ਕੀ ਚੌਥੀ ਵਿਸ਼ਵ ਜੰਗ ਡਾਂਗਾਂ, ਸੋਟਿਆਂ ਅਤੇ ਪੱਥਰਾਂ ਨਾਲ ਲੜੀ ਜਾਏਗੀ?

ਕੀ ਚੌਥੀ ਵਿਸ਼ਵ ਜੰਗ ਡਾਂਗਾਂ, ਸੋਟਿਆਂ ਅਤੇ ਪੱਥਰਾਂ ਨਾਲ ਲੜੀ ਜਾਏਗੀ?

ਰੂਸ-ਯੂਕਰੇਨ ਜੰਗ ਨੇ ਮਹਿੰਗਾਈ ਦੇ ਫਰੰਟ 'ਤੇ ਦੁਨੀਆ ਭਰ 'ਚ ਹਾਹਾਕਾਰ ਮਚਾਈ ਹੋਈ ਹੈ

ਪਹਿਲੀ ਵਿਸ਼ਵ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਇੱਕ ਕਰੋੜ ਤੋਂ ਵੱਧ ਸੀ, ਜਦਕਿ ਦੂਜੇ ਵਿਸ਼ਵ ਯੁੱਧ ਵਿੱਚ ਸਾਢੇ ਪੰਜ ਕਰੋੜ ਲੋਕ ਮਾਰੇ ਗਏ। ਤਬਾਹੀ ਦਾ ਮੰਜ਼ਿਰ ਇਹੋ ਜਿਹਾ ਕਿ ਇਸ ਜੰਗ 'ਚ ਲਗਭਗ ਸਾਢੇ ਤਿੰਨ ਕਰੋੜ ਜ਼ਖ਼ਮੀ ਹੋਏ ਅਤੇ 1940  ਦੇ ਦਹਾਕੇ 'ਚ ਤੀਹ ਲੱਖ ਲੋਕ ਲਾਪਤਾ ਹੋ ਗਏ ਸਨ। ਧੰਨ ਦੇ ਖ਼ਰਚੇ ਦਾ ਕੋਈ ਹਿਸਾਬ  ਨਹੀਂ, ਕੁਦਰਤੀ ਖ਼ਜ਼ਾਨੇ ਦੀ ਤਬਾਹੀ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਲਾਇਆ ਕਾ ਸਕਦਾ। ਮਨੁੱਖ ਜਾਤੀ, ਪਸ਼ੂ ਧਨ, ਬਨਸਪਤੀ ਫ਼ਸਲ-ਬਾੜੀ, ਵਾਤਾਵਰਨ ਦਾ ਇੰਨਾ ਨੁਕਸਾਨ ਹੋਇਆ ਕਿ ਦਹਾਕਿਆਂ ਬਾਅਦ ਤੱਕ ਥਾਂ ਸਿਰ ਨਹੀਂ ਹੋ ਸਕਿਆ। ਹੀਰੋਸ਼ੀਮਾ ਨਾਗਾਸਾਕੀ (ਜਪਾਨ) 'ਚ ਸੁੱਟੇ ਪ੍ਰਮਾਣੂ ਬੰਬ ਦੀ ਕਥਾ ਭਿਅੰਕਰ ਤਬਾਹੀ ਤੋਂ ਵੱਖਰੀ ਨਹੀਂ, ਜਿਸ ਤੋਂ ਅਮਨ ਪਸੰਦ ਲੋਕ, ਆਮ ਲੋਕ ਤ੍ਰਾਹ-ਤ੍ਰਾਹ ਕਰ ਉੱਠੇ। ਇਹਨਾ ਜੰਗਾਂ ਦੌਰਾਨ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ। ਗਰੀਬ ਹੋਰ ਗਰੀਬ ਹੋ ਗਏ। ਅਤੇ ਆਮ ਲੋਕਾਂ ਦਾ ਜੀਵਨ ਔਖਾ ਹੋ ਗਿਆ। ਅੱਜ ਵੀ ਰੂਸ-ਯੂਕਰੇਨ ਜੰਗ ਨੇ ਮਹਿੰਗਾਈ ਦੇ ਫਰੰਟ 'ਤੇ ਦੁਨੀਆ ਭਰ 'ਚ ਹਾਹਾਕਾਰ ਮਚਾਈ ਹੋਈ ਹੈ।

