ਆਟੇ ਦੀਆਂ ਚਿੜੀਆਂ

ਆਟੇ ਦੀਆਂ ਚਿੜੀਆਂ

ਨਵੇਂ ਬਣੇ ਭਾਰਤੀ ਸੂਬੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਨੇੜੇ ਵਾਪਰੀ ਸਮੂਹਿਕ ਜਬਰ ਜਨਾਹ ਅਤੇ ਕਤਲ ਦੀ ਮੰਦਭਾਗੀ ਘਟਨਾ ਨੇ ਇਕ ਵਾਰ ਫਿਰ ਪੂਰੀ ਦੁਨੀਆਂ ਦੇ ਸੰਵੇਦਨਸ਼ੀਲ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਾਵੇਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਪਰ ਜਿਸ ਤਰੀਕੇ ਨਾਲ ਬਲਾਤਕਾਰੀਆਂ ਨੇ ਇਕ ਪੜ੍ਹੀ ਲਿਖੀ ਡਾਕਟਰ ਨੂੰ ਆਪਣੇ ਜਾਲ ਵਿਚ ਫਸਾਇਆ ਅਤੇ ਬੜੇ ਹੀ ਘਿਨਾਉਣੇ ਤਰੀਕੇ ਨਾਲ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਮਗਰੋਂ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਸਾੜ ਦਿੱਤਾ, ਇਸ ਨਾਲ ਪੂਰੀ ਮਰਦ ਜ਼ਾਤ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਦੇਸ਼ ਦੇ ਕੋਨੇ ਕੋਨੇ 'ਚ ਇਸ ਘਟਨਾ ਖਿਲਾਫ਼ ਆਵਾਜ਼ ਉੱਠੀ ਹੈ ਅਤੇ ਇਥੋਂ ਤੱਕ ਕਿ ਭਾਰਤੀ ਪਾਰਲੀਮੈਂਟ ਦੀਆਂ ਦੋਵੇਂ ਸਭਾਵਾਂ ਵਿਚ ਇਸ ਘਟਨਾ 'ਤੇ ਸਾਰੀਆਂ ਪਾਰਟੀਆਂ ਨੇ ਜ਼ੋਰਦਾਰ ਨਿੰਦਾ ਕੀਤੀ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਗਈ ਹੈ।
ਅਮਨ ਕਾਨੂੰਨ ਭਾਵੇਂ ਸੂਬਿਆਂ ਦਾ ਵਿਸ਼ਾ ਹੈ ਅਤੇ ਸੂਬਾ ਸਰਕਾਰ ਹੀ ਅਜਿਹੇ ਜੁਰਮਾਂ ਖਿਲਾਫ਼ ਕਾਰਵਾਈ ਕਰਦੀ ਹੈ ਪਰ ਭਾਰਤ ਇਕ ਪਾਸੇ ਇਕੀਵੀਂ ਸਦੀ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਦੇ ਦਾਅਵਿਆਂ ਦੇ ਨਾਲ ਨਾਲ ਅਮਨ ਸ਼ਾਂਤੀ ਦਾ ਸਭ ਤੋਂ ਵੱਡਾ ਕੇਂਦਰ ਬਣਨ ਦੇ ਦਾਅਵੇ ਕਰ ਰਿਹਾ ਹੈ ਦੂਜੇ ਪਾਸੇ ਨਿੱਤ ਅਜਿਹੀ ਕੋਈ ਘਟਨਾ ਵਾਪਰਦੀ ਹੈ ਜਿਸ ਨਾਲ ਪੂਰੇ ਦੇਸ਼ ਵਾਸੀਆਂ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਇੱਥੇ ਸੁਆਲ ਦੋਸ਼ੀਆਂ ਦੇ ਫੜੇ ਜਾਣ ਜਾਂ ਉਨ੍ਹਾਂ ਨੂੰ ਸਖ਼ਤ ਸਜ਼ਾ ਦਾ ਨਹੀਂ ਹੈ, ਸਵਾਲ ਤਾਂ ਇਹ ਹੈ ਕਿ ਇਹ ਘਟਨਾ ਵਾਪਰੀ ਹੀ ਕਿਉਂ? ਸਾਡੇ ਨੇਤਾ, ਅਫ਼ਸਰ, ਇਥੋਂ ਤੱਕ ਕਿ ਕਈ ਧਾਰਮਿਕ ਆਗੂ ਅਜਿਹੀਆਂ ਘਟਨਾਵਾਂ ਉਪਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਹਨ ਜਿਵੇਂ ਇਹ ਕੋਈ ਜੁਰਮ ਜਾਂ ਅਪਰਾਧ ਨਾ ਹੋ ਕੇ ਕੋਈ ਕੁਦਰਤੀ ਕਰੋਪੀ ਹੋਵੇ। ਜੇ ਇਸ ਦੇਸ਼ ਵਿਚ ਇਕ ਡਾਕਟਰ ਦੀ ਇੱਜ਼ਤ ਆਬਰੂ ਅਤੇ ਮਾਣ ਸਨਮਾਨ ਇੱਥੋਂ ਤੱਕ ਕਿ ਜ਼ਿੰਦਗੀ ਮਹਿਫੂਜ਼ ਨਹੀਂ ਹੈ ਤਾਂ ਆਮ ਔਰਤ ਜਾਂ ਲੜਕੀ ਦੀ ਕੀ ਸਥਿਤੀ ਹੋ ਸਕਦੀ ਹੈ? ਸੋਚਣ ਜਾਂ ਸਮਝਣ ਦੀ ਗੱਲ ਤਾਂ ਇਹ ਹੈ ਕਿ ਅਸੀਂ ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰਨ ਜਾ ਰਹੇ ਹਾਂ। ਦੇਸ਼ ਦਾ ਪ੍ਰਧਾਨ ਮੰਤਰੀ ਬੜੀ ਪੋਚਵੀਂ ਤੇ ਗੁਜਰਾਤੀ ਲਹਿਜੇ ਵਾਲੀ ਹਿੰਦੀ ਭਾਸ਼ਾ ਵਿਚ ਸੰਬੋਧਨ ਕਰਦਿਆਂ 'ਬੇਟੀ, ਬੇਟੀਓਂ ਕਾ ਸੰਮਾਨ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ' ਵਰਗੇ ਲਫਜ਼ ਬੋਲਦਾ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਦੀ ਕਹਿਣੀ ਅਤੇ ਕਰਨੀ ਵਿਚ ਹਜ਼ਾਰਾਂ ਕੋਹਾਂ ਦਾ ਫਰਕ ਹੈ। ਕੀ ਸਿਰਫ਼ ਧੀਆਂ ਜਾਂ ਕੁੜੀਆਂ ਨੂੰ ਇਕੱਲੀ ਵਿਦਿਆ ਅਤੇ ਸਦਾਚਾਰ ਪੜ੍ਹਾਉਣ ਨਾਲ ਉਨ੍ਹਾਂ ਦੀ ਇੱਜ਼ਤ ਅਤੇ ਮਾਣ ਸਨਮਾਨ ਬਰਕਰਾਰ ਰਹਿ ਸਕਦਾ ਹੈ ਜਦ ਉਨ੍ਹਾਂ ਉਪਰ ਹਮਲਾ ਕਰਨ ਵਾਲੇ ਬਲਾਤਕਾਰੀਆਂ ਲਈ ਅਜਿਹਾ ਕੋਈ ਸਮਾਜਿਕ ਜਾਂ ਧਾਰਮਿਕ ਜ਼ਾਬਤਾ ਨਹੀਂ ਹੈ ਜੋ ਉਨ੍ਹਾਂ ਦੇ ਸਵੈ ਨੂੰ ਝੰਜੋੜ ਸਕੇ। ਇਸ ਦੇਸ਼ ਵਿਚ ਇਸ ਦੇ ਉਲਟ ਕੁੜੀਆਂ ਨੂੰ ਜ਼ਾਬਤੇ 'ਚ ਰਹਿਣ ਦਾ ਪ੍ਰਵਚਨ ਕਰਨ ਵਾਲੇ ਬਹੁਤ ਲੋਕ ਹਨ। ਠੀਕ 7 ਸਾਲ ਪਹਿਲਾਂ ਦਿੱਲੀ ਦੀਆਂ ਸੜਕਾਂ 'ਤੇ ਵਾਪਰੀ ਇਕ ਅਜਿਹੀ ਹੀ ਘਟਨਾ ਮਗਰੋਂ ਇਕ 'ਧਰਮ ਗੁਰੂ' ਦਾ ਬਿਆਨ ਆਇਆ ਸੀ ਕਿ ਕੁੜੀਆਂ ਨੂੰ ਕੁਵੇਲੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਉਨ੍ਹਾਂ ਨੂੰ 'ਢੰਗ ਦਾ ਪਹਿਰਾਵਾ' ਪਹਿਨਣਾ ਚਾਹੀਦਾ ਹੈ। ਇਹ ਹੈ ਭਾਰਤੀ ਸੰਸਕ੍ਰਿਤੀ ਦਾ ਖਾਸਾ ਜਿੱਥੇ ਮਰਦ ਦੀ ਪ੍ਰਧਾਨਤਾ ਨੂੰ ਕਬੂਲ ਹੀ ਨਹੀਂ ਕੀਤਾ ਜਾਂਦਾ ਸਗੋਂ ਉਸ ਦੇ ਸੋਹਲੇ ਗਾਏ ਜਾਂਦੇ ਹਨ। ਇਕ ਗਊ ਦੇ ਸੋਟੀ ਵੱਜਣ ਨਾਲ ਅੱਗ ਬਬੂਲਾ ਹੋਣ ਵਾਲੀਆਂ ਸਾਧਣੀਆਂ ਵੀ ਹੁਣ ਚੁੱਪ ਹਨ। ਇਸ ਘਟਨਾ 'ਤੇ ਪਾਰਲੀਮੈਂਟ 'ਚ ਹੋਈ ਬਹਿਸ ਦੌਰਾਨ ਰਾਜ ਸਭਾ ਮੈਂਬਰ ਅਤੇ ਫ਼ਿਲਮ ਅਭਿਨੇਤਰੀ ਜਯਾ ਬਚਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਦੋਸ਼ੀਆਂ ਨੂੰ ਭੀੜ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਪਰ ਸਮਝਣ ਦੀ ਗੱਲ ਤਾਂ ਇਹ ਹੈ ਕਿ ਭੀੜ ਕਿਸ ਵੱਲ ਹੈ? ਪੀੜਤ ਵੱਲ ਜਾਂ ਅਪਰਾਧੀਆਂ ਵੱਲ। ਜਦ ਇਸ ਮੁਲਕ ਦੇ ਨੇਤਾ ਅਜਿਹੀ ਮਾਨਸਿਕਤਾ ਲੈ ਕੇ ਚਲਦੇ ਹਨ ਤਾਂ ਆਮ ਨਾਗਰਿਕ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ।
