ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹਾਨਤਾ

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹਾਨਤਾ

ਸਿੱਖ ਭਾਈਚਾਰੇ ਵਿੱਚ ਦੀਵਾਲੀ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਉਣ ਦਾ ਸਬੰਧ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਈ ਨਾਲ ਜੁੜਿਆ ਹੋਇਆ ਹੈ।

ਗੁਰੂ ਅਰਜਨ ਦੇਵ ਦੀ ਸ਼ਹਾਦਤ ਮਗਰੋਂ ਸਿੱਖਾਂ ਨੂੰ ਮੁਗਲਾਂ ਦੇ ਜਬਰ-ਜ਼ੁਲਮ ਨਾਲ ਨਜਿੱਠਣ ਦੀ ਨੀਤੀ ਵਿੱਚ ਤਬਦੀਲੀ ਦੀ ਗੱਲ ਭਲੀ ਪ੍ਰਕਾਰ ਸਪੱਸ਼ਟ ਹੋ ਚੁੱਕੀ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੁਨਿਆਵੀ ਅਤੇ ਅਧਿਆਤਮਕ ਦੋਵਾਂ ਪੱਖਾਂ ਨੂੰ ਬਰਾਬਰ ਦੀ ਮਹਾਨਤਾ ਦੇਣ ਦਾ ਸਿਧਾਂਤ ਦਿੰਦਿਆਂ ਖੁਦ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਉਨ੍ਹਾਂ ਸਿੱਖ ਕੌਮ ਨੂੰ ਸਰੀਰਕ ਤੌਰ ’ਤੇ ਰਿਸ਼ਟ-ਪੁਸ਼ਟ ਰਹਿਣ ਅਤੇ ਘੋੜ ਸਵਾਰੀ ਸਮੇਤ ਯੁੱਧ ਕਲਾ ’ਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਨੇ ਨਗਰ ਦੀ ਰਖਵਾਲੀ ਲਈ ਕਿਲ੍ਹੇ ਦੀ ਉਸਾਰੀ ਦੇ ਨਾਲ ਨਾਲ ਸਿੱਖ ਕੌਮ ਦੇ ਦੁਨਿਆਵੀ ਨਿਰਣਿਆਂ ਲਈ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ।