ਇੱਕ ਵਿਦੇਸ਼ੀ ਇਤਿਹਾਸਕਾਰ ਨੇ ਦੁਨੀਆ ਦੇ ਇਤਿਹਾਸ ਅਤੇ ਜੰਗਾਂ ਦਾ ਅਧਿਐਨ ਕੀਤਾ ਹੈ। ਉਸ ਅਨੁਸਾਰ  ਪਿਛਲੇ ਲਗਭਗ ਸਾਢੇ ਤਿੰਨ ਹਜ਼ਾਰ ਸਾਲਾਂ ਵਿੱਚ ਦੋ ਸੌ ਸੱਠ ਸਾਲ ਹੀ ਇਹੋ ਜਿਹੇ ਰਹੇ, ਜਿਹਨਾ ਵਿੱਚ ਕੋਈ ਜੰਗ ਨਹੀਂ ਹੋਈ। ਵਰਨਾ ਦੁਨੀਆ ਆਪਿਸ ਵਿੱਚ ਲੜਦੀ ਰਹੀ। ਰੰਗਭੇਦ ਅਤੇ ਨਸਲ ਭੇਦ ਦੇ ਨਾਮ ਉਤੇ ਦੁਨੀਆ ਵਿੱਚ ਜੰਗਾਂ ਅਤੇ ਘਰੇਲੂ ਜੰਗਾਂ ਹੋਈਆਂ। ਪਰ ਇਹਨਾ ਦਾ ਨਤੀਜਾ ਕੀ ਨਿਕਲਿਆ? ਸਿਰਫ਼ ਜ਼ੀਰੋ। ਫਿਰ ਵੀ ਸਭਿਆ ਕਹੇ ਜਾਣ ਵਾਲੇ ਦੇਸ਼ ਜਾਂ ਭਾਈਚਾਰੇ ਜੰਗ ਕਿਉਂ ਕਰਦੇ ਹਨ?

ਕੈਥੋਲਿਕ ਅਤੇ ਪ੍ਰੋਟੇਸਟੈਂਟ ਭਾਈਚਾਰੇ ਵਿਚਕਾਰ ਸੰਘਰਸ਼ ਹੋਏ। ਸ਼ੀਆ ਅਤੇ ਸੁੰਨੀ ਭਾਈਚਾਰਿਆਂ ਨੇ ਆਪਸ ਵਿੱਚ ਜੰਗ ਲੜੀ। ਲੱਖਾਂ ਲੋਕ ਮਾਰੇ ਗਏ। ਬਾਵਜੂਦ ਇਸਦੇ ਕੋਈ ਵੀ ਭਾਈਚਾਰਾ ਦੂਜੇ ਭਾਈਚਾਰੇ ਨੂੰ ਖ਼ਤਮ ਨਹੀਂ ਕਰ ਸਕਿਆ। ਕੈਥੋਲਿਕ, ਪ੍ਰੋਟੇਸਟੈਂਟ, ਸ਼ੀਆ, ਸੁੰਨੀ ਨੂੰ ਮੰਨਣ ਵਾਲਿਆਂ ਦੀ ਅੱਜ ਵੀ ਕੋਈ ਕਮੀ ਨਹੀਂ। ਜੰਗ ਜਾਂ ਹਿੰਸਾ ਨਾ ਕਿਸੇ ਦੂਜੀ ਵਿਚਾਰਧਾਰਾ ਜਾਂ ਪੰਥ ਨੂੰ ਖ਼ਤਮ ਕਰ ਸਕੀ ਹੈ ਨਾ ਹੀ ਕਰ ਸਕੇਗੀ। ਸਮੇਂ ਦੇ ਹਾਕਮ ਨੇ ਹਿੰਦੂਆਂ ਦੇ  ਲੱਖਾਂ ਮਣ ਜੰਜੂ ਲਾਹਕੇ ਉਹਨਾ ਦਾ ਧਰਮ ਬਦਲਣਾ ਚਾਹਿਆ, ਸਮੇਂ ਦੇ ਹਾਕਮਾਂ ਨੇ ਸਿੱਖਾਂ ਦੇ ਧੜਾਂ ਨਾਲੋਂ ਸਿਰ ਅਲੱਗ ਕਰਕੇ ਉਹਨਾ ਨੂੰ ਖ਼ਤਮ ਕਰਨਾ ਚਾਹਿਆ, ਇਥੋਂ ਤੱਕ ਕਿ ਹਰਿਮੰਦਰ ਸਾਹਿਬ 'ਚ ਬਣੇ ਸਰੋਵਰ  ਨੂੰ ਤਬਾਹ ਕੀਤਾ ਗਿਆ, ਪਰ ਇਹ ਭਾਈਚਾਰਾ ਅੱਜ ਵੀ ਜੀਉਂਦਾ ਹੈ। ਦੁਨੀਆ ਭਰ 'ਚ ਵੱਧ ਫੁਲ ਰਿਹਾ ਹੈ।

