮੀਂਹ ’ਵਿਚ ਭਿੱਜਦੇ ਰਹੇ ਪਰ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਣ ਅਤੇ ਮੰਗ ਪੱਤਰ ਲੈਣ ਲਈ ਕੋਠੀ ਤੋਂ ਬਾਹਰ ਤੱਕ ਨਹੀਂ ਆਏ। ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਸ ਦਹਾੜ ਨਾਲ ਦਿੱਲੀ ਦਾ ਤਖ਼ਤ ਹਿੱਲ ਜਾਂਦਾ ਸੀ, ਉਹ ਅੱਜ ਇੰਨੀ ਕਮਜ਼ੋਰ ਕਰ ਦਿੱਤੀ ਗਈ ਹੈ ਕਿ ਅੱਜ ਉਥੋਂ ਦਾ ਮੁੱਖ ਮੰਤਰੀ ਬਾਹਰ ਆ ਕੇ ਨਹੀਂ ਮਿਲ ਸਕਦਾ। ਮੁੱਖ ਮੰਤਰੀ ਜ਼ਰੂਰੀ ਨਹੀਂ ਸਮਝਦਾ ਕਿ ਉਸ ਦਾ ਕੋਈ ਅਫ਼ਸਰ ਬਾਹਰ ਜਾ ਕੇ ਸਾਡੇ ਪ੍ਰਧਾਨਾਂ ਨਾਲ ਮੁਲਾਕਾਤ ਕਰ ਸਕੇ।ਉਨ੍ਹਾਂ ਕਿਹਾ ਕਿ ਹੁਣ ਕੋਈ ਮੰਗ ਪੱਤਰ ਦੇਣ ਦੀ ਲੋੜ ਨਹੀਂ ਸਗੋਂ ਇਕੱਠੇ ਹੋ ਕੇ ਮੋਰਚੇ ਲਗਾਉਣ ਦੀ ਲੋੜ ਹੈ ਤਾਂ ਕਿ ਸਿੱਖ ਸੰਗਤਾਂ ਨੂੰ ਜਾਗਰੂਕ ਕਰ ਕੇ ਬੰਦੀ ਸਿੰਘਾ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾ ਸਕੇ। 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਭਾਈ ਹਰਜਿੰਦਰ ਸਿੰਘ ਧਾਮੀ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਗਈ 11 ਮੈਂਬਰੀ ਕਮੇਟੀ ਦਾ ਵੀ ਜਥੇਦਾਰ ਨੇ ਆਪ ਹੀ  ਇਹ ਕਹਿ ਕੇ ਭੋਗ ਪਾ ਦਿੱਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਕਿਸੇ ਅੱਗੇ ਵੀ ਮਿੰਨਤਾਂ ਕਰਨ ਦੀ ਲੋੜ ਨਹੀਂ ਸਗੋਂ ਦੁਨੀਆ ਭਰ ਵਿਚ ਪ੍ਰਚਾਰ ਮਾਧਿਅਮ ਰਾਹੀਂ ਜਾਗਰੂਕ ਕਰਨ ਦੀ ਲੋੜ ਹੈ।  