ਗੁਰੂ ਸਾਹਿਬ ਦੀ ਸ਼ਾਹੀ, ਸੁਤੰਤਰ ਅਤੇ ਬੇਬਾਕ ਜੀਵਨ ਸ਼ੈਲੀ ਹਕੂਮਤ ਨੂੰ ਰੜਕਣ ਲੱਗੀ ਅਤੇ ਸਿੱਖ ਕੌਮ ਦੀ ਯੁੱਧ ਕਲਾ ਵਿੱਚ ਨਿਪੁੰਨਤਾ ਤੋਂ ਭੈਅ ਆਉਣ ਲੱਗਿਆ। ਗੁਰੂ ਘਰ ਦੇ ਵਿਰੋਧੀਆਂ ਨੇ ਮੁਗਲ ਸ਼ਾਸਕ ਨੂੰ ਗੁਰੂ ਸਾਹਿਬ ਬਾਰੇ ਭੜਕਾਉਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਵੱਲੋਂ ਆਤਮ ਰੱਖਿਆ ਲਈ ਤਿਆਰ ਕੀਤੀ ਜਾਣ ਵਾਲੀ ਫ਼ੌਜ ਨੂੰ ਵਿਰੋਧੀਆਂ ਨੇ ਬਹੁਤ ਕੁੱਝ ਵਧਾ ਚੜ੍ਹਾ ਕੇ ਪੇਸ਼ ਕੀਤਾ। ਜਹਾਂਗੀਰ ਨੂੰ ਵੀ ਜਾਪਦਾ ਸੀ ਕਿ ਸ਼ਾਇਦ ਗੁਰੂ ਸਾਹਿਬ ਇਹ ਸਾਰੀ ਤਿਆਰੀ ਮੁਗਲ ਹਕੂਮਤ ਤੋਂ ਪਤਿਾ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਕਰ ਰਹੇ ਹਨ। ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਝੀਆਂ ਸਕੀਮਾਂ ਲਗਾਉਣੀਆਂ ਸ਼ੁਰੂ ਕਰਦਿਆਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਬਣਾ ਲਿਆ। ਜਹਾਂਗੀਰ ਨੇ ਬਹਾਨਾ ਬਣਾਇਆ ਕਿ ਗੁਰੂ ਅਰਜਨ ਦੇਵ ਨੂੰ ਕੀਤੇ ਜੁਰਮਾਨੇ ਦੀ ਭਰਪਾਈ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਨਹੀਂ ਕੀਤੀ ਗਈ। ਇਤਿਹਾਸਕਾਰਾਂ ਅਨੁਸਾਰ ਜਹਾਂਗੀਰ ਨੇ ਵੱਖ-ਵੱਖ ਰਿਆਸਤਾਂ ਦੇ 52 ਰਾਜਿਆਂ ਦੀਆਂ ਰਿਆਸਤਾਂ ਹਥਿਆਉਣ ਮਗਰੋਂ ਉਨ੍ਹਾਂ ਨੂੰ ਵੀ ਬੰਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਰੱਖਿਆ ਹੋਇਆ ਸੀ। ਇੱਥੇ ਗੁਰੂ ਸਾਹਿਬ ਵੱਲੋਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਭਰੇ ਸਰਕਾਰੀ ਖਜ਼ਾਨੇ ’ਚੋਂ ਆ ਰਿਹਾ ਭੋਜਨ ਖਾਣ ਤੋਂ ਇਨਕਾਰ ਕੀਤੇ ਜਾਣ ਦਾ ਹਵਾਲਾ ਮਿਲਦਾ ਹੈ। ਬੰਦੀ ਰਾਜੇ ਕਿਲ੍ਹੇ ’ਚੋਂ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਕੇ ਘੋਰ ਨਿਰਾਸ਼ਾ ਦੇ ਆਲਮ ਵਿੱਚ ਚਲੇ ਗਏ ਸਨ। ਗੁਰੂ ਸਾਹਿਬ ਨੇ ਕਿਲ੍ਹੇ ਵਿੱਚ ਬੰਦੀ ਦੇ ਦਿਨਾਂ ਨੂੰ ਪ੍ਰਮਾਤਮਾ ਦੀ ਮਿਹਰ ਵਜੋਂ ਕਹਿ ਕੇ ਸਵਿਕਾਰਿਆ ਅਤੇ ਬੰਦੀ ਰਾਜਿਆਂ ਨੂੰ ਸਮਝਾਇਆ ਕਿ ਇਹੋ ਜਿਹੇ ਜਾਲਮ ਸਿਰਫ਼ ਸਰੀਰਾਂ ਨੂੰ ਬੰਦੀ ਬਣਾ ਸਕਦੇ ਹਨ, ਆਤਮਾ ਨੂੰ ਨਹੀਂ। ਗੁਰੂ ਸਾਹਿਬ ਨੇ ਫੁਰਮਾਇਆ, ‘‘ਇਸ ਜਾਲਮ ਦੀ ਬੰਦੀ ਨਾਲ ਮੈਨੂੰ ਪ੍ਰਮਾਤਮਾ ਦੇ ਸਿਮਰਨ ਵਿੱਚ ਜ਼ਿਆਦਾ ਸਮਾਂ ਬਤਿਾਉਣ ਦਾ ਮੌਕਾ ਮਿਲਿਆ ਹੈ।’’ ਗੁਰੂ ਸਾਹਿਬ ਦੇ ਵਿਚਾਰਾਂ ਦਾ ਰਾਜਿਆਂ ਦੇ ਮਨਾਂ ’ਤੇ ਭਾਰੀ ਅਸਰ ਹੋਇਆ।