ਹਿੰਸਾ ਅਤੇ ਜੰਗ ਦੀ ਭਿਆਨਕਤਾ ਤੋਂ ਕੌਣ ਜਾਣੂ ਨਹੀਂ ਹੈ? ਰਾਜਿਆਂ, ਮਹਾਂਰਾਜਿਆਂ ਨੇ ਦੁਨੀਆ ਫਤਿਹ ਕਰਨ ਦੇ ਮੋਹ ਅਤੇ ਆਪਣਾ ਸਮਰਾਜ ਵਧਾਉਣ ਦੀ ਹਵਸ਼ ਨੇ ਕਈ ਵੱਡੀਆਂ ਜੰਗਾਂ ਲੜੀਆਂ। ਇਹਨਾ ਜੰਗਾਂ ਨੇ ਦੁਨੀਆ ਅਤੇ ਦੁਨੀਆ ਦੀਆਂ ਸਭਿਆਤਾਵਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਬਾਵਜੂਦ ਵੱਡਾ ਤਾਕਤਵਰ ਹੋਣ ਦੇ ਇਹ ਸਾਮਰਾਜ ਦੂਜੇ ਰਾਜਾਂ, ਦੇਸ਼ਾਂ, ਸਭਿਆਤਾਵਾਂ ਨੂੰ ਖ਼ਤਮ ਨਹੀਂ ਕਰ ਸਕੇ। ਧਰਮ ਦੇ ਨਾਅ ਉਤੇ ਜਿਹੜੀਆਂ ਜੰਗਾਂ ਹੋਈਆਂ, ਉਹਨਾ 'ਚ ਜੇਤੂ ਅਤੇ ਹਾਰਨ ਵਾਲੇ ਪਹਿਲਾਂ ਵੀ ਹੋਂਦ ਵਿੱਚ ਸਨ, ਬਾਅਦ ਵਿੱਚ ਵੀ ਰਹੇ। ਕੋਈ ਇੱਕ ਪੱਖ, ਦੂਜੇ ਪੱਖ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਿਆ।

ਇੱਕਵੀਂ ਸਦੀ ਦੀਆਂ ਜੰਗਾਂ ਪਹਿਲੀਆਂ ਜੰਗਾਂ ਨਾਲੋਂ ਜ਼ਿਆਦਾ ਵਿਨਾਸ਼ਕਾਰੀ ਹਨ ਅਤੇ ਕਰੂਰਤਾ ਦੀਆਂ ਸਾਰੀਆਂ ਹੱਦਾਂ ਲੰਘ ਰਹੀਆਂ ਹਨ। ਪ੍ਰਾਚੀਨ ਕਾਲ ਦੀਆਂ ਲੜਾਈਆਂ 'ਚ ਇੱਕ ਅਣਲਿਖਤ ਮਰਿਆਦਾ ਸੀ, ਉਹ ਇਹ ਕਿ ਸ਼ਾਮ ਢਲਣ 'ਤੇ ਜੰਗ ਬੰਦ ਕਰ ਦਿੱਤੀ ਜਾਂਦੀ ਸੀ। ਇਹ ਜੰਗ ਸੈਨਿਕਾਂ ਵਿਚਾਰ ਹਥਿਆਰਾਂ ਨਾਲ ਲੜੀ ਜਾਂਦੀ ਸੀ, ਪਰ ਆਮ ਨਗਰਿਕਾਂ ਦਾ ਉਹਨਾਂ ਦੀ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਸੀ ਹੁੰਦਾ।

