ਲੋਕਤੰਤਰ ਤੋਂ ਤਾਨਾਸ਼ਾਹ ਬਣਨ ਵਲ ਭਾਰਤ ਅਮਰੀਕਾ ਦੀ ਭਾਈਵਾਲੀ ਦੇ ਭਰਮ ਵਿਚ ਗੁਆਚਿਆ

ਲੋਕਤੰਤਰ ਤੋਂ ਤਾਨਾਸ਼ਾਹ ਬਣਨ ਵਲ ਭਾਰਤ ਅਮਰੀਕਾ ਦੀ ਭਾਈਵਾਲੀ ਦੇ ਭਰਮ ਵਿਚ ਗੁਆਚਿਆ

*ਅਮਰੀਕਾ ਦੱਖਣੀ ਚੀਨ ਸਾਗਰ 'ਵਿਚ ਗਸ਼ਤ ਕਰਨ 'ਲਈ ਭਾਰਤ ਦੀ ਲੈਣਾ ਚਾਹੁੰਦਾ ਏ ਮਦਦ

*ਭਾਰਤ ਵਿਚ ਈਸਾਈਆਂ ਤੇ ਮੁਸਲਮਾਨਾਂ ਉਪਰ ਹੋ ਰਹੇ ਨੇ ਜ਼ੁਲਮ

ਪਿਛਲੇ ਮਹੀਨੇ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਨੂੰ ਦੁਨੀਆ ਦੇ ਦੋ ਮਹਾਨ ਲੋਕਤੰਤਰਾਂ ਦੀ ਮੀਟਿੰਗ ਵਜੋਂ ਪ੍ਰਚਾਰਿਆ ਗਿਆ ਸੀ ਅਤੇ ਦੋਵਾਂ ਦੇਸ਼ਾਂ ਨੇ ਮਾਣ ਨਾਲ ਐਲਾਨ ਕੀਤਾ ਸੀ ਕਿ ਉਹ 'ਦੁਨੀਆ ਦੇ ਸਭ ਤੋਂ ਨਜ਼ਦੀਕੀ ਭਾਈਵਾਲ' ਹਨ। ਪਰ ਸੁਆਲ ਇਹ ਹੈ ਕਿ ਉਹ ਕਿਸ ਤਰ੍ਹਾਂ ਦੇ ਸਾਥੀ ਤੇ ਭਾਈਵਾਲ ਹੋਣਗੇ?

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸ਼ਾਸਨ ਦਾ ਕੇਂਦਰੀ ਸਿਧਾਂਤ 'ਲੋਕਤੰਤਰ ਦੀ ਰੱਖਿਆ' ਹੈ। ਇਹ ਸ਼ਲਾਘਾਯੋਗ ਹੈ, ਪਰ ਵਾਸ਼ਿੰਗਟਨ ਵਿਚ ਜੋ ਵਾਪਰਿਆ, ਉਹ ਇਸ ਦੇ ਬਿਲਕੁਲ ਉਲਟ ਸੀ। ਜਿਸ ਵਿਅਕਤੀ ਮੋਦੀ ਅੱਗੇ ਅਮਰੀਕੀ ਹਾਕਮਾਂ ਨੇ ਮੱਥਾ ਟੇਕਿਆ ਸੀ, ਉਸ ਨੇ ਭਾਰਤੀ ਲੋਕਤੰਤਰ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਕਮਜ਼ੋਰ ਕੀਤਾ ਹੋਇਆ ਹੈ।ਸਾਨੂੰ ਅਮਰੀਕਾ ਵਲੋਂ ਮੋਦੀ ਨਾਲ ਦੋਸਤੀ ਦੀ ਚੋਣ 'ਤੇ ਹੈਰਾਨ ਹੋਣ ਦੀ ਲੋੜ ਨਹੀਂ ਹੈ। ਅਮਰੀਕੀ ਸਰਕਾਰਾਂ ਨੇ ਜਿਨ੍ਹਾਂ ਅਜੂਬਿਆਂ ਨੂੰ ਆਪਣੇ ਸਹਿਯੋਗੀ ਵਜੋਂ ਪਾਲਿਆ ਪੋਸਿਆ ਹੈ, ਉਨ੍ਹਾਂ ਵਿੱਚ ਇਰਾਨ ਦੇ ਸ਼ਾਹ, ਪਾਕਿਸਤਾਨ ਦੇ ਜਨਰਲ ਮੁਹੰਮਦ ਜ਼ਿਆ-ਉਲ-ਹੱਕ, ਅਫਗਾਨ ਮੁਜਾਹਿਦੀਨ, ਇਰਾਕ ਦੇ ਸੱਦਾਮ ਹੁਸੈਨ, ਦੱਖਣੀ ਵੀਅਤਨਾਮ ਵਿਚ ਇਕ ਤੋਂ ਬਾਅਦ ਇਕ ਤਾਨਾਸ਼ਾਹ ਅਤੇ ਚਿਲੀ ਦੇ ਜਨਰਲ ਆਗਸਟੋ ਪਿਨੋਸ਼ੇ ਸ਼ਾਮਲ ਹਨ। ਅਮਰੀਕੀ ਵਿਦੇਸ਼ ਨੀਤੀ ਦਾ ਕੇਂਦਰੀ ਸਿਧਾਂਤ ਅਕਸਰ ਇਹ ਹੁੰਦਾ ਹੈ ਕਿ ਲੋਕਤੰਤਰ ਸੰਯੁਕਤ ਰਾਜ ਅਮਰੀਕਾ ਲਈ , ਆਪਣੇ (ਕਾਲੇ) ਦੋਸਤਾਂ ਲਈ ਤਾਨਾਸ਼ਾਹੀ।

ਬੇਸ਼ੱਕ ਸ੍ਰੀ (ਨਰਿੰਦਰ) ਮੋਦੀ ਇਨ੍ਹਾਂ ਤਾਨਾਸ਼ਾਹਾਂ ਦੇ ਇਕੱਠ ਦਾ ਹਿੱਸਾ ਨਹੀਂ ਹਨ।ਮੋਦੀ ਕਾਰਣ ਭਾਰਤ ਉਨ੍ਹਾਂ ਤੋਂ ਵੀ ਅਗੇ ਲੰਘ ਜਾਵੇਗਾ। ਸਵਾਲ ਇਹ ਹੈ ਕਿ ਕਦੋਂ? ਅਤੇ ਕਿਸ ਕੀਮਤ 'ਤੇ?