ਗੁਰੂ ਸਾਹਿਬ ਨੇ ਜੇਲ੍ਹ ਬੰਦੀ ਬਦਲੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹਰ ਪਲ ਉਸ ਦੇ ਹੁਕਮ ਅਨੁਸਾਰ ਬਤਿਾਉਣ ਦੇ ਸਿੱਖੀ ਸਿਧਾਂਤ ਦੇ ਨਾਲ-ਨਾਲ ਪਰਉਪਕਾਰ ਦਾ ਵਿਸ਼ਵ ਅਲੋਕਾਰੀ ਕਾਰਜ ਕੀਤਾ। ਗੁਰੂ ਸਾਹਿਬ ਦੀ ਤਰਕਹੀਣ ਕਿਲ੍ਹਾਬੰਦੀ ਦਾ ਸਿੱਖਾਂ ਸਮੇਤ ਸਭਨਾਂ ਧਰਮਾਂ ਨੇ ਵਿਰੋਧ ਕੀਤਾ, ਜਿਸ ਕਾਰਨ ਮੁਗਲ ਹਕੂਮਤ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ। ਗੁਰੂ ਸਾਹਿਬ ਨੇ ਮੁਗਲ ਹਕੂਮਤ ਅੱਗੇ ਖੁਦ ਦੀ ਰਿਹਾਈ ਦੇ ਨਾਲ-ਨਾਲ 52 ਰਾਜਿਆਂ ਦੀ ਰਿਹਾਈ ਦੀ ਵੀ ਸ਼ਰਤ ਰੱਖੀ। ਗੁਰੂ ਸਾਹਿਬ ਵੱਲੋਂ ਪਹਿਨੇ ਬਵੰਜਾ ਕਲੀਆਂ ਵਾਲੇ ਪਵਿੱਤਰ ਚੋਲੇ ਨਾਲ ਉਨ੍ਹਾਂ 52 ਰਾਜਿਆਂ ਦੀ ਵੀ ਰਿਹਾਈ ਹੋਈ।

ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋਣ ਮਗਰੋਂ ਗੁਰੂ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਸੰਗਤ ਨੇ ਉਨ੍ਹਾਂ ਦੀ ਆਮਦ ਦੀ ਖੁਸ਼ੀ ਵਿੱਚ ਜਿੱਥੇ ਹਰਿਮੰਦਰ ਸਾਹਿਬ, ਉੱਥੇ ਹੀ ਸਮੂਹ ਸੰਗਤ ਨੇ ਆਪੋ ਆਪਣੇ ਘਰਾਂ ਦੇ ਬਨੇਰਿਆਂ ’ਤੇ ਵੀ ਦੀਪਮਾਲਾ ਕੀਤੀ। ਉਸ ਦਿਨ ਤੋਂ ਲੈ ਕੇ ਸਿੱਖ ਕੌਮ ਦਾ ਦੀਵਾਲੀ ਨਾਲ ਸਬੰਧ ਹੋਰ ਵੀ ਗਹਿਰਾ ਹੋ ਗਿਆ ਅਤੇ ਸਿੱਖਾਂ ਨੇ ਦੀਵਾਲੀ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ। ਸਿੱਖਾਂ ਵੱਲੋਂ ਗੁਰੂ ਸਾਹਿਬ ਦੀ ਆਮਦ ਦੀ ਖੁਸ਼ੀ ਵਿੱਚ ਹਰਿਮੰਦਰ ਸਾਹਿਬ ਵਿਖੇ ਮਨਾਈ ਦੀਵਾਲੀ ਵਿਸ਼ਵ ਪ੍ਰਸਿੱਧ ਹੈ। ਇਸੇ ਲਈ ਕਿਹਾ ਜਾਂਦਾ ਹੈ, ‘ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਤਿਸਰ ਦੀ।’

