ਧਰਤੀ ਕਿਉਂ ਬਿਮਾਰ ਹੈ?

ਧਰਤੀ ਕਿਉਂ ਬਿਮਾਰ ਹੈ?

'ਧਰਤੀ ਬਿਮਾਰ ਹੈ' ਇਹ ਸ਼ਬਦ ਅਸੀਂ ਪਿਛਲੇ ਦੋ ਦਹਾਕਿਆਂ ਤੋਂ ਸੁਣ ਰਹੇ ਹਾਂ। ਪਰ ਹੁਣ ਇਹ ਸ਼ਬਦ ਧਰਤੀ ਦੀ ਸਿਹਤ ਦਾ ਹਾਲ ਨਹੀਂ ਦੱਸਦੇ। ਕਿਉਂਕਿ ਧਰਤੀ ਹੁਣ ਬਿਮਾਰ ਨਹੀਂ, ਆਈ.ਸੀ.ਯੂ. ਵਿਚ ਹੈ। ਕਿਸੇ ਵੀ ਦਿਨ ਬ੍ਰਹਿਮੰਡ ਦੇ ਇਸ ਸਭ ਤੋਂ ਖ਼ੂਬਸੂਰਤ ਗ੍ਰਹਿ ਦੀ ਮੌਤ ਹੋ ਸਕਦੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰ ਲਗਾਤਾਰ ਵਾਤਾਵਰਨ ਵਿਗਿਆਨੀਆਂ ਦੀਆਂ ਚਿਤਾਵਨੀਆਂ ਅਤੇ ਹਰ ਲੰਘਦੇ ਦਿਨ ਦੇ ਨਾਲ ਵਿਗੜਦੀ ਆਬੋਹਵਾ ਦੇ ਬਾਵਜੂਦ ਅਸੀਂ ਧਰਤੀ ਵਾਸੀਆਂ ਨੇ ਇਸ ਦੀ ਏਨੀ ਅਣਗਹਿਲੀ ਕਿਉਂ ਕੀਤੀ? ਧਰਤੀ ਇਕ-ਦੋ, ਨਹੀਂ, ਵਾਤਾਵਰਨ ਸੁਰੱਖਿਆ ਦੇ 7 ਬਿੰਦੂਆਂ ਨੂੰ ਪਾਰ ਕਰ ਚੁੱਕੀ ਹੈ। ਦੂਜੇ ਸ਼ਬਦਾਂ ਵਿਚ ਅਸੀਂ ਖ਼ਤਰੇ ਦੇ 7 ਬੈਰੀਅਰ ਤੋੜ ਚੁੱਕੇ ਹਾਂ ਅਤੇ ਖ਼ਤਰਨਾਕ ਢੰਗ ਨਾਲ 8ਵੇਂ ਨੂੰ ਤੋੜਣ ਦੇ ਨੇੜੇ ਪਹੁੰਚ ਗਏ ਹਾਂ। ਇਥੋਂ ਤੱਕ ਪਹੁੰਚਣ ਤੋਂ ਬਾਅਦ ਬਹੁਤੇ ਵਾਤਾਵਰਨ ਵਿਗਿਆਨੀਆਂ ਨੂੰ ਉਮੀਦ ਹੀ ਨਹੀਂ ਬਚੀ ਕਿ ਫਿਰ ਤੋਂ ਅਸੀਂ ਉਸ ਸਾਫ਼ ਅਤੇ ਸ਼ੁੱਧ ਵਾਤਾਵਰਨ ਦਾ ਕਦੀ ਅਹਿਸਾਸ ਕਰ ਸਕਦੇ ਹਾਂ ਜੋ ਕਦੀ ਧਰਤੀ ਦੀ ਖ਼ੂਬੀ ਸੀ। ਦੁਨੀਆ ਦੇ 40 ਮਹਾਨ ਵਾਤਾਵਰਨ ਵਿਗਿਆਨੀਆਂ ਦੀ ਗੱਲ ਮੰਨੀਏ ਤਾਂ ਧਰਤੀ ਦੀਆਂ ਕਰੀਬ 5 ਲੱਖ ਤੋਂ ਜ਼ਿਆਦਾ ਜੀਵ ਪ੍ਰਜਾਤੀਆਂ ਪਿਛਲੇ ਕੁਝ ਦਹਾਕਿਆਂ ਵਿਚ ਲੁਪਤ ਹੋ ਚੁੱਕੀਆਂ ਹਨ। ਹਜ਼ਾਰਾਂ ਬਨਸਪਤੀਆਂ ਗ਼ਾਇਬ ਹੋ ਚੁੱਕੀਆਂ ਹਨ। ਧਰਤੀ ਦਾ ਸਮੁੱਚਾ ਮੌਸਮ ਪੈਟਰਨ ਬਦਲ ਚੁੱਕਾ ਹੈ। ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਏਨੀ ਖ਼ਰਾਬ ਹਾਲਤ ਦੇ ਬਾਵਜੂਦ ਹਰ ਸਾਲ ਅੱਜ ਵੀ ਧਰਤੀ ਤੋਂ 15 ਅਰਬ ਤੋਂ ਜ਼ਿਆਦਾ ਦਰੱਖਤ ਕੱਟੇ ਜਾ ਰਹੇ ਹਨ।