ਇਹ ਸਚ ਹੈ ਕਿ ਭਾਰਤ ਵਿਚ ਤਾਨਾਸ਼ਾਹੀ ਨਹੀਂ ਹੈ, ਪਰ ਇਹ ਹੁਣ ਲੋਕਤੰਤਰ ਵੀ ਨਹੀਂ ਰਿਹਾ । ਮੋਦੀ ਦਾ ਰਾਜ ਇੱਕ ਬਹੁਗਿਣਤੀਵਾਦੀ, ਹਿੰਦੂ ਸਰਵਉੱਚਤਾਵਾਦੀ, ਚੋਣਾਵੀ ਤਾਨਾਸ਼ਾਹ ਹੈ ਜਿਸ ਦੀ ਪਕੜ ਦੁਨੀਆ ਦੇ ਵਖ ਵਖ ਸੰਪੰਨ ਦੇਸ਼ਾਂ ਵਿੱਚੋਂ ਹਰੇਕ 'ਤੇ ਮਜ਼ਬੂਤ ਹੋ ਰਹੀ ਹੈ।ਚੋਣਾਵੀ ਤਾਨਾਸ਼ਾਹੀ ਦਾ ਕਾਰਨ ਚੋਣਾਂ ਦਾ ਮੌਸਮ, ਜੋ ਕਿ ਨੇੜੇ ਹੈ, ਸਾਡੇ ਲਈ ਸਭ ਤੋਂ ਖਤਰਨਾਕ ਸਮਾਂ ਹੈ। ਇਹ ਕਤਲਾਂ ਦਾ ਮੌਸਮ ਹੈ, ਇਹ ਲਿੰਚਿੰਗ ਤੇ ਦੰਗਿਆਂ ਦਾ ਮੌਸਮ ਹੈ, ਇਹ ਪਰਦੇ ਨਾਲ ਧਮਕੀਆਂ ਦੇਣ ਦਾ ਮੌਸਮ ਹੈ।ਅਮਰੀਕਾ ਸਰਕਾਰ ਜਿਸ ਸਹਿਯੋਗੀ ਮੋਦੀ ਨੂੰ ਪਾਲ-ਪੋਸ ਕੇ ਮਜ਼ਬੂਤ ਕਰ ਰਹੀ ਹੈ, ਉਹ ਦੁਨੀਆ ਦੇ ਸਭ ਤੋਂ ਖਤਰਨਾਕ ਲੋਕਾਂ ਵਿੱਚੋਂ ਇੱਕ ਹੈ। ਕਿਉਂਕਿ ਉਸ ਨੇ ਦੁਨੀਆਂ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨੂੰ ਇੱਕ ਵਿਸਫੋਟਕ ਸਥਾਨ ਵਿੱਚ ਬਦਲ ਦਿੱਤਾ ਹੈ।

ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਜੋ ਲਗਭਗ ਕਦੇ ਪ੍ਰੈਸ ਕਾਨਫਰੰਸ ਨਹੀਂ ਕਰਦਾ,ਉਹ ਕਿਸ ਤਰ੍ਹਾਂ ਦੇ ਲੋਕਤੰਤਰ ਵਿੱਚ ਵਿਸ਼ਵਾਸ ਕਰਦਾ ਹੈ? ਜਦੋਂ ਉਹ ਵਾਸ਼ਿੰਗਟਨ ਵਿੱਚ ਸੀ ਤਾਂ ਉਸ ਨੂੰ ਇੱਕ ਪ੍ਰੈਸ ਕਾਨਫਰੰਸ ਲਈ ਸੰਬੋਧਨ ਕਰਨ ਲਈ ਮਨਾਉਣ ਬਾਰੇ ਅਮਰੀਕੀ ਸਰਕਾਰ ਦੀ ਪੂਰੀ ਤਾਕਤ ਲੱਗ ਗਈ।ਮੋਦੀ ਨੇ ਸਿਰਫ਼ ਦੋ ਸਵਾਲਾਂ ਦਾ ਜਵਾਬ ਦੇਣਾ ਸਵੀਕਾਰ ਕੀਤਾ, ਉਹ ਵੀ ਇੱਕ ਅਮਰੀਕੀ ਪੱਤਰਕਾਰ ਦਾ ਸਿਰਫ਼ ਇੱਕ ਸਵਾਲ। ਵਾਲ ਸਟਰੀਟ ਜਰਨਲ ਦੀ ਵ੍ਹਾਈਟ ਹਾਊਸ ਦੀ ਪੱਤਰਕਾਰ ਸਬਰੀਨਾ ਸਿੱਦੀਕੀ ਉਸ ਨੂੰ ਪੁੱਛਣ ਲਈ ਖੜ੍ਹੀ ਹੋਈ ਕਿ ਉਨ੍ਹਾਂ ਦੀ ਸਰਕਾਰ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਨਾਲ ਵਿਤਕਰੇ ਨੂੰ ਰੋਕਣ ਲਈ ਕੀ ਕਰ ਰਹੀ ਹੈ। ਉਨ੍ਹਾਂ ਦੇ ਦੇਸ਼ ਭਾਰਤ ਵਿੱਚ ਮੁਸਲਮਾਨਾਂ ਅਤੇ ਈਸਾਈਆਂ ਨਾਲ ਦੁਰਵਿਵਹਾਰ ਕਿਉਂ ਵੱਧ ਰਿਹਾ ਹੈ?

