ਭਵਿੱਖ ਦੀ ਦੁਨੀਆ ਅੱਜ ਦੀ ਦੁਨੀਆ ਨਾਲੋਂ ਬਹੁਤ ਵੱਖਰੀ ਹੋਵੇਗੀ

ਭਵਿੱਖ ਦੀ ਦੁਨੀਆ ਅੱਜ ਦੀ ਦੁਨੀਆ ਨਾਲੋਂ ਬਹੁਤ ਵੱਖਰੀ ਹੋਵੇਗੀ

 

ਚਿੰਤਨ

ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦਾ ਅਨੁਮਾਨ ਲਗਾਉਣਾ ਬਹੁਤ ਔਖਾ ਕਾਰਜ ਹੈ, ਇਸ ਦੇ ਬਾਵਜੂਦ ਕੁਝ ਵੱਧ ਸਿਆਣੇ ਲੋਕ ਭਵਿੱਖ ਦੀਆਂ ਸਰਗਰਮੀਆਂ ਨੂੰ ਵਰਤਮਾਨ ਵਿਚ ਹੋ ਰਹੀ ਸਰਸਰਾਹਟ ਵਿਚੋਂ ਪਛਾਣ ਲੈਣ ਦਾ ਯਤਨ ਕਰਦੇ ਹਨ। ਯੁਵਲ ਨੋਹ ਹਰਾਰੀ ਵਿਸ਼ਵ ਚਿੰਤਨ ਵਿਚ ਇਸ ਵੇਲੇ ਇਕ ਚਰਚਿਤ ਨਾਂਅ ਹੈ। ਉਸ ਦੀ ਅੰਗਰੇਜ਼ੀ ਕਿਤਾਬ 'ਹੋਮੋ-ਡਿਊਜ਼' ਇਤਿਹਾਸ ਅਤੇ ਸਮਕਾਲੀ ਰੁਝਾਨਾਂ ਦੇ ਆਧਾਰ 'ਤੇ ਭਵਿੱਖ ਦੀਆਂ ਘਟਨਾਵਾਂ ਅਤੇ ਮਾਨਵੀ ਸਮਾਜ ਦੇ ਚਿਹਰੇ-ਮੁਹਰੇ ਦੀ ਤਸਵੀਰ ਬਣਾਉਣ ਦਾ ਯਤਨ ਕਰਦੀ ਹੈ। ਇਤਿਹਾਸ ਥੋੜ੍ਹਾ ਜਿਹਾ ਅੱਗੇ ਦੇਖਣ ਵਾਲੇ ਲੋਕਾਂ ਵਲੋਂ ਸਿਰਜਿਆ ਜਾਂਦਾ ਹੈ। ਦਸ ਹਜ਼ਾਰ ਸਾਲ ਪਹਿਲਾਂ ਬਹੁਤੇ ਮਨੁੱਖੀ ਕਬੀਲੇ ਸ਼ਿਕਾਰੀ ਕਬੀਲਿਆਂ ਦੇ ਰੂਪ ਵਿਚ ਵਿਚਰ ਰਹੇ ਸਨ, ਜਦੋਂ ਕਿ ਮੱਧ ਪੂਰਬ ਵਿਚ ਕੁਝ ਲੋਕਾਂ ਨੇ ਖੇਤੀਬਾੜੀ ਦੀ ਸ਼ੁਰੂਆਤ ਕਰਕੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਸੀ। ਸੰਨ 1850 ਦੇ ਆਸ-ਪਾਸ ਸੰਸਾਰ ਦੇ 90 ਫ਼ੀਸਦੀ ਲੋਕ ਖੇਤੀਬਾੜੀ 'ਤੇ ਨਿਰਭਰ ਸਨ, ਜਦੋਂ ਕਿ ਭਵਿੱਖ ਦੀ ਜੀਵਨ-ਸ਼ੈਲੀ ਦਾ ਫ਼ੈਸਲਾ 'ਮਾਨਚੈਸਟਰ' ਵਰਗੇ ਸ਼ਹਿਰਾਂ ਵਿਚ ਉਦਯੋਗੀਕਰਨ ਦੇ ਰੂਪ ਵਿਚ ਹੋ ਰਿਹਾ ਸੀ।

