ਪੰਜ ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਦਲ ਬਦਲੀ ਦਾ ਖਤਰਨਾਕ ਰੁਝਾਨ

ਪੰਜ ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਦਲ ਬਦਲੀ ਦਾ ਖਤਰਨਾਕ ਰੁਝਾਨ

ਸਿਆਸਤ

ਵਿਜੈ ਕੁਮਾਰ

ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦਿਆਂ ਸਾਰ ਹੀ ਖੱਦਰਧਾਰੀਆਂ ਲਈ ਦਲ-ਬਦਲਣ ਦੀ ਰੁੱਤ ਵੀ ਸ਼ੁਰੂ ਹੋ ਗਈ ਹੈ। ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਮਣੀਪੁਰ ਤੇ ਗੋਆ ਵਿਚ ਨੇਤਾ ਏਨੀ ਤੇਜ਼ੀ ਨਾਲ ਇਧਰੋਂ-ਓਧਰ ਹੋਏ ਹਨ (ਅਤੇ ਹੋ ਰਹੇ ਹਨ) ਕਿ ਹਿਸਾਬ ਰੱਖ ਸਕਣਾ ਔਖਾ ਹੋ ਗਿਆ ਹੈ। ਫਿਲਹਾਲ ਇਸ ਸਿਆਸੀ ਸਰਕਸ 'ਚ ਕੁਝ ਮਹੱਤਵਪੂਰਨ ਸਵਾਲ ਜ਼ਰੂਰ ਖੜ੍ਹੇ ਹੋਏ ਹਨ। ਆਖਿਰ ਇਹ ਹਲਚਲ ਕਿਉਂ ਮਚੀ ਹੋਈ ਹੈ? ਇਸ ਦਲਬਦਲੀਆਂ ਦਾ ਚੋਣ ਨਤੀਜਿਆਂ ਜਾਂ ਰਾਜਨੀਤਕ ਪਾਰਟੀਆਂ ਦੀਆਂ ਸੰਭਾਵਨਾਵਾਂ 'ਤੇ ਕੀ ਪ੍ਰਭਾਵ ਪਵੇਗਾ? ਰਾਜਨੀਤਕ ਪਾਰਟੀਆਂ ਦੇ ਪੁਰਾਣੇ, ਮਿਹਨਤੀ ਤੇ ਵਫ਼ਾਦਾਰ ਵਰਕਰਾਂ ਦੀ ਇਸ ਦਲਬਦਲੀਆਂ 'ਤੇ ਕੀ ਪ੍ਰਤੀਕਿਰਿਆ ਹੈ, ਖ਼ਾਸਕਰ ਜਦੋਂ ਉਨ੍ਹਾਂ ਦੀਆਂ ਆਪਣੀਆਂ ਸਿਆਸੀ ਉਮੀਦ ਟੁੱਟਣ ਦੀ ਕਗਾਰ 'ਤੇ ਹੋਵੇ? ਇਨ੍ਹਾਂ ਦਲਬਦਲੂਆਂ ਤੋਂ ਵਾਰ-ਵਾਰ ਪ੍ਰੇਸ਼ਾਨ ਹੋਣ ਵਾਲੀ ਆਮ ਜਨਤਾ ਕੀ ਇਸ ਵਾਰ ਇਨ੍ਹਾਂ ਨੂੰ ਕੋਈ ਸਬਕ ਸਿਖਾਏਗੀ?