ਇਹ ਸਵਾਲ ਅਸਲ ਵਿੱਚ ਵ੍ਹਾਈਟ ਹਾਊਸ ਵਲੋਂ ਮੋਦੀ ਨੂੰ ਪੁੱਛਿਆ ਜਾਣਾ ਚਾਹੀਦਾ ਸੀ। ਪਰ ਬਿਡੇਨ ਪ੍ਰਸ਼ਾਸਨ ਨੇ ਇੱਕ ਪੱਤਰਕਾਰ ਨੂੰ ਇਕ ਤਰ੍ਹਾਂ ਜ਼ਿੰਮੇਵਾਰੀ ਦੇ ਦਿੱਤੀ ਜਾਪਦੀ ਸੀ। ਭਾਰਤ ਵਿੱਚ ਅਸੀਂ ਲੋਕ ਇਸ ਜੁਆਬ ਦੀ ਸਾਹ ਘੁੱਟ ਕੇ ਉਡੀਕ ਕਰ ਰਹੇ ਸੀ।ਮੋਦੀ ਨੇ ਹੈਰਾਨੀ ਪ੍ਰਗਟਾਈ ਕਿ ਅਜਿਹਾ ਸਵਾਲ ਵੀ ਕਿਵੇਂ ਪੁੱਛਿਆ ਜਾ ਸਕਦਾ ਹੈ ? ਇਸ ਤੋਂ ਬਾਅਦ ਉਸ ਨੇ ਸੁਆਲ ਨੂੰ ਖਤਮ ਕਰਨ ਲਈ ਅਜਿਹੀ ਯੋਜਨਾ ਅਪਣਾਈ, ਜਿਸ ਨੂੰ ਉਹ ਤਿਆਰ ਕਰਕੇ ਲੈ ਕੇ ਆਇਆ ਸੀ। ਉਸਨੇ ਕਿਹਾ ਕਿ ਲੋਕਤੰਤਰ ਸਾਡੀ ਆਤਮਾ ਹੈ। ਲੋਕਤੰਤਰ ਸਾਡੀਆਂ ਰਗਾਂ ਵਿੱਚ ਦੌੜਦਾ ਹੈ। ਅਸੀਂ ਲੋਕਤੰਤਰ ਜੀਉਂਦੇ ਹਾਂ।’ ਉਨ੍ਹਾਂ ਕਿਹਾ, ‘ਭਾਰਤ ਵਿਚ ਕੋਈ ਵਿਤਕਰਾ ਨਹੀਂ ਹੋ ਰਿਹਾ।’ ਆਦਿ।

ਭਾਰਤ ਵਿੱਚ ਮੁੱਖ ਧਾਰਾ ਮੀਡੀਆ ਅਤੇ ਮੋਦੀ ਦੇ ਪ੍ਰਸ਼ੰਸਕਾਂ ਦੀ ਵਿਸ਼ਾਲ ਫੌਜ ਮੋਦੀ ਦੇ ਜੁਆਬ ਤੋਂ ਇਸ ਤਰ੍ਹਾਂ ਖੁਸ਼ ਹੋਈ ਜਿਵੇਂ ਕਿ ਉਸ ਨੇ ਸਭ ਤੋਂ ਵਧੀਆ ਤਰੀਕੇ ਨਾਲ ਇਸ ਸੁਆਲ ਦਾ ਸਾਹਮਣਾ ਕੀਤਾ ਹੋਵੇ। ਜੋ ਲੋਕ ਉਸ ਦਾ ਵਿਰੋਧ ਕਰਦੇ ਰਹੇ,ਉਹ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਇਸ ਮਲਬੇ ਵਿੱਚੋਂ ਟੁਕੜੇ ਚੁਣਦੇ ਹੋਏ ਰਹਿ ਗਏ। ਮੋਦੀ ਦੇ ਇਸ ਜੁਆਬ ਮਗਰੋਂ ਕੀ ਤੁਸੀਂ ਬਿਡੇਨ ਦੀ ਸਰੀਰ ਦੀ ਭਾਸ਼ਾ ਵਲ ਧਿਆਨ ਦਿਤਾ ਹੈ ? ਬਿਡੇਨ ਮੋਦੀ ਦੇ ਵਰਤਾਰੇ ਤੇ ਜੁਆਬ ਤੋਂ ਸੰਤੁਸ਼ਟ ਨਹੀਂ ਸੀ। ਮੈਂ ਇਸ ਦੋਗਲੇਪਣ ਲਈ ਸ਼ੁਕਰਗੁਜ਼ਾਰ ਸੀ। ਦੋਗਲਾਪਣ ਸਾਨੂੰ ਇੱਕ ਕਿਸਮ ਦੀ ਸੰਕਟ ਸਥਿਤੀ ਵਿਚ ਆਸਰਾ ਪ੍ਰਦਾਨ ਕਰਦਾ ਹੈ। ਹੁਣ ਸਾਡੇ ਕੋਲ ਇਹੀ ਦੋਗਲਾਪਣ ਬਚਿਆ ਹੈ।

ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਹੋਰ ਹਿੰਦੂ ਰਾਸ਼ਟਰਵਾਦੀਆਂ ਨੇ ਪੱਤਰਕਾਰ ਸਿੱਦੀਕੀ 'ਤੇ ਟਵਿੱਟਰ 'ਉਪਰ ਬੇਰਹਿਮੀ ਨਾਲ ਗਾਲਨੁਮਾ ਵਿਚਾਰਧਾਰਕ ਹਮਲਾ ਕੀਤਾ , ਉਸ 'ਤੇ ਭਾਰਤ ਵਿਰੋਧੀ ਏਜੰਡਾ ਰਖਣ ਅਤੇ ਪੱਖਪਾਤ ਨਾਲ ਭਰੇ ਪਾਕਿਸਤਾਨੀ-ਇਸਲਾਮਿਕ ਨਫ਼ਰਤ ਨੂੰ ਫੈਲਾਉਣ ਵਾਲੀ ਪੱਤਰਕਾਰ ਹੋਣ ਦਾ ਦੋਸ਼ ਲਗਾਇਆ । ਇਹ ਹਿੰਦੂ ਰਾਸ਼ਟਰਵਾਦੀਆਂ ਦੀਆਂ ਸਭ ਤੋਂ ਨਿਮਰਤਾ ਵਾਲੀਆਂ ਟਿੱਪਣੀਆਂ ਸਨ। ਆਖਰਕਾਰ ਵ੍ਹਾਈਟ ਹਾਊਸ ਨੂੰ ਦਖਲ ਦੇਣਾ ਪਿਆ ਅਤੇ ਸਿੱਦੀਕੀ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨ ਦੀ ਨਿੰਦਾ ਕਰਦੇ ਹੋਏ ਇਸ ਨੂੰ 'ਲੋਕਤੰਤਰ ਦੇ ਸਿਧਾਂਤਾਂ ਦੇ ਖਿਲਾਫ' ਕਰਾਰ ਦਿੱਤਾ। ਅਜਿਹਾ ਮਹਿਸੂਸ ਹੋਇਆ ਕਿ ਵ੍ਹਾਈਟ ਹਾਊਸ ਨੇ ਜਿਸ ਚੀਜ਼ ਨੂੰ ਨਜ਼ਰਅੰਦਾਜ਼ ਕਰਨਾ ਚਾਹਿਆ ਸੀ ਉਹ ਕੌੜੀ ਸਚਾਈ ਦੁਨੀਆ ਸਾਹਮਣੇ ਸ਼ਰਮਨਾਕ ਤੌਰ 'ਤੇ ਸਾਹਮਣੇ ਆ ਗਈ ਸੀ।

