ਮਾਂ-ਭਾਸ਼ਾ ਪੰਜਾਬੀ ਦੇ ਹੱਕ ਵਿੱਚ ਡਟ ਕੇ ਪਹਿਰਾ ਦੇਵਾਂਗੇ: ਦਮਦਮੀ ਟਕਸਾਲ

ਮਾਂ-ਭਾਸ਼ਾ ਪੰਜਾਬੀ ਦੇ ਹੱਕ ਵਿੱਚ ਡਟ ਕੇ ਪਹਿਰਾ ਦੇਵਾਂਗੇ: ਦਮਦਮੀ ਟਕਸਾਲ

ਪਟਿਆਲਾ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖੀ ਤੋਂ ਦੂਰ ਜਾ ਰਹੀ ਨੌਜਵਾਨੀ ਪ੍ਰਤੀ ਚਿੰਤਾ ਜ਼ਾਹਰ ਕੀਤੀ ਹੈ। ਇੱਥੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਚ ਦਮਦਮੀ ਟਕਸਾਲ ਵੱਲੋਂ ਕਰਵਾਏ ਗਏ ਕੌਮਾਂਤਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਨੌਜਵਾਨੀ ਨੂੰ ਮੁੜ ਸਿੱਖੀ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਦਮਦਮੀ ਟਕਸਾਲ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। 

ਪਿਛਲੇ ਦਿਨੀਂ ਹਿੰਦੀ ਦਿਵਸ ਦੇ ਸਮਾਗਮ ਮੌਕੇ ਪੰਜਾਬੀ ਭਾਸ਼ਾ ਬਾਰੇ ਕੁੱਝ ਹਿੰਦੀ ਦੇ ਲੇਖਕਾਂ ਵੱਲੋਂ ਕੀਤੀਆਂ ਗਈਆਂ ਮਾੜੀਆਂ ਟਿੱਪਣੀਆਂ 'ਤੇ ਸਖਤ ਪ੍ਰਤੀਕਰਮ ਦਿੰਦਿਆਂ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਕੁੱਝ ਲੋਕਾਂ ਵੱਲੋਂ ਗੁਰਮੁਖੀ ਵਿਲੱਖਣ ਭਾਸ਼ਾ ਹੈ, ਜਿਸ ਸਦਕਾ ਸਾਡੀ ਪਛਾਣ ਹੈ। ਉਹਨਾਂ ਕਿਹਾ ਕਿ ਪੰਜਾਬੀ ਆਪਣੀ ਭਾਸ਼ਾ 'ਤੇ ਸਖਤ ਪਹਿਰਾ ਦੇਣਗੇ।

ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿੱਥੇ ਦਮਦਮੀ ਟਕਸਾਲ ਨੇ ਗੁਰਬਾਣੀ, ਕਥਾ ਕੀਰਤਨ, ਸਿਮਰਨ ਅਤੇ ਪੰਥ ਦਾ ਪ੍ਰਚਾਰ-ਪ੍ਰਸਾਰ ਕੀਤਾ ਹੈ, ਉੱਥੇ ਹੀ ਲੋੜ ਪੈਣ 'ਤੇ ਪੰਥ ਦੀ ਮਾਣ ਮਰਿਯਾਦਾ ਲਈ ਸ਼ਹਾਦਤਾਂ ਵੀ ਦਿੱਤੀਆਂ ਹਨ। 

ਸੈਮੀਨਾਰ ਦੇ ਕੋਆਰਡੀਨੇਟਰ ਅਤੇ ਸਿੱਖ ਚਿੰਤਕ ਡਾ. ਹਰਭਜਨ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਦਾ ਸੰਘਰਸ਼ ਸਿਆਸੀ ਨਾ ਹੋ ਕੇ ਧਾਰਮਿਕ ਰਿਹਾ ਹੈ। 

ਪ੍ਰੋ. ਸੁਖਦਿਆਲ ਸਿੰਘ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਸਿੱਖ ਇਤਿਹਾਸ ਨੂੰ ਮਲੀਆਮੇਟ ਕਰਨ 'ਚ ਲੱਗੀਆਂ ਹੋਈਆਂ ਹਨ। ਸਿੱਖ ਪਰੰਪਰਾ ਅਨੁਸਾਰ ਤਖ਼ਤ ਸਾਹਿਬਾਨ ਕਿਸੇ ਵੀ ਐਕਟ ਦੇ ਅਧੀਨ ਨਹੀਂ ਹੋ ਸਕਦੇ। ਉਨ੍ਹਾਂ ਤਖ਼ਤ ਸਾਹਿਬਾਨ ਨੂੰ ਗੁਰਦੁਆਰਾ ਐਕਟ ਵਿੱਚੋਂ ਕੱਢ ਕੇ ਦਮਦਮੀ ਟਕਸਾਲ ਨੂੰ ਸੇਵਾ ਸੌਂਪਣ ਦੀ ਅਪੀਲ ਕੀਤੀ। 

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਪੰਥ ਵਿਰੋਧੀ ਤੱਤਾਂ ਨੂੰ ਚਿਤਾਵਨੀ ਦਿੱਤੀ ਕਿ ਪੰਥਕ ਜਥੇਬੰਦੀਆਂ ਅਤੇ ਦਮਦਮੀ ਟਕਸਾਲ 'ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਕੰਵਲ ਅਜੀਤ ਸਿੰਘ ਨੇ ਸਿੱਖੀ ਪ੍ਰੰਪਰਾਵਾਂ ਨੂੰ ਚੋਟ ਕਰਨ ਲਈ ਪੰਥ 'ਚ ਘੁਸਪੈਠ ਕਰ ਗਏ ਭੇਖੀਆਂ ਪ੍ਰਤੀ ਸੁਚੇਤ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ। 

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੰਤ ਅਮਰੀਕ ਸਿੰਘ ਕਾਰ ਸੇਵਾ ਵਾਲੇ ਪੁੱਜੇ। ਇਸ ਤੋਂ ਇਲਾਵਾ ਡਾ. ਸਤਿੰਦਰ ਸਿੰਘ, ਡਾ. ਸਰਵਬੀਰ ਸਿੰਘ, ਡਾ. ਚੜ੍ਹਤ ਸਿੰਘ, ਡਾ. ਪਲਵਿੰਦਰ ਕੌਰ, ਹਰਿੰਦਰਪਾਲ ਸਿੰਘ ਟੌਹੜਾ ਅਤੇ ਸਤਵਿੰਦਰ ਸਿੰਘ ਟੌਹੜਾ ਮੋਜੂਦ ਸਨ।