ਇਹ ਸਿਆਸੀ ਸਰਕਸ ਏਨੀ ਅਜੀਬ ਹੈ ਕਿ ਕਈ ਵਾਰ ਤਾਂ ਯਾਦ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿਹੜਾ ਨੇਤਾ ਕਿਸ ਪਾਰਟੀ ਨੂੰ ਛੱਡ ਕੇ ਕਿਹੜੀ ਨਵੀਂ ਪਾਰਟੀ 'ਚ ਸ਼ਾਮਿਲ ਹੋਇਆ ਹੈ। ਭਾਵ ਅਵਤਾਰ ਸਿੰਘ ਭੜਾਨਾ ਨੇ 2017 ਵਿਚ ਭਾਜਪਾ ਦੀ ਟਿਕਟ 'ਤੇ ਮੀਰਾਪੁਰ (ਉੱਤਰ ਪ੍ਰਦੇਸ਼) ਤੋਂ ਵਿਧਾਇਕ ਦੀ ਚੋਣ ਜਿੱਤੀ ਸੀ, ਪਰ 2019 ਵਿਚ ਉਹ ਕਾਂਗਰਸ ਦੀ ਟਿਕਟ 'ਤੇ ਫ਼ਰੀਦਾਬਾਦ (ਹਰਿਆਣਾ) ਤੋਂ ਲੋਕ ਸਭਾ ਦੀਆਂ ਚੋਣਾਂ ਲੜੇ ਅਤੇ ਹਾਰ ਗਏ। ਉਹ ਹੁਣ ਵੀ ਭਾਜਪਾ ਦੇ ਵਿਧਾਇਕ ਹਨ, ਕਿਉਂਕਿ ਭਾਜਪਾ ਨੇ ਉਨ੍ਹਾਂ ਦਾ ਅਸਤੀਫ਼ਾ ਅਜੇ ਤੱਕ ਮਨਜ਼ੂਰ ਨਹੀਂ ਕੀਤਾ। ਹੁਣ ਰਾਸ਼ਟਰੀ ਲੋਕ ਦਲ (ਆਰ.ਐਲ.ਡੀ.) ਮੁਖੀ ਜਯੰਤ ਚੌਧਰੀ ਨੇ ਟਵੀਟ ਕੀਤਾ ਹੈ ਕਿ ਭੜਾਨਾ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਬਣ ਗਏ ਹਨ। ਇਸ ਲਈ ਕਿਸੇ ਨੂੰ ਨਹੀਂ ਪਤਾ ਕਿ ਭੜਾਨਾ ਆਰ.ਐਲ.ਡੀ ਵਿਚ ਭਾਜਪਾ ਛੱਡ ਕੇ ਸ਼ਾਮਿਲ ਹੋਏ ਹਨ ਜਾਂ ਉਨ੍ਹਾਂ ਨੇ ਕਾਂਗਰਸ ਛੱਡੀ ਹੈ। ਭੜਾਨਾ ਦਾ ਕਹਿਣਾ ਹੈ ਕਿ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਪਿਛਲੇ ਸਤੰਬਰ ਵਿਚ ਨੋਇਡਾ ਵਿਚ 'ਗੁੱਜਰ ਆਈਕਾਨ' ਰਾਜਾ ਮਿਹਿਰ ਭੋਜ ਦੇ ਬੁੱਤ ਦੇ 'ਅਪਮਾਨ' ਨੇ ਉਨ੍ਹਾਂ ਨੂੰ ਇਸ ਪਾਰਟੀ ਤੋਂ ਦੂਰ ਕੀਤਾ ਹੈ, ਪਰ ਕਾਂਗਰਸ ਤੋਂ ਵੱਖ ਹੋਣ ਦਾ ਉਨ੍ਹਾਂ ਨੇ ਕੋਈ ਕਾਰਨ ਨਹੀਂ ਦੱਸਿਆ।

ਭੜਾਨਾ ਦੇ ਇਸ ਅਜੀਬ ਕਿੱਸੇ ਤੋਂ ਏਨਾ ਤਾਂ ਸਪੱਸ਼ਟ ਹੈ ਕਿ ਨੇਤਾਵਾਂ ਦੀ ਕਿਸੇ ਰਾਜਨੀਤਕ ਪਾਰਟੀ ਤੇ ਉਸ ਦੀ ਵਿਚਾਰਧਾਰਾ ਵਿਚ ਆਸਥਾ ਤੇ ਵਫ਼ਾਦਾਰੀ ਨਹੀਂ ਹੈ, ਉਨ੍ਹਾਂ ਨੂੰ ਤਾਂ ਸਿਰਫ਼ ਇਸ ਗੱਲ ਨਾਲ ਮਤਲਬ ਹੈ ਕਿ ਨਵੀਆਂ ਚੋਣਾਂ ਵਿਚ ਕਿਵੇਂ ਸਦਨ ਦਾ ਮੈਂਬਰ ਬਣਿਆ ਜਾਵੇ ਤਾਂ ਕਿ ਮੰਤਰੀ ਬਣਨ ਦੀ ਸੰਭਾਵਨਾ ਬਣੀ ਰਹੇ। ਉੱਤਰ ਪ੍ਰਦੇਸ਼ ਵਿਚ ਤਿੰਨ ਕੈਬਨਿਟ ਮੰਤਰੀਆਂ ਸਵਾਮੀ ਪ੍ਰਸਾਦ ਮੌਰਿਆ, ਦਾਰਾ ਸਿੰਘ ਚੌਹਾਨ ਅਤੇ ਧਰਮ ਸਿੰਘ ਸੈਣੀ ਤੇ ਕੁਝ ਵਿਧਾਇਕਾਂ ਨੇ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਸਮਾਜਵਾਦੀ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੂਜੇ ਪਾਸੇ ਸਪਾ ਦੇ ਵਿਧਾਇਕ ਹਰੀਓਮ ਯਾਦਵ, ਜੋ ਮੁਲਾਇਮ ਸਿੰਘ ਯਾਦਵ ਦੇ ਰਿਸ਼ਤੇਦਾਰ ਵੀ ਹਨ, ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਬਹੁਜਨ ਸਮਾਜ ਪਾਰਟੀ ਤੇ ਕਾਂਗਰਸ ਦੇ ਵੀ ਕੁਝ ਵਿਧਾਇਕ ਭਾਜਪਾ ਵਿਚ ਸ਼ਾਮਿਲ ਹੋਏ ਹਨ। ਇਸ ਦਲਬਦਲ ਪ੍ਰਕਿਰਿਆ ਦਾ ਸਾਰੀਆਂ ਪਾਰਟੀਆਂ ਖ਼ੂਬ ਪ੍ਰਚਾਰ ਰਹੀਆਂ ਹਨ ਅਤੇ ਅਜਿਹਾ ਕਰਨ ਦਾ ਇਕ ਖ਼ਾਸ ਕਾਰਨ ਵੀ ਹੈ।

'ਡੁੱਬਦੇ ਜਹਾਜ਼ ਨੂੰ ਚੂਹੇ ਪਹਿਲਾਂ ਛੱਡ ਕੇ ਭੱਜਦੇ ਹਨ', ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ। ਸਿਆਸੀ ਦਲ ਚੋਣਾਂ ਵਿਚ ਆਪਣੀ ਹਵਾ ਬਣਾਉਣ ਲਈ ਇਸ ਕਹਾਵਤ 'ਤੇ ਹੀ ਅਮਲ ਕਰਦੇ ਹਨ, ਭਾਵ ਦਲ ਬਦਲ ਕੇ ਉਹ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਰੋਧੀ ਦਲ ਡੁੱਬਦੀ ਹੋਈ ਕਿਸ਼ਤੀ ਹਨ, ਪਰ ਇਹ ਤਕਨੀਕ ਅਕਸਰ ਉਲਟੀ ਵੀ ਪੈ ਜਾਂਦੀ ਹੈ, ਜਿਵੇਂ ਕਿ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਦੇਖਣ ਨੂੰ ਮਿਲਿਆ। ਭਾਜਪਾ ਨੇ ਤ੍ਰਿਣਮੂਲ ਦੇ ਲਗਭਗ ਸਾਰੇ ਚੋਟੀ ਦੇ ਨੇਤਾਵਾਂ ਨੂੰ ਤੋੜ ਕੇ ਆਪਣੇ ਮੈਂਬਰ ਬਣਾ ਲਿਆ ਸੀ, ਜਿਸ ਵਿਚ ਘੱਟ ਤੋਂ ਘੱਟ ਮੀਡੀਆ 'ਚ ਤ੍ਰਿਣਮੂਲ ਨੂੰ ਤਾਂ ਵੋਟਾਂ ਤੋਂ ਪਹਿਲਾਂ ਹੀ ਹਰਿਆ ਮੰਨ ਲਿਆ ਗਿਆ ਸੀ, ਪਰ ਜਦੋਂ ਨਤੀਜੇ ਆਏ ਤਾਂ ਮਮਤਾ ਬੈਨਰਜੀ ਜ਼ਿਆਦਾ ਮਜ਼ਬੂਤ ਹੋ ਕੇ ਉੱਭਰੀ। ਭਾਜਪਾ ਛੱਡਦਿਆਂ ਤਿੰਨਾਂ ਮੌਰਿਆ, ਚੌਹਾਨ ਤੇ ਸੈਣੀ ਨੇ ਤਕਰੀਬਨ ਇਕੋ ਜਿਹੇ ਕਾਰਨ ਦੱਸੇ ਹਨ ਕਿ ਪਛੜੇ ਵਰਗਾਂ, ਦਲਿਤਾਂ ਅਤੇ ਕਿਸਾਨਾਂ ਦੀ ਅਣਦੇਖੀ ਕੀਤੀ ਜਾ ਰਹੀ ਸੀ ਅਤੇ ਡਾ. ਅੰਬੇਡਕਰ ਦੇ ਸੰਵਿਧਾਨ ਨੂੰ ਛੱਡ ਕੇ ਨਾਗਪੁਰ ਦਾ ਏਜੰਡਾ (ਪੜ੍ਹੇ ਹਿੰਦੂਤਵ) ਨੂੰ ਥੋਪਣ ਦੀ ਕੋਸ਼ਿਸ਼ ਸੀ।

ਕਮਾਲ ਹੈ, ਇਹ ਗੱਲ ਇਨ੍ਹਾਂ ਨੇਤਾਵਾਂ ਨੂੰ ਲਗਭਗ ਪੰਜ ਸਾਲਾਂ ਤੱਕ ਸੱਤਾ ਸੁੱਖ ਭੋਗਣ ਤੋਂ ਬਾਅਦ ਸਮਝ 'ਚ ਆਈ, ਜਦੋਂ ਕਿ ਭਾਜਪਾ ਦਾ ਏਜੰਡਾ ਜੋ ਪਹਿਲਾਂ ਸੀ, ਉਹੀ ਅੱਜ ਵੀ ਹੈ। ਇਸ ਲਈ ਦਲ ਬਦਲਣ ਦੇ ਇਸ ਕਾਰਨ ਨੂੰ ਸਵੀਕਾਰ ਕਰਨਾ ਤਾਂ ਔਖਾ ਹੈ। ਕਹਿੰਦੇ ਹਨ ਕਿ ਇਕ ਸਿਆਸਤਦਾਨ ਇਕ ਜਾਦੂਗਰ ਦੀ ਤਰ੍ਹਾਂ ਹੁੰਦਾ ਹੈ, ਜੋ ਸਾਡਾ ਧਿਆਨ ਉਸ ਚੀਜ਼ ਤੋਂ ਹਟਾ ਦਿੰਦਾ ਹੈ, ਜੋ ਉਹ ਅਸਲ 'ਚ ਕਰ ਰਿਹਾ ਹੁੰਦਾ ਹੈ, ਭਾਵ ਉਸ ਦੀਆਂ ਨਜ਼ਰਾਂ ਕਿਤੇ ਹੋਰ ਹੁੰਦੀਆਂ ਹਨ ਅਤੇ ਨਿਸ਼ਾਨਾ ਕਿਤੇ ਹੋਰ ਹੁੰਦਾ ਹੈ। ਇਸ ਸਿਆਸੀ ਜਾਦੂਗਰੀ ਨੂੰ ਸਮਝਣ ਲਈ ਇਹ ਗੱਲ ਧਿਆਨ 'ਚ ਰੱਖਣੀ ਜ਼ਰੂਰੀ ਹੈ ਕਿ ਭਾਰਤ ਵਿਚ ਚੋਣਾਂ ਸਿੱਖਿਆ, ਰੁਜ਼ਗਾਰ, ਸਿਹਤ, ਮਹਿੰਗਾਈ ਆਦਿ ਮਹੱਤਵਪੂਰਨ ਮੁੱਦਿਆਂ 'ਤੇ ਨਹੀਂ ਹੁੰਦੀਆਂ, ਸਗੋਂ ਉਨ੍ਹਾਂ ਦਾ ਆਧਾਰ ਜਾਤੀ ਆਧਾਰਿਤ ਸਮੀਕਰਨ ਹੁੰਦਾ ਹੈ। ਭਾਜਪਾ ਦੇ ਹਿੰਦੂਤਵ ਦੇ ਏਜੰਡੇ ਦੀ ਤਹਿ 'ਚ ਵੀ ਇਹੀ ਜਾਤੀ ਆਧਾਰਿਤ ਸਮੀਕਰਨ ਜਾਂ ਸੋਸ਼ਲ ਇੰਜੀਨੀਅਰਿੰਗ ਹੈ, ਜੋ ਉਸ ਨੇ ਅਤਿ ਪਛੜੇ ਵਰਗ (ਐਮ.ਬੀ.ਸੀ.), ਗ਼ੈਰ-ਯਾਦਵ ਓ.ਬੀ.ਸੀ., ਗ਼ੈਰ-ਜਾਟਵ ਦਲਿਤ ਅਤੇ ਸੁਨਿਆਰਾ ਜਾਤੀਆਂ ਨੂੰ ਨਾਲ ਲੈ ਕੇ ਤਿਆਰ ਕੀਤਾ ਸੀ, ਜਿਸ ਦੇ ਲਈ ਉਸ ਨੇ ਛੋਟੀਆਂ-ਛੋਟੀਆਂ ਜਾਤੀ ਆਧਾਰਿਤ ਖੇਤਰੀ ਪਾਰਟੀਆਂ ਨਾਲ ਵੀ ਗੱਠਜੋੜ ਕੀਤਾ ਸੀ। ਅਖਿਲੇਸ਼ ਯਾਦਵ ਭਾਜਪਾ ਦੇ ਇਸੇ 'ਸੋਸ਼ਲ ਗੱਠਜੋੜ' 'ਚ ਸੇਂਧ ਲਗਾ ਰਹੇ ਹਨ, ਖ਼ਾਸਕਰ ਇਸ ਲਈ ਕਿ ਉਨ੍ਹਾਂ ਨੂੰ ਆਪਣੀ ਯਾਦਵ-ਮੁਸਲਿਮ ਬੁਨਿਆਦ ਦੀਆਂ ਹੱਦਾਂ ਦਾ ਅਹਿਸਾਸ ਹੋ ਗਿਆ ਹੈ।

ਇਹ ਸੇਂਧ ਕੁਝ ਹੱਦ ਤੱਕ ਇਸ ਲਈ ਵੀ ਸਫਲ ਹੋਈ ਹੈ ਕਿਉਂਕਿ ਭਾਜਪਾ ਨੇ ਹਿੰਦੂਤਵ 'ਤੇ ਜ਼ਰੂਰਤ ਤੋਂ ਜ਼ਿਆਦਾ ਧਿਆਨ ਦਿੱਤਾ ਹੈ, ਜਿਸ ਨਾਲ ਪਛੜੇ ਤੇ ਅਤਿ ਪਛੜੇ ਅਤੇ ਦਲਿਤਾਂ ਨੂੰ ਲੱਗਿਆ ਕਿ ਕਿਤੇ ਉਹ ਸੰਵਿਧਾਨ ਤੋਂ ਪ੍ਰਾਪਤ ਅਧਿਕਾਰਾਂ ਤੋਂ ਵਾਂਝੇ ਹੀ ਨਾ ਹੋ ਜਾਣ। ਆਪਣੇ ਵੋਟ ਆਧਾਰ 'ਚ ਪੈਦਾ ਹੋ ਰਹੀ ਇਸ (ਸਹੀ ਜਾਂ ਗ਼ਲਤ) ਭਾਵਨਾ ਨੂੰ ਮੌਰਿਆ, ਚੌਹਾਨ ਜਾਂ ਸੈਣੀ ਵਰਗੇ ਨੇਤਾ ਅਣਦੇਖਿਆਂ ਤਾਂ ਨਹੀਂ ਸਨ ਕਰ ਸਕਦੇ, ਆਖਿਰ ਇਸੇ ਬੁਨਿਆਦ ਦੇ ਦਮ 'ਤੇ ਤਾਂ ਉਨ੍ਹਾਂ ਦੀ ਸਿਆਸਤ ਹੈ। ਅਖਿਲੇਸ਼ ਯਾਦਵ ਨੇ ਇਸ ਸਮੇਂ ਇਕਦਮ ਨਵੀਂ ਯੋਜਨਾ ਬਣਾਈ ਹੋਈ ਹੈ। ਜਦੋਂ ਐਸ.ਬੀ.ਐਸ.ਪੀ. ਦੇ ਪ੍ਰਭਾਵੀ ਨੇਤਾ ਓ.ਪੀ. ਰਾਜਭਰ ਨੂੰ ਯੋਗੀ ਕੈਬਨਿਟ ਤੋਂ ਕੱਢਿਆ ਗਿਆ ਤਾਂ ਅਖਿਲੇਸ਼ ਨੇ ਉਨ੍ਹਾਂ ਨਾਲ ਹੱਥ ਮਿਲਾ ਲਿਆ ਅਤੇ ਫਿਰ ਕਿਸਾਨ ਅੰਦੋਲਨ ਦੇ ਚਲਦਿਆਂ ਜਾਟ ਬਹੁਗਿਣਤੀ ਆਰ.ਐਲ.ਡੀ. ਨੂੰ ਵੀ ਨਾਲ ਲੈ ਲਿਆ। ਇਸ ਤੋਂ ਇਲਾਵਾ ਉਹ ਕੁਰਮੀਆਂ, ਮੌਰਿਆ ਤੇ ਨੋਨੀਆ ਵਰਗੀਆਂ ਛੋਟੀਆਂ-ਛੋਟੀਆਂ ਜਾਤੀਆਂ ਦੀਆਂ ਪਾਰਟੀਆਂ ਨੂੰ ਵੀ ਨਾਲ ਲੈ ਰਹੇ ਹਨ, ਜੋ ਕਰੀਬੀ ਮੁਕਾਬਲਿਆਂ ਵਿਚ ਫ਼ਰਕ ਲਿਆ ਸਕਦੀਆਂ ਹਨ।

ਸ਼ਿਵਪਾਲ ਯਾਦਵ ਨਾਲ ਵੀ ਉਨ੍ਹਾਂ ਨੇ ਆਪਣੇ ਮਤਭੇਦ ਦੂਰ ਕਰ ਲਏ ਹਨ ਤਾਂ ਕਿ ਯਾਦਵ ਵੋਟਾਂ ਵੰਡੀਆਂ ਨਾ ਜਾਣ। ਭਾਜਪਾ ਵੀ ਖ਼ਾਮੋਸ਼ ਨਹੀਂ ਬੈਠੀ। ਜਦੋਂ ਅਖਿਲੇਸ਼ ਨੇ ਜਾਤੀ ਆਧਾਰਿਤ ਜਨਗਣਨਾ ਦੀ ਮੰਗ ਕੀਤੀ ਤਾਂ ਭਾਜਪਾ ਨੇ ਕੇਂਦਰੀ ਕੈਬਨਿਟ '27 ਓ.ਬੀ.ਸੀ. ਅਤੇ 12 ਦਲਿਤਾਂ ਨੂੰ ਥਾਂ ਦਿੱਤੀ, ਨੀਟ ਦੇ ਅਖਿਲ ਭਾਰਤੀ ਕੋਟਾ ਵਿਚ ਓ.ਬੀ.