ਭਾਈ ਸੁਖਰਾਜ ਸਿੰਘ ਵਲੋਂ ਸਮੂਹ ਸੰਗਤ ਨੂੰ ਅਪੀਲ  ਕਿ 31 ਜੁਲਾਈ ਨੂੰ ਬਹਿਬਲ ਮੋਰਚਾ ਸਥਾਨ 'ਤੇ ਵੱਡੀ ਗਿਣਤੀ ਵਿਚ ਪਹੁੰਚਣ

ਭਾਈ ਸੁਖਰਾਜ ਸਿੰਘ ਵਲੋਂ ਸਮੂਹ ਸੰਗਤ ਨੂੰ ਅਪੀਲ  ਕਿ 31 ਜੁਲਾਈ ਨੂੰ ਬਹਿਬਲ ਮੋਰਚਾ ਸਥਾਨ 'ਤੇ ਵੱਡੀ ਗਿਣਤੀ ਵਿਚ ਪਹੁੰਚਣ

ਮਾਮਲਾ ਬਹਿਬਲ ਕਲਾਂ  ਕਾਂਡ ਦਾ     

ਪੀੜਤ ਪਰਿਵਾਰ ਤੇ ਸੰਗਤਾਂ ਦਾ ਗੁੱਸਾ ਠੰਢਾ ਨਾ ਕਰ ਸਕੇ ਬੈਂਸ ਤੇ ਸੰਧਵਾਂ

*ਸਰਕਾਰ ਨੇ ਹੋਰ ਛੇ ਮਹੀਨਿਆਂ ਦਾ ਸਮਾਂ ਮੰਗਿਆ

ਅੰਮ੍ਰਿਤਸਰ ਟਾਈਮਜ਼

ਕੋਟਕਪੂਰਾ: ਬਹਿਬਲ ਕਲਾਂ ਇਨਸਾਫ਼ ਮੋਰਚੇ ਵਿੱਚ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਲਈ  ਇੱਥੇ ਵਿਸ਼ੇਸ਼ ਤੌਰ ’ਤੇ ਪੁੱਜੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਬੇਰੰਗ ਮੁੜਨਾ ਪਿਆ। ਉਨ੍ਹਾਂ ਆਪਣੀਆਂ ਦਲੀਲਾਂ ਨਾਲ ਸੰਗਤ ਦੇ ਰੋਸ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ।ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਿਆਮੀਵਾਲਾ ਤੇ ਸੰਗਤ ਨਾਲ ਮੀਟਿੰਗ ਕਰਨ ਮਗਰੋਂ ਸਵਾਲਾਂ ਤੋਂ ਬਚਦਿਆਂ ਕੈਬਨਿਟ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਖਿਸਕ ਗਏ। ਪਿੰਡ ਬਹਿਬਲ ਕਲਾਂ ਵਿੱਚ ਪਿਛਲੇ ਅੱਠ ਮਹੀਨੇ ਤੋਂ ਮੋਰਚੇ ਦੇ ਆਗੂ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਪਿਛਲੀਆਂ ਦੋ ਮੀਟਿੰਗਾਂ ਦੌਰਾਨ ਏਜੀ ਦਫ਼ਤਰ ਦੀ ਟੀਮ ਨੇ ਤਿੰਨ ਮਹੀਨੇ ਦਾ ਸਮਾਂ ਮੰਗਿਆ ਸੀ ਪਰ ਸਮਾਂ ਪੂਰਾ ਹੋਣ ਮਗਰੋਂ ਵੀ ਸਰਕਾਰ ਕੋਈ ਠੋਸ ਫ਼ੈਸਲਾ ਨਹੀਂ ਲੈ ਸਕੀ। ਇਸ ਮਗਰੋਂ ਹੋਰ ਪੰਦਰਾਂ ਦਿਨ ਦਾ ਸਮਾਂ ਮੰਗਿਆ ਸੀ, ਜੋ ਹੁਣ ਖਤਮ ਹੋ ਗਿਆ ਹੈ। ਇਨਸਾਫ਼ ਮੋਰਚੇ ਅਤੇ ਕੈਬਨਿਟ ਮੰਤਰੀ ਵਿਚਾਲੇ ਹੋਈ ਮੀਟਿੰਗ ਦੌਰਾਨ ਬੈਂਸ ਨੇ ਹੋਰ ਛੇ ਮਹੀਨੇ ਦਾ ਸਮਾਂ ਮੰਗਿਆ, ਜਿਸ ਨੂੰ ਮੋਰਚੇ ਦੇ ਆਗੂਆਂ ਨੇ ਰੱਦ ਕਰ ਦਿੱਤਾ। ਸੁਖਰਾਜ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਚੌਵੀਂ ਘੰਟਿਆਂ ਵਿੱਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ‘ਆਪ’ ਹੁਣ ਆਪਣੀ ਗੱਲ ’ਤੇ ਪੂਰੀ ਨਹੀਂ ਉੱਤਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਵਿੱਚ 31 ਜੁਲਾਈ ਨੂੰ ਪੰਜਾਬ ਦੀਆਂ ਸਾਰੀਆਂ ਪੰਥਕ ਧਿਰਾਂ ਦਾ ਸਾਂਝਾ ਇਕੱਠ ਕਰਕੇ ਅਗਲਾ ਫ਼ੈਸਲਾ ਲਿਆ ਜਾਵੇਗਾ।

ਸੂਬਾ ਸਰਕਾਰ ਮੋਰਚੇ ਦੇ ਨਾਲ ਹੈ: ਸੰਧਵਾਂ

ਹਲਕਾ ਵਿਧਾਇਕ ਤੇ ਸਪੀਕਰ ਕੁਲਤਾਰ ਸੰਧਵਾਂ ਨੇ ਆਖਿਆ ਕਿ ਸੂਬਾ ਸਰਕਾਰ ਇਨਸਾਫ਼ ਮੋਰਚੇ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਗੱਲਾਂ ਬਹੁਤ ਹੋ ਚੁੱਕੀਆਂ ਹਨ ਪਰ ਹੁਣ ਕਾਰਵਾਈ ਦੀ ਲੋੜ ਹੈ। ਸੰਧਵਾਂ ਨੇ ਕਿਹਾ ਕਿ ਸਰਕਾਰ ਨੂੰ ਕਾਰਵਾਈ ਲਈ ਛੇ ਮਹੀਨੇ ਦਾ ਸਮਾਂ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਅਮੋਲਕ ਸਿੰਘ ਵੀ ਹਾਜ਼ਰ ਸਨ।

ਭਾਈ ਸੁਖਰਾਜ ਸਿੰਘ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ 31 ਜੁਲਾਈ ਨੂੰ ਬਹਿਬਲ ਮੋਰਚਾ ਸਥਾਨ 'ਤੇ ਵੱਡੀ ਗਿਣਤੀ ਵਿਚ ਪਹੁੰਚਣ । ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਅਮੋਲਕ ਸਿੰਘ, ਭਾਈ ਸਾਧੂ ਸਿੰਘ, ਸੁਖਜੀਤ ਸਿੰਘ ਖੋਸਾ, ਬਾਬਾ ਬਖਸੀਸ਼ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਵਕੀਲ ਖਾਰਾ ਸਾਹਿਬ, ਯੂਥ ਆਗੂ ਖੁਸ਼ਕਰਨ ਸਿੰਘ ਰਣ ਸਿੰਘ ਵਾਲਾ, ਜਸਮੇਲ ਸਿੰਘ ਬਰਾੜ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।