ਦਿੱਲੀ ਦੰਗਿਆਂ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਭਗਵਿਆਂ ਨੇ ਕੀਤੀ ਗੁੰਡਾਗਰਦੀ

ਦਿੱਲੀ ਦੰਗਿਆਂ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਭਗਵਿਆਂ ਨੇ ਕੀਤੀ ਗੁੰਡਾਗਰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ
11 ਅਗਸਤ ਦੀ ਦੁਪਹਿਰ ਦੌਰਾਨ ਉੱਤਰੀ ਘੋਂਡਾ ਦੇ ਸੁਭਾਸ਼ ਮੁਹੱਲਾ ਵਿੱਚ ਇੱਕ ਭਗਵੀਂ ਫਿਰਕੂ ਭੀੜ ਨੇ ਕਾਰਵਾਂ ਮੀਡੀਆ ਦੇ ਤਿੰਨ ਪੱਤਰਕਾਰਾਂ ਉੱਤੇ ਹਮਲਾ ਕਰ ਦਿੱਤਾ, ਜੋ ਕਿ ਦਿੱਲੀ ਦੰਗਿਆਂ ਬਾਰੇ ਉਥੇ ਰਿਪੋਰਟ ਕਰਨ ਆਈ ਸੀ। ਕਾਰਵਾਂ ਦੇ ਪੱਤਰਕਾਰ ਉਥੇ ਦਿੱਲੀ ਹਿੰਸਾ ਦੀ ਸ਼ਿਕਾਇਤਕਰਤਾ ਦੀ ਇੰਟਰਵਿਊ ਕਰਨ ਗਏ ਸਨ। ਤਕਰੀਬਨ 2 ਘੰਟਿਆਂ ਤਕ ਸ਼ਾਹਿਦ ਤਾਂਤਰੇ, ਪ੍ਰਭਜੀਤ ਸਿੰਘ ਤੇ ਕਾਰਵਾਂ ਦੀ ਇੱਕ ਔਰਤ ਪੱਤਰਕਾਰ ਉਪਰ ਹਮਲਾ ਕੀਤਾ ਗਿਆ ਅਤੇ ਅਸ਼ਲੀਲ ਗਾਲ੍ਹਾਂ ਕੱਢ ਕੇ ਜ਼ਲੀਲ ਕੀਤਾ ਗਿਆ। ਇੱਥੋਂ ਤੱਕ ਕਤਲ ਕਰਨ ਦੀ ਧਮਕੀ ਵੀ ਦਿੱਤੀ। ਜਦੋਂ ਇਹ ਪੱਤਰਕਾਰ ਇਲਾਕੇ ਵਿਚ ਭਗਵੇ ਝੰਡਿਆਂ ਦੀਆਂ ਫੋਟੋਆਂ ਖਿੱਚ ਰਹੇ ਸਨ ਤਾਂ ਮੁਹੱਲੇ ਦੇ ਕੁਝ ਭਗਵੇਂ ਗੁੰਡੇ ਉਨ੍ਹਾਂ ਦੇ ਲਾਗੇ ਆ ਗਏ ਅਤੇ ਤਸਵੀਰਾਂ ਖਿਚਣ ਤੋਂ ਰੋਕਣ ਲਈ ਰੋਅਬ ਪਾਉਣ ਲੱਗੇ। ਉਥੇ ਮੌਜੂਦ ਇਕ ਭਗਵੇਂ ਕੁੜਤੇ ਵਾਲੇ ਵਿਅਕਤੀ ਜੋ ਕਿ ਆਪਣੇ ਆਪ ਨੂੰ ਭਾਜਪਾ ਦਾ ਜਨਰਲ ਸਕੱਤਰ ਦੱਸ ਰਿਹਾ ਸੀ, ਉਸ ਨੇ ਤਾਂਤਰੇ ਤੋਂ ਪਛਾਣ ਪੱਤਰ ਮੰਗਿਆ। ਜਦੋਂ ਭਗਵੇਂ ਲੀਡਰ ਨੂੰ ਪਤਾ ਲੱਗਿਆ ਕਿ ਤਾਂਤਰੇ ਇਕ ਮੁਸਲਮਾਨ ਹੈ, ਉਸ ਨੇ ਤਾਂਤਰੇ ਉੱਤੇ ਹਮਲਾ ਕਰ ਦਿੱਤਾ। 