ਅਜਿਹੀਆਂ ਦਰਿੰਦਗੀ ਦੀਆਂ ਘਟਨਾਵਾਂ ਦਾ ਇਕ ਪੱਖ ਇਹ ਵੀ ਹੈ ਕਿ ਸਾਰੇ ਮਰਦ ਮਾੜੀ ਭਾਵਨਾ ਵਾਲੇ ਜਾਂ ਬਲਾਤਕਾਰੀ ਨਹੀਂ ਹੋ ਸਕਦੇ। ਇਸ ਦੀ ਪਰਖ ਦਾ ਕੀ ਮਾਪਦੰਡ ਹੈ। ਜਦ ਕੋਈ ਵਿਅਕਤੀ ਕਿਸੇ ਨਿਆਸਰੇ ਦੀ ਮਦਦ ਲਈ ਬਹੁੜਦਾ ਹੈ ਤਾਂ ਉਸ ਨੂੰ ਕੀ ਪਤਾ ਹੁੰਦਾ ਹੈ ਕਿ ਮਦਦ ਕਰਨ ਵਾਲਾ ਕੌਣ ਹੈ? ਇਸ ਲਈ ਅਜਿਹੀਆਂ ਘਟਨਾਵਾਂ ਸਭ ਅੰਦਰ ਬੇਵਿਸਾਹੀ ਦੀ ਭਾਵਨਾ ਪੈਦਾ ਕਰਦੀਆਂ ਹਨ ਜੋ ਬਹੁਤ ਖ਼ਤਰਨਾਕ ਹੈ।
ਮਨੁੱਖ ਮਨੁੱਖ 'ਤੇ ਵਿਸ਼ਵਾਸ ਕਰਨੋਂ ਹਟ ਜਾਵੇਗਾ। ਦੁਨੀਆਂ ਦੇ ਇਤਿਹਾਸ ਵਿਚ ਅਨੇਕਾਂ ਮਿਸਾਲਾਂ ਹਨ ਜਦ ਮਨੁੱਖ ਮਨੁੱਖਤਾ ਲਈ ਅੱਗੇ ਆ ਕੇ ਕੁਰਬਾਨੀ ਦਿੰਦੇ ਆਏ ਹਨ। ਪੰਜਾਬ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਉਦਾਹਰਣਾਂ ਹਨ ਜਿੱਥੇ ਸਿੱਖ ਯੋਧਿਆਂ ਨੇ ਮੁਗ਼ਲਾਂ ਤੋਂ ਬਹੂ ਬੇਟੀਆਂ ਨੂੰ ਛੁਡਵਾਇਆ ਅਤੇ ਉਨ੍ਹਾਂ ਦੀ ਅਸਮਤ ਦੀ ਰਾਖੀ ਕੀਤੀ।
ਤਾਜ਼ੀਰਾਤੇ ਹਿੰਦ ਮੁਤਾਬਿਕ ਜਬਰ ਜਨਾਹ ਅਤੇ ਕਤਲ ਬਹੁਤ ਹੀ ਸੰਗੀਨ ਜੁਰਮ ਹਨ। ਕਤਲ ਵਿਚ ਮੌਤ ਦੀ ਸਜ਼ਾ ਦਾ ਪ੍ਰਬੰਧ ਵੀ ਹੈ। ਬਲਾਤਕਾਰ ਅਤੇ ਕਤਲ ਦੋਵੇਂ ਇਕ ਵਿਰਲਾ ਜੁਰਮ ਬਣ ਜਾਂਦੇ ਹਨ ਪਰ ਅਜਿਹੇ ਮਾਮਲਿਆਂ 'ਚ ਕਿੰਨੇ ਲੋਕਾਂ ਨੂੰ ਸਜ਼ਾ ਹੁੰਦੀ ਹੈ। ਇਹ ਵਿਰਲਾ (ਰੇਅਰੈਸਟ ਆਫ਼ ਦਾ ਰੇਅਰ) ਅਪਰਾਧ ਹੁਣ ਭਾਰਤੀ ਸਰ ਜ਼ਮੀਂ 'ਤੇ ਆਮ ਜਿਹੀ ਘਟਨਾ ਬਣ ਗਈ ਹੈ। ਦਹਾਕਿਆਂ ਬੱਧੀ ਕੇਸ ਅਦਾਲਤਾਂ ਵਿਚ ਬਕਾਇਆ ਪਏ ਹਨ। ਦੇਸ਼ ਦੇ ਆਗੂਆਂ, ਸਮਾਜ ਸ਼ਾਸਤਰੀਆਂ, ਧਾਰਮਿਕ ਲੋਕ, ਨੇਤਾ ਅਤੇ ਬੁੱਧੀਜੀਵੀਆਂ ਅੱਗੇ ਇਹ ਇਕ ਬਹੁਤ ਵੱਡਾ ਸੁਆਲ ਹੈ ਕਿ ਕੀ ਅਸੀਂ ਕਿਸੇ ਵੀ ਪੱਧਰ 'ਤੇ ਆਪਣੇ ਲੋਕਾਂ ਵਿਚ ਮਨੁੱਖੀ ਸੰਵੇਦਨਾ ਜਾਂ ਮਾਨਵਤਾ ਦਾ ਇਕ ਕਣ ਮਾਤਰ ਵੀ ਪੈਦਾ ਕਰ ਸਕੇ ਹਾਂ। ਮੀਡੀਆ, ਸ਼ੋਸ਼ਲ ਮੋਡੀਆ, ਧਾਰਮਿਕ ਪ੍ਰਵਚਨਾਂ, ਊਟ ਪਟਾਂਗ, ਸਾਜਿਸ਼ਾਂ, ਅਸ਼ਲੀਲਤਾ ਅਤੇ ਹਿੰਸਾ ਨਾਲ ਭਰਿਆ ਪਿਆ ਹੈ। ਪੈਸਾ ਕਮਾਉਣਾ ਅਤੇ ਐਯਾਸ਼ੀ ਕਰਨਾ ਮਨੁੱਖੀ ਜੀਵਨ ਦੇ ਨਵੇਂ ਆਦਰਸ਼ ਬਣਾ ਦਿੱਤੇ ਗਏ ਹਨ, ਫਿਰ ਸੰਵੇਦਨਾ ਕਿੱਥੋਂ ਆਵੇ।
ਇਸ ਸਾਲ ਪਹਿਲੇ ਪਾਤਸ਼ਾਹ ਅਤੇ ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਾ 550ਵਾਂ ਵਰ੍ਹਾ ਹੈ, ਜਿਨ੍ਹਾਂ ਨੇ ਆਪਣੀ ਬਾਣੀ ਵਿਚ ਔਰਤ ਦੇ ਦਰਦ ਦਾ ਬਿਆਨ ਵੀ ਕੀਤਾ ਅਤੇ ਉਸ ਦੀ ਮਹਾਨਤਾ ਅਤੇ ਉੱਤਮਤਾ ਦੀ ਵਡਿਆਈ ਵੀ ਕੀਤੀ ਪਰ ਅਸੀਂ ਉਨ੍ਹਾਂ ਦੇ ਪਵਿੱਤਰ ਵਚਨ ਵੀ ਭੁੱਲ ਰਹੇ ਹਾਂ। ਬਜ਼ੁਰਗ ਔਰਤਾਂ ਸਾਡੀਆਂ ਦਾਦੀਆਂ-ਨਾਨੀਆਂ ਅਕਸਰ ਕਿਹਾ ਕਰਦੀਆਂ ਸੀ, ''ਤੀਵੀਂ ਤਾਂ ਆਟੇ ਦੀ ਚਿੜੀ ਹੈ, ਅੰਦਰ ਵੜੋ ਤਾਂ ਚੂਹੇ ਖਾਣ ਨੂੰ ਆਉਂਦੇ ਨੇ, ਬਾਹਰ ਨਿਕਲੋ ਤਾਂ ਕਾਂ ਝਪਟ ਮਾਰਦੇ ਨੇ।'' ਅਜਿਹੀਆਂ ਘਟਨਾਵਾਂ ਨੂੰ ਵੇਖ ਕੇ ਉਨ੍ਹਾਂ ਦੇ ਸ਼ਬਦ ਅਜੋਕੇ ਸਮਾਜ ਦੀ ਵੀ ਸਚਾਈ ਜਾਪਦੇ ਹਨ ਜੋ ਪ੍ਰਧਾਨ ਮੰਤਰੀ ਦੇ ਪ੍ਰਵਚਨਾਂ ਤੋਂ ਬਿਲਕੁਲ ਉਲਟ ਹਨ। ਪਰ ਇਨ੍ਹਾਂ ਦੇ ਵਿਚਕਾਰਲੀ ਅਵਸਥਾ ਵੀ ਹੈ ਜੋ ਔਰਤ ਨੂੰ ਆਟੇ ਦੀ ਨਹੀਂ ਲੋਹੇ ਦੀ ਚਿੜੀ ਬਣਨ ਲਈ ਪ੍ਰੇਰਦੀ ਹੈ। ਬਸ ਉਸੇ ਅਵਸਥਾ ਅਤੇ ਵਿਵਸਥਾ ਦੀ ਲੋੜ ਹੈ।