ਇਹ ਸੰਭਵ ਹੈ ਕਿ ਸਿੱਦੀਕੀ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਉਸਨੇ ਆਪਣਾ ਹੱਥ ਕਿਸ ਨੂੰ ਪਾਇਆ ਸੀ। ਪਰ ਅਮਰੀਕੀ ਵਿਦੇਸ਼ ਵਿਭਾਗ ਅਤੇ ਵ੍ਹਾਈਟ ਹਾਊਸ ਬਾਰੇ ਇਹੀ ਨਹੀਂ ਕਿਹਾ ਜਾ ਸਕਦਾ ਕਿ ਉਸ ਨੂੰ ਮੋਦੀ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਹੋਵੇਗਾ, ਜਿਸ ਲਈ ਉਹ ਰੈੱਡ ਕਾਰਪੇਟ ਵਿਛਾ ਰਹੇ ਸਨ।

ਅਮਰੀਕਾ ਨੂੰ ਗੁਜਰਾਤ ਵਿੱਚ ਮੋਦੀ ਉੱਤੇ 2002 ਦੌਰਾਨ ਮੁਸਲਿਮ ਵਿਰੋਧੀ ਕਤਲੇਆਮ ਕਰਵਾਉਣ ਦੇ ਲੱਗੇ ਦੋਸ਼ਾਂ ਬਾਰੇ ਭਲੀਭਾਂਤ ਜਾਣਕਾਰੀ ਹੋਵੇਗੀ ਜਿਸ ਵਿੱਚ 1,000 ਤੋਂ ਵੱਧ ਮੁਸਲਮਾਨ ਮਾਰੇ ਗਏ ਸਨ। ਅਮਰੀਕਾ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਮੁਸਲਮਾਨਾਂ ਨੂੰ ਹੁਣ ਵੀ ਜਨਤਕ ਤੌਰ 'ਤੇ ਲਗਾਤਾਰ ਹਿੰਸਕ ਭੀੜਾਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨੂੰ ਮੋਦੀ ਦੀ ਕੈਬਨਿਟ ਦੇ ਉਸ ਮੈਂਬਰ ਬਾਰੇ ਵੀ ਪਤਾ ਹੋਣਾ ਚਾਹੀਦਾ ਸੀ, ਜੋ ਮੁਸਲਮਾਨਾਂ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਦੇ ਗਲੇ ਵਿਚ ਫੁੱਲਾਂ ਦੇ ਹਾਰ ਪਾਕੇ ਮਿਲਿਆ ਸੀ।ਉਸ ਨੂੰ ਮੁਸਲਮਾਨਾਂ ਨੂੰ ਕੁਚਲਣ ਲਈ ਤੇ ਜੀਵਨ ਦੇ ਸਾਰੇ ਖੇਤਰਾਂ ਤੋਂ ਅਲੱਗ-ਥਲੱਗ ਕਰਨ ਦੀ ਪ੍ਰਕਿਰਿਆ ਬਾਰੇ ਹਿੰਦੂਤਵੀਆਂ ਦੀਆਂ ਸਾਜਿਸ਼ਾਂ ਬਾਰੇ ਜਾਣਕਾਰੀ ਹੋਵੇਗੀ।