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਸਰਕਾਰਾਂ ਵਲੋਂ ਅਣਗੌਲਿਆ ਕਰਨ ਤੋਂ ਬਾਅਦ ਸ਼ੋ੍ਮਣੀ ਕਮੇਟੀ ਵਲੋਂ ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ਅਨੁਸਾਰ ਨਵੀਂ ਮੁਹਿੰਮ ਅਰੰਭ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾ ਸਮੇਤ ਆਪਣੇ ਪ੍ਰਬੰਧ ਹੇਠਲੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੇ ਵਿੱਦਿਅਕ ਅਦਾਰਿਆਂ ਦੇ ਬਾਹਰ ਬੰਦੀ ਸਿੰਘਾਂ ਦੀਆਂ ਤਸਵੀਰਾਂ ਸਮੇਤ ਉਨ੍ਹਾਂ ਦੀ ਨਜ਼ਰਬੰਦੀ ਸੰਬੰਧੀ ਜਾਣਕਾਰੀ ਦਿੰਦੇ ਹੋਰਡਿੰਗ ਬੋਰਡ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਤਾਂ ਜੋ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਤੋਂ ਜਾਣੂ ਕਰਵਾਇਆ ਜਾ ਸਕੇ । ਇਸ ਸੰਬੰਧੀ  ਗੱਲਬਾਤ ਕਰਦਿਆਂ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਰਕਾਰਾਂ ਦੇ ਅੜੀਅਲ ਰਵੱਈਏ ਦੇ ਚੱਲਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਕੌਮ ਨੂੰ ਬੀਤੇ ਦਿਨ ਦਿੱਤੇ ਗਏ ਆਦੇਸ਼ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਬੰਦੀ ਸਿੰਘਾਂ ਬਾਰੇ ਜਾਣਕਾਰੀ ਦਿੰਦੇ ਹੋਰਡਿੰਗ ਬੋਰਡ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ ।ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਪ੍ਰਵੇਸ਼ ਦੁਆਰ ਤੋਂ ਇਲਾਵਾ ਗੁਰੂ ਰਾਮਦਾਸ ਸਰਾਂ ਵਾਲੇ, ਆਟਾ ਮੰਡੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪ੍ਰਵੇਸ਼ ਦੁਆਰਾਂ ਦੇ ਬਾਹਰ ਜਲਦੀ ਹੀ ਸਜ਼ਾਵਾਂ ਪੂਰੀਆਂ ਕਰ ਚੁੱਕੇ 7 ਦੇ ਕਰੀਬ ਪ੍ਰਮੁੱਖ ਬੰਦੀ ਸਿੰਘਾਂ ਦੀਆਂ ਤਸਵੀਰਾਂ ਸਮੇਤ ਉਨ੍ਹਾਂ ਦੀ ਨਜ਼ਰਬੰਦੀ ਦੇ ਕੇਸਾਂ ਦੀ ਸਥਿਤੀ ਤੇ ਸਜ਼ਾਵਾਂ ਦੇ ਵੇਰਵਿਆਂ ਸਮੇਤ ਵੱਡੇ ਹੋਰਡਿੰਗ ਬੋਰਡ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਇਹ ਬੋਰਡ ਗੁਰਦੁਆਰਾ ਸਾਹਿਬਾਨ ਦੇ ਮੁੱਖ ਦੁਆਰਾਂ 'ਤੇ ਸਥਾਪਤ ਕੀਤੇ ਜਾਣਗੇ ਅਤੇ ਵਿਦਿਅਕ ਅਦਾਰਿਆਂ ਵਿਚ ਵੀ ਢੁੱਕਵੀਆਂ ਥਾਵਾਂ 'ਤੇ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਬੋਰਡਾਂ ਦੀ ਇਬਾਰਤ ਤਿਆਰ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਕਿਹਾ ਗਿਆ ਹੈ ਅਤੇ ਜਲਦ ਹੀ ਇਹ ਕਾਰਜ ਮੁਕੰਮਲ ਕੀਤਾ ਜਾਵੇਗਾ । ਪ੍ਰਧਾਨ ਧਾਮੀ ਨੇ ਕਿਹਾ ਕਿ ਵੱਧ ਸਜ਼ਾਵਾਂ ਭੁਗਤਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ, ਜਿਸ ਲਈ ਸਿੱਧੇ ਤੌਰ 'ਤੇ ਕੇਂਦਰ ਅਤੇ ਸੰਬੰਧਿਤ ਸੂਬਿਆਂ ਦੀ ਸਰਕਾਰਾਂ ਜ਼ਿੰਮੇਵਾਰ ਹਨ ।

   ਰਵਨੀਤ ਬਿੱਟੂ  ਜਥੇਦਾਰ ਤੇ ਸ੍ਰੋਮਣੀ ਕਮੇਟੀ ਦੀ ਕਾਰਵਾਈ ਉਤੇ ਅੱਗ ਬਬੂਲਾ

  ਅਖੇਜੇ ਸੁਖਬੀਰ ਦੇ ਪਰਿਵਾਰ ਨੂੰ ਬੰਬ ਨਾਲ ਉਡਾਇਆ ਹੁੰਦਾ ਤਾਂ ਵੀ ਤੁਸੀ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ'

ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ  ਨੇ ਪੰਜਾਬ 'ਵਿਚ ਗੁਰਦੁਆਰਿਆਂ 'ਵਿਚ ਐਸਜੀਪੀਸੀ  ਵੱਲੋਂ ਲਾਏ ਪੋਸਟਰਾਂ 'ਤੇ ਸਵਾਲ ਚੁੱਕੇ ਹਨ। ਇਹ ਪੋਸਟਰ ਬੰਦੀ ਸਿੰਘਾਂ ਦੀ ਰਿਹਾਈ  ਦੀ ਅਪੀਲ ਦੇ ਲਗਾਏ ਗਏ ਹਨ, ਜਿਨ੍ਹਾਂ ਨੂੰ ਲੈ ਕੇ ਸੰਸਦ ਮੈਂਬਰ ਨੇ ਇਤਰਾਜ਼ ਪ੍ਰਗਟਾਇਆ ਹੈ।ਸ਼੍ਰੋਮਣੀ  ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰਦੁਆਰਿਆਂ 'ਵਿਚ ਅਪੀਲ ਭਰੇ ਪੋਸਟਰ ਲਗਾਏ ਜਾਣ 'ਤੇ ਰਵਨੀਤ ਬਿੱਟੂ ਨੇ ਸਖਤ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕੀ ਸੁਖਬੀਰ ਬਾਦਲ ਦੇ ਪਰਿਵਾਰ ਨੂੰ ਜੇਕਰ ਇਨ੍ਹਾਂ ਨੇ ਬੰਬ ਨਾਲ ਉਡਾਇਆ ਹੁੰਦਾ ਤਾਂ ਵੀ ਤੁਸੀ ਉਨ੍ਹਾਂ ਨੂੰ ਛੁਡਾਉਣ ਦੀ ਗੱਲ ਕਰਦੇ?