ਸੀ. ਰਾਖਵਾਂਕਰਨ ਦਾ ਵਿਸਥਾਰ ਕੀਤਾ। ਕਹਿਣ ਦਾ ਭਾਵ ਇਹ ਹੈ ਕਿ ਇਸ ਮਹਾਂਮਾਰੀ ਦੇ ਦੌਰ 'ਚ ਵੀ ਸਿਹਤ, ਰੁਜ਼ਗਾਰ ਤੇ ਵਿਕਾਸ ਦੀ ਬਜਾਏ ਚੋਣਾਂ ਵਿਚ ਸੋਸ਼ਲ ਇੰਜੀਨੀਅਰਿੰਗ ਦਾ ਹੀ ਮਹੱਤਵ ਹੈ। ਇਸ ਲਈ ਇਹ ਹੈਰਾਨੀਜਨਕ ਨਹੀਂ ਹੈ ਕਿ ਮੌਰਿਆ ਵਰਗੇ ਨੇਤਾ ਬਸਪਾ ਵਿਚੋਂ ਭਾਜਪਾ ਅਤੇ ਫਿਰ ਸਪਾ ਵਿਚ ਜਾ ਕੇ ਆਪਣਾ ਰਾਜਨੀਤਕ ਕੈਰੀਅਰ ਬਣਾ ਲੈਂਦੇ ਹਨ। ਫ਼ਿਲਹਾਲ, ਇਨ੍ਹਾਂ ਦਲ-ਬਦਲੂਆਂ ਦੇ ਕਾਰਨ ਰਾਜਨੀਤਕ ਦਲਾਂ ਦੇ ਵਫ਼ਾਦਾਰ ਵਰਕਰਾਂ ਨੂੰ ਬਹੁਤ ਤਕਲੀਫ਼ ਹੁੰਦੀ ਹੈ, ਕਿਉਂਕਿ ਟਿਕਟ ਹਾਸਲ ਕਰਨ ਦੀਆਂ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਜਾਂਦਾ ਹੈ, ਪਰ ਲਾਚਾਰੀ ਇਹ ਹੈ ਕਿ ਉਨ੍ਹਾਂ ਕੋਲ ਸਿਰਫ਼ ਤਿੰਨ ਬਦਲ ਹੁੰਦੇ ਹਨ। ਨਿਰਾਸ਼ ਹੋ ਕੇ ਆਪਣੀ ਹੀ ਪਾਰਟੀ 'ਚ ਘੁੱਟਦੇ ਹੋਏ ਆਪਣੇ ਸਮੇਂ ਦੀ ਉਡੀਕ ਕਰਦੇ ਰਹਿਣ, ਦਲ ਬਦਲ ਲੈਣ ਜਾਂ ਆਪਣੀ ਹੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਦੇਣ। ਇਨ੍ਹਾਂ ਵਫ਼ਾਦਾਰ ਵਰਕਰਾਂ ਨੂੰ ਕਾਬੂ ਕਰਨਾ ਪਾਰਟੀ ਹਾਈਕਮਾਨ ਲਈ ਵੱਡੀ ਚੁਣੌਤੀ ਹੁੰਦਾ ਹੈ। ਹਾਲਾਂਕਿ ਦਲਬਦਲੂਆਂ ਤੋਂ ਤੰਗ ਆ ਕੇ ਹੁਣ ਘੱਟ ਤੋਂ ਘੱਟ ਗੋਆ ਵਿਚ ਜਨਤਾ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਉਮੀਦਵਾਰ ਜਿੱਤਣ ਤੋਂ ਬਾਅਦ ਦਲਬਦਲੀ ਨਹੀਂ ਕਰੇਗਾ, ਪਰ ਜ਼ਿਆਦਾਤਰ ਥਾਵਾਂ 'ਤੇ ਰਾਜਨੀਤੀ ਜਾਤੀ ਦੇ ਆਧਾਰ 'ਤੇ ਹੁੰਦੀ ਹੈ, ਇਸ ਲਈ ਨੇਤਾ ਦੇ ਦਲ ਬਦਲਣ ਨਾਲ ਅਕਸਰ ਸਮਰਥਕਾਂ 'ਤੇ ਕੋਈ ਅਸਰ ਨਹੀਂ ਪੈਂਦਾ, ਉਹ ਵੀ ਆਪਣੇ ਨੇਤਾ ਦੇ ਨਾਲ ਦਲ ਬਦਲ ਲੈਂਦੇ ਹਨ।