ਵਿਦੇਸ਼ੀ ਮੁਗਲ ਹਮਲਾਵਰ ਜੋ ਅਸਲ ਵਿੱਚ ਆਰਥਿਕ ਲੁਟੇਰੇ ਸਨ, ਉਹਨਾ ਨੇ ਇਸ ਪਰੰਪਰਾ ਨੂੰ ਤੋੜਿਆ। ਚੰਗੇਜ ਖਾਂ ਨੇ ਦਿੱਲੀ 'ਤੇ ਕਬਜ਼ਾ ਕੀਤਾ। ਲੱਖਾਂ ਲੋਕਾਂ ਨੂੰ ਮਾਰਿਆ, ਤਬਾਹ ਕੀਤਾ। ਨਿਹੱਥੀ ਜਨਤਾ ਨੂੰ ਬੇਇੰਤਹਾ ਲੁੱਟਿਆ। ਦੂਜੀ ਵਿਸ਼ਵ ਜੰਗ ਵਿੱਚ ਦੁਸ਼ਮਣ ਰਾਸ਼ਟਰਾਂ ਨੂੰ ਹਰਾਉਣ ਲਈ, ਆਪਣੇ ਹਿਮਾਇਤੀ ਰਾਸ਼ਟਰਾਂ ਦੀ ਸਹਿਮਤੀ ਨਾਲ ਅਮਰੀਕਾ ਨੇ ਜਪਾਨ ਉਤੇ ਪ੍ਰਮਾਣੂ ਬੰਬ ਸੁੱਟੇ ਅਤੇ ਹੀਰੋਸ਼ੀਮਾ, ਨਾਗਾਸਾਕੀ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਅਤੇ ਹਿਟਲਰੀ ਨਾਜੀ ਸੈਨਾਵਾਂ ਦੇ ਮਨੋਬਲ ਨੂੰ ਤੋੜਕੇ ਲੜਾਈ ਜਿੱਤੀ। ਮੌਜੂਦਾ ਸਮੇਂ ਰੂਸ ਤੇ ਯੂਕਰੇਨ ਜੰਗ 'ਚ ਜੋ ਕੁਝ ਵੇਖਣ ਨੂੰ ਮਿਲ ਰਿਹਾ ਹੈ, ਉਹ ਮਨੁੱਖ ਦੀ ਦਰਿਦਰਤਾ ਦੀ ਭਿਅੰਕਰ ਤਸਵੀਰ ਹੈ। ਇਸ ਲੜਾਈ 'ਚ ਮਾਡਰਨ ਜੰਗੀ ਹਥਿਆਰਾਂ ਦੀ ਵਰਤੋਂ ਨਿਹੱਥੇ ਨਾਗਰਿਕਾਂ ਉਤੇ ਕੀਤੀ ਜਾ ਰਹੀ ਹੈ। ਯੂਕਰੇਨ ਦੇ 50 ਲੱਖ ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋ ਚੁੱਕੇ ਹਨ, ਸ਼ਰਨਾਰਥੀ ਜੀਵਨ ਜੀਅ ਰਹੇ ਹਨ। ਹਜ਼ਾਰਾਂ ਲੋਕ ਜਿਹਨਾ 'ਚ ਬੱਚੇ ਵੀ ਸ਼ਾਮਲ ਹਨ, ਮਾਰੇ ਜਾ ਚੁੱਕੇ ਹਨ। ਰਿਹਾਇਸ਼ੀ ਇਮਾਰਤਾਂ ਢਹਿ ਢੇਰੀ ਕਰ ਦਿੱਤੀਆਂ ਗਈਆਂ ਹਨ, ਸਕੂਲਾਂ, ਹਸਪਤਾਲਾਂ ਉਤੇ ਬੰਬ ਸੁੱਟੇ ਜਾ ਰਹੇ ਹਨ। ਇਹ ਲੜਾਈ ਲੰਮੀ ਹੁੰਦੀ ਜਾ ਰਹੀ ਹੈ। ਇਸਦੀ ਪੀੜਾ ਸਮੁੱਚੀ ਮਾਨਵਤਾ ਨੂੰ ਝੱਲਣੀ ਪੈ ਰਹੀ ਹੈ। ਅਸਲ ਲੜਾਈ ਤਾਂ ਨਾਟੋ ਦੇਸ਼ਾਂ ਅਤੇ ਰੂਸ ਦੀ ਹੈ, ਇੱਕ ਦੂਜੇ ਤੋਂ ਵੱਡਾ "ਥਾਣੇਦਾਰ" ਕਹਾਉਣ ਦੀ, ਦਬਦਬਾ ਵਧਾਉਣ ਦੀ, ਪਰ ਨਿਰਦੋਸ਼ ਲੋਕਾਂ ਦਾ ਕੀ ਕਸੂਰ?ਆਮ ਲੋਕਾਂ ਤਾਂ ਇਹ ਸਮਝ ਹੀ ਨਹੀਂ ਸਕੇ ਕਿ ਇਹ ਜੰਗ ਆਖ਼ਰ ਕਿਸ ਲਈ ਹੋ ਰਹੀ ਹੈ? ਇਸ ਤੋਂ ਵੀ ਵੱਡਾ ਸਵਾਲ ਹੋਰ ਹੈ, ਜਿਸਦੀ ਚਰਚਾ ਕਰਨੀ ਬਣਦੀ ਹੈ:

