ਆਸਟ੍ਰੇਲੀਆ 'ਚ ਮੰਦਰ ਦੀ ਕੰਧ 'ਤੇ ਨਾਅਰੇ ਲਿਖਣ ਦੇ ਮਾਮਲੇ ਵਿਚ ਸਿੱਖਾਂ ਦਾ ਹੱਥ ਨਹੀਂ:ਕੁਈਨਜ਼ਲੈਂਡ ਪੁਲਿਸ

ਆਸਟ੍ਰੇਲੀਆ 'ਚ ਮੰਦਰ ਦੀ ਕੰਧ 'ਤੇ ਨਾਅਰੇ ਲਿਖਣ ਦੇ ਮਾਮਲੇ ਵਿਚ ਸਿੱਖਾਂ  ਦਾ ਹੱਥ ਨਹੀਂ:ਕੁਈਨਜ਼ਲੈਂਡ ਪੁਲਿਸ

ਪੁਲਿਸ ਨੇ ਜਾਂਚ ਕੀਤੀ ਬੰਦ, ਕਿਹਾ ਕਿ ਮੰਦਰ ਦੇ ਪੁਜਾਰੀਆਂ ਨੇ ਸਹਿਯੋਗ ਨਹੀਂ ਦਿਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਿ੍ਸਬੇਨ-ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਪੁਲਿਸ ਨੇ ਬ੍ਰਿਸਬੇਨ ਦੇ ਇਕ ਮੰਦਰ ਦੀ ਬਾਹਰੀ ਕੰਧ ’ਤੇ ਨਾਅਰੇ ਲਿਖਣ ਨਾਲ ਸਬੰਧਤ ਆਪਣੀ ਜਾਂਚ ਦੇ ਦਸਤਾਵੇਜ਼ ਜਾਰੀ ਕੀਤੇ ਹਨ, ਜੋ ਇਹ ਦੱਸਦੇ ਹਨ ਕਿ ਸ਼ਿਕਾਇਤਕਰਤਾਵਾਂ ਤੋਂ ਕੋਈ ਹੋਰ ਸੁਰਾਗ ਨਾ ਮਿਲਣ ਤੋਂ ਬਾਅਦ ਉਹ ਇਸ ਮਾਮਲੇ ਨੂੰ ਬੰਦ ਕਰਨ ਲਈ ਤਿਆਰ ਹਨ। ਪੁਲਿਸ ਨੇ ਕਿਹਾ ਹੈ ਕਿ ਇਸ ਘਟਨਾ ਪਿੱਛੇ ਕਿਸੇ ‘ਹਿੰਦੂ ਦਾ ਹੱਥ’ ਹੀ ਜਾਪਦਾ ਹੈ। 3 ਮਾਰਚ ਦੀ ਰਾਤ ਨੂੰ ਮੰਦਰ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਨਾਅਰੇ ਲਿਖੇ ਗਏ ਸਨ, ਪਰ ਅਜਿਹਾ ਕਰਨ ਦਾ ਦੋਸ਼ ਖਾਲਿਸਤਾਨ ਪੱਖੀ ਤੱਤਾਂ ’ਤੇ ਲਗਾਇਆ ਗਿਆ ਸੀ।

