ਸਿੱਖ ਬੰਦੀ ਸਿੰਘਾਂ ਨੂੰ ਪੈਰੋਲ ਨਾ ਦੇਕੇ ਬਲਾਤਕਾਰੀ ਸੌਧੇ ਸਾਧ ਨੂੰ ਬਾਰ ਬਾਰ ਪੈਰੋਲ ਦੇਣਾ ਸਿੱਖਾਂ ਨਾਲ ਭਾਰੀ ਵਿਤਕਰਾ: ਅਰਵਿੰਦਰ ਸਿੰਘ ਰਾਜਾ 

ਸਿੱਖ ਬੰਦੀ ਸਿੰਘਾਂ ਨੂੰ ਪੈਰੋਲ ਨਾ ਦੇਕੇ ਬਲਾਤਕਾਰੀ ਸੌਧੇ ਸਾਧ ਨੂੰ ਬਾਰ ਬਾਰ ਪੈਰੋਲ ਦੇਣਾ ਸਿੱਖਾਂ ਨਾਲ ਭਾਰੀ ਵਿਤਕਰਾ: ਅਰਵਿੰਦਰ ਸਿੰਘ ਰਾਜਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 22 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਦੇਸ਼ ਦੇ ਕਾਨੂੰਨ ਅਦਾਲਤਾਂ, ਜੱਜਾਂ ਤੇ ਹੁਕਮਰਾਨਾਂ ਵੱਲੋਂ ਕਾਨੂੰਨੀ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨਾਂ ਨੂੰ ਰਿਹਾਅ ਨਾ ਕਰਨਾ ਅਤੇ ਰਾਮਰਹੀਮ ਸਿਰਸੇਵਾਲਾ ਅਪਰਾਧੀ ਨੂੰ ਵਾਰ-ਵਾਰ ਪੈਰੋਲ/ਫਰਲੋ ਤੇ ਛੱਡਣ ਦੇ ਹੋ ਰਹੇ ਵੱਡੇ ਵਿਤਕਰੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਜਦੋਂ ਵਿਧਾਨ ਦੀ ਧਾਰਾ 14 ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੀ ਹੈ ਅਤੇ ਕਾਨੂੰਨ ਦੀ ਨਜ਼ਰ ਵਿਚ ਹਿੰਦੁਸਤਾਨ ਦੇ ਸਭ ਨਿਵਾਸੀ ਬਰਾਬਰ ਹਨ, ਫਿਰ ਹਿੰਦੁਸਤਾਨ ਵਲੋਂ ਕਿਸ ਕਾਨੂੰਨ ਅਧੀਨ ਵਾਰ-ਵਾਰ ਸਿਰਸੇ ਵਾਲੇ ਸਾਧ ਨੂੰ ਪੈਰੋਲ/ਫਰਲੋ ਦਿੱਤੀ ਜਾ ਰਹੀ ਹੈ ਅਤੇ ਸਿੱਖ ਨੌਜਵਾਨਾਂ ਨੂੰ ਕਿਉ ਨਹੀ..? ਜਿਕਰਯੋਗ ਹੈ ਕਿ ਸਰਸੇਵਾਲਾ ਸਾਧ ਨੂੰ ਮੁੜ 21 ਦਿਨਾਂ ਲਈ ਫਰਲੋ ਮੰਜੂਰ ਕੀਤੀ ਗਈ ਹੈ ਜਿਸ ਨਾਲ ਓਸ ਦੀ ਬੀਤੇ 21 ਮਹੀਨਿਆਂ ਅੰਦਰ ਇਹ 7 ਵੀਂ ਰਿਹਾਈ ਹੈ ।

ਉਨ੍ਹਾਂ ਕਿਹਾ ਕਿ ਇਕ ਪਾਸੇ ਸਿੱਖ ਕੌਮ ਨਾਲ ਸੰਬੰਧਤ ਸਿੱਖ ਨੌਜਵਾਨ ਜੇਲ੍ਹਾਂ ਵਿਚ 25-25, 30-30 ਸਾਲਾਂ ਤੋਂ ਬੰਦੀ ਹਨ, ਜਿਹੜੇ ਸਿੱਖ ਬਾਣੀ ਤੇ ਬਾਣੇ ਦਾ ਪ੍ਰਚਾਰ ਕਰ ਰਹੇ ਸਨ ਇਕ ਜਾਬਰ ਹਨ੍ਹੇਰੀ ਲਿਆ ਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਅੰਦਰ ਸਿੱਖ ਨੌਜੁਆਨਾਂ ਨੂੰ ਪੰਜਾਬ ਅਤੇ ਪੰਜਾਬ ਤੋਂ ਕਈ ਮੀਲਾਂ ਦੂਰ ਕਾਨੂੰਨ ਦੀ ਆੜ ਅੰਦਰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਜੇਲ ਵਿਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾਣ ਲਈ ਕਿਸੇ ਤਰਾਂ ਦੀ ਛੁੱਟੀ ਨਹੀਂ ਦਿੱਤੀ ਜਾਂਦੀ। ਇਸਦੇ ਨਾਲ ਹੀ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਉਪਰੰਤ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾਅ ਕਰਨ ਤੇ ਅਦਾਲਤਾਂ ਅਤੇ ਹੁਕਮਰਾਨ ਇੰਨਕਾਰ ਕਰ ਰਹੇ ਹਨ। ਦੂਜੇ ਪਾਸੇ ਸਿਰਸਾ ਦਾ ਬਲਾਤਕਾਰੀ ਤੇ ਕਾਤਲ ਸਾਧ ਜੋ ਸੰਗੀਨ ਜ਼ੁਰਮਾਂ ਅਧੀਨ ਸਜਾ ਯਾਫਤਾ ਹੈ, ਉਸਨੂੰ ਹਰ 2 ਮਹੀਨੇ ਬਾਅਦ ਲੰਮੇ ਸਮੇ ਲਈ ਪੈਰੋਲ/ਫਰਲੋ ਦਿੱਤੀ ਜਾਂਦੀ ਹੈ। ਇਸ ਤਰਾਂ ਇਕ ਸਜਾ ਯਾਫਤਾ ਅਪਰਾਧੀ ਨੂੰ ਬਾਰ ਬਾਰ ਫਰਲੋ ਦੇਣੀ ਸਿਆਸੀ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ ਹੈ। ਪਰ ਸਾਡੇ ਸਿੱਖ ਨੌਜਵਾਨਾ ਨਾਲ ਵਿਤਕਰਾ ਕਰਕੇ ਇਥੋਂ ਦਾ ਕਾਨੂੰਨ, ਅਦਾਲਤਾਂ, ਜੱਜ ਅਤੇ ਹੁਕਮਰਾਨ ਨਿੰਦਣਯੋਗ ਕਾਰਵਾਈ ਕਰ ਰਹੇ ਹਨ।”

ਉਨ੍ਹਾਂ ਨੇ ਦੇਸ਼ ਦੇ ਹੁਕਮਰਾਨਾਂ ਅਤੇ ਅਦਾਲਤਾਂ ਵੱਲੋਂ ਸਿੱਖ ਕੌਮ ਨਾਲ ਕੀਤੇ ਜਾ ਰਹੇ ਵਿਤਕਰਿਆਂ ਨੂੰ ਮਾਰੂ ਨਤੀਜਿਆਂ ਲਈ ਖਬਰਦਾਰ ਕਰਦਿਆਂ ਹੋਇਆ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਕਰਨ ਦੇ ਨਾਲ-ਨਾਲ ਸਿੱਖ ਮਸਲਿਆਂ ਨੂੰ ਸੰਜੀਦਗੀ ਨਾਲ ਹੱਲ ਕਰਨੇ ਚਾਹੀਦੇ ਹਨ।

ਧਿਆਨਦੇਣ ਯੋਗ ਹੈ ਕਿ ਸੌਦਾ ਸਾਧ ਜੋ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਦੇ ਨਾਲ 16 ਸਾਲ ਪਹਿਲਾਂ ਇੱਕ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਕੀਤੀ ਹੱਤਿਆ ਦੇ ਮਾਮਲੇ ਵਿੱਚ 2019 ਅੰਦਰ ਅਤੇ 2021 ਵਿੱਚ ਡੇਰਾ ਪ੍ਰੇਮੀ ਰਣਜੀਤ ਸਿੰਘ ਦੇ ਕਤਲ ਮਾਮਲੇ ਵੀ ਚਾਰ ਹੋਰ ਮੁਲਜ਼ਮਾਂ ਸਹਿਤ ਅਦਾਲਤਾਂ ਵਲੋਂ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ । ਓਹ ਦਸਮ ਪਾਤਸ਼ਾਹ ਦੇ ਸਵਾਂਗ ਰੱਚ ਕੇ ਨਕਲੀ ਅੰਮ੍ਰਿਤਸੰਚਾਰ ਕਰ ਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਣ ਦਾ ਵੀਂ ਦੋਸ਼ੀ ਹੈ ।