ਹੋ ਸਕਦਾ ਹੈ ਕਿ ਅਮਰੀਕਾ ਨੂੰ ਵਿਰੋਧੀ ਨੇਤਾਵਾਂ, ਵਿਦਿਆਰਥੀਆਂ, ਮਨੁੱਖੀ ਅਧਿਕਾਰ ਕਾਰਕੁਨਾਂ, ਵਕੀਲਾਂ ਅਤੇ ਪੱਤਰਕਾਰਾਂ ਨੂੰ ਸਤਾਏ ਜਾਣ ਦੀ ਰਿਪੋਰਟ ਵੀ ਮਿਲੀ ਹੋਵੇਗੀ, ਜਿਨ੍ਹਾਂ ਵਿੱਚੋਂ ਕੁਝ ਨੂੰ ਲੰਬੀ ਜੇਲ੍ਹ ਦੀ ਸਜ਼ਾ ਮਿਲੀ ਹੈ।ਅਮਰੀਕਾ ਨੂੰ ਭਾਰਤੀ ਪੁਲਿਸ ਤੇ ਹਿੰਦੂ ਰਾਸ਼ਟਰਵਾਦੀ ਲੋਕਾਂ ਵਲੋਂ ਯੂਨੀਵਰਸਿਟੀਆਂ 'ਤੇ ਹਮਲੇ ਕੀਤੇ ਜਾਣ ਅਤੇ ਇਤਿਹਾਸ ਦੀਆਂ ਕਿਤਾਬਾਂ ਨੂੰ ਦੁਬਾਰਾ ਲਿਖੇ ਜਾਣ, ਫਿਲਮਾਂ 'ਤੇ ਪਾਬੰਦੀ ਲਗਾਏ ਜਾਣ ,ਐਮਨੈਸਟੀ ਇੰਟਰਨੈਸ਼ਨਲ ਇੰਡੀਆ ਉਪਰ ਭਾਰਤ ਵਿਚ ਪਾਬੰਦੀ ਲਗਾਏ ਜਾਣ, ਬੀਬੀਸੀ ਦੇ ਭਾਰਤੀ ਦਫਤਰਾਂ 'ਤੇ ਛਾਪੇ ਮਾਰਨ, ਕਾਰਕੁੰਨਾਂ, ਪੱਤਰਕਾਰਾਂ ਅਤੇ ਸਰਕਾਰ ਦੇ ਆਲੋਚਕਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਬਾਰੇ ਵੀ ਜਾਣਕਾਰੀ ਹੋਵੇਗੀ।ਅਮਰੀਕਾ ਨੂੰ ਪਤਾ ਹੋਵੇਗਾ ਕਿ ਭਾਰਤ ਹੁਣ ਵਿਸ਼ਵ ਪ੍ਰੈਸ ਫਰੀਡਮ ਇੰਡੈਕਸ ਵਿੱਚ 180 ਦੇਸ਼ਾਂ ਵਿੱਚੋਂ 161ਵੇਂ ਸਥਾਨ 'ਤੇ ਹੈ। ਭਾਰਤ ਦੇ ਬਹੁਤ ਸਾਰੇ ਵਧੀਆ ਪੱਤਰਕਾਰਾਂ ਨੂੰ ਮੁੱਖ ਧਾਰਾ ਮੀਡੀਆ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਪੱਤਰਕਾਰਾਂ ਨੂੰ ਜਲਦੀ ਹੀ ਸੈਂਸਰ ਦੀ ਅਜਿਹੀ ਵਿਵਸਥਾ ਦਾ ਸਾਹਮਣਾ ਕਰਨਾ ਪਵੇਗਾ । ਇਸ ਵਿੱਚ ਮੋਦੀ ਸਰਕਾਰ ਦੁਆਰਾ ਸਥਾਪਤ ਇੱਕ ਸੰਸਥਾ ਨੂੰ ਇਹ ਫੈਸਲਾ ਕਰਨ ਦੀ ਸ਼ਕਤੀ ਹੋਵੇਗੀ ਕਿ ਮੀਡੀਆ ਰਿਪੋਰਟਾਂ ਅਤੇ ਸਰਕਾਰ ਬਾਰੇ ਟਿੱਪਣੀਆਂ ਝੂਠੀਆਂ ਅਤੇ ਗੁੰਮਰਾਹਕੁੰਨ ਹਨ ਜਾਂ ਨਹੀਂ।

ਅਮਰੀਕਾ ਕਸ਼ਮੀਰ ਦੀ ਸਥਿਤੀ ਤੋਂ ਜਾਣੂ ਹੋਵੇਗਾ, ਜਿਸ ਨੂੰ 2019 ਦੌਰਾਨ ਕਈ ਮਹੀਨਿਆਂ ਲਈ ਦੁਨੀਆ ਤੋਂ ਕੱਟ ਦਿੱਤਾ ਗਿਆ ਸੀ - ਇੱਕ ਲੋਕਤੰਤਰ ਵਿੱਚ ਇੰਟਰਨੈਟ ਨੂੰ ਬੰਦ ਕਰਨ ਦੀ ਇਹ ਸਭ ਤੋਂ ਲੰਬੀ ਘਟਨਾ ਸੀ। ਕਸ਼ਮੀਰ ਦੇ ਪੱਤਰਕਾਰਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਗ੍ਰਿਫਤਾਰ ਕੀਤਾ ਜਾਂਦਾ ਹੈ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। 21ਵੀਂ ਸਦੀ ਵਿੱਚ, ਕਿਸੇ ਦੀ ਜ਼ਿੰਦਗੀ ਵੀ ਅਜਿਹੀ ਨਹੀਂ ਹੋਣੀ ਚਾਹੀਦੀ ਹੈ ਜਿਵੇਂ ਉਨ੍ਹਾਂ ਦੀ ਹੈ ਸਰਕਾਰੀ ਦਹਿਸ਼ਤ ਵਿਚ ਜੀਉਣ ਦੀ ।

ਅਮਰੀਕਾ ਨੂੰ 2019 ਵਿੱਚ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਬਾਰੇ ਪਤਾ ਹੋਣਾ ਚਾਹੀਦਾ ਹੈ, ਜੋ ਮੁਸਲਮਾਨਾਂ ਨਾਲ ਖੁੱਲ੍ਹੇਆਮ ਵਿਤਕਰਾ ਕਰਦਾ ਹੈ। ਉਹ ਵੱਡੇ ਅੰਦੋਲਨਾਂ ਤੋਂ ਵੀ ਜਾਣੂ ਹੋਣਗੇ ਜੋ ਨਤੀਜੇ ਵਜੋਂ ਉਠ ਖੜੇ ਹੋਏ ਹਨ ਅਤੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਅੰਦੋਲਨ ਉਦੋਂ ਹੀ ਖਤਮ ਹੋਇਆ ਜਦੋਂ ਅਗਲੇ ਸਾਲ ਦਿੱਲੀ ਵਿੱਚ ਹਿੰਦੂ ਭੀੜ ਨੇ ਦਰਜਨਾਂ ਮੁਸਲਮਾਨਾਂ ਨੂੰ ਮਾਰ ਦਿੱਤਾ (ਜੋ ਇਤਫਾਕ ਨਾਲ ਉਦੋਂ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਅਧਿਕਾਰਤ ਦੌਰੇ 'ਤੇ ਸ਼ਹਿਰ ਵਿੱਚ ਸਨ ਅਤੇ ਜਿਸ ਬਾਰੇ ਟਰੰਪ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ)। ਇਹ ਸੰਭਵ ਹੈ ਕਿ ਟਰੰਪ ਨੂੰ ਇਹ ਵੀ ਪਤਾ ਸੀ ਕਿ ਜਿਸ ਸਮੇਂ ਉਹ ਮੋਦੀ ਨੂੰ ਜੱਫੀ ਪਾ ਰਿਹਾ ਸੀ, ਉਸੇ ਸਮੇਂ ਮੁਸਲਮਾਨ ਆਪਣੇ ਘਰ-ਬਾਰ ਛੱਡ ਕੇ ਉੱਤਰੀ ਭਾਰਤ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਜਾ ਰਹੇ ਸਨ।ਉਸ ਸਮੇਂ ਦੀਆਂ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੱਤਾਧਾਰੀ ਪਾਰਟੀ ਨਾਲ ਜੁੜੇ ਹਿੰਦੂ ਕੱਟੜਪੰਥੀਆਂ ਨੇ ਉਨ੍ਹਾਂ ਦੇ ਘਰਾਂ ਦੇ ਦਰਵਾਜ਼ਿਆਂ ਉਪਰ ਕਰਾਸ ਦੇ ਨਿਸ਼ਾਨ ਬਣਾਕੇ ਉਨ੍ਹਾਂ ਨੂੰ ਘਰ ਛਡਣ ਲਈ ਧਮਕਾਇਆ ਸੀ।

ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਮੂਰਖਤਾਪੂਰਨ ਵਾਕ ਤੋਂ ਛੁਟਕਾਰਾ ਪਾ ਲਈਏ ਕਿ ਸਾਨੂੰ ਸੱਤਾ ਨੂੰ ਸੱਚ ਦੱਸਣ ਦੀ ਲੋੜ ਹੈ। ਸਤਾ ਨੂੰ ਸਾਡੇ ਨਾਲੋਂ ਜ਼ਿਆਦਾ ਸੱਚਾਈ ਚੰਗੀ ਤਰ੍ਹਾਂ ਪਤਾ ਹੋਵੇਗੀ।

ਹੋਰ ਗੱਲਾਂ ਤੋਂ ਇਲਾਵਾ , ਬਿਡੇਨ ਪ੍ਰਸ਼ਾਸਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਵਲੋਂ ਸ਼ਾਨਦਾਰ ਸੁਆਗਤ ਦਾ ਹਰ ਪਲ ਅਤੇ ਖੋਖਲੀ ਚਾਪਲੂਸੀ ਦਾ ਇਕ ਇਕ ਕਦਮ 2024 ਦੀ ਚੋਣ ਮੁਹਿੰਮ ਵਿੱਚ ਮੋਦੀ ਲਈ ਇੱਕ ਇੱਛਾਪੂਰਨ ਮੁਰਾਦ ਦਾ ਕੰਮ ਕਰੇਗਾ, ਜਦੋਂ ਉਹ ਤੀਜੇ ਕਾਰਜਕਾਲ ਦੀ ਪ੍ਰਾਪਤੀ ਲਈ ਚੋਣ ਮੈਦਾਨ ਵਿਚ ਉਤਰ ਰਹੇ ਹਨ।ਹੈਰਾਨੀ ਦੀ ਗੱਲ ਇਹ ਹੈ ਕਿ ਮੋਦੀ ਨੇ 2019 ਦੌਰਾਨ ਟੈਕਸਾਸ ਦੇ ਇੱਕ ਸਟੇਡੀਅਮ ਵਿੱਚ ਪ੍ਰਵਾਸੀ ਭਾਰਤੀਆਂ ਦੀ ਇੱਕ ਰੈਲੀ ਦੌਰਾਨ, ਟਰੰਪ ਦੀ ਮੌਜੂਦਗੀ ਵਿੱਚ ਖੁੱਲ ਕੇ ਟਰੰਪ ਲਈ ਪ੍ਰਚਾਰ ਕੀਤਾ। ਮੋਦੀ ਨੇ 'ਅਬ ਕੀ ਬਾਰ ਟਰੰਪ ਸਰਕਾਰ!' ਦਾ ਨਾਅਰਾ ਲਗਾ ਕੇ ਭੀੜ ਨੂੰ ਮੋਹ ਲਿਆ ਸੀ।

ਇਸ ਦੇ ਬਾਵਜੂਦ, ਬਿਡੇਨ ਨੇ ਆਧੁਨਿਕ ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਇਸ ਸਭ ਤੋਂ ਵੱਧ ਵੰਡ ਪਾਊ ਸ਼ਖਸੀਅਤ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਕਿਉਂ?

ਇਸ ਅਧਿਕਾਰਤ ਦੌਰੇ ਦੌਰਾਨ ਸੀਐਨਐਨ 'ਤੇ ਪ੍ਰਸਾਰਿਤ ਹੋਏ ਕ੍ਰਿਸਟਿਆਨਾ ਅਮਾਨਪੋਰ ਨਾਲ ਇੱਕ ਇੰਟਰਵਿਊ ਵਿੱਚ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੋਦੀ ਦੇ ਸਮੇਂ ਦੇ ਭਾਰਤ ਬਾਰੇ ਦਸਿਆ,ਉਸ ਬਾਰੇ ਮੇਰਾ ਦਿਲ ਵਿਸ਼ਵਾਸ ਕਰਨਾ ਚਾਹੁੰਦਾ ਹੈ ਕਿ ਇਹ ਇੰਟਰਵਿਊ ਵ੍ਹਾਈਟ ਹਾਊਸ ਆਊਟਸੋਰਸਿੰਗ ਦਾ ਹਿੱਸਾ ਸੀ। ਓਬਾਮਾ ਨੂੰ ਪੁੱਛਿਆ ਗਿਆ ਸੀ ਕਿ ਬਾਇਡਨ ਇਸ ਵੇਲੇ ਅਮਰੀਕਾ ਵਿੱਚ ਮੋਦੀ ਦਾ ਸੁਆਗਤ ਕਰ ਰਹੇ ਹਨ, ਜਿਨ੍ਹਾਂ ਨੂੰ ਆਟੋਕ੍ਰੇਟਿਕ ਤਾਨਾਸ਼ਾਹ ਜਾਂ ਫ਼ਿਰ ਘੱਟ ਡੈਮੇਕ੍ਰੇਟਕ ਮੰਨਿਆ ਜਾਂਦਾ ਹੈ। ਕਿਸੇ ਰਾਸ਼ਟਰਪਤੀ ਨੂੰ ਅਜਿਹੇ ਆਗੂਆਂ ਦੇ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ? ਇਸ ਸਵਾਲ ਉੱਤੇ ਬਰਾਕ ਓਬਾਮਾ ਨੇ ਦੱਸਿਆ ਕਿ ਜੇ ਉਹ ਪੀਐੱਮ ਮੋਦੀ ਨਾਲ ਗੱਲ ਕਰ ਰਹੇ ਹੁੰਦੇ ਤਾਂ ਕੀ ਕਹਿੰਦੇ। ਉਨ੍ਹਾਂ ਨੇ ਕਿਹਾ, ‘‘ਹਿੰਦੂ ਬਹੁ ਗਿਣਤੀ ਭਾਰਤ ਵਿੱਚ ਮੁਸਲਮਾਨ ਘੱਟ ਗਿਣਤੀ ਦੀ ਸੁਰੱਖਿਆ ਕਾਬਿਲ-ਏ-ਜ਼ਿਕਰ ਹੈ। ਜੇ ਮੇਰੀ ਮੋਦੀ ਨਾਲ ਗੱਲਬਾਤ ਹੁੰਦੀ ਤਾਂ ਮੇਰਾ ਤਰਕ ਹੁੰਦਾ ਕਿ ਜੇ ਤੁਸੀਂ (ਨਸਲੀ) ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਨਹੀਂ ਕਰਦੇ ਤਾਂ ਮੁਮਕਿਨ ਹੈ ਕਿ ਭਵਿੱਖ ਵਿੱਚ ਭਾਰਤ ਦੀ ਵੰਡ ਵਧੇ। ਇਹ ਭਾਰਤ ਦੇ ਹਿੱਤਾਂ ਦੇ ਉਲਟ ਹੋਵੇਗਾ।’’ ਓਬਾਮਾ ਨੇ ਇਹ ਵੀ ਕਿਹਾ ਕਿ ਜੇਕਰ ਘੱਟ ਗਿਣਤੀਆਂ ਨੂੰ ਭਾਰਤ ਵਿਚ ਸੁਰੱਖਿਅਤ ਨਹੀਂ ਰੱਖਿਆ ਗਿਆ ਤਾਂ ਇਹ ਸੰਭਵ ਹੈ ਕਿ ਭਾਰਤ 'ਕਿਸੇ ਸਮੇਂ 'ਤੇ ਟੁੱਟ ਜਾਵੇਗਾ।' 