ਇਹ ਮੰਨਦੇ ਹੋਏ ਕਿ ਉਨ੍ਹਾਂ ਨੂੰ ਇਸ ਕੇਸ ਵਿਚ ਕੋਈ ਸ਼ੱਕੀ ਹੱਥ ਨਹੀਂ ਲੱਗਿਆ, ਜਾਂਚਕਰਤਾਵਾਂ ਨੇ ਇਹ ਥੀਊਰੀ ਪੇਸ਼ ਕੀਤੀ ਕਿ ਕੁਝ ਹਿੰਦੂਆਂ ਨੇ ਮੁੱਖ ਸੀ.ਸੀ.ਟੀ.ਵੀ. ਕੈਮਰੇ ਜਾਣਬੁੱਝ ਕੇ ਬੰਦ ਕਰਨ ਤੋਂ ਬਾਅਦ ਖ਼ੁਦ ਹੀ ਅਪਣੇ ਮੰਦਰ ਦੀਆਂ ਕੰਧਾਂ ਨੂੰ ਗੰਧਲਾ ਕੀਤਾ। ਜਾਂਚ ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ: “ਸ਼ਿਕਾਇਤਕਰਤਾ ਸਾਨੂੰ ਕੋਈ ਵੀ ਸੀਸੀਟੀਵੀ ਫੁਟੇਜ ਪ੍ਰਦਾਨ ਕਰਨ ਵਿੱਚ ਅਸਮਰੱਥ ਰਹੇ ਹਨ… ਜਿਸ ਵਿਚ ਕੋਈ ਦੋਸ਼ੀ ਸਿਧ ਹੁੰਦਾ ਹੋਵੇ ਤੇ ਹਿੰਦੂਆਂ ਅਤੇ ਸਿੱਖਾਂ ਵਿੱਚ ਅਸੰਤੁਸ਼ਟੀ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਮਲ ਹੋਵੇ। ਜਾਂਚ... ਇਹ ਖੁਲਾਸਾ ਨਹੀਂ ਹੋਇਆ ਕਿ ਸਿਖਸ ਫਾਰ ਜਸਟਿਸ ਦਾ ਕੋਈ ਕਾਰਕੁੰਨ ਘਟਨਾ ਦੇ ਸਮੇਂ ਮੰਦਰ ਖੇਤਰ ਵਿੱਚ ਮੌਜੂਦ ਸੀ। ਇੰਸਟਾਲੇਸ਼ਨ ਤੋਂ ਤੁਰੰਤ ਬਾਅਦ, ਸਾਰੇ ਕੈਮਰੇ 3 ਮਾਰਚ ਨੂੰ ਸ਼ਾਮ 6.30 ਵਜੇ ਦੇ ਕਰੀਬ ਆਫਲਾਈਨ ਹੋ ਗਏ। ਇਹ ਇੱਕ ਇੰਸਟਾਲੇਸ਼ਨ ਨੁਕਸ ਹੋ ਸਕਦਾ ਹੈ ਜਾਂ ਕਿਸੇ ਅਪਰਾਧ ਦੀ ਸਹੂਲਤ ਲਈ ਜਾਣਬੁੱਝ ਕੇ ਕੀਤਾ ਗਿਆ ਹੋ ਸਕਦਾ ਹੈ। ਵਧੇਰੇ ਸੰਭਾਵਨਾ, ਜਾਣ ਬੁਝਕੇ ਕੈਮਰੇ ਬੰਦ ਕੀਤੇ ਗਏ ਸਨ। ”ਪੁਲਿਸ ਅਧਿਕਾਰੀ ਨਕੋਲ ਡੋਇਲ ਨੇ ਆਪਣੀ ਜਾਂਚ ਵਿਚ ਦੱਸਿਆ ਕਿ ਵਿਕਟੋਰੀਆ ਵਿਚ ਵੀ ਅਜਿਹੀ ਸ਼ਰਾਰਤ ਕਰਨ ਵਾਲਾ ਆਦਤਨ ਅਪਰਾਧੀ ਫਿਰ ਬ੍ਰਿਸਬੇਨ ਦੀ 4 ਮਾਰਚ ਵਾਲੀ ਸਿੱਖ ਰੈਲੀ ਵਿਚ ਘੁਸ ਗਿਆ ਸੀ। ਜਨਵਰੀ ਤੋਂ ਲੈ ਕੇ ਹੁਣ ਤਕ ਤਿੰਨ ਹੋਰ ਆਸਟ੍ਰੇਲੀਆਈ ਮੰਦਰਾਂ ਵਿਚ ਅਜਿਹੀਆਂ ਵਾਰਦਾਤਾਂ ਹੋਈਆਂ।

ਆਸਟ੍ਰੇਲੀਅਨ ਪੁਲਿਸ ਨੇ ਸਿੱਖ ਕਾਰਕੁਨ ਅਤੇ ਲੇਖਕ ਭਭੀਸ਼ਨ ਸਿੰਘ ਗੁਰਾਇਆ ਨੂੰ ਪੰਜ ਪੂਰੇ ਅਤੇ ਸੱਤ ਅੰਸ਼ਕ ਜਾਂਚ ਦਸਤਾਵੇਜ਼ ਜਾਰੀ ਕੀਤੇ, ਜਿਨ੍ਹਾਂ ਨੇ ਦੋਸ਼ ਲਾਇਆ ਸੀ ਕਿ ਸਿੱਖਾਂ ’ਤੇ ਬਿਨਾਂ ਜਾਂਚ ਤੋਂ ਭੰਨ-ਤੋੜ ਕਰਨ ਦਾ ਦੋਸ਼ ਲਗਾਇਆ ਗਿਆ ਸੀ।