ਹਮਲੇ ਤੋਂ ਬਚਣ ਲਈ, ਔਰਤ ਪੱਤਰਕਾਰ ਗਲੀ ਦੇ ਇੱਕ ਗੇਟ ਵਿੱਚ ਦਾਖਲ ਹੋਈ, ਪਰ ਭੀੜ ਨੇ ਗੇਟ ਬੰਦ ਕਰ ਦਿਤਾ। ਦੋਵੇਂ ਪੱਤਰਕਾਰ ਅੰਦਰ ਕੈਦ ਹੋ ਗਏ। ਔਰਤ ਪੱਤਰਕਾਰ ਨੇ ਹਮਲਾਵਰਾਂ ਦੀਆਂ ਮਿੰਨਤਾਂ ਕੀਤੀਆਂ ਕਿ ਉਹਨੂੰ ਤੇ ਉਸਦੇ ਸਾਥੀਆਂ ਨੂੰ ਜਾਣ ਦਿਤਾ ਜਾਵੇ, ਪਰ ਉਨ੍ਹਾਂ ਦੇ ਇਕ ਲੀਡਰ ਨੇ ਪੱਤਰਕਾਰ ਬੀਬੀ ਦੀ ਕੁੜਤੀ ਫੜਕੇ ਅਤੇ ਉਸਨੂੰ ਗੇਟ ਦੇ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ। ਔਰਤ ਪੱਤਰਕਾਰ ਗਲੀ ਤੋਂ ਬਾਹਰ ਨਿਕਲ ਕੇ ਇੱਕ ਗੁਆਂਢ ਦੀ ਗਲੀ ਵਲ ਭੱਜੀ, ਪਰ ਜਦੋਂ ਉਹ ਥਕ ਕੇ ਇੱਕ ਜਗ੍ਹਾ ਤੇ ਬੈਠਕੇ ਹਫਨ ਲਗੀ ਤਾਂ ਗੁੰਡਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀਆਂ ਫੋਟੋਆਂ ਤੇ ਵੀਡੀਓ ਬਣਾਉਣ ਲੱਗੇ। ਇੱਥੋਂ ਤੱਕ ਉਸ ਨੂੰ ਅਸ਼ਲੀਲ ਗਾਲ੍ਹਾਂ ਵੀ ਕੱਢੀਆਂ।  

ਪੱਤਰਕਾਰ ਬੀਬੀ ਨਾਲ ਬਦਸਲੂਕੀ
ਪੱਤਰਕਾਰ ਬੀਬੀ ਨੇ ਘਟਨਾ ਤੋਂ ਤੁਰੰਤ ਬਾਅਦ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ। ਪੱਤਰਕਾਰ ਬੀਬੀ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ, ''ਜਦੋਂ ਮੈਂ ਜਾ ਰਹੀ ਸੀ, ਤਾਂ ਇਕ ਅੱਧਖੜ ਉਮਰ ਦਾ ਬੋਦੀ ਵਾਲਾ ਗੰਜਾ ਆਦਮੀ, ਜਿਸ ਨੇ ਧੋਤੀ ਅਤੇ ਟੀ-ਸ਼ਰਟ ਪਾਈ ਹੋਈ ਸੀ  ਮੇਰੇ ਸਾਹਮਣੇ ਆ ਕੇ ਆਪਣੀ ਧੋਤੀ ਖੋਲ੍ਹ ਲਈ ਅਤੇ ਮੇਰੇ ਸਾਹਮਣੇ ਆਪਣਾ ਗੁਪਤ ਅੰਗ ਕਢਕੇ ਦਿਖਾਉਣ ਲੱਗਾ ਕਿ ਇਹ ਲਓ ਆਜ਼ਾਦੀ ਤੇ ਮੇਰੇ 'ਤੇ ਹੱਸਣਾ ਸ਼ੁਰੂ ਕਰ ਦਿੱਤਾ। ਉਸ ਆਦਮੀ ਤੋਂ ਬਚਕੇ ਭਜਦੇ ਸਮੇਂ ਪੱਤਰਕਾਰ ਬੀਬੀ ਨੂੰ ਤਾਂਤਰੇ ਪੱਤਰਕਾਰ ਦਾ ਫੋਨ ਆਇਆ। ਤਾਂਤਰੇ ਨੇ ਉਸ ਨੂੰ ਭਜਨਪੁਰਾ ਥਾਣੇ ਪਹੁੰਚਣ ਲਈ ਕਿਹਾ। ਉਸ ਸਮੇਂ ਤੱਕ, ਪੁਲਿਸ ਤਾਂਤਰੇ ਤੇ ਪ੍ਰਭਜੀਤ ਸਿੰਘ ਨੂੰ ਥਾਣੇ ਲੈ ਗਈ ਸੀ।ਜਦੋਂ ਉਹ ਪੱਤਰਕਾਰ ਬੀਬੀ ਲੋਕਾ ਤੋਂ ਥਾਣੇ ਦਾ ਰਸਤਾ ਪੁੱਛ ਰਹੀ ਸੀ ਤਾਂ ਭਗਵੀਂ ਭੀੜ ਨੇ ਉਸ ਨੂੰ ਦੁਬਾਰਾ ਘੇਰ ਲਿਆ ਅਤੇ ਕੁੱਟ ਮਾਰ ਕੀਤੀ। ਪੱਤਰਕਾਰ ਪ੍ਰਭਜੀਤ ਸਿੰਘ ਨੇ ਦੱਸਿਆ ਹੈ ਕਿ ਭਗਵੇਂ ਕੁਰਤਾ ਵਾਲੇ ਵਿਅਕਤੀ ਜੋ ਉਹਨਾਂ ਦਾ ਲੀਡਰ ਸੀ, ਨੂੰ ਦੱਸਿਆ ਗਿਆ ਸੀ ਕਿ ਉਹ ਪੱਤਰਕਾਰ ਹਨ ਅਤੇ ਕੁਝ ਗੈਰ ਕਾਨੂੰਨੀ ਨਹੀਂ ਕਰ ਰਹੇ ਹਨ। ਅਸੀਂ ਸਿਰਫ਼ ਝੰਡਿਆਂ ਦੀ ਜਨਤਕ ਫੋਟੋ ਖਿੱਚ ਰਹੇ ਹਾਂ ਨਾ ਕਿ ਲੋਕਾਂ ਦੇ ਨਿੱਜੀ ਕੰਮ ਵਿਚ ਦਖਲ ਦੇ ਰਹੇ ਹਾਂ। ਪਰ ਭਗਵੇਂ ਕੁੜਤੇ ਵਾਲੇ ਨੇ ਭੀੜ ਨੂੰ ਸਾਡੇ ਉੱਪਰ ਹਮਲੇ ਲਈ ਭੜਕਾਇਆ ਤੇ ਕਿਹਾ, ''ਤੁਹਾਡੇ ਵਰਗੇ ਟੁਚੇ ਪੱਤਰਕਾਰ ਬਹੁਤ ਦੇਖੇ ਹਨ । ਮੈਂ ਭਾਜਪਾ ਦਾ ਜਨਰਲ ਸਕੱਤਰ ਹਾਂ। ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ।''

ਤਾਂਤਰੇ ਨੇ ਦੱਸਿਆ ਕਿ ਜਦੋਂ ਆਦਮੀ ਨੇ ਪ੍ਰੈਸ ਕਾਰਡ ਵਿੱਚ ਮੇਰਾ ਨਾਮ ਵੇਖਿਆ, ਤਾਂ ਉਹ ਚੀਕਿਆ, ''ਤੂੰ ਕਟੂਆ ਮੁੱਲਾ ਹੈਂ।'' ਇਸ ਤੋਂ ਬਾਅਦ ਉਸ ਵਿਅਕਤੀ ਨੇ ਤੁਰੰਤ ਸਥਾਨਕ ਲੋਕਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਹੀ ਮਿੰਟਾਂ ਵਿਚ 50 ਦੇ ਕਰੀਬ ਲੋਕ ਉਥੇ ਇਕੱਠੇ ਹੋ ਗਏ। ਪ੍ਰਭਜੀਤ ਸਿੰਘ ਨੇ ਦੱਸਿਆ ਕਿ ''ਭੀੜ ਗੁੰਡਾਗਰਦੀ 'ਤੇ ਉਤਰ ਆਈ ਸੀ ਅਤੇ ਸ਼ਾਹਿਦ ਤਾਂਤਰੇ ਦੀ ਆਈ ਡੀ ਵੇਖਣ ਤੋਂ ਬਾਅਦ ਉਹ ਹਮਲਾਵਰ ਹੋ ਗਈ।''