ਉਨ੍ਹਾਂ ਕਿਹਾ ਕਿ ਮੈਨੂੰ ਲਗਾਤਾਰ ਖਾਲਿਸਤਾਨੀਆਂ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ ਅਤੇ ਅੱਜ ਸ਼੍ਰੋਮਣੀ ਕਮੇਟੀ ਉਨ੍ਹਾਂ ਦੀਆਂ ਤਸਵੀਰਾਂ ਗੁਰਦੁਆਰਿਆਂ 'ਵਿਚ ਲਗਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ 25 ਹਜ਼ਾਰ ਲੋਕ ਪੰਜਾਬ ਸੰਤਾਪ ਦੌਰਾਨ ਸ਼ਹੀਦ ਹੋਏ ਹਨ, ਉਨ੍ਹਾਂ ਨੂੰ ਕੀ ਜਵਾਬ ਦਿਓਗੇ।

ਉਨ੍ਹਾਂ ਕਿਹਾ ਕਿ ਮੈਂ ਗੁਰਦੁਆਰਾ ਸਾਹਿਬ ਦੇ ਮਾਮਲਿਆਂ ਵਿੱਚ ਮੈਂ ਕੁੱਝ ਨਹੀਂ ਕਰ ਸਕਦਾ, ਪਰ ਜੇਕਰ ਬਾਹਰ ਪੋਸਟਰ ਲਗਾਉਗੇ ਤਾਂ ਅਸੀਂ ਵਿਰੋਧ ਕਰਕੇ ਵਿਖਾਵਾਂਗੇ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਕਿਹੜੀ ਕੁਰਬਾਨੀ ਦਿੱਤੀ ਹੈ ਕਿ ਐਸਜੀਪੀਸੀ ਪ੍ਰਧਾਨ ਕਠਪੁਤਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐਸਜੀਪੀਸੀ ਪ੍ਰਧਾਨ ਨੂੰ ਸੁਖਬੀਰ ਬਾਦਲ ਦੀ ਜ਼ਿਆਦਾ ਫਿਕਰ ਹੈ ਤਾਂ ਤੁਸੀ ਅਦਾਲਤ ਵਿਚ ਜਾ ਕੇ ਕਾਨੂੰਨੀ ਲੜਾਈ ਲੜੋ ਜਾਂ ਰਾਸ਼ਟਰਪਤੀ ਕੋਲ ਜਾਵੇ

                ਅਕਾਲੀ ਦਲ ਦੀ ਮਾਨਤਾ ਖਤਰੇ ਵਿਚ 

          *ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਸੰਬੰਧੀ ਕੇਸ ਦੀ ਅਗਲੀ ਸੁਣਵਾਈ ਪਹਿਲੀ ਨੂੰ

ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਕੋਲ ਜਾਅਲੀ ਸੰਵਿਧਾਨ ਪੇਸ਼ ਕਰਕੇ ਹਾਸਿਲ ਕੀਤੀ ਮਾਨਤਾ ਨੂੰ ਰੱਦ ਕਰਵਾਉਣ ਲਈ ਸੋਸ਼ਲਿਸਟ ਪਾਰਟੀ ਦੇ ਨੇਤਾ ਬਲਵੰਤ ਸਿੰਘ ਖੇੜਾ ਤੇ ਓਮ ਸਿੰਘ ਸਟਿਆਣਾ ਵਲੋਂ ਦਿੱਲੀ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਦੀ  ਸੁਣਵਾਈ ਹੋਈ । ਅਦਾਲਤ ਵਲੋਂ ਅਗਲੀ ਤਰੀਕ ਪਹਿਲੀ ਅਗਸਤ ਨਿਸ਼ਚਿਤ ਕੀਤੀ ਗਈ ।ਸ਼ਿਕਾਇਤਕਰਤਾ ਧਿਰ ਦੇ ਵਕੀਲ ਇੰਦਰਾ ਓਨੀਆਰ ਮੁਤਾਬਿਕ ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੇ ਬੈਂਚ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਪਾਰਟੀ ਵਜੋਂ ਮਾਨਤਾ ਰੱਦ ਕਰਨ ਦੀ ਮੰਗ ਵਾਲੀ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਤੋਂ ਇਨਕਾਰ ਕਰਨ ਦਾ ਵਾਜਿਬ ਕਾਰਨ ਦੱਸਣਾ ਚਾਹੀਦਾ ਸੀ ਤੇ ਇਸ ਦੋਸ਼ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਮਾਨਤਾ ਧੋਖਾਧੜੀ ਨਾਲ ਹਾਸਿਲ ਕੀਤੀ ਗਈ ਸੀ ।