ਭਾਰਤ ਵਿਚ ਮੋਦੀ ਸਮਰਥਕ ਟ੍ਰੋਲਸ ਨੇ ਓਬਾਮਾ ਦਾ ਪਿੱਛਾ ਕੀਤਾ, ਪਰ ਓਬਾਮਾ ਦੇ ਸ਼ਬਦ ਭਾਰਤ ਵਿਚ ਬਹੁਤ ਸਾਰੇ ਲੋਕਾਂ ਲਈ ਮਰਹਮ ਵਜੋਂ ਸਨ ਜੋ ਹਿੰਦੂ ਰਾਸ਼ਟਰਵਾਦ ਦੇ ਵਿਰੁੱਧ ਖੜ੍ਹੇ ਹੋਣ ਦੀ ਭਾਰੀ ਕੀਮਤ ਅਦਾ ਕਰ ਰਹੇ ਹਨ ।

ਪਰ ਜੇਕਰ ਅਮਰੀਕੀ ਰਾਸ਼ਟਰਪਤੀ ਨੂੰ ਦੂਜੇ ਦੇਸ਼ਾਂ ਨਾਲ ਸਬੰਧਾਂ ਵਿੱਚ ਆਪਣੇ ਰਾਸ਼ਟਰੀ ਹਿੱਤ ਬਾਰੇ ਸੋਚਣ ਦੀ ਇਜਾਜ਼ਤ ਹੈ, ਤਾਂ ਦੂਜੇ ਦੇਸ਼ਾਂ ਲਈ ਵੀ ਗੁੰਜਾਇਸ਼ ਹੋਣੀ ਚਾਹੀਦੀ ਹੈ। ਅਮਰੀਕਾ ਲਈ ਭਾਰਤ ਕਿਸ ਤਰ੍ਹਾਂ ਦਾ ਸਾਂਝੀਦਾਰ ਹੋ ਸਕਦਾ ਹੈ?

ਪੂਰਬੀ ਏਸ਼ੀਆ ਵਿਚ ਵਾਸ਼ਿੰਗਟਨ ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਹੈ ਕਿ ਅਮਰੀਕੀ ਫੌਜ ਨੂੰ ਉਮੀਦ ਹੈ ਕਿ ਭਾਰਤ ਦੱਖਣੀ ਚੀਨ ਸਾਗਰ 'ਵਿਚ ਗਸ਼ਤ ਕਰਨ 'ਲਈ ਉਨ੍ਹਾਂ ਦੀ ਮਦਦ ਕਰੇਗਾ, ਜਿੱਥੇ ਖੇਤਰ 'ਤੇ ਚੀਨ ਦੇ ਦਾਅਵਿਆਂ ਕਾਰਨ ਮਾਹੌਲ ਗੜਬੜ ਵਾਲਾ ਹੋ ਗਿਆ ਹੈ। ਹੁਣ ਤੱਕ ਭਾਰਤ ਉਨ੍ਹਾਂ ਦਾ ਸਮਰਥਨ ਕਰਦਾ ਰਿਹਾ ਹੈ, ਪਰ ਕੀ ਉਹ ਸੱਚਮੁੱਚ ਇਸ ਖੇਡ ਵਿੱਚ ਸ਼ਾਮਲ ਹੋਣ ਦਾ ਖਤਰਾ ਉਠਾਏਗਾ?