ਤਕਰੀਬਨ ਡੇਢ ਘੰਟੇ ਤੱਕ ਭਗਵਿਆਂ ਨੇ ਦੋਵਾਂ ਪੱਤਰਕਾਰਾਂ ਨੂੰ ਘੇਰੀ ਰਖਿਆ ਅਤੇ ਤਾਂਤਰੇ ਨੂੰ ਮੁਸਲਮਾਨ ਹੋਣ ਕਾਰਣ ਫਿਰਕੂ ਗਾਲ਼ਾਂ ਕਢਣ ਲਗੇ ਤੇ ਡੰਡਿਆਂ ਨਾਲ ਕੁੱਟਮਾਰ ਕਰਨ ਲੱਗੇ। ਜਦੋਂ ਸਿੰਘ ਨੇ ਤਾਂਤਰੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਡੰਡਿਆਂ ਨਾਲ ਕੁੱਟਿਆ ਗਿਆ। ਭੀੜ ਨੇ ਪੱਤਰਕਾਰਾਂ ਨੂੰ ਧਮਕੀ ਦਿੱਤੀ ਕਿ ਉਹ ਉਨ੍ਹਾਂ ਦਾ ਕੈਮਰਾ ਤੋੜ ਦੇਣਗੇ। ਇਸ ਤੋਂ ਬਾਅਦ, ਤਾਂਤਰੇ ਨੇ ਕਿਹਾ ਕਿ ਉਹ ਫੋਟੋ ਡੀਲੀਟ ਕਰਨ ਨੂੰ ਤਿਆਰ ਹੈ. ਕਿਉਂਕਿ ਕੈਮਰਾ ਪੱਤਰਕਾਰ ਬੀਬੀ ਦੇ ਕੋਲ ਸੀ, ਤਾਂ ਤਾਂਤਰੇ ਪੱਤਰਕਾਰ ਬੀਬੀ ਤੋਂ ਕੈਮਰਾ ਲੈਣ ਗੇਟ 'ਤੇ ਆਇਆ। ਉਸ ਨੇ ਪੱਤਰਕਾਰ ਬੀਬੀ ਦੇ ਹੱਥੋਂ ਕੈਮਰਾ ਲੈ ਕੇ ਫੋਟੋ ਡੀਲੀਟ ਕਰ ਦਿਤੀ। ਇਸ ਦੇ ਬਾਵਜੂਦ ਭੀੜ ਨੇ ਕੈਮਰਾ ਤੋੜਨ ਦੀ ਧਮਕੀ ਦਿੱਤੀ ਤੇ ਤਾਂਤਰੇ ਨੂੰ ਮਜਬੂਰਨ ਆਪਣਾ ਮੈਮਰੀ ਕਾਰਡ ਭੀੜ ਦੇ ਹਵਾਲੇ ਕਰਨਾ ਪਿਆ। ਇਸ ਦੇ ਬਾਵਜੂਦ ਭੀੜ ਸ਼ਾਂਤ ਨਹੀਂ ਹੋਈ ਅਤੇ ਪੱਤਰਕਾਰਾਂ ਨੂੰ ਕੁੱਟਦੀ ਰਹੀ। 

ਸਿੱਖ ਪੱਤਰਕਾਰ ਦਾ ਮਹੱਤਵਪੂਰਨ ਰੋਲ
ਪ੍ਰਭਜੀਤ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਭੀੜ ਵਿਚ ਮੌਜੂਦ ਲੋਕ ਚੀਕ ਰਹੇ ਸਨ, ''ਮੂਲਾ ਸਾਲੇ ਕਟੂਆ'' ਅਤੇ ''ਸਾਲੇ ਮਾਰ ਦੇਵਾਗੇ।'' ਫਿਰ ਦੋ ਪੁਲਿਸ ਮੁਲਾਜ਼ਮ ਸਨ, ਵਧੀਕ ਸਬ-ਇੰਸਪੈਕਟਰ ਜ਼ਾਕਿਰ ਖਾਨ ਤੇ ਮੁਖੀ ਕਾਂਸਟੇਬਲ ਅਰਵਿੰਦ ਕੁਮਾਰ ਪਹੁੰਚੇ। ਪ੍ਰਭਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਕਿਹਾ, ''ਉਨ੍ਹਾਂ ਹਿੰਸਕ, ਵਹਿਸ਼ੀ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਭਗਵੇਂ ਕੁਰਤੇ ਵਾਲੇ ਲੀਡਰ ਨੇ ਔਰਤਾਂ ਨੂੰ ਸਾਡੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ।” ਉਸ ਨੇ ਦਸਿਆ ਕਿ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਭੀੜ ਬੇਕਾਬੂ ਸੀ।''

ਆਖਰਕਾਰ ਪੁਲੀਸ ਦੋਵੇਂ ਪੱਤਰਕਾਰਾਂ ਨੂੰ ਭੀੜ ਤੋਂ ਦੂਰ ਲਿਜਾਣ ਵਿੱਚ ਸਫਲ ਹੋ ਗਈ। ਸ਼ਾਹਿਦ ਤਾਂਤਰੇ ਅਤੇ ਪ੍ਰਭਜੀਤ ਸਿੰਘ ਨੂੰ ਫਿਰ ਭਜਨਪੁਰਾ ਥਾਣੇ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿਚ ਪ੍ਰਭਜੀਤ ਸਿੰਘ ਨੇ ਕਿਹਾ, ''ਜੇ ਮੈਂ ਨਾ ਹੁੰਦਾ ਤਾਂ ਭਗਵਾ ਕੁਰਤੇ ਵਾਲੇ ਲੀਡਰ ਦੀ ਅਗਵਾਈ ਵਿਚ ਭੀੜ ਨੇ ਸ਼ਾਹਿਦ ਨੂੰ ਮੁਸਲਮਾਨ ਹੋਣ ਵਜੋਂ ਮਾਰ ਦੇਣਾ ਸੀ।''

ਜਦੋਂ ਪੱਤਰਕਾਰ ਬੀਬੀ ਭਜਨਪੁਰਾ ਥਾਣੇ ਦਾ ਰਸਤਾ ਆਮ ਲੋਕਾਂ ਤੋਂ ਪੁੱਛ ਰਹੀ ਸੀ ਤਾਂ ਭੀੜ ਨੇ ਉਸ ਨੂੰ ਘੇਰ ਲਿਆ ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲੀਸ ਵੀ ਉੱਥੇ ਪਹੁੰਚ ਗਈ ਤੇ ਉਸਨੂੰ ਭਜਨਪੁਰਾ ਥਾਣੇ ਲੈ ਗਈ, ਜਿੱਥੇ ਉਸਨੇ ਸ਼ਿਕਾਇਤ ਦਰਜ ਕਰਵਾਈ