ਹਰਾਰੀ ਅਨੁਸਾਰ ਮਨੁੱਖ ਲੱਖਾਂ ਸਾਲਾਂ ਤੋਂ ਤਿੰਨ ਚੀਜ਼ਾਂ ਭੁੱਖਮਰੀ, ਮਹਾਂਮਾਰੀ ਅਤੇ ਹਿੰਸਾ ਦਾ ਸ਼ਿਕਾਰ ਰਿਹਾ ਹੈ। ਪਹਿਲਾਂ ਸੰਸਾਰ ਦੇ ਹਜ਼ਾਰਾਂ ਰਾਜੇ ਆਪਸ ਵਿਚ ਲੜਦੇ ਰਹਿੰਦੇ ਸਨ, ਹੁਣ 200 ਦੇਸ਼ਾਂ ਵਿਚੋਂ 4-5 ਦੇਸ਼ਾਂ ਵਿਚ ਹੀ ਹਿੰਸਕ ਲੜਾਈਆਂ ਹੋ ਰਹੀਆਂ ਹਨ। 2010 ਵਿਚ ਸਮੁੱਚੇ ਸੰਸਾਰ ਵਿਚ 10 ਲੱਖ ਲੋਕ ਭੁੱਖਮਰੀ ਅਤੇ ਮਾੜੀ ਖ਼ੁਰਾਕ ਕਾਰਨ ਮਰੇ, ਜਦੋਂ ਕਿ 30 ਲੱਖ ਲੋਕ ਮੋਟਾਪੇ ਕਾਰਨ ਮਾਰੇ ਗਏ।

ਗੂਗਲ ਨੇ ਕੈਲੀਕੋ ਨਾਂਅ ਦੀ ਕੰਪਨੀ ਸ਼ੁਰੂ ਕੀਤੀ ਹੈ, ਜਿਸ ਦਾ ਮਿਸ਼ਨ ਮੌਤ ਦਾ ਹੱਲ ("o Solve death) ਹੈ। ਸੰਨ 1900 ਦੇ ਨੇੜੇ ਵਿਸ਼ਵ ਪੱਧਰ 'ਤੇ ਮਨੁੱਖ ਦੀ ਔਸਤ ਉਮਰ 40 ਸਾਲ ਦੇ ਲਗਭਗ ਸੀ। ਆਧੁਨਿਕ ਦਵਾਈਆਂ ਨੇ ਸਮੇਂ ਤੋਂ ਪਹਿਲਾਂ ਆਉਣ ਵਾਲੀ ਮੌਤ ਨੂੰ ਹਰਾ ਕੇ ਸਾਨੂੰ ਪੂਰੀ ਉਮਰ ਭੋਗਣ ਦੇ ਯੋਗ ਬਣਾਇਆ ਹੈ। ਹੁਣ ਜੀਵ ਵਿਗਿਆਨ ਅਤੇ ਅੰਗ ਟਰਾਂਸਪਲਾਂਟ ਨੇ ਵਿਗਿਆਨੀਆਂ ਨੂੰ ਬੰਦੇ ਦੀ ਉਮਰ ਦੁੱਗਣੀ ਅਰਥਾਤ 150 ਸਾਲ ਤੱਕ ਵਧਾਉਣ ਬਾਰੇ ਲਗਾ ਦਿੱਤਾ ਗਿਆ ਹੈ। ਅਜੋਕੇ ਸਮੇਂ ਵਿਚ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਨੂੰ ਕਿਸੇ ਦੇਸ਼ ਦੀ ਖੁਸ਼ਹਾਲੀ ਦਾ ਪੱਧਰ ਮੰੰਨਿਆ ਜਾਂਦਾ ਹੈ। ਪ੍ਰੰਤੂ ਹੁਣ ਨਵੇਂ ਰੁਝਾਨਾਂ ਵਿਚ ਕੁੱਲ ਘਰੇਲੂ ਖ਼ੁਸ਼ੀ (ਜੀ.ਡੀ.ਐਚ.) ਨੂੰ ਦੇਸ਼ ਦੀ ਖੁਸ਼ਹਾਲੀ ਦਾ ਮਾਪਦੰਡ ਮੰਨਿਆ ਜਾਣ ਲੱਗਾ ਹੈ। ਫਿਲਪੀਨਜ਼ ਵਰਗੇ ਦੇਸ਼ ਵਿਚ ਇਕ ਲੱਖ ਦੀ ਆਬਾਦੀ ਪਿੱਛੇ 25 ਬੰਦੇ ਹਰ ਸਾਲ ਆਤਮ ਹੱਤਿਆ ਕਰਦੇ ਹਨ।

ਅਸੀਂ ਅਮੀਬਾ ਤੋਂ ਰੀਂਗਣ ਵਾਲੇ ਜੀਵ ਬਣੇ, ਰੀਂਗਣ ਵਾਲਿਆਂ ਤੋਂ ਥਣਧਾਰੀ ਬਣੇ। ਧਰਤੀ ਉੱਪਰ ਮੌਜੂਦਾ ਹੋਮੋਸੇਪੀਅਨ ਨਸਲ ਲੱਖਾਂ ਸਾਲਾਂ ਦੇ ਬੇਮਿਸਾਲ ਵਿਕਾਸ ਦਾ ਨਤੀਜਾ ਹੈ। ਹੋਮੋਸੇਪੀਅਨ ਨਸਲ ਆਖਰੀ ਸਟੇਸ਼ਨ ਨਹੀਂ ਹੈ। ਇਸ ਦੀ ਥਾਂ ਸੁਧਰੇ ਹੋਏ ਜੀਨਸ ਵਾਲੀ ਸੁਪਰ ਹਿਊਮਨ ਨਸਲ ਲੈ ਲਵੇਗੀ। ਇਸ ਨਸਲ ਦਾ ਨਿਸ਼ਾਨਾ ਮਾਰੂ ਜੰਗ ਨਹੀਂ, ਸਗੋਂ ਬ੍ਰਹਿਮੰਡ ਹੋਵੇਗਾ। ਭਵਿੱਖ ਬਾਰੇ ਅਨੁਮਾਨ ਲਗਾਉਂਦਾ ਲੇਖਕ ਇਸ ਗੱਲ ਬਾਰੇ ਵੀ ਚੇਤੰਨ ਹੈ ਕਿ ਇਤਿਹਾਸ ਤੋਂ ਭਵਿੱਖ ਦਾ ਅਨੁਮਾਨ ਲਗਾਉਣਾ ਹਮੇਸ਼ਾ ਠੀਕ ਨਹੀਂ ਹੁੰਦਾ। ਜਿੰਨਾ ਜ਼ਿਆਦਾ ਅਸੀਂ ਇਤਿਹਾਸ ਨੂੰ ਜਾਣਦੇ ਹਾਂ, ਓਨੀ ਹੀ ਤੇਜ਼ੀ ਨਾਲ ਇਤਿਹਾਸ ਆਪਣਾ ਰਸਤਾ ਬਦਲ ਲੈਂਦਾ ਹੈ। ਇਤਿਹਾਸ ਇਸ ਲਈ ਪੜ੍ਹਿਆ ਜਾਂਦਾ ਹੈ ਤਾਂ ਕਿ ਸਾਡੀਆਂ ਕਲਪਨਾਵਾਂ ਦੇ ਦਿਸਹੱਦੇ ਹੋਰ ਵਿਸ਼ਾਲ ਹੋ ਜਾਣ।ਨਵੀਂ ਨਸਲ ਦੇ ਸੰਬੰਧ ਮੌਜੂਦਾ ਹੋਮੋਸੇਪੀਅਨ ਨਸਲ ਨਾਲ ਕਿਹੋ ਜਿਹੇ ਹੋਣਗੇ? ਸੰਭਵ ਹੈ ਕਿ ਇਹ ਵਧੀਆ ਹੋਣ ਪਰ ਨਵੀਂ ਨਸਲ ਪੁਰਾਣੀ ਨਸਲ ਨੂੰ ਖ਼ਤਮ ਵੀ ਕਰ ਸਕਦੀ ਹੈ। ਹੋਮੋਸੇਪੀਅਨ ਨਸਲ ਧਰਤੀ ਉੱਪਰਲੀਆਂ ਪੰਜ ਮਨੁੱਖੀ ਨਸਲਾਂ ਨੂੰ ਖ਼ਤਮ ਕਰ ਚੁੱਕੀ ਹੈ। ਇਸ ਨੇ ਬਹੁਤ ਸਾਰੇ ਜੰਗਲੀ ਜੀਵ ਵੀ ਖ਼ਤਮ ਕਰ ਦਿੱਤੇ ਹਨ। ਦੁਨੀਆ ਹੁਣ ਇਕ ਬੰਦੇ ਦਾ ਤਮਾਸ਼ਾ ਬਣ ਕੇ ਰਹਿ ਗਈ ਹੈ। ਵਿਸ਼ਵ ਦੇ ਬਹੁਤੇ ਧਰਮਾਂ ਨੇ ਵੀ ਇਹ ਮੰਨ ਲਿਆ ਸੀ ਕਿ ਆਤਮਾ ਸਿਰਫ ਮਨੁੱਖ ਅੰਦਰ ਹੁੰਦੀ ਹੈ।