ਸਿੱਖਾਂ ਵੱਲੋਂ ਜਬਰ ਅਤੇ ਜ਼ੁਲਮ ਨਾਲ ਟਕਰਾਉਣ ’ਚ ਵਿਖਾਏ ਗਏ ਜੋਸ਼ ਤੋਂ ਮੁਗਲ ਹਕੂਮਤ ਬਹੁਤ ਹੈਰਾਨ ਸੀ। ਮੁਗਲਾਂ ਵੱਲੋਂ ਵਿਖਾਇਆ ਜਾਂਦਾ ਭੈਅ ਸਿੱਖਾਂ ਨੂੰ ਡਰਾਉਣ ਜਾਂ ਧਮਕਾਉਣ ਵਿੱਚ ਇੱਕ ਤਰ੍ਹਾਂ ਨਾਲ ਅਸਫਲ ਹੁੰਦਾ ਵੇਖ ਮੁਗਲਾਂ ਨੇ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਦਰਬਾਰ ਸਾਹਿਬ ਵਿੱਚ ਆਮਦ ’ਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਣ ਲੱਗੀਆਂ। ਦਸਮ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਮਗਰੋਂ ਮੁਗਲਾਂ ਵੱਲੋਂ ਸਿੱਖਾਂ ’ਤੇ ਕੀਤੇ ਜਾਣ ਵਾਲੇ ਅੱਤਿਆਚਾਰਾਂ ਵਿੱਚ ਭਾਰੀ ਵਾਧਾ ਹੋਇਆ ਪਰ ਸਿੱਖ ਜੰਗਲਾਂ ਅਤੇ ਵੀਰਾਨ ਥਾਵਾਂ ’ਤੇ ਸਮਾਂ ਗੁਜ਼ਾਰਦੇ ਹੋਏ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦੀਦਾਰਿਆਂ ਲਈ ਜ਼ਰੂਰ ਪਹੁੰਚਦੇ। ਮੁਗਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੰਦੀ ਛੋੜ ਦਿਵਸ ਮਨਾਉਣ ਲਈ ਵੀ ਸਿੱਖ ਸੰਗਤ ਦੀ ਆਮਦ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਸ ਸਮੇਂ ਦਰਬਾਰ ਸਾਹਿਬ ਵਿੱਚ ਮੁੱਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਮਨੀ ਸਿੰਘ ਨੇ ਮੁਗਲ ਹਕੂਮਤ ਤੋਂ ‘ਬੰਦੀ ਛੋੜ ਦਿਵਸ’ ਮਨਾਉਣ ਦੀ ਇਜਾਜ਼ਤ ਮੰਗੀ। ਮੁਗਲ ਹਕੂਮਤ ਨੇ ਦੁਸ਼ਟ ਭਾਵਨਾ ਤਹਤਿ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦੇ ਦਿੱਤੀ। ਭਾਈ ਮਨੀ ਸਿੰਘ ਵੱਲੋਂ ਸਿੱਖ ਸੰਗਤ ਨੂੰ ਦਰਬਾਰ ਸਾਹਿਬ ਪਹੁੰਚਣ ਦੀ ਕੀਤੀ ਅਪੀਲ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਬੰਦੀ ਛੋੜ ਦਿਵਸ ਮੌਕੇ ਇਕੱਠੀ ਹੋਈ ਸੰਗਤ ’ਤੇ ਮੁਗਲ ਹਕੂਮਤ ਵੱਲੋਂ ਕੀਤੇ ਜਾਣ ਵਾਲੇ ਅੱਤਿਆਚਾਰ ਦੀ ਭਾਈ ਮਨੀ ਸਿੰਘ ਨੂੰ ਖ਼ਬਰ ਲੱਗੀ ਤਾਂ ਉਨ੍ਹਾਂ ਸਿੱਖਾਂ ਨੂੰ ਬੰਦੀ ਛੋੜ ਦਿਵਸ ਮਨਾਉਣ ਲਈ ਦਰਬਾਰ ਸਾਹਿਬ ਨਾ ਪਹੁੰਚਣ ਦੀ ਅਪੀਲ ਕਰ ਦਿੱਤੀ। ਭਾਈ ਮਨੀ ਸਿੰਘ ਵੱਲੋਂ ਕੀਤੀ ਅਪੀਲ ਕਬੂਲਦਿਆਂ ਬਹੁਤ ਘੱਟ ਗਿਣਤੀ ’ਚ ਸੰਗਤ ਦਰਬਾਰ ਸਾਹਿਬ ਪਹੁੰਚੀ। ਇਸ ਮਗਰੋਂ ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਨਿਸ਼ਾਨਾ ਬਣਾਉਣ ਦੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਮਨੀ ਸਿੰਘ ਵੱਲੋਂ ਮੁਗਲ ਹਕੂਮਤ ਨੂੰ ਬੰਦੀ ਛੋੜ ਦਿਵਸ ਮਨਾਉਣ ਲਈ ਅਦਾ ਕੀਤੇ ਜਾਣ ਵਾਲੇ ਟੈਕਸ ਦੀ ਅਦਾਇਗੀ ਤੋਂ ਇਨਕਾਰ ਕਰ ਦਿੱਤੇ ਜਾਣ ਨਾਲ ਮੁਗਲ ਹਕੂਮਤ ਨੂੰ ਭਾਈ ਮਨੀ ਸਿੰਘ ਦੀ ਗ੍ਰਿਫਤਾਰੀ ਦਾ ਬਹਾਨਾ ਮਿਲ ਗਿਆ। ਮੁਗਲ ਹਕੂਮਤ ਵੱਲੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲਣ ਜਾਂ ਮੌਤ ਲਈ ਤਿਆਰ ਰਹਿਣ ਦਾ ਫੁਰਮਾਨ ਸੁਣਾਇਆ ਗਿਆ। ਭਾਈ ਮਨੀ ਸਿੰਘ ਨੇ ਗੁਰੂਆਂ ਅਤੇ ਸ਼ਹੀਦਾਂ ਵੱਲੋਂ ਹੱਸ ਹੱਸ ਕੇ ਸ਼ਹਾਦਤਾਂ ਦੇਣ ਦੇ ਗੌਰਵਮਈ ਇਤਿਹਾਸ ’ਤੇ ਪਹਿਰਾ ਦਿੰਦਿਆਂ ਮੁਗਲਾਂ ਦੀਆਂ ਗਿੱਦੜ ਧਮਕੀਆਂ ਨੂੰ ਠੋਕਰ ਮਾਰ ਸ਼ਹਾਦਤ ਨੂੰ ਪ੍ਰਵਾਨ ਕੀਤਾ। ਭਾਈ ਸਾਹਿਬ ਨੇ ਗਰਜਵੀਂ ਆਵਾਜ਼ ਵਿੱਚ ਕਿਹਾ, ‘‘ਮੈਨੂੰ ਜਾਨ ਨਹੀਂ ਸਿੱਖੀ ਪਿਆਰੀ ਹੈ। ਮੇਰੀ ਜ਼ਿੰਦਗੀ ਤਾਂ ਮੇਰੇ ਗੁਰੂਆਂ ਦੀ ਅਮਾਨਤ ਹੈ। ਮੈਂ ਇਸ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਨੂੰ ਨਿਭਾਉਣ ਲਈ ਲੇਖੇ ਲਾ ਕੇ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ।’’ ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ। ਭਾਈ ਮਨੀ ਸਿੰਘ ਵੱਲੋਂ ਸਿੱਖੀ ਸਿਦਕ ਨਿਭਾਉਣ ਲਈ ਦਿੱਤੀ ਸ਼ਹਾਦਤ ਦਾ ਦਿਨ ਬੇਸ਼ੱਕ ਦੀਵਾਲੀ ਵਾਲਾ ਨਹੀਂ ਸੀ ਪਰ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦੀਵਾਲੀ ਮਨਾਉਣਾ ਜ਼ਰੂਰ ਬਣਿਆ।