ਦੁਨੀਆ ਭਰ 'ਚ ਜੰਗਾਂ 17ਵੀਂ ਸਦੀ ਦੇ ਅੱਧ ਤੱਕ ਆਮ ਤੌਰ 'ਤੇ "ਧਰਮਾਂ" ਦੀ ਸਰਬ ਸ੍ਰੇਸ਼ਟਤਾ ਲਈ ਹੋਈਆਂ। ਫਰਾਂਸ ਦੇ ਇਨਕਾਲਾਬ ਤੋਂ ਬਾਅਦ ਰਾਜ ਸੱਤਾ ਹਥਿਆਉਣ ਅਤੇ ਰਾਸ਼ਟਰਾਂ ਦੀ ਪ੍ਰਭੂਸਤਾ ਅਤੇ ਸ਼੍ਰੇਸ਼ਟਤਾ ਲਈ ਲੜਾਈਆਂ ਲੜੀਆਂ ਗਈਆਂ। ਫਿਰ ਜੰਗਾਂ ਦਾ ਰੁਖ ਅਤੇ ਸਰੂਪ ਬਦਲਿਆ, ਜਿਸ ਬਾਰੇ  ਦੁਨੀਆ ਦਾ ਵੱਡਾ ਸਾਇੰਸਦਾਨ ਅਲਵਰਟ ਆਈਨਸਟਾਈਨ ਕਹਿੰਦਾ ਹੈ, "ਮੈਂ ਹੁਣ ਤੱਕ ਉਹਨਾ ਜੰਗਾਂ ਦੀ ਗੱਲ ਕੀਤੀ ਹੈ ਜੋ ਵਿਸ਼ਵ ਭਰ 'ਚ ਕੁਝ ਰਾਸ਼ਟਰਾਂ ਦੀਆਂ ਆਪਸੀ ਰੰਜ਼ਿਸ਼ਾਂ ਕਾਰਨ ਹੋਈਆਂ

ਹਨ। ਪਰ ਹੁਣ ਦੇ ਸਮੇਂ 'ਚ ਇਹ ਜੰਗ, ਪਿਛਲੇ ਸਮਿਆਂ ਵਾਂਗਰ, ਘੱਟ ਗਿਣਤੀਆਂ ਨਾਲ ਵੀ ਦਿਖਵੇਂ, ਅਣਦਿਖਵੇਂ ਢੰਗ ਨਾਲ ਹੋ ਰਹੀਆਂ ਹਨ, ਜੋ ਅੱਗੋਂ ਗ੍ਰਹਿ-ਯੁੱਧ ਦਾ ਰੂਪ ਧਾਰਨਗੇ। ਇਹ ਜੰਗਾਂ ਬਹੁਤ ਹੀ ਕਰੂਰਤਾ ਭਰੀਆਂ ਅਤੇ ਜ਼ਾਲਮਾਨਾ ਹਨ"।