ਸਵਾਲ ਹੈ ਕਿ ਆਖ਼ਰ ਅਸੀਂ ਸਭ ਕੁੁਝ ਜਾਣਦੇ ਹੋਏ ਵੀ ਏਨੇ ਬੇਰਹਿਮ ਕਿਵੇਂ ਹੋ ਗਏ? ਸਭ ਕੁਝ ਦੇਖਣ-ਸਮਝਣ ਦੇ ਬਾਵਜੂਦ ਆਖ਼ਰ ਅਸੀਂ ਧਰਤੀ ਨੂੰ ਬਚਾਉਣ ਦੀ ਇਮਾਨਦਾਰ ਕੋਸ਼ਿਸ਼ ਕਿਉਂ ਨਹੀਂ ਕੀਤੀ? ਧਰਤੀ ਆਖ਼ਰ ਏਨੀ ਬਿਮਾਰ ਕਿਵੇਂ ਪੈ ਗਈ ਜਦਕਿ ਵਾਤਾਵਰਨ ਵਿਗਿਆਨੀ ਲਗਾਤਾਰ ਚੀਕ-ਚੀਕ ਕੇ ਧਰਤੀ ਦੀ ਸਿਹਤ ਦਾ ਹਾਲ ਸਾਨੂੰ ਦੱਸ ਰਹੇ ਸਨ। ਵਾਤਾਵਰਨ 'ਤੇ ਕੰਮ ਕਰਨ ਵਾਲੇ ਸੰਗਠਨ 'ਯੂਰੋ ਨਿਊਜ਼' ਦੀ ਮੰਨੀਏ ਤਾਂ ਅਸੀਂ ਮਨੁੱਖਾਂ ਨੇ ਆਪਣੇ ਛੋਟੇ-ਛੋਟੇ ਫਾਇਦਿਆਂ ਲਈ ਮਨੁੱਖ ਜਾਤੀ ਦੇ ਸਾਂਝੇ ਭਵਿੱਖ ਨੂੰ ਭਿਆਨਕ ਸੰਕਟ ਦੇ ਹਵਾਲੇ ਕਰ ਦਿੱਤਾ ਹੈ। ਧਰਤੀ ਉੱਤੇ ਇਨਸਾਨ ਦਾ ਜੀਵਨ ਹੁਣ ਖ਼ਤਰੇ ਨਾਲ ਘਿਰ ਗਿਆ ਹੈ। 'ਯੂਰੋ ਨਿਊਜ਼' ਦੀ ਵਿਗਿਆਨੀ ਟੀਮ ਵਲੋਂ ਕੀਤੇ ਗਏ ਇਕ ਵਿਸ਼ਲੇਸ਼ਣ ਅਨੁਸਾਰ 'ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਸੁਚੇਤ ਕੀਤੇ ਜਾਣ ਦੇ ਬਾਵਜੂਦ ਅਸੀਂ ਲਗਾਤਾਰ ਗਰਮ ਤੋਂ ਗਰਮ ਹੋ ਰਹੇ ਤਾਪਮਾਨ ਵੱਲ ਅੱਗੇ ਵਧ ਰਹੇ ਹਾਂ।' ਇਸ 'ਤੇ 40 ਕੌਮਾਂਤਰੀ ਪ੍ਰਸਿੱਧੀ ਦੇ ਵਿਗਿਆਨੀਆਂ ਦੀ ਇਕ ਟੀਮ ਨੇ ਵਾਤਾਵਰਨ ਦੇ ਮੁੱਦੇ 'ਤੇ ਦੁਨੀਆ ਦੇ ਸਭ ਦੇਸ਼ਾਂ ਦੀਆਂ ਚਲਾਕ ਰਣਨੀਤੀਆਂ ਤੋਂ ਨਿਰਾਸ਼ ਹੋ ਕੇ ਪਹਿਲੀ ਵਾਰ ਆਪਣੇ ਅਧਿਐਨ ਨਤੀਜੇ ਨੂੰ ਧਰਤੀ ਦੇ ਸਿਹਤ ਜੀਵਨ ਦੇ ਸੰਬੰਧ ਵਿਚ ਇਸ ਇਨਸਾਨੀ ਹਰਕਤ ਨੂੰ ਨਿਆਂ ਦੀ ਕਸੌਟੀ 'ਤੇ ਕੱਸਣ ਅਤੇ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਇਹ ਕਿ ਵਿਗਿਆਨੀ ਕਹਿ ਰਹੇ ਹਨ ਕਿ ਧਰਤੀ ਦੇ ਨਾਲ ਅਨਿਆਂ ਕਰਨ ਵਾਲੇ ਦੇਸ਼ਾਂ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਕਿਉਂਕਿ ਆਪਣੇ ਨਿੱਜੀ ਹਿਤਾਂ ਦੀ ਦੁਹਾਈ ਵਿਚ ਦੁਨੀਆ ਭਰ ਦੇ ਤਾਕਤਵਰ ਦੇਸ਼ਾਂ ਨੇ ਧਰਤੀ ਦੀਆਂ ਵੱਖ-ਵੱਖ ਜਾਤੀਆਂ, ਭਾਈਚਾਰਿਆਂ, ਲਿੰਗਾਂ ਨੂੰ ਪਰਲੋ ਦੇ ਦਰਵਾਜ਼ੇ 'ਤੇ ਲਿਆ ਖੜ੍ਹਾ ਕੀਤਾ ਹੈ।

ਹਾਲਾਂਕਿ ਇਹ ਖੋਜ ਪਿਛਲੇ ਸਾਲ ਦੀ ਹੈ ਅਤੇ ਵਿਗਿਆਨੀਆਂ ਦੇ ਇਸ ਕੌਮਾਂਤਰੀ ਸਮੂਹ ਨੇ ਆਪਣੀ ਇਸ ਤਿੱਖੀ ਟਿੱਪਣੀ ਨੂੰ 'ਨੇਚਰ ਜਨਰਲ' ਵਿਚ ਪ੍ਰਕਾਸ਼ਿਤ ਵੀ ਕਰਵਾਇਆ ਸੀ। ਵਿਗਿਆਨੀਆਂ ਅਨੁਸਾਰ ਧਰਤੀ ਦੇ ਸਹਿਣ ਕਰਨ ਦੀਆਂ ਜੋ 7 ਹੱਦਾਂ ਸਨ, ਉਹ ਸਨ-ਵਿਗੜਦਾ ਵਾਤਾਵਰਨ, ਜ਼ਹਿਰੀਲੀ ਹੁੰਦੀ ਹਵਾ, ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ, ਪਾਣੀ ਦਾ ਫਾਸਫੋਰਸ ਅਤੇ ਨਾਈਟ੍ਰੋਜਨ ਨਾਲ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦਾ ਖ਼ਾਤਮਾ, ਤਾਜ਼ੇ ਪਾਣੀ ਦੀ ਮਰਮਰਜ਼ੀ ਨਾਲ ਦੁਰਵਰਤੋਂ ਅਤੇ ਮਨੁੱਖਾਂ ਵਲੋਂ ਬਣਾਇਆ ਭੂਮੀ-ਵਾਤਾਵਰਨ। ਵਿਗਿਆਨੀਆਂ ਅਨੁਸਾਰ ਸਭ ਤੋਂ ਖ਼ਤਰਨਾਕ ਹੱਦ ਹਵਾ ਪ੍ਰਦੂਸ਼ਣ ਦੀ ਸੀ। ਆਖ਼ਰਕਾਰ ਧਰਤੀ ਵਰਗੇ ਸੰਵੇਦਨਸ਼ੀਲ ਗ੍ਰਹਿ ਦੀ ਹਵਾ ਦੇ ਜ਼ਹਿਰੀਲੇ ਹੋਣ ਦੀ ਇਕ ਹੱਦ ਸੀ। ਪਰ ਲਗਾਤਾਰ ਵਿਗਿਆਨੀਆਂ ਦੇ ਆਗਾਹ ਕਰਨ ਦੇ ਬਾਵਜੂਦ ਹਵਾ ਨੂੰ ਜ਼ਹਿਰੀਲਾ ਬਣਾ ਰਹੇ ਸੰਗਠਨਾਂ, ਸੰਸਥਾਵਾਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਕਿਉਂਕਿ ਹਵਾ ਨੂੰ ਜ਼ਹਿਰੀਲਾ ਬਣਾ ਰਹੇ ਲੋਕਾਂ ਨੂੰ ਰਾਸ਼ਟਰਵਾਦ ਦੇ ਨਾਂਅ 'ਤੇ ਤਾਕਤਵਰ ਦੇਸ਼ਾਂ ਦਾ ਸਮਰਥਨ ਹਾਸਲ ਸੀ। ਸਵੀਡਨ ਸਥਿਤ ਵਿਗਿਆਨੀਆਂ ਦੇ ਇਸ ਸਮੂਹ ਨੇ ਮੰਨਿਆ ਹੈ ਕਿ ਧਰਤੀ ਦੇ ਸੰਜਮ ਅਤੇ ਉਸ ਦੀ ਸਹਿਣ ਕਰਨ ਦੀ ਇਕ ਸੀਮਾ ਸੀ, ਪਰ ਧਰਤੀ ਨਾਲ ਅਨਿਆਂ ਕਰਨ ਵਾਲਿਆਂ ਤੇ ਖਿਲਵਾੜ ਕਰਨ ਵਾਲਿਆਂ ਨੇ ਇਸ ਹੱਦ ਦੀ ਲਾਜ ਨਹੀਂ ਰੱਖੀ।

ਇਨ੍ਹਾਂ ਵਿਗਿਆਨੀਆਂ ਅਨੁਸਾਰ ਧਰਤੀ ਦਾ ਕੋਈ ਇਕ ਕਿਨਾਰਾ ਧਰਤੀ ਦੇ ਵਿਰੁੱਧ ਇਸ ਅੱਤਿਆਚਾਰ ਵਿਚ ਇਕੱਲਾ ਸ਼ਾਮਿਲ ਨਹੀਂ ਹੈ। ਹਰ ਖੇਤਰ ਵਧ ਚੜ੍ਹ ਕੇ ਧਰਤੀ ਨੂੰ ਲਹੂ-ਲੁਹਾਨ ਕਰਨ 'ਤੇ ਤੁਲਿਆ ਹੋਇਆ ਹੈ, ਚਾਹੇ ਉਹ ਪੂਰਬੀ ਯੂਰਪ ਹੋਵੇ, ਦੱਖਣੀ ਏਸ਼ੀਆ ਹੋਵੇ, ਮੱਧਪੂਰਬ ਹੋਵੇ, ਦੱਖਣ-ਪੂਰਬ ਏਸ਼ੀਆ ਹੋਵੇ, ਮੈਕਸੀਕੋ ਹੋਵੇ, ਬ੍ਰਾਜ਼ੀਲ, ਚੀਨ ਅਤੇ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਹੀ ਕਿਉਂ ਨਾ ਹੋਵੇ, ਸਭ ਨੇ ਧਰਤੀ ਦੀ ਸਿਹਤ ਨਾਲ ਬੇਹੱਦ ਗੰਭੀਰ ਖਿਲਵਾੜ ਕੀਤਾ ਹੈ। ਅੱਜ ਸਥਿਤੀ ਇਹ ਹੈ ਕਿ ਧਰਤੀ ਦਾ ਲਗਭਗ ਦੋ ਤਿਹਾਈ ਹਿੱਸਾ ਮਿੱਠੇ ਪਾਣੀ ਦੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ। ਅਸੀਂ ਸਭ ਪੜ੍ਹਦੇ ਹਾਂ, ਸੁਣਦੇ ਹਾਂ, ਦੇਖਦੇ ਹਾਂ, ਪਰ ਇਸ ਸਭ ਦੇ ਬਾਵਜੂਦ ਹੁਣ ਸਾਨੂੰ ਕੋਈ ਫਰਕ ਨਹੀਂ ਪੈਂਦਾ। ਦਿੱਲੀ ਵਿਚ ਯਮੁਨਾ ਪਹਿਲਾਂ ਕਦੀ ਕਦਾਈਂ ਪ੍ਰਦੂਸ਼ਿਤ ਝੱਗ ਨਾਲ ਉੱਛਲਦੀ ਰਹਿੰਦੀ ਸੀ, ਹੁਣ ਸਾਲ ਦੇ ਬਹੁਤੇ ਸਮੇਂ ਤੱਕ ਨਾ ਸਿਰਫ਼ ਯਮੁਨਾ ਦਾ ਪਾਣੀ ਬੇਹੱਦ ਪ੍ਰਦੂਸ਼ਿਤ ਰਹਿੰਦਾ ਹੈ ਸਗੋਂ ਇਹ ਸਭ ਬੇਹੱਦ ਘਿਨੌਣੇ ਰੂਪ ਵਿਚ ਵੀ ਦਿਸਦਾ ਹੈ, ਪਰ ਹੁਣ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਲੋਕ ਹੁਣ ਵੀ ਯਮੁਨਾ ਨੂੰ ਪਵਿੱਤਰ ਮੰਨਦੇ ਹੋਏ ਪਾਣੀ ਉਤੋਂ ਝੱਗ ਨੂੰ ਇਧਰ-ਉਧਰ ਕਰਕੇ ਡੁਬਕੀ ਮਾਰ ਲੈਂਦੇ ਹਨ। ਵਾਸ਼ਿੰਗਟਨ ਯੂਨੀਵਰਸਿਟੀ ਵਿਚ ਵਾਤਾਵਰਨ ਅਤੇ ਜਨਤਕ ਸਿਹਤ ਦੇ ਪ੍ਰੋਫ਼ੈਸਰ ਅਤੇ 40 ਹੋਰ ਵਿਗਿਆਨੀਆਂ ਦੇ ਇਸ ਸਾਂਝੇ ਅਧਿਐਨ ਦੇ ਕੱਢੇ ਗਏ ਨਤੀਜਿਆਂ ਦੇ ਸਹਿ-ਲੇਖਕ ਕ੍ਰਿਸਟੀ ਏਬੀ ਨੇ ਕਿਹਾ ਹੈ, 'ਜੇਕਰ ਇਨਸਾਨੀ ਸਰੀਰ ਦੇ ਅੰਗਾਂ ਦੀ ਭਾਸ਼ਾ ਵਿਚ ਸਮਝੀਏ ਤਾਂ ਧਰਤੀ ਦੇ ਬਹੁਤ ਸਾਰੇ ਅੰਗ ਫੇਲ੍ਹ ਹੋ ਚੁੱਕੇ ਹਨ।'

ਐਮਸਟਰਡਮ ਯੂਨੀਵਰਸਿਟੀ ਵਿਚ ਵਾਤਾਵਰਨ ਦੀ ਪ੍ਰੋਫ਼ੈਸਰ ਅਤੇ ਧਰਤੀ ਕਮਿਸ਼ਨ ਦੀ ਸਹਿ-ਮੁਖੀ ਜੋਇਤਾ ਗੁਪਤਾ ਮੀਡੀਆ ਵਾਲਿਆਂ ਦੇ ਇਕ ਸਮੂਹ ਨੂੰ ਕਹਿੰਦੀ ਹੈ, 'ਜੇਕਰ ਧਰਤੀ ਦੀ ਸਾਲਾਨਾ ਜਾਂਚ ਹੋਵੇ ਤਾਂ ਡਾਕਟਰਾਂ ਨੂੰ ਹੈਰਾਨੀ ਹੋਵੇਗੀ ਕਿ ਏਨੀ ਬਿਮਾਰ ਧਰਤੀ ਆਖ਼ਰ ਜ਼ਿੰਦਾ ਕਿਸ ਤਰ੍ਹਾਂ ਹੈ?' ਸੱਚਮੁੱਚ ਧਰਤੀ ਬਹੁਤ ਬਿਮਾਰ ਹੈ, ਪਰ ਦੁਨੀਆ ਨੂੰ ਕੁਝ ਫਰਕ ਨਹੀਂ ਪੈਂਦਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਬਹਿਸਾਂ ਦਾ ਕੋਈ ਫ਼ਾਇਦਾ ਨਹੀਂ ਹੈ। ਬਿਮਾਰ ਧਰਤੀ ਦੀ ਸਿਹਤ ਵਿਚ ਕੋਈ ਸੁਧਾਰ ਤਦ ਹੀ ਹੋ ਸਕਦਾ ਹੈ, ਜਦੋਂ ਅਸੀਂ ਤੁਰੰਤ ਕੋਲਾ, ਡੀਜ਼ਲ, ਪੈਟਰੋਲ ਅਤੇ ਕੁਦਰਤੀ ਗੈਸਾਂ ਦੀ ਵਰਤੋਂ ਬੰਦ ਕਰ ਦਈਏ, ਜੋ ਕਿ ਸੰਭਵ ਹੀ ਨਹੀਂ ਲੱਗ ਰਿਹਾ। ਜਰਮਨੀ ਦੇ 'ਪੋਟਸਡੈਮ ਇੰਸਟੀਚਿਊਟ ਫਾਰ ਕਲਾਈਮੇਟ ਇੰਪੈਕਟ ਰਿਸਰਚ' ਦੇ ਨਿਰਦੇਸ਼ਕ ਅਤੇ ਇਸ ਅਧਿਐਨ ਦੇ ਪ੍ਰਮੁੱਖ ਲੇਖਕ ਜੌਹਨ ਰਾਕ ਸਟ੍ਰਮ ਕਹਿੰਦੇ ਹਨ, 'ਅਸੀਂ ਮੁਢਲੇ ਤੌਰ 'ਤੇ ਸਭ ਮਾਮਲਿਆਂ ਵਿਚ ਗ਼ਲਤ ਦਿਸ਼ਾ ਵਿਚ ਅੱਗੇ ਵਧ ਰਹੇ ਹਾਂ।' ਜਦਕਿ ਇਸੇ ਲੜੀ ਵਿਚ ਯੇਲ ਯੂਨੀਵਰਸਿਟੀ ਦੇ ਸਕੂਲ ਆਫ਼ ਇਨਵਾਇਰਨਮੈਂਟ ਦੇ ਡੀਨ ਐਂਡੀ ਬਰਗ ਕਹਿੰਦੇ ਹਨ, 'ਇਹ ਅਧਿਐਨ ਬੇਹੱਦ ਸਮੋਹਕ ਅਤੇ ਉਤੇਜਕ ਹੈ ਕਿਉਂਕਿ ਇਹ ਅਧਿਐਨ ਧਰਤੀ ਗ੍ਰਹਿ ਦੀਆਂ ਉਨ੍ਹਾਂ ਹੱਦਾਂ ਨੂੰ ਸਹੀ ਢੰਗ ਨਾਲ ਸਮਝ ਰਿਹਾ ਹੈ, ਜਿਸ ਦੀ ਅਸੀਂ ਸਰਹੱਦ 'ਤੇ ਆ ਗਏ ਹਾਂ। ਸਭ ਕੁਝ ਬੇਹੱਦ ਡਰਾਉਣਾ ਹੈ।'

ਧਰਤੀ ਦੇ ਇਨ੍ਹਾਂ ਸਭ ਤੋਂ ਵੱਧ ਕੁਸ਼ਲ 40 ਵਿਗਿਆਨੀਆਂ ਨੇ ਧਰਤੀ ਗ੍ਰਹਿ ਨੂੰ ਸੁਰੱਖਿਅਤ ਰੱਖਣ ਅਤੇ ਜੋ ਮੌਜੂਦਾ ਡਰਾਉਣੀ ਸਥਿਤੀ ਹੈ, ਇਸ ਤੋਂ ਅੱਗੇ ਨਾ ਵਧਣ ਦੇਣ ਲਈ ਹੁਣ ਵੀ ਸਰਕਾਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ ਹੈ। ਰਾਕ ਸਟ੍ਰਮ ਅਨੁਸਾਰ, 'ਇਕ ਸੁਰੱਖਿਆ ਘੇਰਾ ਸਥਾਈ ਰੂਪ ਵਿਚ ਕਿਸੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਨਹੀਂ ਹੁੰਦੀ।' ਧਰਤੀ ਬੇਹੱਦ ਬਿਮਾਰ ਹੈ, ਆਖ਼ਰੀ ਸਾਹ ਗਿਣ ਰਹੀ ਹੈ, ਜੇਕਰ ਹੁਣ ਵੀ ਧਰਤੀ ਦੇ ਲੋਕ ਇਸ ਦੀ ਸਿਹਤ ਬਾਰੇ ਚਿੰਤਤ ਨਹੀਂ ਹੁੰਦੇ ਤਾਂ ਦੁਨੀਆ ਦੇ ਵਾਤਾਵਰਨ ਨੂੰ ਬਚਾਉਣ ਦਾ ਕੋਈ ਵੀ ਦੂਜਾ ਉਪਾਅ ਨਹੀਂ ਹੈ। 

 

ਲੋਕ ਮਿਤਰ ਗੌਤਮ