ਰੂਸ ਅਤੇ ਚੀਨ ਨਾਲ ਭਾਰਤ ਦੇ ਸਬੰਧ ਡੂੰਘੇ, ਵਿਆਪਕ ਅਤੇ ਪੁਰਾਣੇ ਹਨ। ਭਾਰਤੀ ਫੌਜ ਦਾ ਅੰਦਾਜ਼ਨ 90 ਫੀਸਦੀ ਸਾਜ਼ੋ-ਸਾਮਾਨ ਅਤੇ ਇਸ ਦੀ ਹਵਾਈ ਫੌਜ ਦਾ ਲਗਭਗ 70 ਫੀਸਦੀ ਸਾਜ਼ੋ-ਸਾਮਾਨ ਰੂਸੀ ਮੂਲ ਦਾ ਹੈ, ਜਿਸ ਵਿੱਚ ਲੜਾਕੂ ਜਹਾਜ਼ ਵੀ ਸ਼ਾਮਲ ਹਨ।ਰੂਸ 'ਤੇ ਅਮਰੀਕੀ ਪਾਬੰਦੀਆਂ ਦੇ ਬਾਵਜੂਦ, ਭਾਰਤ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਆਯਾਤਕਾਂ ਵਿੱਚੋਂ ਇੱਕ ਹੈ - ਇਸ ਨੇ ਜੂਨ ਵਿੱਚ ਰੂਸ ਤੋਂ 2.2 ਮਿਲੀਅਨ ਬੈਰਲ ਪ੍ਰਤੀ ਦਿਨ ਤੇਲ ਖਰੀਦਿਆ ਸੀ। ਇਹ ਇਸ ਦੇ ਕੁਝ ਹਿੱਸੇ ਨੂੰ ਸੋਧ ਕੇ ਵਿਦੇਸ਼ਾਂ ਵਿਚ ਵੇਚਦਾ ਹੈ, ਜਿਸ ਦੇ ਖਰੀਦਦਾਰਾਂ ਵਿਚ ਯੂਰਪ ਅਤੇ ਅਮਰੀਕਾ ਸ਼ਾਮਲ ਹਨ। ਹੈਰਾਨੀ ਦੀ ਗੱਲ ਨਹੀਂ ਕਿ ਯੂਕਰੇਨ 'ਤੇ ਰੂਸੀ ਹਮਲੇ ਵਿਚ ਮੋਦੀ ਨੇ ਭਾਰਤ ਨੂੰ ਨਿਰਪੱਖ ਬਣਾਈ ਰੱਖਿਆ ਹੈ।

ਮੋਦੀ ਅਸਲ ਵਿੱਚ ਚੀਨ ਦੇ ਖਿਲਾਫ ਕਿਵੇਂ ਖੜਾ ਹੋ ਸਕਦਾ ਹੈ, ਜੋ ਭਾਰਤ ਦਾ ਸਭ ਤੋਂ ਵੱਡਾ ਦਰਾਮਦ ਸਰੋਤ ਹੈ। ਭਾਰਤ ਚੀਨ ਨਾਲ ਮੁਕਾਬਲਾ ਨਹੀਂ ਕਰ ਸਕਦਾ - ਨਾ ਆਰਥਿਕ ਤੌਰ 'ਤੇ ਅਤੇ ਨਾ ਹੀ ਫੌਜੀ ਮਾਮਲਿਆਂ ਵਿਚ।ਸਾਲਾਂ ਤੋਂ, ਚੀਨ ਨੇ ਹਿਮਾਲਿਆ ਵਿਚ ਲੱਦਾਖ ਵਿਚ ਹਜ਼ਾਰਾਂ ਵਰਗ ਮੀਲ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਭਾਰਤ ਆਪਣਾ ਪ੍ਰਭੂਸੱਤਾ ਖੇਤਰ ਮੰਨਦਾ ਹੈ। ਉੱਥੇ ਚੀਨੀ ਫੌਜਾਂ ਦੇ ਕੈਂਪ ਹਨ। ਉੱਥੇ ਪੁਲ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ ਤਾਂ ਜੋ ਇਸ ਨੂੰ ਚੀਨ ਨਾਲ ਜੋੜਿਆ ਜਾ ਸਕੇ। ਅਤੇ ਟਿਕਟੋਕ 'ਤੇ ਪਾਬੰਦੀ ਲਗਾਉਣ ਤੋਂ ਇਲਾਵਾ, ਮੋਦੀ ਨੇ ਹੁਣ ਤੱਕ ਸਿਰਫ ਚੀਨ ਤੋਂ ਖੌਫ ਖਾਕੇ ਅਸਲੀਅਤ ਤੋਂ ਇਨਕਾਰ ਕਰਕੇ ਇਸਦਾ ਸਾਹਮਣਾ ਕੀਤਾ ਹੈ।

ਅਤੇ ਚੀਨ ਨਾਲ ਟਕਰਾਅ ਦੀ ਸਥਿਤੀ ਵਿੱਚ ਅਮਰੀਕਾ ਭਾਰਤ ਲਈ ਕਿਸ ਤਰ੍ਹਾਂ ਦਾ ਦੋਸਤ ਸਾਬਤ ਹੋਵੇਗਾ? ਅਜਿਹੇ ਵਿਚ ਅਮਰੀਕਾ ਸੰਭਾਵੀ ਜੰਗ ਦੇ ਮੈਦਾਨ ਤੋਂ ਬਹੁਤ ਦੂਰ ਹੈ।ਸਾਨੂੰ ਸਿਰਫ਼ ਆਪਣੇ ਗੁਆਂਢੀ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਨੂੰ ਦੇਖਣ ਦੀ ਲੋੜ ਹੈ ਕਿ ਅਮਰੀਕਾ ਦੇ ਪੁਰਾਣੇ ਦੋਸਤਾਂ ਨਾਲ ਕੀ ਵਫਾ ਨਿਭਾਈ ਹੈ? ਪਾਕਿਸਤਾਨ ਨੂੰ ਨਕਾਰਾ ਕਰ ਸੁਟਿਆ ਹੈ।

ਦੱਖਣੀ ਚੀਨ ਸਾਗਰ ਵਿੱਚ ਇੱਕ ਕਿਆਮਤ ਆਪਣਾ ਸਿਰ ਉਠਾ ਰਹੀ ਹੈ। ਪਰ ਭਾਰਤ ਅਤੇ ਇਸ ਦੇ ਦੋਸਤ ਅਤੇ ਦੁਸ਼ਮਣ ਇੱਕੋ ਗੁਥੀ ਵਿੱਚ ਬੱਝੇ ਹੋਏ ਹਨ। ਸਾਨੂੰ ਬਹੁਤ ਜ਼ਿਆਦਾ, ਖਾਸ ਤੌਰ 'ਤੇ, ਅਸਧਾਰਨ ਤੌਰ 'ਤੇ, ਇਸ ਬਾਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਕਦਮ ਕਿੱਥੇ ਰੱਖ ਰਹੇ ਹਾਂ, ਅਤੇ ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ? 

 

 ਅਰੁੰਧਤੀ ਰਾਏ