ਇੱਥੇ ਜ਼ਿਕਰਯੋਗ ਹੈ ਕਿ ਕਾਰਵਾ ਮੀਡੀਆ ਨੇ ਬਹੁਤ ਦ੍ਰਿੜ੍ਹਤਾ ਨਾਲ ਦਿੱਲੀ ਹਿੰਸਾ ਦੀ ਕਵਰੇਜ ਕੀਤੀ ਹੈ ਤੇ ਹੁਣ ਤੱਕ ਘਟਨਾਵਾਂ ਨੂੰ ਲੋਕਾਂ ਅੱਗੇ ਪੇਸ਼ ਕਰ ਰਿਹਾ ਹੈ। ਜੂਨ ਅਤੇ ਜੁਲਾਈ ਵਿਚ ਪ੍ਰਕਾਸ਼ਤ ਹੋਈ ਪ੍ਰਭਜੀਤ ਸਿੰਘ ਨੇ ਜਾਂਚ ਪੜਤਾਲ ਕੀਤੀ ਕਿ ਸਥਾਨਕ ਹਿੰਸਾ ਪੀੜਤ ਮੁਸਲਮਾਨਾਂ ਦੀ ਸ਼ਿਕਾਇਤ ਉੱਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। 

ਪ੍ਰਭਜੀਤ ਸਿੰਘ ਨੇ ਆਪਣੀਆਂ ਰਿਪੋਰਟਾਂ ਵਿਚ ਕਿਹਾ ਹੈ ਕਿ ਭਾਜਪਾ ਨੇਤਾਵਾਂ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਉੱਪਰ ਵੀ ਪੀੜਤਾ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਭਗਵੇਂ ਗੁੰਡਿਆਂ ਦੀ ਦੰਗਿਆਂ ਵਿਚ ਸਹਾਇਤਾ ਕੀਤੀ। ਇਕ ਵੀਡੀਓ ਕਹਾਣੀ ਵਿਚ, ਤਾਂਤਰੇ ਨੇ ਇਕ ਹੋਰ ਪੱਤਰਕਾਰ ਨਾਲ ਮਿਲ ਕੇ, ਇਕ ਭਗਵੇਂ ਦੰਗੇਬਾਜ਼ ਦੀ ਗਵਾਹੀ ਦਰਜ ਕੀਤੀ, ਜਿਸ ਨੇ ਹਿੰਸਾ ਦੌਰਾਨ ਮੁਸਲਮਾਨਾਂ ਦੇ ਘਰਾਂ ਦੀ ਸਾੜ ਫੂਕ ਕੀਤੀ ਅਤੇ ਮੁਸਲਮਾਨਾਂ ਉੱਪਰ ਹਮਲੇ ਕੀਤੇ।
ਕਾਰਵਾ  ਦੀ ਇਕ ਹੋਰ ਰਿਪੋਰਟ ਵਿਚ, ਤਾਂਤਰੇ ਅਤੇ ਉਸ ਦੇ ਇਕ ਹੋਰ ਸਾਥੀ ਨੇ ਇਕ ਮੁਸਲਮਾਨ ਵਿਅਕਤੀ ਦਾ ਬਿਰਤਾਂਤ ਦੱਸਿਆ ਜੋ ਹਿੰਸਾ ਦੌਰਾਨ ਗੋਲੀ ਲੱਗਣ ਕਾਰਨ ਆਪਣੀ ਅੱਖ ਗੁਆ ਬੈਠਾ ਸੀ। ਦਿੱਲੀ ਪੁਲਿਸ ਦੁਆਰਾ ਇਸ ਦੀ ਜਾਂਚ ਠੀਕ ਢੰਗ ਨਾਲ ਨਹੀਂ ਕੀਤੀ।

ਪੱਤਰਕਾਰ ਬੀਬੀ ਦੇ ਬਿਆਨ
ਪੱਤਰਕਾਰ ਬੀਬੀ ਨੇ ਕਿਹਾ ਕਿ 11 ਅਗਸਤ ਨੂੰ ਮੇਰੇ ਨਾਲ ਜੋ ਵਾਪਰਿਆ ਉਹ ਮੇਰੇ ਲਈ ਇੱਕ ਭਿਅੰਕਰ ਦੁਖਾਂਤ ਹੈ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਉੱਤਰ ਪੂਰਬੀ ਦਿੱਲੀ ਦੇ ਮੁਸਲਮਾਨਾਂ, ਖ਼ਾਸ ਕਰ ਸ਼ੈਨੋ ਅਤੇ ਉਸਦੇ ਪਰਿਵਾਰ ਦੀ ਹਿੰਮਤ ਬਾਰੇ ਜਾਣ-ਪਛਾਣ ਕਰਾਉਣੀ ਚਾਹੁੰਦੀ ਹਾਂ। ਉਸ ਦਿਨ ਅਸੀਂ ਇਸ ਪਰਿਵਾਰ ਬਾਰੇ ਰਿਪੋਰਟ ਕਰ ਰਹੇ ਸਾਂ। ਉਸ ਪਰਿਵਾਰ ਨੇ ਸਾਨੂੰ ਦੱਸਿਆ ਕਿ ਕਿਵੇਂ ਪੁਲਿਸ ਨੇ ਭਜਨਪੁਰਾ ਥਾਣੇ ਵਿੱਚ ਉਸ ਨਾਲ ਛੇੜਛਾੜ ਕੀਤੀ। ਉਸਨੇ ਪੁਲਿਸ ਤੇ ਮੀਡੀਆ ਬਾਰੇ ਆਪਣੇ ਕੌੜੇ ਤਜ਼ਰਬੇ ਵੀ ਦੱਸੇ। ਪੱਤਰਕਾਰ ਬੀਬੀ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਦੋਵੇਂ ਮਾਂ-ਧੀ ਆਪਣੇ ਨਾਲ ਬੀਤੇ ਦੁਖਾਂਤ ਬਾਰੇ ਸਾਨੂੰ ਦੱਸਿਆ ਕਿ ਉੱਤਰੀ ਘੌਂਡਾ ਵਿੱਚ ਰਹਿਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਸਾਡੀ ਸਹਾਇਤਾ ਲਈ ਬਾਹਰ ਆਈਆਂ ਤੇ ਹਿੰਸਕ ਰੂਪ ਵਿੱਚ ਹਮਲਾਵਰ ਹਿੰਦੂ ਭੀੜ ਨੂੰ ਪਿੱਛੇ ਹਟਣ ਦੀ ਚੁਣੌਤੀ ਦਿੱਤੀ। ਸ਼ੈਨੋ ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ ਇੱਕ ਸ਼ਬਦ ਦੁਹਰਾਉਂਦੀ ਸੀ ਕਿ ਮੁਸਲਮਾਨਾਂ ਲਈ ਇਸ ਦੇਸ ਵਿਚ ਇਨਸਾਫ਼ ਨਹੀਂ ਰਿਹਾ।

ਪੱਤਰਕਾਰ ਬੀਬੀ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਫਾਸੀਵਾਦੀ ਹਮਲਿਆਂ ਬਾਰੇ ਦ੍ਰਿੜ੍ਹਤਾ ਨਾਲ ਲਿਖਣ ਤੇ ਰਿਪੋਰਟਾਂ ਪੇਸ਼ ਕਰਨ। 

ਅਰੁੰਧਤੀ ਰਾਏ, ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਨ ਦੇ ਵਿਚਾਰ
ਹਮਲੇ ਤੋਂ ਦੋ ਦਿਨ ਬਾਅਦ 13 ਅਗਸਤ ਦੌਰਾਨ ਪ੍ਰੈਸ ਕਲੱਬ ਆਫ਼ ਇੰਡੀਆ ਨੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਪ੍ਰਸਿੱਧ ਲੇਖਕ ਅਰੁੰਧਤੀ ਰਾਏ, ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਨ, ਪ੍ਰੈਸ ਕਲੱਬ ਆਫ ਇੰਡੀਆ ਦੇ ਪ੍ਰਧਾਨ ਆਨੰਦ ਸਹਾਇ ਅਤੇ ਕਾਰਵਾ  ਦੇ ਸੰਪਾਦਕ ਹਰਤੋਸ਼ ਸਿੰਘ ਬੱਲ ਨੇ ਕਿਹਾ ਕਿ 11 ਅਗਸਤ 2020 ਨੂੰ ਉੱਤਰ-ਪੂਰਬੀ ਦਿੱਲੀ ਦੇ ਸੁਭਾਸ਼ ਮੁਹੱਲਾ ਵਿੱਚ ਸ਼ਾਹਿਦ ਤਾਂਤਰੇ, ਪ੍ਰਭਜੀਤ ਸਿੰਘ ਅਤੇ ਕਾਰਵਾ ਦੀ ਪੱਤਰਕਾਰ ਬੀਬੀ ਉੱਤੇ ਭਗਵੀਂ ਭੀੜ ਵਲੋਂ ਹਮਲਾ ਕਰਨ ਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ। ਭਗਵੀਂ ਭੀੜ ਨੇ ਆਪਣੀ ਮੁਸਲਿਮ ਪਛਾਣ ਦੇ ਕਾਰਨ ਤਾਂਤਰੇ ਦੀ ਕੁੱਟਮਾਰ ਕੀਤੀ ਤੇ ਪੱਤਰਕਾਰ ਬੀਬੀ ਦਾ ਯੌਨ ਸ਼ੋਸ਼ਣ ਕੀਤਾ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸ਼ਣ ਦੀ ਸਖ਼ਤ ਨਿਖੇਧੀ ਕੀਤੀ, ਜਿਸ ਨੇ ਇਸ ਸੰਬੰਧ ਵਿਚ ਕੋਈ ਕੇਸ ਦਰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦਿੱਲੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਿਘਰੀ ਪਈ ਹੈ। ਭਾਜਪਾ ਵਾਲੇ ਗੁੰਡਾਗਰਦੀ 'ਤੇ ਉਤਰੇ ਹੋਏ ਹਨ ਅਤੇ ਪੁਲਿਸ ਤਮਾਸ਼ਬੀਨ ਬਣੀ ਹੋਈ ਹੈ। ਇੱਥੇ ਕਾਨੂੰਨ ਦਾ ਕੋਈ ਰਾਜ਼ ਨਹੀਂ ਹੈ। 

ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਸਾਰੀ ਹਿੰਸਾ ਕਪਿਲ ਮਿਸ਼ਰਾ ਦੇ ਬਿਆਨ ਨਾਲ ਸ਼ੁਰੂ ਹੋਈ ਸੀ, ਪਰ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਭਗਵੀਂ ਭੀੜ ਉਨ੍ਹਾਂ ਪੱਤਰਕਾਰਾਂ ਨੂੰ ਸੜਕਾਂ 'ਤੇ ਮਾਰ ਰਹੀ ਹੈ, ਜੋ ਲੋਕ ਹਿੱਤਾਂ ਲਈ ਬੋਲ ਰਹੇ ਹਨ ਤੇ ਇਨਸਾਫ਼ ਦੀ ਆਵਾਜ਼ ਉਠਾ ਰਹੇ ਹਨ।