ਬਹੁ ਗਿਣਤੀ ਵਲੋਂ ਘੱਟ ਗਿਣਤੀਆਂ ਉਤੇ ਕੀਤੇ ਜਾ ਰਹੇ ਜ਼ੁਲਮ ਭਾਵੇਂ ਉਹ ਪਾਕਿਸਤਾਨ ਵਿੱਚ ਹਨ, ਜਾਂ ਭਾਰਤ ਵਿੱਚ ਜਾਂ ਫਿਰ ਏਸ਼ੀਆ ਦੇ ਹੋਰ ਕਈ ਮੁਲਕਾਂ 'ਚ ਜਾਂ ਵਿਸ਼ਵ ਦੇ ਹੋਰ ਭਾਗਾਂ 'ਚ ਜਿਥੇ ਬਹੁਲਤਾ ਫਿਰਕੂ ਦੇ "ਲੋਕ ਬਾਦਸ਼ਾਹ" ਘੱਟ ਗਿਣਤੀਆਂ ਨੂੰ ਦੋ ਨੰਬਰ ਦੇ ਸ਼ਹਿਰੀ ਕਹਿੰਦੇ ਹਨ ਅਤੇ ਉਹੋ ਜਿਹਾ ਹੀ ਵਿਵਹਾਰ ਕਰਦੇ ਹਨ। ਉਹਨਾ ਨੂੰ ਉਹਨਾ ਦੇ ਮਿਲੇ ਸੰਵਿਧਾਨਿਕ ਹੱਕਾਂ ਤੋਂ ਬਾਂਝੇ ਰੱਖਦੇ ਹਨ। ਇਹ ਜੰਗ ਦਾ ਅੱਜ ਦੇ ਸਮੇਂ ਦਾ ਭਿਅੰਕਰ ਸੱਚ ਅਤੇ ਪਹਿਲੂ ਹੈ, ਜੋ ਮਨੁੱਖ ਨੂੰ ਅਣਦਿਖਵੀਂ ਜੰਗ ਦੀ ਪੀੜਾ ਸਹਿਣ ਲਈ ਮਜ਼ਬੂਰ ਕਰਦਾ ਹੈ।  ਹਾਕਮ ਜਿਸ ਲਈ "ਜਿਸਦੀ ਲਾਠੀ ਉਸਕੀ ਭੈਂਸ" ਦਾ ਸਿਧਾਂਤ ਸ੍ਰੇਸ਼ਟ ਹੈ, ਨੂੰ ਇਹ ਜੰਗ "ਕੁਰਸੀ,ਤਾਕਤ, ਹੈਂਕੜ" ਬਖ਼ਸ਼ਦੀ ਹੈ। ਜਿਵੇਂ ਕਿ ਇਹ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ।

ਜੰਗ, ਭਾਵੇਂ ਗ੍ਰਹਿ ਯੁੱਧ ਹੈ। ਜੰਗ, ਭਾਵੇਂ ਰਾਸ਼ਟਰ ਦਾ ਆਪਸ ਵਿੱਚ ਹੈ। ਜੰਗ, ਭਾਵੇਂ ਘੱਟ ਗਿਣਤੀਆਂ ਨੂੰ ਤਹਿਸ਼-ਨਹਿਸ਼ ਕਰਨ ਵਾਲੀ ਇੱਕ ਪਾਸੜ ਹੈ। ਮਨੁੱਖ ਦੇ ਮੱਥੇ ਉਤੇ ਕਲੰਕ ਹੈ। ਜੰਗ ਦੀ ਇਸ ਮਨੁੱਖੀ ਵਿਰਤੀ ਨੂੰ ਰੋਕਣ ਲਈ ਸਮੇਂ-ਸਮੇਂ ਵਿਚਾਰਵਾਨਾਂ, ਅਮਨ ਪਸੰਦ ਅਤੇ ਮਨੁੱਖ ਅਧਿਕਾਰਾਂ ਦੇ ਹਾਮੀ ਲੋਕਾਂ ਵਲੋਂ ਵੱਡੇ ਯਤਨ ਹੋਏ ਹਨ, ਪਰ ਨਾਜੀ, ਡਿਕਟੇਟਰਾਨਾ ਰੁਚੀਆਂ ਵਾਲੇ ਹਾਕਮ ਇਹਨਾ ਯਤਨਾਂ ਨੂੰ ਤਰਪੀਡੋ ਕਰਦੇ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ।