ਹਰਾਰੀ ਮਨੁੱਖ ਦੀ ਸਫਲਤਾ ਦਾ ਰਾਜ਼ ਇਸ ਦੀ ਇਕੱਠੇ ਹੋਣ ਤੇ ਇਕ-ਦੂਜੇ ਨਾਲ ਹੋਰਾਂ ਨਾਲੋਂ ਬਿਹਤਰ ਤਾਲਮੇਲ ਕਰਨ ਵਿਚ ਮੰਨਦਾ ਹੈ। ਮਨੁੱਖਾਂ ਵਿਚ ਵੀ ਉਹੀ ਧੜੇ ਵਧੇਰੇ ਕਾਮਯਾਬ ਹੁੰਦੇ ਹਨ ਜਿਹੜੇ ਦੂਸਰੇ ਧੜਿਆਂ ਦੇ ਮੁਕਾਬਲੇ ਜ਼ਿਆਦਾ ਵਧੀਆ ਤਾਲਮੇਲ ਕਰਦੇ ਹਨ। ਰੋਮਾਨੀਆ ਦਾ ਭ੍ਰਿਸ਼ਟ ਕਮਿਊਨਿਸਟ ਰਾਸ਼ਟਰਪਤੀ ਨਿਕੋਲੇ ਸਉਸੇਸਕੂ ਇਸ ਲਈ 40 ਸਾਲ ਸਫਲਤਾ ਨਾਲ ਰਾਜ ਕਰੀ ਗਿਆ ਕਿਉਂਕਿ ਉਹ ਆਪਣੀ ਸਰਕਾਰ ਵਿਚ ਹਰ ਥਾਂ ਆਪਣੇ ਵਰਗੇ ਭ੍ਰਿਸ਼ਟ ਤੇ ਨਿੱਜੀ ਬੰਦੇ ਹੀ ਲਗਾਉਂਦਾ ਸੀ। ਦਸੰਬਰ 21, 1989 ਵਾਲੇ ਦਿਨ 'ਨਿਕੋਲੇ' ਨੂੰ ਸੱਤਾ ਤੋਂ ਹਟਾ ਕੇ ਕਤਲ ਕਰ ਦਿੱਤਾ ਗਿਆ, ਕਿਉਂਕਿ ਉਲਟ ਇਨਕਲਾਬੀ ਭੀੜ ਕਮਿਊਨਿਸਟ ਫ਼ੌਜ ਅਤੇ ਪੁਲਿਸ ਨਾਲੋਂ ਬਿਹਤਰ ਤਰੀਕੇ ਨਾਲ ਤਾਲਮੇਲ ਕਰ ਸਕੀ। ਬਾਅਦ ਵਿਚ ਲੋਕਤੰਤਰੀ ਤਰੀਕੇ ਨਾਲ ਬਣੀ ਸਰਕਾਰ ਵਿਚ ਭ੍ਰਿਸ਼ਟ ਸਾਬਕਾ ਕਮਿਊਨਿਸਟ ਇਸ ਲਈ ਸੱਤਾ ਦੇ ਭਾਈਵਾਲ ਬਣ ਗਏ ਕਿਉਂਕਿ ਉਨ੍ਹਾਂ ਨੇ ਵਿਦਰੋਹੀਆਂ ਨਾਲੋਂ ਵਧੇਰੇ ਚੰਗੇ ਤਰੀਕੇ ਨਾਲ ਤਾਲਮੇਲ ਕੀਤਾ ਸੀ। ਹੁਣ ਨਵੇਂ ਪੂੰਜੀਵਾਦੀ ਰੋਮਾਨੀਆ ਵਿਚ ਸਾਬਕਾ ਕਮਿਊਨਿਸਟ ਇਸ ਲਈ ਸਾਰੀਆਂ ਵੱਡੀਆਂ ਜਾਇਦਾਦਾਂ ਅਤੇ ਕੰਪਨੀਆਂ ਦੇ ਮਾਲਕ ਬਣ ਗਏ ਕਿਉਂਕਿ ਉਨ੍ਹਾਂ ਨੇ ਤਾਲਮੇਲ ਨਾਲ ਕਮਿਊਨਿਸਟ ਰੋਮਾਨੀਆ ਵਿਚ ਧਨ ਕਮਾਇਆ ਸੀ।

ਭਵਿੱਖ ਵਿਚ ਵੱਡੀਆਂ ਰਾਜਨੀਤਕ ਤਬਦੀਲੀਆਂ ਵਾਪਰ ਸਕਦੀਆਂ ਹਨ। ਮਨੁੱਖ ਮਿੱਥਾਂ ਬਣਾਉਂਦਾ, ਉਨ੍ਹਾਂ ਦੇ ਸੱਚ ਹੋਣ ਵਿਚ ਯਕੀਨ ਕਰਦਾ ਤੇ ਫਿਰ ਉਨ੍ਹਾਂ ਨੂੰ ਤੋੜਦਾ ਹੈ। ਇਸ ਨੇ 20ਵੀਂ ਸਦੀ ਵਿਚ ਇਕ ਮਨੁੱਖੀ ਸਵਰਗ ਸਿਰਜਣ ਲਈ ਮਹਾਨ ਰਾਜਨੀਤਕ ਅਰਥ ਸ਼ਾਸਤਰੀ ਕਾਰਲ ਮਾਰਕਸ ਦੇ ਸਿਧਾਂਤਾਂ ਦੇ ਆਧਾਰ 'ਤੇ 'ਸੋਵੀਅਤ ਯੂਨੀਅਨ' ਨਾਂਅ ਦਾ ਦੇਸ਼ ਬਣਾਇਆ। ਜਿਹੜਾ ਦੇਸ਼ ਇਕ ਸਮੇਂ ਸਾਰੀ ਦੁਨੀਆ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦਾ ਸੀ, ਉਹ 8 ਦਸੰਬਰ, 1991 ਨੂੰ ਦੁਪਹਿਰ 2 ਵਜੇ 'ਬਿਸਕੁਲੀ' ਦੇ ਨੇੜੇ ਇਕ ਸਰਕਾਰੀ ਡਾਚੇ ਵਿਚ ਚਾਰ ਸਤਰਾਂ ਦੇ ਐਲਾਨ ਨਾਲ ਖ਼ਤਮ ਕਰ ਦਿੱਤਾ ਗਿਆ।

21ਵੀਂ ਸਦੀ ਵਿਚ ਹਰ ਦੇਸ਼ ਦਾ ਇਕ ਉਦੇਸ਼ ਬਣ ਗਿਆ ਹੈ। 'ਵਿਕਾਸ ਤੇ ਹੋਰ ਵਿਕਾਸ'। ਇਸ ਨੇ ਪਰਿਵਾਰ ਦੀ ਸੰਸਥਾ ਨੂੰ ਤੋੜ ਕੇ ਰੱਖ ਦਿੱਤਾ ਹੈ। ਜਦੋਂ ਕੋਈ ਸਾਫਟਵੇਅਰ ਇੰਜੀਨੀਅਰ ਦੂਜੀ ਥਾਂ ਜਾ ਕੇ ਵਧੇਰੇ ਕਮਾਈ ਕਰ ਸਕਦਾ ਹੈ ਤਾਂ ਉਹ ਬਜ਼ੁਰਗਾਂ ਦੀ ਸੇਵਾ ਵਾਸਤੇ ਕਿਉਂ ਰੁਕੇਗਾ? ਬਜ਼ੁਰਗਾਂ ਦਾ ਧਿਆਨ ਰੱਖਣ ਵਾਲੀ ਨੈਤਿਕਤਾ ਸਾਇੰਸ ਅਤੇ ਆਰਥਿਕਤਾ ਹੱਥੋਂ ਹਾਰ ਰਹੀ ਹੈ। ਧਰਮ ਦੀ ਪਕੜ ਮਨੁੱਖ ਉੱਪਰ ਕਮਜ਼ੋਰ ਪੈਂਦੀ ਜਾ ਰਹੀ ਹੈ। ਅੱਜ ਧਰਮ-ਨਿਰਪੱਖ ਨੀਂਦਰਲੈਂਡ ਦੇ ਮੁਕਾਬਲੇ ਰੱਬ ਤੋਂ ਡਰਨ ਵਾਲਾ ਸੀਰੀਆ ਵਧੇਰੇ ਹਿੰਸਕ ਹੈ। ਧਰਮ ਦੀ ਥਾਂ ਧਰਮ-ਨਿਰਪੱਖਤਾ, ਲੋਕਤੰਤਰ ਤੇ ਸਮਾਜਵਾਦ ਜਿਹੇ ਨਵੇਂ ਧਰਮ ਪੈਦਾ ਹੋ ਚੁੱਕੇ ਹਨ। ਮਨੁੱਖਤਾਵਾਦ ਜਾਂ ਮਾਨਵਵਾਦ ਇਕ ਵਿਸ਼ਵਵਿਆਪੀ ਧਰਮ ਦੇ ਤੌਰ 'ਤੇ ਉੱਭਰ ਰਿਹਾ ਹੈ। ਅੱਜ ਬਹੁਤ ਸਾਰੇ ਸ਼ੁੱਭ ਕੰਮ ਰੱਬ ਦੇ ਨਾਂਅ ਦੀ ਥਾਂ ਮਨੁੱਖਤਾ ਦੇ ਨਾਂਅ 'ਤੇ ਹੋ ਰਹੇ ਹਨ। ਹਰਾਰੀ ਇੰਟਰਨੈੱਟ ਰਾਹੀਂ ਬੁਣੇ ਜਾ ਰਹੇ ਸਮੁੱਚੇ ਮਾਨਵ ਨੂੰ ਇਕ-ਦੂਜੇ ਦੇ ਕਰੀਬ ਆਉਂਦਾ ਦੇਖ ਰਿਹਾ ਹੈ। ਉਹ ਅਸਮਾਨ ਜਿਹੜਾ ਕਦੀ ਭੂਤਾਂ, ਪਰੀਆਂ, ਦੇਵਤਿਆਂ ਤੇ ਰੱਬਾਂ ਨਾਲ ਭਰਿਆ ਹੋਇਆ ਸੀ, ਅਜੋਕੇ ਮਨੁੱਖ ਲਈ ਸਿਰਫ ਤਾਰਿਆਂ ਦਾ ਸੰਸਾਰ ਬਣ ਗਿਆ ਹੈ। ਭਵਿੱਖ ਵਿਚ ਨਕਲੀ ਬੌਧਿਕਤਾ ਮਨੁੱਖ ਦੇ ਬਹੁਤ ਸਾਰੇ ਕੰਮਾਂ 'ਤੇ ਕਾਬਜ਼ ਹੋਣ ਜਾ ਰਹੀ ਹੈ। ਡਰਾਈਵਰ, ਅਧਿਆਪਕ, ਵਕੀਲ, ਜੱਜ, ਫ਼ੌਜੀ, ਡਾਕਟਰ ਆਦਿ ਅਨੇਕਾਂ ਕਿੱਤੇ ਖ਼ਤਮ ਹੋਣ ਦੀ ਕਗਾਰ 'ਤੇ ਹਨ। ਸੰਭਵ ਹੈ ਕਿ ਇਹ ਲੋਕ ਇਕੱਠੇ ਹੋ ਕੇ ਵੱਡੇ ਪੱਧਰ ਦੇ ਵਿਦਰੋਹ ਕਰਨ, ਜਿਸ ਤਰ੍ਹਾਂ ਉਦਯੋਗਿਕ ਕ੍ਰਾਂਤੀ ਨੇ ਵੱਡੇ ਇਨਕਲਾਬਾਂ ਨੂੰ ਜਨਮ ਦਿੱਤਾ, ਉਸੇ ਤਰ੍ਹਾਂ ਕੰਪਿਊਟਰ ਐਲੋਗੈਰਿਥਮ ਦੇ ਹਰ ਜਗ੍ਹਾ ਫੈਲਣ ਨਾਲ ਵਿਹਲੀ ਹੋਈ ਮਨੁੱਖੀ ਸ਼ਕਤੀ ਕੁਝ ਵੀ ਕਰ ਸਕਦੀ ਹੈ। ਫੇਸਬੁੱਕ ਤੇ ਗੂਗਲ ਵਰਗੀਆਂ ਕੰਪਨੀਆਂ ਤੁਹਾਨੂੰ ਤੁਹਾਡੀਆਂ ਪਸੰਦਾਂ ਤੇ ਨਾਪਸੰਦਾਂ ਦੇ ਆਧਾਰ 'ਤੇ ਨਿੱਜੀ ਤੇ ਜ਼ਰੂਰੀ ਫ਼ੈਸਲੇ ਲੈਣ ਵਿਚ ਸਲਾਹ ਦੇਣ ਦੇ ਸਮਰੱਥ ਹੋਣਗੀਆਂ। ਭਵਿੱਖ ਵਿਚ ਸਰਕਾਰਾਂ ਦੀ ਪਕੜ ਘਟਦੀ ਜਾਵੇਗੀ ਤੇ ਇੰਟਰਨੈੱਟ ਦੀ ਪਕੜ ਵਧਦੀ ਜਾਵੇਗੀ। ਵਿਸ਼ਵ ਭਰ ਦੇ ਸਿਆਸਤਦਾਨਾਂ ਕੋਲ ਕੁਝ ਵੀ ਨਵਾਂ ਨਹੀਂ ਹੈ। ਬਹੁਤ ਨੇੜੇ ਦੇ ਭਵਿੱਖ ਦੀ ਦੁਨੀਆ ਅੱਜ ਦੀ ਦੁਨੀਆ ਨਾਲੋਂ ਬਹੁਤ ਵੱਖਰੀ ਹੋਵੇਗੀ।

 

  ਡਾਕਟਰ ਬਲਜਿੰਦਰ ਨਸਰਾਲੀ

-ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ-07