ਇਸ ਤਰ੍ਹਾਂ ਸਿੱਖ ਕੌਮ ਦੇ ਕੁਰਬਾਨੀਆਂ ਭਰਪੂਰ ਮਾਣਮੱਤੇ ਇਤਿਹਾਸ ਦੀ ਭਾਈ ਮਨੀ ਸਿੰਘ ਦੀ ਸ਼ਹਾਦਤ ਵਾਲੀ ਦੂਜੀ ਗੌਰਵਮਈ ਘਟਨਾ ਦਾ ਸਬੰਧ ਵੀ ‘ਬੰਦੀ ਛੋੜ ਦਿਵਸ’ ਨਾਲ ਜੁੜ ਗਿਆ। ਕੌਮ ਵੱਲੋਂ ਬੰਦੀ ਛੋੜ ਦਿਵਸ ਮਨਾਏ ਜਾਣ ਦਾ ਮਨੋਰਥ ਗੁਰੂ ਸਾਹਿਬ ਅਤੇ ਭਾਈ ਮਨੀ ਸਿੰਘ ਵਾਂਗ ਜਬਰ ਅਤੇ ਜ਼ੁਲਮ ਨਾਲ ਜ਼ਿੰਦਗੀ ਦੀ ਕੀਮਤ ’ਤੇ ਟਕਰਾਉਣ ਦੇ ਵਿਲੱਖਣ ਜਜ਼ਬੇ ਨਾਲ ਹੀ ਪੂਰਾ ਹੋ ਸਕਦਾ ਹੈ।

 

ਬਿੰਦਰ ਸਿੰਘ ਖੁੱਡੀ ਕਲਾਂ