ਦੁਨੀਆ ਦੇ ਰਾਸ਼ਟਰਾਂ ਨੇ ਲੀਗ ਆਫ਼ ਨੇਸ਼ਨਜ਼ ਅਤੇ ਸੰਯੁਕਤ ਰਾਸ਼ਟਰ ਸੰਘ  ਨੇ ਵੀ ਜੰਗ ਦੇ ਲਈ ਚਾਰਟਰ ਬਣਾਇਆ ਸੀ ਅਤੇ ਨਿਯਮ ਤਹਿ ਕੀਤੇ ਸਨ ਪਰ ਕਿਉਂਕਿ ਸੰਯੁਕਤ ਰਾਸ਼ਟਰ ਸੰਘ ਕੋਲ ਆਪਣੀ ਕੋਈ ਤਾਕਤ ਨਹੀਂ ਹੈ ਅਤੇ ਆਰਥਿਕ ਮਾਮਲਿਆਂ ਉਤੇ ਉਹ ਵੱਡੇ ਦੇਸ਼ਾਂ ਉਤੇ ਹੀ ਨਿਰਭਰ ਕਰਦੀ ਹੈ, ਇਸ ਲਈ ਉਸ ਵਲੋਂ ਨਿਰਧਾਰਤ  ਅਤੇ ਪ੍ਰਵਾਨਿਤ ਮਾਪ ਦੰਡ ਕਮਜ਼ੋਰ ਦੇਸ਼ਾਂ ਉਤੇ ਹੀ ਲਾਗੂ ਹੋ ਜਾਂਦੇ ਹਨ, ਪਰ ਤਾਕਤਵਰ ਦੇਸ਼ ਇਹਨਾ ਨਿਯਮਾਂ ਨੂੰ ਨਹੀਂ ਮੰਨਦੇ। ਕੁਲ ਮਿਲਾਕੇ ਇਹ ਸਪਸ਼ਟ ਹੈ ਕਿ ਇਹ ਵਿਸ਼ਵ ਪੱਧਰੀ ਸੰਸਥਾਵਾਂ ਵੱਡੀਆਂ ਤਾਕਤਾਂ ਦੀਆਂ ਪਿੱਛਲੱਗੂ ਬਣਕੇ ਰਹਿ ਗਈਆਂ ਹਨ।

ਦੁਨੀਆ ਦਾ ਜਿੰਨਾ ਪੈਸਾ ਜੰਗਾਂ ਉਤੇ ਹੁਣ ਤੱਕ ਖ਼ਰਚ ਹੋਇਆ ਹੈ, ਉਸਦੀ ਗਿਣਤੀ-ਮਿਣਤੀ ਜੇਕਰ ਕੀਤੀ ਜਾਵੇ ਤਾਂ ਉਨੇ ਪੈਸੇ ਨਾਲ ਇੱਕ ਨਹੀਂ ਕਈ ਦੁਨੀਆ ਖੜੀ ਹੋ ਸਕਦੀਆਂ ਹਨ। ਦੁਨੀਆ ਨੂੰ ਜੰਗਾਂ-ਯੁੱਧਾਂ, ਵਿਵਾਦਾਂ ਅਤੇ ਆਰਥਿਕ ਸੋਸ਼ਣ ਤੋਂ ਮੁਕਤੀ ਲਈ ਨਵਾਂ ਰਸਤਾ ਲੱਭਣਾ ਪਵੇਗਾ। ਨਹੀਂ ਤਾਂ ਮਨੁੱਖਤਾ ਦਾ ਸਰਵਨਾਸ਼ ਦੇਰ-ਸਵੇਰ ਨਿਸ਼ਚਿਤ ਹੈ, ਜਿਸ  ਬਾਰੇ ਵਿਗਿਆਨਿਕ ਅਲਬਰਟ ਆਈਸਟਾਈਨ ਪਹਿਲਾਂ ਹੀ ਚਿਤਾਵਨੀ ਦੇ ਗਏ ਹਨ, "ਮੈਂ ਜਾਣਦਾ ਹਾਂ ਕਿ ਤੀਜਾ ਵਿਸ਼ਵ ਯੁੱਧ ਕਿਹਨਾ ਹਥਿਆਰਾਂ ਨਾਲ ਲੜਿਆ ਜਾਏਗਾ, ਪਰ ਮੈਂ ਇਹ ਵੀ ਜਾਣਦਾ ਹਾਂ ਕਿ ਚੌਥਾ ਵਿਸ਼ਵ ਯੁੱਧ ਡਾਂਗਾਂ, ਸੋਟਿਆਂ ਅਤੇ ਪੱਥਰਾਂ ਨਾਲ ਲੜਿਆ ਜਾਏਗਾ"।

 

-ਗੁਰਮੀਤ ਸਿੰਘ ਪਲਾਹੀ

-9815802070